Thursday, June 28, 2012

ਕੀ 2012 ਵਿੱਚ ਦੁਨੀਆਂ ਖਤਮ ਹੋ ਜਾਵੇਗੀ ?

ਕੀ 2012 ਵਿੱਚ ਦੁਨੀਆਂ ਖਤਮ ਹੋ ਜਾਵੇਗੀ ?
          ਮਨੁੱਖ ਨੂੰ ਭਵਿੱਖ ਬਾਰੇ ਜਾਨਣ ਦੀ ਉਤਸੁਕਤਾ ਬਣੀ ਰਹਿੰਦੀ ਹੈ। ਇਸ ਬਾਰੇ ਉਹ ਪੁਰਾਣੇ ਆਧਾਰਹੀਣ ਢੰਗਾਂ ਤੋਂ ਇਲਾਵਾ, ਵਿਗਿਆਨਕ ਤਰੀਕਿਆਂ ਨਾਲ ਇਕੱਤਰ ਕੀਤੀ ਜਾਣਕਾਰੀ ਨੂੰ ਘੋਖਦਾ ਰਹਿੰਦਾ ਹੈ। ਉਹ ਹੁਣ ਤੋਂ ਹੀ ਨਹੀਂ ਸਗੋਂ ਜਦੋਂ ਤੋਂ ਮਨੁੱਖ ਨੂੰ ਆਲੇ-ਦੁਆਲੇ ਦੀ ਸੋਝੀ ਆਈ ਹੈ, ਉਦੋਂ ਤੋਂ ਹੀ ਹਮੇਸ਼ਾਂ ਭਵਿੱਖ ਵਿੱਚ ਰੁਚੀ ਦਿਖਾਈ ਹੈ। ਇਸ ਨੂੰ ਜਾਨਣ ਲਈ ਉਸਨੇ ਆਲੇ-ਦੁਆਲੇ ਵਾਪਰਦੀਆਂ ਕੁਦਰਤੀ ਘਟਨਾਵਾਂ ਨੂੰ ਆਧਾਰ ਮੰਨ ਕੇ ਨਿੱਜੀ ਜੀਵਨ, ਪਰਵਾਰ, ਸਮਾਜ ਜਾਂ ਕਬੀਲਿਆਂ ਆਦਿ ਵਿੱਚ ਵਾਪਰਦੀਆਂ ਘਟਨਾਵਾਂ, ਬਿਮਾਰੀਆਂ ਆਦਿ ਨੂੰ ਉਨ੍ਹਾਂ ਨਾਲ ਜੋੜ ਕੇ ਕੱਢੇ ਨਤੀਜਿਆਂ ਦੇ ਆਧਾਰ ਤੇ ਭਵਿੱਖ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਮੁਢਲੀਆਂ ਜੰਤਰੀਆਂ, ਕੈਲੰਡਰ ਹੋਂਦ ਵਿੱਚ ਆਏ। ਜਿਵੇਂ-ਜਿਵੇਂ ਧਰਤੀ ਉੱਪਰ ਖ਼ਗੋਲੀ ਜਾਣਕਾਰੀ ਵਧਦੀ ਗਈ, ਉਵੇਂ-ਉਵੇਂ ਇਹਨਾਂ ਵਿੱਚ ਸੁਧਾਰ ਹੁੰਦੇ ਗਏ। ਇਸ ਨਾਲ ਵਾਪਰ ਰਹੀਆਂ ਘਟਨਾਵਾਂ ਨੂੰ ਲੜੀਬੱਧ ਕਰਕੇ ਇਤਿਹਾਸ ਦੀ ਹੋਂਦ ਵਿੱਚ ਆਇਆ।
          ਇਸ ਤਰ੍ਹਾਂ ਹੀ ਮਾਇਆ ਜਾਂ ਮਾਇਨ ਸੱਭਿਅਤਾ ਜੋ ਕਿ ਅਜੋਕੇ ਮੈਕਸੀਕੋ ਵਿੱਚ ਹੋਂਦ ਵਿੱਚ ਆਈ ਸੀ। ਇਸ ਸੱਭਿਅਤਾ ਦਾ ਜਨਮ 2600 ਈ. ਪੂਰਵ ਵਿੱਚ ਹੋਇਆ ਸੀ ਪਰ ਇਸ ਦਾ ਸੁਨਹਿਰੀ ਯੁੱਗ 250 ਈ. ਤੋਂ 900 ਈ. ਤੱਕ ਦਾ ਮੰਨਿਆ ਜਾਂਦਾ ਹੈ। ਪਰ ਪ੍ਰੋ. ਤਰਲੋਚਨ ਸਿੰਘ ਮਹਾਜਨ ਆਪਣੀ ਲਿਖਤ ਧਰਤੀ ਦੀ ਅੰਤਿਮ ਤਰੀਕ ਵਿੱਚ ਇਸ ਦੇ 830 ਈ. ਵਿੱਚ ਇਸ ਦਾ ਨਾਮੋ-ਨਿਸ਼ਾਨ ਕਿਸੇ ਜਾਦੂਈ ਤਰੀਕੇ ਨਾਲ ਮਿੱਟ ਜਾਣ ਦੀ ਗੱਲ ਕਰਦੇ ਹਨ, ਸਗੋਂ ਸੱਚਾਈ ਇਹ ਹੈ ਕਿ ਦਸਵੀਂ ਸਦੀ ਤੋਂ ਬਾਅਦ ਬਾਹਰੀ ਹਮਲੇ, ਮਹਾਂਮਾਰੀਆਂ ਅਤੇ ਵਾਤਾਵਰਣ ਦੇ ਕਾਰਨ ਇਹ ਸੱਭਿਅਤਾ ਪਤਨ ਵੱਲ ਪਰਤ ਗਈ। ਲੋਕਾਂ ਦੀ ਆਬਾਦੀ ਆਪਣੀ ਭੋਜਨ ਪ੍ਰਾਪਤ ਕਰਨ ਦੀ ਸਮਰੱਥਾ ਤੋਂ ਵੱਧ ਗਈ। ਇਸ ਦੇ ਖਿੱਤੇ ਵਿੱਚ ਨੌਵੀਂ ਅਤੇ ਦਸਵੀਂ ਸਦੀ ਦੇ ਚਿੰਨ੍ਹ ਵੀ ਮਿਲਦੇ ਹਨ। ਇਸ ਤਰ੍ਹਾਂ ਇਨ੍ਹਾਂ ਦੀ ਗਿਣਤੀ ਅਤੇ ਅਹਿਮੀਅਤ ਘਟਣ ਦੇ ਬਾਵਜੂਦ ਇਸ ਸੱਭਿਅਤਾ ਦੀ ਹੋਂਦ ਖ਼ਤਮ ਨਹੀਂ ਹੋਈ, ਸਗੋਂ ਇਸ ਸੱਭਿਅਤਾ ਨਾਲ ਸੰਬੰਧਤ 60 ਲੱਖ ਦੇ ਕਰੀਬ ਲੋਕ ਮੈਕਸੀਕੋ, ਮੱਧ ਅਮਰੀਕਾ ਤੇ ਕਈ ਦੇਸ਼ਾਂ ਵਿੱਚ ਫ਼ੈਲੇ ਹੋਏ ਹਨ।
          ਇਨ੍ਹਾਂ ਦੀ ਇਮਾਰਤੀ ਕਲਾ ਅਤੇ ਚਿੱਤਰਕਾਰੀ ਆਪਣੇ ਸਮੇਂ ਵਿੱਚ ਕਾਫੀ ਉੱਨਤ ਰਹੀ ਹੈ। ਇਨ੍ਹਾਂ ਨੇ ਲਿਖਤੀ ਭਾਸ਼ਾ ਵੀ ਵਿਕਸਤ ਕੀਤੀ ਤੇ ਆਪਣੀ ਜਰੂਰਤ ਮੁਤਾਬਿਕ ਕੈਲੰਡਰ ਤਿਆਰ ਕੀਤਾ। ਇਸ ਦਾ ਇੱਕ ਕੈਲੰਡਰ 260 ਦਿਨ ਦਾ ਸੀ ਜੋ ਅਧਿਆਤਮ ਕੈਲੰਡਰ ਮੰਨਿਆ ਜਾਂਦਾ ਹੈ। ਇਸ ਦਾ ਆਧਾਰ ਮਨੁੱਖੀ ਬੱਚੇ ਦਾ ਗਰਭ ਕਾਲ ਦਾ ਸੀ। ਇਸ ਦੇ 13 ਦਿਨ ਦੇ ਹਫ਼ਤੇ ਮੁਤਾਬਿਕ 20 ਹਫ਼ਤੇ ਬਣਾਏ। ਦਰਅਸਲ 260 ਦਿਨ ਗਿਣਨ ਲਈ 20 ਅੰਕੜੇ ਨੂੰ ਮੁੱਖ ਰੱਖ ਕੇ 13 ਹਿੱਸੇ ਕੀਤੇ ਨਜ਼ਰ ਆਉਂਦੇ ਹਨ। ਇਸ ਤੋਂ ਬਾਅਦ ਦੂਜਾ ਕੈਲੰਡਰ ਜਿਸ ਨੂੰ ਸੂਰਜ ਕੈਲੰਡਰ ਕਿਹਾ ਗਿਆ ਹੈ, 360 ਦਿਨ ਦਾ ਹੈ। ਇਸ ਵਿੱਚ ਮਗਰੋਂ 5 ਦਿਨ ਮਾੜੇ ਸ਼ਾਮਿਲ ਕਰਕੇ 365 ਦਿਨ ਦਾ ਬਣਾਇਆ ਹੈ। ਇਸ ਕੈਲੰਡਰ ਵਿੱਚ ਵੀਹ ਦਿਨਾਂ ਦਾ ਮਹੀਨਾ ਬਣਾ ਕੇ ਪੂਰੇ ਸਮੇਂ ਨੂੰ 18 ਮਹੀਨਿਆਂ ਵਿੱਚ ਵੰਡਿਆ ਗਿਆ ਹੈ। ਇਹਨਾਂ ਕੈਲੰਡਰਾਂ ਵਿੱਚ 20 ਦੀ ਗਿਣਤੀ ਮੁੱਖ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੁਰਾਣੇ ਸਮਿਆਂ ਵਿੱਚ ਜਾਂ ਅੱਜ ਵੀ ਅਨਪੜ੍ਹ ਲੋਕ ਗਿਣਤੀ ਵਾਸਤੇ 20 ਦੇ ਅੰਕ ਨੂੰ ਮੁੱਖ ਰੱਖਦੇ ਹਨ,  ਕਿਉਂਕਿ ਮਨੁੱਖੀ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਕੁੱਲ ਮਿਲਾ ਕੇ ਵੀਹ ਹਨ, ਸਮੇਤ ਅੰਗੂਠਿਆਂ ਦੇ। ਇਸ ਕਾਰਣ ਉਹਨਾਂ ਨੂੰ ਗਿਣਨਾ ਸੌਖਾ ਲੱਗਦਾ ਸੀ। ਅੱਜ ਵੀ ਜਦੋਂ ਅਸੀਂ ਬੱਚਿਆਂ ਨੂੰ ਗਿਣਤੀ ਸਿਖਾਉਂਦੇ ਹਾਂ ਤਾਂ ਖ਼ਾਸ ਤੌਰ ਤੇ ਹੱਥਾਂ ਦੀਆਂ ਉਂਗਲਾਂ ਦੀ ਗਿਣਤੀ ਤੋਂ ਹੀ ਸ਼ੁਰੂ ਕਰਦੇ ਹਾਂ।
          ਇਸ ਤੋਂ ਅੱਗੋਂ 360 ਦਿਨ ਦੇ ਸਮੇਂ ਨੂੰ ਵੀ ਧਰਤੀ ਉਪਰਲੀ ਜੈਵਿਕ ਘਟਨਾਂ ਜਿਵੇਂ ਕਿ ਕਿਸੇ ਦਰੱਖਤ ਦੇ ਫ਼ਲ ਜਾ ਫੁੱਲ ਜੋ ਕਿ ਲਗਭਗ ਸਾਲ ਕੁ ਦੇ ਸਮੇਂ ਬਾਅਦ ਆਉਂਦੇ ਹਨ, ਨੂੰ ਆਧਾਰ ਮੰਨਿਆ ਹੋਵੇਗਾ। ਉਸ ਨੂੰ ਮੁੱਖ ਰੱਖ ਕੇ 20 ਦਿਨਾਂ ਦੇ ਮਹੀਨੇ ਦੇ ਹਿਸਾਬ ਨਾਲ 18 ਹਿੱਸੇ ਉਸ ਸਮੇਂ ਦੇ ਬਣਾਏ ਹੋਣਗੇ। ਇਸ ਤਰ੍ਹਾਂ ਜਦ ਇਸ ਨੂੰ ਚੱਕਰ ਦਾ ਰੂਪ ਦਿੱਤਾ ਹੋਵੇਗਾ ਤਾਂ 20 ਗੁਣਾ 18, 360 ਦਿਨ ਦਾ ਹਿਸਾਬ ਵੀ ਠੀਕ ਬਣਿਆ ਹੋਵੇਗਾ। ਇਹ ਹਕੀਕੀ ਸੱਚਾਈ ਹੈ ਕਿ ਉਨ੍ਹਾਂ ਦੇ ਕੈਲੰਡਰ ਦਾ ਖ਼ਗੋਲੀ ਕੁਦਰਤੀ ਪ੍ਰਤੱਖ ਮਾਨਕਾ ਨਾਲ ਕੋਈ ਸੰਬੰਧ ਨਹੀਂ ਸੀ। ਸ਼ੁੱਕਰ ਗ੍ਰਹਿ, ਜਿਵੇਂ ਕਿ ਪ੍ਰੋ. ਤਰਲੋਚਨ ਸਿੰਘ ਮਹਾਜਨ ਲਿਖਦੇ ਹਨ, ਤਾਂ ਕਿਤੇ ਦੂਰ ਉਨ੍ਹਾਂ ਨੂੰ ਤਾ ਚੰਦਰਮਾਂ ਦੀ ਚਾਲ ਬਾਰੇ ਵੀ ਗਿਆਨ ਨਹੀਂ ਸੀ। ਜੇਕਰ ਚੰਦਰਮਾਂ ਬਾਰੇ ਜਾਣਕਾਰੀ ਹੁੰਦੀ ਤਾਂ 14 ਜਾਂ 15 ਦਿਨ ਦੇ ਹਿਸਾਬ ਨਾਲ ਕੈਲੰਡਰ ਬਣਦੇ, ਜਿਸ ਦਾ ਮਹੀਨਾ 20 ਦਿਨ ਦੀ ਥਾਂ 28, 29 ਜਾਂ 30 ਦਿਨ ਦਾ ਹੁੰਦਾ। ਹਾਂ ਜਿਵੇਂ-ਜਿਵੇਂ ਜੋਤਿਸ਼ ਬਾਰੇ ਬਾਹਰੀ ਕਬੀਲਿਆਂ ਦੇ ਲੋਕਾਂ ਤੋਂ ਜਾਣਕਾਰੀ ਮਿਲੀ ਤਾਂ 365 ਦਿਨ ਵਾਲਾ ਕੈਲੰਡਰ ਬਣਿਆ।
          ਇੱਥੇ ਇਹ ਲਿਖਣਾ ਵੀ ਜ਼ਰੂਰੀ ਹੋਵੇਗਾ ਕਿ ਕਿਵੇਂ ਕੁਝ ਚਲਾਕ ਕਿਸਮ ਦੇ ਲੋਕ ਆਪਣਾ ਸਵਾਰਥ ਸਿੱਧ ਕਰਨ ਲਈ ਆਮ ਲੋਕਾਈ ਨੂੰ ਮੂਰਖ਼ ਬਣਾਉਣ ਵੱਲ ਲੱਗੇ ਰਹਿੰਦੇ ਹਨ। ਆਪ ਨੂੰ ਯਾਦ ਹੋਵੇਗਾ ਕਿ ਪਿਛਲੇ ਸਮੇਂ ਕਈ ਵਾਰੀ  ਨਾਸਤਰੇਦਮਸ ਦੀਆਂ ਭਵਿੱਖਬਾਣੀਆਂ  ਬਾਰੇ ਚਰਚਾ ਹੋ ਚੁੱਕੀ ਹੈ। ਜਦੋਂ ਕੋਈ ਘਟਨਾ ਵਾਪਰ ਜਾਂਦੀ ਤਾਂ ਉਸ ਨਾਲ ਨਾਸਤਰੇਦਮ ਦੀਆਂ ਲਿਖੀਆਂ ਲਿਖਤਾਂ ਵਿੱਚੋਂ ਕੁਝ ਤੁਕਾਂ ਲੈ ਕੇ ਉਸ ਦੇ ਅਰਥ ਤੋੜ-ਮਰੌੜ ਕੇ ਘਟਨਾ ਨਾਲ ਦਰਸਾ ਦਿੱਤੇ ਜਾਂਦੇ ਤੇ ਭਵਿੱਖ ਵਿੱਚ ਵਾਪਰਨ ਵਾਲੀ ਘਟਨਾ ਬਾਰੇ ਭਵਿੱਖਬਾਣੀ ਕਰ ਦਿੱਤੀ ਜਾਂਦੀ ਪਰ ਸਭ ਦੁਨੀਆਂ ਜਾਣਦੀ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਹੁਣ ਉਨ੍ਹਾਂ ਭਵਿੱਖਬਾਣੀਆਂ ਦੀ ਅਹਿਮੀਅਤ ਘਟ ਗਈ ਹੈ। ਐਰਿਕ ਵੌਨ ਦਾਨੀਕਨ, ਸਵਿਟਰਜ਼ਰਲੈਂਡ ਦਾ ਉਹ ਲੇਖਕ ਹੈ ਜੋ ਦੁਨੀਆ ਵਿੱਚ ਹੁਣ ਤੱਕ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਹੈ। ਉਸ ਦੀਆਂ ਚਾਰ ਕਿਤਾਬਾਂ,  ਦੇਵਤਿਆਂ ਦੇ ਹੱਥਪੁਲਾੜੀ ਦੇਵਤੇਦੇਵਤਿਆਂ ਦਾ ਸੋਨਾ  ਅਤੇ  ਪੁਰਾਤਨ ਦੇਵਤਿਆਂ ਦੀ ਖੋਜ  ਹਨ। ਇਨ੍ਹਾਂ ਚਾਰੇ ਕਿਤਾਬਾਂ ਦੀਆਂ 3 ਕਰੋੜ 60 ਲੱਖ ਕਾਪੀਆਂ ਵਿਕੀਆਂ ਹਨ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਦੂਜੇ ਗ੍ਰਹਿਆਂ ਤੋਂ ਭੂਤਕਾਲ ਵਿੱਚ ਅਨੇਕਾਂ ਵਾਰ ਸਾਡੀ ਧਰਤੀ ਵਾਸਤੇ ਪੁਲਾੜੀ ਯਾਤਰੀ ਆਏ ਸਨ। ਇਸ ਦਾਅਵੇ ਦੇ ਸਬੂਤ ਵਜੋਂ ਉਸ ਕੋਲ ਇੱਕ ਪੱਥਰ ਦੇ ਤਾਬੂਤ ਦਾ ਢੱਕਣ ਹੈ ਜੋ ਪੁਰਾਤਨ ਖੋਜ ਦੌਰਾਨ ਖੁਦਾਈ ਕਰਦਿਆਂ ਮੈਕਸੀਕੋ ਵਿੱਚੋਂ ਪਲੈਕ ਦੇ ਸਥਾਨ ਤੋਂ ਅੱਜ ਤੋਂ 60 ਸਾਲ ਪਹਿਲਾਂ ਮਿਲਿਆ ਸੀ। ਇਸ ਤਾਬੂਤ ਦੇ ਢੱਕਣ ਉੱਪਰ ਇੱਕ ਗੁੰਝਲਦਾਰ ਚਿੱਤਰ ਉੱਕਰਿਆ ਹੈ ਜਿਸ ਦੇ ਕੇਂਦਰ ਵਿੱਚ ਇੱਕ ਵਿਅਕਤੀ ਦੀ ਤਸਵੀਰ ਨਜ਼ਰ ਆਉਂਦੀ ਹੈ ਜਿਵੇਂ ਬੱਚਾ ਮਾਂ ਦੇ ਗਰਭ ਵਿੱਚ ਪਿਆ ਹੋਵੇਗਾ। ਦਾਨੀਕਲ ਇਸ ਦੀ ਪਛਾਣ ਇੱਕ ਪੁਲਾੜੀ ਯਾਤਰੀ ਵਜੋਂ ਕਰਦਾ ਹੈ। ਇਸੇ ਤਸਵੀਰ ਵਿੱਚ ਉਹ ਰਾਕਟ ਗੱਡੀ ਦੀ ਪਛਾਣ ਕਰਦਾ ਹੈ ਜਿਸ ਨਾਲ ਯਾਤਰੀ ਜ਼ਮੀਨ ਤੇ ਉੱਤਰਿਆ। ਜੇਮਸਰਾਂਡੀ ਜੋ ਅਮਰੀਕਾ ਦਾ ਪ੍ਰਸਿੱਧ ਜਾਦੂਗਰ ਅਤੇ ਤਰਕਸ਼ੀਲ ਵਿਦਵਾਨ ਵੀ ਹੈ, ਇਸ ਦੇ ਦਾਅਵੇ ਦੀ ਪੋਲ ਖੋਲ੍ਹਦਾ ਹੈ। ਸਾਨੂੰ ਇਸ ਕਫ਼ਨ ਵਿੱਚ ਦਫ਼ਨ ਕੀਤੇ ਵਿਅਕਤੀ ਦਾ ਨਾਮ ਅਤੇ ਉਸਦੀ ਮੌਤ ਦੀ ਤਾਰੀਕ ਤੱਕ ਪਤਾ ਹੈ। ਢੱਕਣ ਤੇ ਉੱਕਰੀ ਤਸਵੀਰ ਵਿੱਚ ਚਿੱਤਰੇ ਵਿਅਕਤੀ ਨੇ ਪੁਲਾੜ ਯਾਤਰੀਆਂ ਵਾਲੀ ਅਸਧਾਰਨ ਡਰੈੱਸ ਨਹੀਂ ਸਗੋਂ ਮਾਯਾਨੀ ਕੁਲੀਨ ਵਰਗ ਦੇ ਕੱਪੜੇ ਪਹਿਨ ਰੱਖੇ ਹਨ। ਦਰਅਸਲ ਇਹ ਤਸਵੀਰ ਮਾਯਾ ਦੌਰ ਦੇ ਰਾਜ-ਕਾਲ ਦੀ ਤਸਵੀਰ ਹੈ। ਮਾਇਆ ਸ਼ੈਲੀ ਵਿੱਚ ਬਣੇ ਇਸ ਚਿੱਤਰ ਵਿੱਚ ਬਹੁਤ ਬਰੀਕੀ ਨਾਲ ਨਿੱਕੀ-ਨਿੱਕੀ ਗੱਲ ਦਾ ਧਿਆਨ ਰੱਖਿਆ ਗਿਆ ਹੈ। ਇਹ ਉਸ ਯੁੱਗ ਦੀ ਵਿਸ਼ੇਸ਼ ਕਲਾ ਸ਼ੈਲੀ ਦਾ ਨਮੂਨਾ ਹੈ, ਜਿਸ ਵਿੱਚ ਸੱਪਾਂ ਦੇ ਸਿਰ, ਦੇਵਤੇ ਤੇ ਪੰਛੀ ਉੱਕਰੇ ਜਾਂਦੇ ਸਨ। ਅਜਿਹੀ ਉੱਕਰਾਈ ਉਸ ਦੌਰ ਦੇ ਬੁੱਤਾਂ ਤੇ ਤਸਵੀਰਾਂ ਵਿੱਚ ਆਮ ਦੇਖੀ ਜਾ ਸਕਦੀ ਹੈ।
          ਪ੍ਰੋ. ਤਰਲੋਚਨ ਸਿੰਘ ਮਹਾਜਨ ਲਿਖਦੇ ਹਨ ਕਿ ਗੈਲੀਲੀਓ ਨੇ ਸੂਰਜੀ ਧੱਬਿਆਂ ਦੀ ਜਾਣਕਾਰੀ ਦਿੱਤੀ। ਦਰਅਸਲ  ਇਨ੍ਹਾਂ ਬਾਰੇ ਚੀਨੀ ਖ਼ਗੋਲ ਮਾਹਿਰਾਂ ਨੂੰ ਈਸਾ ਤੋਂ 28 ਵਰ੍ਹੇ ਪਹਿਲਾਂ ਪਤਾ ਸੀ ਉਨ੍ਹਾਂ ਨੇ ਬਿਨਾਂ ਦੂਰਬੀਨ ਦੇ ਹੀ ਇਨ੍ਹਾਂ ਨੂੰ ਜਾਣ ਲਿਆ ਸੀ ਇਨ੍ਹਾਂ ਦੀ ਸ਼ਕਲ ਉਹਨਾਂ ਨੇ ਵੱਖ-ਵੱਖ ਸਮੇਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ, ਚਿੜੀ ਵਰਗੀ, ਅੰਡੇ ਵਰਗੀ ਤੇ ਸੇਬ ਵਰਗੀ ਦੱਸਿਆ। ਇਸ ਤੋਂ ਬਾਅਦ ਜਾਹਨ ਆਫ ਬੈਰਸੇਸਟਰ, ਥਾਮਸ ਗੇਅਟ (ਇੰਗਲੈਂਡ) ਜੋਹਨਸ ਅਤੇ ਡੇਵਡ ਫ਼ੈਬਰੀਸਿਅਸ ਤੋਂ ਇਲਾਵਾ ਗਲੀਲੀਓ ਨੇ ਕ੍ਰਮਵਾਰ 1129, 1610, 1611, ਅਤੇ 1612 ਵਿੱਚ ਸੂਰਜ ਉੱਪਰ ਧੱਬਿਆਂ ਦੀ ਪੁਸ਼ਟੀ ਕੀਤੀ। ਸੈਮੂਅਲ ਹੀਨਰਿਚ ਸਕਾਵਬੇ ਨੇ 1843 ਈ. ਵਿੱਚ ਦੱਸਿਆ ਕਿ ਸੂਰਜੀ ਧੱਬਿਆਂ ਦਾ ਚੱਕਰ 11 ਸਾਲਾਂ ਦਾ ਹੈ। ਸਵਿਟਰਜ਼ਰਲੈਂਡ ਦੇ ਖ਼ਗੋਲ ਵਿਗਿਆਨੀ ਜੋਹਨ ਰੋਡਾਲਫ਼ ਵੋਲਫ ਨੇ ਇਸ ਦੀ ਗਣਨਾ ਕਰਕੇ ਸਹੀ ਸਮਾਂ 11.1 ਸਾਲ ਦੱਸਿਆ। ਸੂਰਜੀ ਧੱਬਿਆਂ ਦਾ 23ਵਾਂ ਚੱਕਰ 2001 ਆਪਣੇ ਜੋਬਰ ਤੇ ਸੀ ਤੇ ਹੁਣ ਹੌਲੀ-ਹੌਲੀ ਸਮਾਪਤ ਹੋ ਕੇ 24ਵਾਂ ਚੱਕਰ ਸ਼ੁਰੂ ਹੋ ਚੁੱਕਾ ਹੈ। ਇਸ ਸੂਰਜੀ ਚੱਕਰ ਵਿੱਚ ਸਾਢੇ ਚਾਰ ਸਾਲ ਸੂਰਜੀ ਧੱਬਿਆਂ ਦੀ ਸਰਗਰਮੀ ਵਧਦੀ ਜਾਂਦੀ ਹੈ। ਫਿਰ ਸਾਢੇ ਛੇ ਸਾਲਾਂ ਵਿੱਚ ਮੱਧਮ ਹੋ ਕੇ ਖਤਮ ਹੋ ਜਾਂਦੀ ਹੈ।
          ਸੂਰਜੀ ਧੱਬੇ ਦੇ ਕਾਲ ਭਾਗ ਨੂੰ ਅਮਬਰਾ, ਉਸ ਦੇ ਬਾਹਰੀ ਭਾਗ ਨੂੰ ਜੋ ਕਿ ਕੇਂਦਰੀ ਭਾਗ ਨਾਲੋਂ ਘੱਟ ਕਾਲਾ ਹੁੰਦਾ ਹੈ, ਪੈਨਬਰਾ ਕਹਿੰਦੇ ਹਨ। ਸੂਰਜੀ ਧੱਬਿਆਂ ਨਜ਼ਦੀਕੀ ਸਤ੍ਹਾ ਇੱਕਦਮ ਚਮਕੀਲੀ ਹੋ ਜਾਂਦੀ ਹੈ ਅਤੇ ਤੇਜ਼ ਲਪਟਾਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਐਕਸਰੇ ਅਤੇ ਉੱਚ ਊਰਜਾ ਨਾਲ ਚਾਰਜਿਤ ਪਦਾਰਥਾਂ ਦਾ ਝੋਕਾ ਇੱਕ ਜਾਂ ਦੋ ਦਿਨਾਂ ਵਿੱਚ ਧਰਤੀ ਦੇ ਵਾਯੂਮੰਡਲ ਤੱਕ ਆ ਪਹੁੰਚਦਾ ਹੈ ਜਿਸ ਨਾਲ ਉਪਗ੍ਰਹਿ ਸੰਚਾਰ ਪ੍ਰਣਾਲੀ ਅਤੇ ਪੁਲਾੜ ਯਾਤਰੀ ਪ੍ਰਭਾਵਿਤ ਹੋ ਸਕਦੇ ਹਨ। ਯਾਤਰੀਆਂ ਉੱਪਰ ਰੇਡੀਏਸ਼ਨ ਦਾ ਦੁਰਪ੍ਰਭਾਵ ਪੈ ਸਕਦਾ ਹੈ। ਜਦਕਿ ਸੰਚਾਰ ਪ੍ਰਣਾਲੀ ਤੇ ਰੇਡੀਓ ਸਿਗਨਲਾਂ ਨੂੰ ਚੁੰਬਕੀ ਪ੍ਰਭਾਵ ਪ੍ਰਭਾਵਿਤ ਕਰ ਸਕਦਾ ਹੈ। ਇਹ ਲਪਟਾਂ ਹਾਈਡ੍ਰੋਜਨ ਬੰਬ ਦੀ ਤਰ੍ਹਾਂ ਪੈਦਾ ਹੁੰਦੀਆਂ ਹਨ। ਇਹਨਾਂ ਦੀ ਲੰਬਾਈ ਲੱਖਾਂ ਕਿਲੋਮੀਟਰ ਤੋਂ ਵੀ ਵੱਧ ਹੁੰਦੀ ਹੈ। ਜੈਪੁਰ ਦੀ ਨੀਝ ਨੇ 70 ਹਜ਼ਾਰ ਕਿਲੋਮੀਟਰ ਉੱਚੀ ਲਪਟ ਦਾ ਚਿੱਤਰ ਦਿੱਤਾ ਹੈ। ਇਹਨਾਂ ਦਾ ਤਾਪਮਾਨ ਬੀਸੀਆਂ ਹਜ਼ਾਰਾਂ ਦਰਜੇ ਸੈਂਟੀਗ੍ਰੇਡ ਹੁੰਦਾ ਹੈ ਜੇ ਕਰ ਭਾਂਬੜ ਦੀ ਰਫ਼ਤਾਰ 620 ਕਿਲੋਮੀਟਰ ਦੀ ਸਪੀਡ ਤੋਂ ਵੱਧ ਜਾਵੇ ਤਾਂ ਇਹ ਭਾਂਬੜ ਸੂਰਜ ਤੋਂ ਅਲੱਗ ਹੋ ਕੇ ਪੁਲਾੜ ਵਿੱਚ ਗਹਿਰੇ ਚਲੇ ਜਾਂਦੇ ਹਨ। ਵੈਸੇ ਵੀ ਇਹਨਾਂ ਭਾਂਬੜਾ ਦੀ ਰਫ਼ਤਾਰ ਲਈ ਸੈਂਕੜੇ ਕਿਲੋਮੀਟਰ ਆਮ ਹੀ ਰਹਿੰਦੀ ਹੈ।
          ਇਨ੍ਹਾਂ ਸੂਰਜੀ ਲਪਟਾਂ ਅਤੇ ਧੱਬਿਆਂ ਕਾਰਣ, ਜਿਸ ਵਿੱਚ ਚੁੰਬਕੀ ਗਤੀਵਿਧੀਆਂ ਮੁੱਖ ਹੁੰਦੀਆਂ ਹਨ, ਧਰਤੀ ਦੇ ਜਨ-ਜੀਵਨ ਉੱਪਰ ਵੀ ਪ੍ਰਭਾਵ ਪੈਂਦਾ ਹੈ। ਇਹ ਪ੍ਰਭਾਵ ਮੁੱਖ ਤੌਰ ਤੇ ਰੇਡੀਓ ਸਿਗਨਲਾਂ ਵਿੱਚ ਖਾਸ ਪੈਂਦਾ ਹੈ। 13 ਮਈ 1921 ਨੂੰ ਸੂਰਜੀ ਧੱਬਿਆਂ ਦੀ ਮੌਜੂਦਗੀ ਸਮੇਂ ਤਾਰ ਭੇਜਣਾ ਮੁਸ਼ਕਿਲ ਹੋ ਗਿਆ ਸੀ। ਇਸੇ ਤਰ੍ਹਾਂ ਦੂਜੀ ਸੰਸਾਰ ਜੰਗ ਸਮੇਂ 28 ਫਰਵਰੀ 1942 ਨੂੰ ਇੰਗਲੈਂਡ ਦੀਆ ਰਾਡਾਰ ਸੇਵਾਵਾਂ ਵਿੱਚ ਵਿਘਨ ਪਿਆ। ਪਹਿਲਾਂ ਤਾਂ ਇਸ ਨੂੰ ਦੁਸ਼ਮਣ ਫੌਜ ਦਾ ਹੱਥਕੰਡਾ ਸਮਝਿਆ ਗਿਆ ਪਰ ਪੜਤਾਲ ਸਮੇਂ ਜੋ ਸਾਹਮਣੇ ਆਇਆ ਉਹ ਇਹ ਸੀ ਕਿ ਸੂਰਜ ਦੇ ਰੇਡੀਓ ਨਿਕਾਸਾਂ ਨੇ ਰਾਡਾਰ ਦੇ ਕੰਮ ਵਿੱਚ ਵਿਘਨ ਪਾਇਆ ਸੀ। ਉਸ ਦਿਨ ਸੂਰਜ ਦੀ ਟਿੱਕੀ ਤੇ ਵਿਸ਼ਾਲ ਸੂਰਜੀ ਧੱਬਾ ਦਿਖਾਈ ਦਿੱਤਾ ਅਤੇ ਇੱਕ ਸੂਰਜੀ ਭਾਂਬੜ ਭੜਕਿਆ ਜੋ ਲਗਭਗ ਤਿੰਨ ਘੰਟੇ ਰਿਹਾ। ਇਸ ਘਟਨਾ ਦਾ  ਗੂੰਜ਼ਵਾਂ ਪ੍ਰਤੀਕਰਮ ਧਰਤੀ ਉੱਪਰ ਰੇਡੀਓ ਵਿਘਨ ਦੀ ਸ਼ਕਲ ਵਿੱਚ ਵਾਪਰਿਆ। ਹੁਣ ਵੀ ਇਨ੍ਹਾਂ ਦਾ ਪ੍ਰਭਾਵ ਮੁੱਖ ਤੌਰ ਤੇ ਰੇਡੀਓ ਸੰਚਾਰ ਪ੍ਰਣਾਲੀ ਮੋਬਾਇਲ ਫੋਨ ਅਤੇ ਏ. ਟੀ. ਐਮ. ਦੁਆਰਾ ਬੈਂਕਾਂ ਵਿੱਚ ਰੁਪਏ ਕਢਵਾਉਣ ਦੀ ਪ੍ਰਕਿਰਿਆ ਉੱਪਰ ਵਕਤੀ ਤੌਰ ਤੇ ਪੈ ਸਕਦਾ ਹੈ। ਇਸ ਤੋਂ ਬਿਨ੍ਹਾਂ ਇਨ੍ਹਾਂ ਧੱਬਿਆਂ ਦੇ ਪ੍ਰਗਟ ਹੋਣ ਸਮੇਂ ਜੈਵਿਕ ਅਤੇ ਸਮਾਜਿਕ ਤਬਦੀਲੀਆਂ ਜਾਂ ਬੁਰੇ ਪ੍ਰਭਾਵਾਂ ਦੀ ਕੋਈ ਉਦਾਹਰਣ ਸਾਹਮਣੇ ਨਹੀਂ ਆਈ। ਸਤੰਬਰ 2006  ਵਿੱਚ ਛੱਡਿਆ ਹੀਨੇਡ ਨਾਮਕ ਉਪ ਗ੍ਰਹਿ ਸੂਰਜੀ ਧੱਬਿਆਂ ਸਮੇਂ ਵਾਪਰਨ ਵਾਲੀਆਂ ਘਟਨਾਵਾਂ ਜਾਂ ਚੁੰਬਕੀ  ਹਨੇਰੀਆਂ ਦੀ ਕਣਸੋਅ ਲੈ ਰਿਹਾ ਹੈ ਤਾਂ ਕਿ ਸਮੇਂ ਰਹਿੰਦੇ ਦੀ ਸੰਚਾਰੀ ਉਪ-ਗ੍ਰਹਿਆਂ ਦੀਆਂ ਸੰਵੇਦਨਸ਼ੀਲ ਇਕਾਈ ਦੇ ਸਵਿੱਚ ਬੰਦ ਕਰਕੇ ਕਿਸੇ ਸੰਭਾਵਿਤ ਨੁਕਸਾਨ ਤੋਂ ਬਚਿਆ ਜਾ ਸਕੇ।  ਇਸ ਤਰ੍ਹਾਂ ਹੀ ਇੱਕ ਹੋਰ ਬਣਾਵਟੀ ਉਪਗ੍ਰਹਿ ਯੂਲਿਸੇਸ ਵੀ ਸੂਰਜੀ ਧੱਬਿਆਂ ਨਾਲ ਸੰਬੰਧਤ ਜਾਣਕਾਰੀ ਦੇ ਰਿਹਾ ਹੈ।
          ਧਰੁਵਾਂ ਦੇ ਬਦਲਣ ਬਾਰੇ ਵੀ ਪ੍ਰੋ. ਸਾਹਿਬ ਦੇ ਵਿਚਾਰ ਆਪਾ ਵਿਰੋਧੀ ਤੇ ਭੁਲੇਖਾ ਪਾਉ ਹਨ। ਕਿਤੇ ਉਹ 2 ਲੱਖ ਸਾਲਾਂ ਬਾਅਦ ਚੁੰਬਕੀ ਖ਼ੇਤਰ ਉਲਟ ਜਾਣ ਬਾਰੇ ਲਿਖਦੇ ਹਨ। ਫਿਰ ਦੱਖਣੀ ਧੁਰੇ ਨੂੰ ਉੱਤਰੀ ਤੇ ਉੱਤਰੀ ਧੁਰੇ ਨੂੰ ਦੱਖਣੀ ਧੁਰੇ ਵਿੱਚ ਬਦਲਣ ਦੀ ਘਟਨਾਂ ਨੂੰ  7,50,000 ਸਾਲ ਤੋਂ  7,80,000 ਸਾਲ ਪਹਿਲਾਂ ਵਾਪਰੀ ਕਹਿੰਦੇ ਹਨ।  ਹੋਰ ਦੇਖੋ : 1. ਪਿਛਲੇ 2000 ਸਾਲਾਂ ਵਿੱਚ ਧਰਤੀ ਦਾ ਚੁੰਬਕੀ ਖ਼ੇਤਰ 60% ਕਮਜ਼ੋਰ ਹੋਇਆ ਹੈ। 2. ਕਿਉਂਕਿ ਬਦਲਾਅ ਦੀ ਘਟਨਾਂ ਉਦੋਂ ਵਾਪਰਦੀ ਹੈ ਜਦੋਂ ਧਰਤੀ ਦਾ ਚੁੰਬਕੀ ਖ਼ੇਤਰ ਕਮਜ਼ੋਰ ਪੈਂਦਾ ਹੈ। 3. ਜੇ ਕਰ ਧਰਤੀ ਦਾ ਚੁੰਬਕੀ ਖ਼ੇਤਰ  2012 ਵਿੱਚ ਉਲਟਾ ਹੈ ਤਾਂ ਹੁਣ ਦਾ ਉੱਤਰੀ ਧੁਰਾ ਧੱਖਣੀ ਧੁਰਾ ਵਿੱਚ ਦੱਖਣੀ ਧੁਰਾ ਉੱਤਰੀ ਧੁਰੇ ਵਿੱਚ ਤਬਦੀਲ ਹੋ ਜਾਵੇਗਾ। ਵਿਗਿਆਨਕ ਨਜ਼ਰੀਏ ਨਾਲ ਇਹ ਤਾਂ ਸੰਭਵ ਹੈ ਜੇ ਧਰਤੀ ਜਿਵੇਂ ਹੁਣੇ ਸਪਿਨ ਕਰ ਰਹੀ ਹੈ (ਆਪਣੇ ਧੁਰੇ ਦੇ ਦੁਆਲੇ ਘੁੰਮ ਰਹੀ ਹੈ) । ਇਸ ਤੋਂ ਉਲਟ ਸਪਿਨ ਕਰਨ ਲੱਗੇ ਵਗੈਰਾ-ਵਗੈਰਾ...। ਪ੍ਰੋ. ਸਾਹਿਬ ਦੀਆਂ ਚੁੰਬਕੀ ਧੁਰੇ ਦੇ ਪਲਟ  ਜਾਣ ਬਾਰੇ ਲਿਖੇ ਸਮੇਂ ਵਿੱਚ ਢੇਰਾਂ ਅੰਤਰ ਹਨ। ਨਾਸ਼ਾ ਵਿਗਿਆਨੀਆ ਮੁਤਾਬਿਕ ਚੁੰਬਕੀ ਧਰੁਵਾਂ ਦੇ ਪਲਟ ਜਾਣ ਦੀ ਕਿਰਿਆ ਨੂੰ ਹਜ਼ਾਰਾਂ ਵਰ੍ਹੇ ਲੱਗ ਜਾਂਦੇ ਹਨ. ਸਚਾਈ ਇਹ ਹੈ ਕਿ 2012 ਈ: ਵਿੱਚ ਇਸ ਕਿਰਿਆ ਦੇ ਸ਼ੁਰੂ ਹੋਣ ਦੇ ਕੋਈ ਪ੍ਰਮਾਣ ਨਹੀਂ ਹਨ. ਫਿਰ ਵੀ ਜੇ ਚੁੰਬਕੀ ਧਰੁਵਾਂ ਦੇ ਬਦਲਣ ਦੀ ਕਿਰਿਆ 2012 ਨੂੰ ਆਰੰਭ ਹੋ ਵੀ ਜਾਵੇ, ਤਾਂ ਵੀ ਧਰਤੀ ਦੀ ਆਪਣੀ ਧੁਰੀ ਦੁਆਲੇ ਗਤੀ ਤੇ ਜਾਂ ਇਸਦੀ ਦਿਸ਼ਾ ਗਤੀ ਤੇ ਕੋਈ ਫ਼ਰਕ ਨਹੀਂ ਪਵੇਗਾ। ਹਾਂ ਬਾਕੀ ਚੁੰਬਕੀ ਤਬਦੀਲੀਆ ਬਾਰੇ ਜਾਣਕਾਰੀ ਉੱਪਰ ਦੇ ਚੁੱਕੇ ਹਾਂ। ਧਰਤੀ ਦੇ ਘੁੰਮਣ ਧੁਰੇ ਤੇ ਇਹ ਧੁਰਾ 66.5 ਦਰਜੇ ਦਾ ਕੋਣ ਬਣਾਉਂਦਾ ਹੈ। ਗੁਰੂਤਾ ਆਕਰਸ਼ਣ ਦੇ ਕਾਰਣ ਪੁਲਾੜ ਵਿਚਲੇ ਤਾਰੇ, ਗ੍ਰਹਿ, ਉੱਪ-ਗ੍ਰਹਿ ਇੱਥੋਂ ਤੱਕ ਕਿ ਗਲੈਕਸੀਆਂ ਇੱਕ ਖਾਸ ਚੱਕਰਾਂ ਵਿੱਚ ਘੁੰਮਦੀਆਂ ਹਨ। ਇਹਨਾਂ ਦੇ ਆਪਣੇ ਪੱਥ ਹਨ। ਇਹ ਸਭ ਆਪੋ ਆਪਣੇ ਧੁਰਿਆਂ ਦੁਆਲੇ ਆਪਣੇ ਜਨਮ ਸਮੇਂ ਤੋਂ ਹੀ ਭੌਤਿਕ ਤਬਦੀਲੀਆਂ ਤੇ ਗੁਣਾਂ ਕਾਰਨ ਇੱਕ ਵਿਸ਼ੇਸ਼ ਦਿਸ਼ਾ ਵੱਲ ਘੁੰਮਦੇ ਹਨ। ਗੁਰੂਤਾ ਖਿੱਚ ਕਾਰਨ ਇਨ੍ਹਾਂ ਦਾ ਆਪਸੀ ਸੰਬੰਧ ਬਣਿਆ ਰਹਿੰਦਾ ਹੈ। ਇੱਕ ਵਿਸ਼ੇਸ਼ ਤਰੀਕੇ ਨਾਲ ਗ੍ਰਹਿਆਂ ਦੀ ਸਾਪੇਖਕ ਦੂਰੀ ਕੱਢਣ ਬਾਰੇ ਦੱਸਿਆ ਗਿਆ ਸੀ, ਜਿਸ ਨਾਲ ਖੋਜ ਕਰਕੇ ਪਿਆਜੀ ਨਾਮਕ ਨੌਜਵਾਨ ਖ਼ਗੋਲੀ ਜਾਣਕਾਰ ਨੇ ਮੰਗਲ ਅਤੇ ਬ੍ਰਹਿਸਪਤੀ ਵਿਚਕਾਰ ਸੇਰਸ ਨਾਮੀ ਛੋਟੇ ਗ੍ਰਹਿ ਨੂੰ ਲੱਭਿਆ ਸੀ। ਗੁਰੂਤਾ ਕਾਰਨ ਹੀ ਸਾਰੇ ਗ੍ਰਹਿ, ਸੂਰਜ ਦੁਆਲੇ ਇੱਕ ਖਾਸ ਪੱਥਾਂ ਉੱਪਰ ਹੀ ਘੁੰਮਦੇ ਹਨ। ਜੇਕਰ ਅਜਿਹਾ ਕੁੱਝ ਵਾਪਰਦਾ ਹੈ ਤਾਂ ਧਰਤੀ ਤਾਂ ਪੁਲਾੜ ਵਿੱਚ ਡਿੱਗੇਗੀ ਹੀ ਉਸ ਤੋਂ ਬਾਅਦ ਦੇ ਗ੍ਰਹਿ ਮੰਗਲ, ਬ੍ਰਹਿਸਪਤੀ, ਸ਼ਨੀ ਆਦਿ ਵੀ ਪ੍ਰਭਾਵਿਤ ਹੋਣਗੇ। ਇਸ ਤਰਾਂ ਸਭ ਕੁਝ ਹੀ ਗੜਬੜ ਹੋ ਜਾਵੇਗਾ। ਜੇਕਰ ਧਰਤੀ ਖਲਾਅ ਵਿੱਚ ਨਾ ਵੀ ਡਿੱਗੇ ਤਾਂ ਵੀ ਧਰੁਵ ਬਦਲ ਦੀ ਹਾਲਤ ਵਿੱਚ ਉਸਦੇ ਪਦਾਰਥ ਦਾ ਖਿਲਾਰਾ ਪੈ ਜਾਵੇਗਾ।
          ਧਰਤੀ ਦਾ ਧਰੁਵ ਬਿਲਕੁਲ ਪਲਟਦਾ ਨਹੀਂ ਸਗੋਂ ਧਰਤੀ ਇੱਕ ਘੁੰਮਦੇ ਹੋਏ ਲਾਟੂ ਦੇ ਸਿਰੇ ਦੇ ਘੁੰਮਣ ਦੀ ਤਰ੍ਹਾਂ ਹੈ। ਜਿਵੇਂ ਲਾਟੂ ਦਾ ਸਿਰਾ ਆਪਣੇ ਕੇਂਦਰ ਦੇ ਧੁਰੇ ਦੁਆਲੇ ਘੁੰਮਦਾ ਹੋਇਆ, ਇੱਕ ਹੋਰ ਗਤੀ ਵੀ ਧੁਰੇ ਨਾਲ ਕੋਣ ਬਣਾਉਂਦਾ ਹੋਇਆ ਕਰਦਾ ਹੈ। ਉਵੇਂ ਹੀ ਧਰਤੀ ਵੀ ਅਜਿਹਾ ਚੱਕਰ 25,800 ਸਾਲਾਂ ਵਿੱਚ ਪੂਰਾ ਕਰਦੀ ਹੈ। ਇਸ ਕਾਰਨ ਜੋ ਧਰੁਵ ਤਾਰਾ ਸਾਨੂੰ ਹੁਣ ਦਿਖਾਈ ਦਿੰਦਾ ਹੈ ਉਸਦੀ ਥਾਂ ਵੇਗਾ ਨਾਮੀ ਤਾਰਾ ਦਿਖਾਈ ਦੇਵੇਗਾ। ਇਸ ਕਾਰਨ ਹੀ ਅੱਜਕੱਲ੍ਹ  13 ਜਾਂ 14 ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਹੈ ਤੇ ਸੰਨ 4000 ਵਿੱਚ 13 ਮਈ ਦੇ ਨਜਦੀਕ ਵਿਸਾਖ ਦੀ ਸੰਗਰਾਂਦ ਆਵੇਗੀ। ਇਸ ਤਰ੍ਹਾਂ ਕੈਲੰਡਰ 30 ਅੰਸ਼ ਜਾ ਇੱਕ ਰਾਸ਼ੀ ਪਿੱਛੇ ਹੋ ਜਾਵੇਗਾ ਭਾਵ ਇਹ ਸਮਾਂ 12ਵੀਂ ਰਾਸ਼ੀ ਮੀਨ ਦੀ ਥਾਂ 11ਵੀਂ ਰਾਸ਼ੀ ਕੁੰਭ ਦਾ ਸਮਾਂ ਹੋਵੇਗਾ।
           ਇਸੇ ਤਰ੍ਹਾਂ ਦੇ ਲੇਖ ਵਾਸਤੇ ਮੈਂ ਰੂਸ ਦੇ ਲੇਖਕ  ਐਨ. ਵੀ. ਪੁਸ਼ਕੋਵ ਦੀ ਕਿਤਾਬ  ਸ਼ਾਂਤ ਸੂਰਜ ਵਿੱਚੋਂ ਸ਼ਬਦ ਵਰਤਣ ਦੀ ਖੁਲ੍ਹ ਲੈ ਰਿਹਾ ਹਾਂ। ਕਿਸੇ ਸੂਰਜੀ ਭਾਂਬੜ ਸਮੇਂ ਫੈਲੀ ਪਲੇਗ ਦੀ ਬਿਮਾਰੀ ਇਸ ਗੱਲ ਦਾ ਉੱਕਾ ਹੀ ਲਖਾਇਕ ਨਹੀਂ ਕਿ ਦੋਵੇ ਗੱਲਾਂ ਸੰਬੰਧਤ ਹਨ। ਵਿਗਿਆਨ ਕਹਿੰਦਾ ਹੈ,  ਪੜਤਾਲ ਕਰੋ, ਵਾਰ-ਵਾਰ ਪੜਤਾਲ ਕਰੋ  ਅਤੇ ਹਮੇਸ਼ਾਂ ਹੀ ਠੋਸ ਤੱਥਾਂ ਦੇ ਆਧਾਰ ਤੇ ਨਤੀਜੇ ਕੱਢੋ।   
ਹਰਚੰਦ ਭਿੰਡਰ  

समाचार

Total Pageviews