ਜੋਤਿਸ਼ ਵਿਗਿਆਨ ਬਨਾਮ ਲੋਕ ਫਤਵਾ
(ਅੱਜ ਤੋਂ ਅੱਠ ਕੁ ਸਾਲ ਪਹਿਲਾਂ ਦੀ ਲਿਖਤ)
ਅਜੋਕੇ ਵਿਗਿਆਨ ਦੇ ਯੁੱਗ ਵਿੱਚ ਜੋਤਿਸ਼
ਵਿਵਾਦ-ਗ੍ਰਸਤ ਮਸਲਾ ਬਣ ਗਿਆ ਹੈ। ਖਾਸ ਕਰਕੇ ਉਦੋਂ ਜਦੋਂ ਸੁਪਰੀਮ ਕੋਰਟ ਨੇ ਅੰਡਰ ਗਰੈਜੁਏਟ ਅਤੇ
ਪੋਸਟ-ਗਰੈਜੁਏਟ ਪੱਧਰ ਤੱਕ “ਜੋਤਿਸ਼ ਵਿਗਿਆਨ”
ਵਿਸ਼ੇ ਨੂੰ ਕੋਰਸ ਵਿੱਚ ਸ਼ਾਮਿਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਅਤੇ ਜੋਤਿਸ਼ ਵਿਗਿਆਨ ਨੂੰ ਪੂਰੀ
ਤਰ੍ਹਾਂ ਸ਼ੁੱਧ ਸਾਇੰਸ ਦੱਸਿਆ ਹੈ।
ਸੁਪਰੀਮ ਕੋਰਟ ਦਾ ਫੈਸਲਾ ਸਿਰ ਮੱਥੇ, ਪਰ
ਉਹਨਾਂ ਦਾਅਵਿਆਂ ਦਾ ਕੀ ਕਰੀਏ। ਜੋ ਇਸ ‘ਵਿਗਿਆਨ ਦੇ ਵਿਗਿਆਨੀਆਂ’
ਭਾਵ ਜੋਤਸ਼ੀਆਂ ਨੇ ਸਮੇਂ-ਸਮੇਂ ਭਵਿੱਖ ਬਾਣੀਆਂ ਦੇ ਰੂਪ ਵਿੱਚ ਕੀਤੇ ਸਨ ਅਤੇ ਸਮੇਂ ਦੀ ਕਸਵੱਟੀ ਤੇ
ਖਰੇ ਨਹੀਂ ਉੱਤਰੇ।
ਪੇਸ਼ ਹਨ ਇਹ ਅਲੱਗ-ਅਲੱਗ ਮੈਗਜ਼ੀਨਾਂ ਤੇ
ਅਖ਼ਬਾਰਾਂ ਦੀਆਂ ਰਿਪੋਰਟਾਂ;
27 ਅਕਤੂਬਰ 2003 ਦੇ ਇੰਡੀਆ ਟੂਡੇ (ਹਿੰਦੀ)
ਵਿੱਚ ਛਪੀ ਲੇਖ ਰਿਪੋਰਟ ‘ਅਨੁਕੂਲ ਨਹੀਂ ਹੈ, ਨਛੱਤਰ’ ਵਿੱਚ ਦੱਸਿਆ ਹੈ ਕਿ ਲੰਦਨ ਵਿਖੇ 1958 ਈ.
ਨੂੰ ਸ਼ੁਰੂ ਕੀਤੇ ਅਧਿਐਨ ਜੋ ਕਿ 2000 ਵਿਅਕਤੀਆਂ ਉੱਪਰ ਸੀ, 45 ਸਾਲਾਂ ਬਾਅਦ ਜਨਰਲ ਆਫ਼ ਕਾਂਸਸਨੈਸ
ਦੇ ਅੰਕ ਵਿੱਚ ਛਪੇ ਨਤੀਜੇ ਇਹ ਸਾਬਤ ਕਰਦੇ ਹਨ ਕਿ ਫਲਿਤ ਜੋਤਿਸ਼ ਇਕ ਅਨੁਮਾਨ ਹੈ। ਕਨੈਡਾ ਦੇ
ਮਨੋਵਿਗਿਆਨੀ ਪ੍ਰੋ. ਇਵਾਨ ਕੇਲੀ ਅਤੇ ਆਸਟ੍ਰੇਲੀਆ ਦੇ ਜੋਤਿਸ਼ੀ ਰਹੇ ਡਾ. ਜਾਇਫਰੇ ਡੀਨ ਨੇ ਇਸ
ਅਧਿਐਨ ਵਿੱਚ ਜੋਤਿਸ਼ ਵਿਦਿਆ ਦੇ ਲੋਕ ਪ੍ਰਿਆ ਸਵਰੂਪ ਰਾਸ਼ੀਫਲ ਤੇ ਆਧਾਰਤ ਭਵਿੱਖਬਾਣੀਆਂ ਨੂੰ ਮੁੱਖ
ਰੱਖਿਆ। ਇਹ ਅਧਿਐਨ ਉਸ ਮੂਲ ਧਾਰਨਾ ਨੂੰ ਰੱਦ
ਕਰਦਾ ਹੈ ਕਿ ਮਨੁੱਖ ਦੀਆਂ ਪ੍ਰਵਿਰਤੀਆਂ ਕੁਦਰਤੀ ਨਹੀਂ ਬਲਕਿ ਉਸ ਦੇ ਜਨਮ ਸਮੇਂ ਸੂਰਜ, ਚੰਦ੍ਰਮਾ
ਅਤੇ ਹੋਰ ਗ੍ਰਹਿਆਂ ਤੇ ਨਿਰਭਰ ਕਰਦੀਆਂ ਹਨ।
ਮੀਨ ਰਾਸ਼ੀ ਦੇ 2000 ਬੱਚਿਆਂ ਨੂੰ ਡਾਕਟਰੀ
ਅਧਿਐਨ ਵਾਸਤੇ ਚੁਣਿਆ ਗਿਆ। ਇਸ ਦਾ ਉਦੇਸ਼ ਸੀ ਕਿ, ਕੀ ਜਨਮ ਸਮਾਂ ਬੱਚਿਆਂ ਦੀ ਭਵਿੱਖੀ ਸਿਹਤ ਨੂੰ
ਪ੍ਰਭਾਵਿਤ ਕਰਦਾ ਹੈ? ਅਤੇ ਕੀ ਇਹ ਸਮਾਂ ਇੱਕੋ ਜਿਹਾ ਹੋਣ ਕਰਕੇ ਇੱਕ ਤਰ੍ਹਾਂ ਦੀਆਂ ਪ੍ਰਵਿਰਤੀਆਂ
ਪੈਦਾ ਹੁੰਦੀਆਂ ਹਨ? ਡੀਨ ਤੇ ਕੇਲੀ ਨੇ ਇਹਨਾਂ ਦੇ ਕਿੱਤੇ, ਚਿੰਤਾ ਦਾ ਪੱਧਰ, ਸਮਾਜਿਕਤਾ, ਖੇਲ,
ਕਲਾ, ਗਣਿਤ ਵਗੈਰਾ ਤੋ ਇਲਾਵਾ 100 ਦੇ ਕਰੀਬ ਭਿੰਨ ਪ੍ਰਕਾਰ ਦੀਆਂ ਪ੍ਰਵਿਰਤੀਆਂ ਦਾ ਅਧਿਐਨ
ਜਿਨ੍ਹਾਂ ਦੇ ਬਾਰੇ ਜੋਤਸ਼ੀਆਂ ਦਾ ਦਾਅਵਾ ਹੈ ਕਿ ਇਹਨਾਂ ਨੂੰ ਕਿਸੇ ਦੀ ਜਨਮ ਪੱਤਰੀ ਤੋਂ ਜਾਣਿਆ ਜਾ
ਸਕਦਾ ਹੈ। ਪਰ ਇਹਨਾਂ ਖੋਜੀਆਂ ਨੂੰ ਇਕ ਹੀ ਸਮੇਂ ਜਨਮੇਂ ਬੱਚਿਆਂ ਵਿੱਚ ਕੋਈ ਸਮਾਨਤਾ ਨਹੀਂ ਮਿਲੀ।
ਕੇਲੀ ਦੇ ਮੁਤਾਬਿਕ ਤਜ਼ਰਬੇ ਦੀਆਂ ਸਥਿਤੀਆਂ ਸਫਲਤਾ ਵਾਸਤੇ ਇਸ ਕਦਰ ਸ਼ਾਇਦ ਹੀ ਅਨਕੂਲ ਹੋਣ, ਪਰ
ਨਤੀਜਾ ਸਮਾਨ ਰੂਪ ਵਿੱਚ ਨਕਾਰਆਤਮਕ ਹੀ ਹੈ।
ਇਸ ਅਧਿਐਨ ਤੋਂ ਇਹ ਵੀ ਪਤਾ ਚਲਦਾ ਹੈ ਕਿ
ਜੋਤਸ਼ੀ ਬੇਤਰਤੀਬ ਰੂਪ ਵਿੱਚ ਚੁਣੇ ਗਏ ਲੋਕਾਂ ਦੀ ਜਨਮ ਪੱਤਰੀ ਤੋਂ ਉਹਨਾਂ ਦੀਆਂ ਪ੍ਰਵਿਰਤੀਆਂ ਦੀ
ਵਿਆਖਿਆ ਕਰਨ ਦੇ ਅਸਮਰੱਥ ਹੁੰਦੇ ਹਨ। ਐਸੇ ਹੀ ਨਤੀਜੇ 700 ਜੋਤਸ਼ੀਆਂ ਨੂੰ ਲੈ ਕੇ 40 ਤੋਂ ਅਧਿਕ
ਅਧਿਐਨਾਂ ਤੋਂ ਵੀ ਨਿਕਲੇ ਹਨ। ਇਹਨਾਂ ਜੋਤਸ਼ੀਆਂ ਵਿੱਚ ਕੁਝ ਭਾਰਤੀ ਵੀ ਸਨ।
ਪਰ ਇਸ ਦੇ ਬਾਵਜੂਦ ਭਾਰਤੀ ਜੋਤਿਸ਼ੀ ਕਹਿੰਦੇ ਹਨ
ਕਿ ਪੱਛਮੀ ਜੋਤਸ਼ੀ ਸੂਰਜ ’ਤੇ ਅਧਾਰਿਤ ਵਿਅਕਤੀਗਤ ਪ੍ਰਵਿਰਤੀਆਂ ਅਤੇ ਸਬੰਧਾਂ ਉਪਰ ਧਿਆਨ ਦਿੰਦਾ
ਹੈ। ਜਦ ਕਿ ਭਾਰਤ ਵਿੱਚ ਕਿਸੀ ਵਿਅਕਤੀ ਦਾ ਪੁਸ਼ਤੈਨੀ ਖਾਨਦਾਨ, ਅਤੀਤ ਵਰਤਮਾਨ ਅਤੇ ਭਵਿੱਖ ਦੀ
ਜਾਣਕਾਰੀ ਵਾਸਤੇ ਨਛੱਤਰਾਂ ਦਾ ਸਹਾਰਾ ਲਿਆ ਜਾਂਦਾ ਹੈ। ਕਿਹੜਾ ਗ੍ਰਹਿ ਕਿਸ ਘਰ ਵਿੱਚ ਬੈਠਿਆ ਹੈ ਅਤੇ
ਕਿਹੜੇ ਘਰਾਂ ਉੱਪਰ ਦ੍ਰਿਸ਼ਟੀ ਪਾਉਂਦਾ ਹੈ? ਕਿਹੜਾ ਗ੍ਰਹਿ ਜਿਆਦਾ ਤਾਕਤਵਰ ਹੈ ਆਦਿ। ਜੋਤਿਸ਼ ਦੇ
ਹਮਾਇਤੀਆਂ ਦਾ ਇਹ ਵੀ ਕਹਿਣਾ ਹੈ ਭਾਰਤੀ ਜੋਤਿਸ਼ ਮੁਤਾਬਿਕ ਸਹੀ ਸਮਾਂ ਸਹੀ ਸਥਾਨ ਦੀ ਬਹੁਤ ਭੂਮਿਕਾ
ਹੈ ਸੈਕਿੰਡਾਂ ਦਾ ਅੰਤਰ ਰੱਖਣ ਵਾਲਿਆਂ ਅਤੇ ਜੁੜਵੇਂ ਬੱਚਿਆਂ ਦੀ ਜਨਮ ਪੱਤਰੀ ਵੀ ਅਲੱਗ ਹੁੰਦੀ
ਹੈ। ਜੇ ਵਾਕਿਆ ਹੀ ਇਸ ਗੱਲ ਤੇ ਅਮਲ ਕੀਤਾ ਜਾਵੇ ਤਾਂ ਮੇਰੇ ਵਿਚਾਰ ਮੁਤਾਬਿਕ ਦੁਨੀਆਂ ਦੇ ਆਦਮੀਆਂ
ਤੇ ਔਰਤਾਂ ਨੂੰ 12 ਰਾਸ਼ੀਆਂ ਵਿੱਚ ਨਹੀਂ ਵੰਡਿਆ ਜਾ ਸਕਦਾ। ਇਸ ਤਰ੍ਹਾਂ ਤਾਂ ਉਹਨਾਂ ਦੀ ਹਰੇਕ ਦੀ
ਰਾਸ਼ੀ ਅਲੱਗ-ਅਲੱਗ ਹੋਵੇਗੀ। ਕਿਉਂਕਿ ਸਾਡੀ ਧਰਤੀ ਆਪਣੀ ਧੁਰੀ ਦੁਆਲੇ ਘੁੰਮਦੀ ਹੋਈ ਸੂਰਜ ਦੁਆਲੇ
ਘੁੰਮਦੀ ਹੈ। ਸੂਰਜ ਆਪਣੇ ਗ੍ਰਹਿਆਂ ਸਮੇਤ ਅਕਾਸ਼ ਗੰਗਾ ਦੇ ਤਾਰਿਆਂ ਦੀ ਤਰ੍ਹਾਂ ਉਸ ਦੇ ਕੇਂਦਰ
ਦੁਆਲੇ ਘੁੰਮ ਰਿਹਾ ਹੈ। ਇਸ ਤਰ੍ਹਾਂ ਧਰਤੀ, ਗ੍ਰਹਿਆਂ, ਤਾਰਿਆਂ ਦੀਆਂ ਹੋਰ ਬਹੁਤ ਸਾਰੀਆਂ ਗਤੀਆਂ
ਹਨ। ਇਸ ਤਰ੍ਹਾਂ ਤਾਂ ਪਲ-ਪਲ ਸਥਾਨ ਦੀ ਤਬਦੀਲੀ ਹੁੰਦੀ ਰਹਿੰਦੀ ਹੈ। ਫਿਰ ਸਮਾਂ ਤੇ ਸਥਾਨ ਕਿਵੇਂ
ਨਿਸ਼ਚਿਤ ਕੀਤਾ ਜਾ ਸਕਦਾ ਹੈ। ਇਹ ਸਥਿਤੀ ਉਦੋਂ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ ਜਦੋਂ ਸਾਡੇ ਅਤੇ
ਗ੍ਰਹਿਆਂ ਵਿਚਲੀ ਦੂਰੀ ਕਾਰਣ ਉਹਨਾਂ ਦੀ ਸਹੀ ਸਥਿਤੀ ਦਾ ਗਿਆਨ ਨਹੀਂ ਹੁੰਦਾ।
ਤੇ ਹੁਣ ਪੇਸ਼ ਨੇ ਭਾਰਤੀ ਜੋਤਸ਼ੀਆਂ ਦੀਆਂ
ਭਵਿੱਖਬਾਣੀਆਂ ਜੋ ਕਿ ਸਮੇਂ-ਸਮੇਂ ਗਲਤ ਸਾਬਤ ਹੋਈਆਂ।
ਬੇਜਨ ਦਾਰੂਵਾਲਾ ਵਿਸ਼ਵ ਦੇ 1000 ਜੋਤਸ਼ੀਆਂ
ਵਿੱਚ ਪ੍ਰਸਿੱਧ ਮੰਨੇ ਜਾਂਦੇ ਹਨ। ਇਹਨਾਂ ਨੇ ਭਵਿੱਖਬਾਣੀ ਕੀਤੀ ਸੀ ਕਿ 24 ਜੂਨ 2003 ਦੇ ਬਾਅਦ
ਸਾਰੀਆਂ ਅੱਤਵਾਦੀ ਗਤੀਵਿਧੀਆਂ ਜੋ ਕਿ ਭਾਰਤ ਵਿੱਚ ਚਲਦੀਆਂ ਹਨ, ਬੰਦ ਹੋ ਜਾਣਗੀਆਂ। ਕਸ਼ਮੀਰ
ਸਮੱਸਿਆ 2003 ਤੱਕ ਤਿੰਨ ਧਿਰੀ ਗੱਲਬਾਤ ਨਾਲ ਸੁਲਝ ਜਾਵੇਗੀ। ਪਰ ਸਥਿੱਤੀ ਇਹ ਹੈ ਕਿ ਅੱਤਵਾਦੀ
ਗਤੀਵਿਧੀਆਂ ਤੇ ਕਸ਼ਮੀਰ ਸਮੱਸਿਆ ਦੋਵੇਂ ਹੀ ਜਿਵੇਂ ਦੀਆਂ ਤਿਵੇਂ ਹਨ। ਸਗੋਂ ਦੇਸ ਦੇ ਕਈ ਰਾਜਾਂ
ਬੜੀਆਂ ਭਿਆਨਕ ਕਾਰਵਾਈਆਂ ਹੋਈਆਂ ਹਨ।
ਪੀ. ਖੁਰਾਣਾ ਚੰਡੀਗੜ ਦੇ ਮੰਨੇ ਪ੍ਰਮੰਨੇ
ਜੋਤਸ਼ੀ ਹਨ। ਇਹ ਦੇ ਇਸ਼ਤਿਹਾਰ ਵੀ ਵੱਖ-ਵੱਖ ਅਖ਼ਬਾਰਾਂ ਵਿੱਚ ਛਪਦੇ ਹਨ। ਇਹ ਨੇ 1998 ਵਿੱਚ ਕਿਹਾ
ਸੀ ਕਿ ਅਗਲਾ ਪ੍ਰਧਾਨ ਮੰਤਰੀ ਸਿੰਘ ਰਾਸ਼ੀ ਦਾ ਜਿਸ ਦਾ ਨਾਮ ਮ ਜਾਂ ਤ ਤੋਂ ਸ਼ੁਰੂ ਹੋਵੇਗਾ ਬਣੇਗਾ।
ਇਹ ਵੀ ਕਿਹਾ ਸੀ ਕਿ ਵਾਜਪਾਈ ਵਾਸਤੇ ਮੌਕਾ ਨਹੀਂ ਹੈ ਅਤੇ ਕਾਂਗਰਸ ਗੱਠਜੋੜ ਬਣਾਉਣ ਵਿੱਚ ਸਫ਼ਲ
ਹੋਵੇਗੀ ਜੋ 27 ਅਕਤੂਬਰ 2000 ਤੱਕ ਚੱਲੇਗਾ। ਪਰ ਸਥਿਤੀ ਇਹ ਰਹੀ ਕਿ ਅਟੱਲ ਬਿਹਾਰੀ
ਵਾਜਪਾਈ 13 ਮਈ 2004 ਤੱਕ ਪ੍ਰਧਾਨ ਮੰਤਰੀ ਬਣੇ ਰਹੇ ਹਨ ਤੇ ਹੁਣ ਕਾਂਗਰਸ ਦੀ ਸਰਕਾਰ ਵਿੱਚ
ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਹਨ।
ਆਰਤੀ ਚੱਕਰਵਰਤੀ- ਅੰਕ ਜੋਤਿਸ਼ੀ ਤੇ ਲਿਖਾਵਟ
ਵਾਚਣ ਵਾਲੀ ਜੋਤਿਸ਼ੀ ਹੈ ਨੇ 1999 ਵਿੱਚ ਭਵਿੱਖ ਬਾਣੀ ਕੀਤੀ ਸੀ ਕਿ ਅਟੱਲ ਬਿਹਾਰੀ ਵਾਜਪਾਈ ਦੀ
ਸਰਕਾਰ ਸਿਰਫ ਦੋ ਸਾਲ ਹੀ ਚੱਲੇਗੀ ਤੇ ਅਗਲੀਆਂ ਆਮ ਚੋਣਾਂ 2001 ਵਿੱਚ ਹੋਣਗੀਆਂ ਹਾਲਾਤ ਇਹ ਹੈ ਕਿ
ਵਾਜਪਾਈ ਸਰਕਾਰ ਪੂਰੇ ਪੰਜ ਸਾਲ ਚੱਲੀ ਤੇ ਚੋਣਾਂ 2004 ਵਿੱਚ ਹੋਈਆਂ
ਅੰਮ੍ਰਿਤ ਲਾਲ ਕੋਲਕਾਤਾ ਦੇ ਜੋਤਸ਼ੀ ਹਨ ਅਤੇ ਇਹ
ਦਾਅਵਾ ਕਰਦੇ ਹਨ ਕਿ ਇੰਦਰਾ ਗਾਂਧੀ ਦੀ ਹੱਤਿਆ ਦੀ ਭਵਿੱਖਬਾਣੀ ਕੀਤੀ ਸੀ।
ਹੁਣ ਇਹਨਾਂ ਨੇ 1999 ਵਿੱਚ ਭਵਿੱਖਬਾਣੀ ਕੀਤੀ
ਸੀ ਕਿ ਨਾ ਵਾਜਪਾਈ ਨਾ ਸੋਨੀਆਂ ਗਾਂਧੀ ਅਗਲੇ ਪ੍ਰਧਾਨ ਮੰਤਰੀ ਬਣਨਗੇ ਅਤੇ ਕੇਂਦਰ ਵਿੱਚ ਨਵੀਂ
ਸਰਕਾਰ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਦੀ ਬਣੇਗੀ।
ਪਰ ਲੋਕਾਂ ਨੇ 1999 ਵਿੱਚ ਐਨ.ਡੀ.ਏ ਨੂੰ ਜਿਤਾ
ਕੇ ਵਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਇਆ।
ਉਪ੍ਰੋਕਤ ਸਾਰੀਆਂ ਭਵਿੱਖਬਾਣੀਆਂ 1999 ਦੀਆਂ
ਚੋਣਾਂ ਨਾਲ ਸਬੰਧਤ ਸਨ। ਹੁਣ ਪੇਸ਼ ਹੈ 2004 ਵਿੱਚ ਹੋਈਆਂ ਚੋਣਾਂ ਦੇ ਸਬੰਧ ਵਿੱਚ ਭਾਰਤ ਦੇ ਮੰਨੇ
ਪ੍ਰਮੰਨੇ ਜੋਤਸ਼ੀਆਂ ਦੀ ਭਵਿੱਖ ਬਾਣੀਆਂ ਜਿੰਨ੍ਹਾਂ ਨੂੰ ਲੋਕਾਂ ਦੇ ਫਤਵੇ ਨੇ ਗਲਤ ਸਾਬਤ ਕੀਤਾ। ਇਹ
ਭਵਿੱਖਬਾਣੀਆਂ 15 ਮਾਰਚ 2004 ਦੇ ਹਿੰਦੀ ਦੇ ਇੰਡੀਆਂ ਟੂਡੇ ’ਚ ਹਨ।
1 ਪਰਪਨਗਡੀ ਉਨੀ ਕ੍ਰਿਸ਼ਨਨ- ਤਾਮਿਲਨਾਡੂ ਦੀ ਰਾਜਸੀ
ਲੀਡਰ ਜਯਲਲਿਤਾ ਅਤੇ ਸ਼੍ਰੀ ਲੰਕਾ ਦੀ ਰਾਸ਼ਟਰਪਤੀ ਚੰਦ੍ਰਿਕਾ ਕੁਮਾਰਤੁੰਗੇ ਦੇ ਨਿੱਜੀ ਜੋਤਿਸ਼ੀ। ਪੇਸ਼
ਇਹਨਾਂ ਦੀ ਭਵਿੱਖਬਾਣੀ-
ਅਗਲਾ
ਪ੍ਰਧਾਨ ਮੰਤਰੀ ਕੌਣ ਹੋਵੇਗਾ ?
ਅਟਲ
ਬਿਹਾਰੀ ਵਾਜਪਾਈ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਹਨਾਂ ਦੀ ਕਿਸਮਤ 76ਵੇਂ ਸਾਲ ਖੁਲ੍ਹੀ ਹੈ ਅਤੇ
ਫਰਵਰੀ 2006 ਤੱਕ ਚਮਕਦੀ ਰਹੇਗੀ। ਉਹਨਾਂ ਦੇ ਭਾਗਾਂ ਵਿੱਚ ਅਖੰਡ ਸਾਮਰਾਜ ਅਤੇ ਸਰਬ ਯੋਗ ਹੈ।
ਕੀ
ਸੋਨੀਆਂ ਪ੍ਰਧਾਨ ਮੰਤਰੀ ਬਣ ਸਕਦੀ ਹੈ ?
ਅਜੇ
ਨਹੀਂ ਵੈਸੇ ਸਮਰਥਵਾਨ ਤੇ ਮਸ਼ਹੂਰ ਵੀ ਹੈ। ਲੇਕਿਨ ਉਸ ਨੂੰ ਆਪਣੇ ਖੇਮੇ ਵਿੱਚ ਮਾਨਤਾ ਹਾਸਲ ਨਹੀਂ
ਹੈ। ੳਹਨਾਂ ਤੇ ਸ਼ਨੀ ਦਾ ਨਕਾਰਾਤਮਕ ਪ੍ਰਭਾਵ ਹੈ, ਜੋ 65 ਸਾਲ ਦੀ ਉਮਰ ਤੱਕ ਬਣਿਆ ਰਹੇਗਾ।
ਕੀ
ਲਾਲ ਕ੍ਰਿਸ਼ਨ ਅਡਵਾਨੀ ਪ੍ਰਧਾਨ ਮੰਤਰੀ ਬਣ ਸਕਦੇ ਹਨ ?
ਮੁਮਕਿਨ
ਹੈ ਵਾਜਪਾਈ ਦੇ ਸੇਵਾ ਮੁਕਤ ਹੋਣ ਤੇ ਫਰਵਰੀ 2006 ਵਿੱਚ ਨੰਬਰ ਇਕ ਬਣ ਸਕਦੇ ਹਨ। ਉਹਨਾਂ ਦਾ ਸ਼ੁਭ
ਕਾਲ 20 ਨਵੰਬਰ 2008 ਤੱਕ ਰਹੇਗਾ।
ਜਯ
ਲਲਿਤਾ ਦੇ ਵੀ ਸਿਤਾਰੇ ਬੁਲੰਦ ਹਨ ਪਰ ਅਗਸਤ ਤੱਕ ਉਨ੍ਹਾਂ ਨੂੰ ਮਾਮੂਲੀ ਝਟਕੇ ਲਗ ਸਕਦੇ ਹਨ।
2 ਗਾਇਤਰੀ ਦੇਵੀ ਵਾਸਦੇਵ- ਸੰਪਾਦਕ, ਦ ਏਸਟ੍ਰੋਲਾਜ਼ਿਕਲ ਮੈਗਜ਼ੀਨ ਬੰਗਲੂਰ ਦਾ ਕਹਿਣਾ ਹੈ ਕਿ ਅਗਲੇ
ਪ੍ਰਧਾਨ ਮੰਤਰੀ ਬਾਰੇ ਕਹਿਣਾ ਮੁਸ਼ਕਿਲ ਹੈ। ਭਾਵੇਂ ਭਾਜਪਾ ਭਲੇ ਹੀ ਕੇਂਦਰ ਵਿੱਚ ਆਪਣੀ ਅਗਵਾਈ
ਕਾਇਮ ਰੱਖੇ ਪਰ ਉਸ ਨੂੰ ਕਈ ਸਮਝੌਤੇ ਕਰਨੇ ਪੈਣਗੇ।
ਕੀ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ?
ਇਸ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ
ਪਾਰਟੀ (ਭਾਜਪਾ) ਦੇ ਚਾਰਟ ਦੇ ਅਧਾਰਤ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ।
ਕੀ ਸੋਨੀਆਂ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੀ
ਹੈ ?
ਨਹੀਂ ਕਾਂਗਰਸ ਨੂੰ ਝਟਕੇ ਲੱਗਣਗੇ ਅਤੇ ਪਾਰਟੀ
ਅਗਵਾਈ ਕਿਸੇ ਹੋਰ ਦੇ ਹੱਥ ਹੋਵੇਗੀ ਸ਼ਰਦ ਪਵਾਰ ਦਾ ਰਾਜਨੀਤਕ ਜੀਵਨ ਸਰਗਰਮ ਹੋ ਜਾਵੇਗਾ।
ਮਾਇਆਵਤੀ
ਥੋੜਾ ਸਮਾਂ ਹੋਰ ਉਸ ਦੇ ਸਿਤਾਰੇ ਗਰਦਿਸ਼ ਵਿੱਚ ਰਹਿਣਗੇ।
ਚੰਦਰ
ਬਾਬੂ ਨਾਇਡੂ - ਵਿਧਾਨ ਸਭਾ ਚੋਣਾਂ ਤੋਂ ਬਾਅਦ ਦੁਬਾਰਾ ਸੱਤਾ ਵਿੱਚ ਆਉਣਗੇ।
ਜਯ
ਲਲਿਤਾ – ਹੋਰ ਪ੍ਰਭਾਵਸ਼ਾਲੀ ਹੋ ਜਾਵੇਗੀ।
ਉਤਰ
ਪ੍ਰਦੇਸ਼ – ਲੋਕ ਸਭਾ ਚੋਣਾਂ ਤੋਂ ਬਾਅਦ ਰਾਜ ਦੀ ਰਾਜਨੀਤੀ
ਵਿੱਚ ਪ੍ਰਵਰਤਨ ਹੋ ਸਕਦਾ ਹੈ।
3. ਪੇਨਾਮਲ ਸੰਜੀਵਨ ਨਹਿਰੂ – ਅੰਕ ਵਿੱਦਿਆ ਦੇ ਮਾਹਰ
ਅਤੇ ਭੇਲ ਵਿੱਚ ਮਕੈਨੀਕਲ ਇੰਜਨੀਅਰ ਦੇ ਅਹੁਦੇ ਤੇ ਮੌਜੂਦ। ਸੁਆਲਾਂ ਉਪਰ ਇਹਨਾਂ ਦੀ ਭਵਿੱਖਬਾਣੀ
ਇਹ ਹੈ – ਅਗਲੇ ਪ੍ਰਧਾਨ ਮੰਤਰੀ-ਅਟਲ ਬਿਹਾਰੀ ਵਾਜਪਾਈ, 47 ਸ਼ੁਭ ਅੰਕ ਵਾਲੇ ਐਮ
ਵੈਂਕਈਆਂ ਨਾਇਡੂ ਵਾਜਪਾਈ ਦੀ ਜਗ੍ਹਾ ਲੈਣਗੇ। ਜਵਾਹਰ ਲਾਲ ਨਹਿਰੂ ਅਤੇ ਨਰਸਿਮਾ ਰਾਓ ਵਰਗਾ ਜਾਦੂਈ
ਅੰਕ ਨਾਇਡੂ ਦਾ ਵੀ ਹੈ।
ਕੀ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ?
ਹਾਂ।
ਕੀ ਸੋਨੀਆਂ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੀ
ਹੈ ?
ਨਹੀਂ, ਜੇ ਕਰ ਸੋਨੀਆਂ ਗਾਂਧੀ ਆਪਣਾ ਨਾਮ ਬਦਲ
ਕੇ ਸੋਨੀਓ ਗਾਂਧੀ ਕਰ ਲਵੇ ਤਾਂ ਰਾਜਨੀਤੀ ਵਿੱਚ ਉਹਨਾਂ ਦਾ ਭਵਿੱਖ ਬਣ ਸਕਦਾ ਹੈ।
ਲਾਲ ਕ੍ਰਿਸ਼ਨ ਅਡਵਾਨੀ –
ਇਹ ਉਪ ਪ੍ਰਧਾਨ ਮੰਤਰੀ ਬਣੇ ਰਹਿਣਗੇ। ਲੇਕਿਨ ਕਦੀ ਨੰਬਰ ਇੱਕ ਦੀ ਸਥਿਤੀ ਵਿੱਚ ਨਹੀਂ ਆਉਣਗੇ।
ਮੁਲਾਇਮ ਸਿੰਘ ਯਾਦਵ ਦੇ ਸਿਤਾਰੇ ਬੁਲੰਦ ਹੋ
ਰਹੇ ਹਨ।
ਚੰਦਰ ਬਾਬੂ ਨਾਇਡੂ, ਤੇ ਦ ਪਾ ਗਲਤ ਅੰਕਾਂ
ਕਾਰਨ ਹਾਰ ਜਾਣਗੇ।
ਰਾਜਗ ਅਤੇ ਭਾਜਪਾ ਦੇ ਸਿਤਾਰੇ ਬੁਲੰਦੀ ਤੇ ਹਨ।
4. ਮਾਂ ਪ੍ਰੇਮ ਊਸ਼ਾ – ਓਸ਼ੋ ਦੀ ਭਗਤਣੀ, ਲੋਕ
ਪ੍ਰਿਆ ਜੋਤਿਸ਼ੀ ਟੈਰੋ ਕਾਰਡ ਰੀਡਰ ਅਤੇ ਤੰਤਰ ਵਿੱਦਿਆ ਦੀ ਮਾਹਰ।
ਅਗਲਾ ਪ੍ਰਧਾਨ ਮੰਤਰੀ –
ਅਟੱਲ ਬਿਹਾਰੀ ਵਾਜਪਾਈ। ਇਹ ਸੰਤੁਲਨ ਬਣਾ ਕੇ ਰੱਖਣ ਦੇ ਮਾਹਰ ਹਨ। ਇਹੀ ਉਨ੍ਹਾਂ ਦੀ ਸ਼ਕਤੀ ਹੈ। ਇਸ
ਸਾਲ ਮਈ-ਜੂਨ ਦੇ ਮਹੀਨੇ ਉਹਨਾਂ ਵਾਸਤੇ ਕਾਫੀ ਮਹੱਤਵਪੂਰਨ ਹਨ। ਦੋਹਰਾਪਨ ਮਹੱਤਵਪੂਰਨ ਹੋਵੇਗਾ।
ਉਹਨਾਂ ਦੇ ਸ਼ੁੱਭ ਅੰਕ 8 ਅਤੇ 17 ਹਨ।
(ਪਰ 12 ਮਈ ਨੂੰ ਇੱਕ ਟੀ.ਵੀ ਚੈਨਲ ਉਪਰ ਰਾਜਗ
ਨੂੰ 253 ਸੀਟਾਂ ਮਿਲਣਾ ਅਤੇ ਅਟੱਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਬਣਨ ਦੀ ਗੱਲ ਕਹੀ ਸੀ ਤੇ
ਕਿਹਾ ਸੀ ਵਾਜਪਾਈ ਵਾਸਤੇ 13 ਦਾ ਅੰਕ ਭਾਗਸ਼ਾਲੀ ਹੈ ਕਿਉਂਕਿ ਇਹਨਾਂ ਅੰਕਾਂ ਦਾ ਜੋੜ 4 ਹੈ ਜੋ ਕਿ
ਸੱਤਾ ਦਾ ਅੰਕ ਹੈ)
ਕੀ ਸੋਨੀਆਂ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੀ
ਹੈ ?
ਕਦੇ ਨਹੀਂ । ਇਹ ਇੱਕ ਮਜ਼ਬੂਤ ਇਰਾਦੇ ਵਾਲੀ ਔਰਤ
ਹੈ ਅਤੇ ਆਪਣੀ ਪਾਰਟੀ ਅਤੇ ਬੱਚਿਆਂ ਵਾਸਤੇ ਪਿਤਾ ਦੀ ਭੂਮਿਕਾ ਨਿਭਾਏਗੀ। ਇਹਨਾਂ ਚੋਣਾਂ ਵਿੱਚ
ਕਾਂਗਰਸ ਸੱਤਾ ਵਿੱਚ ਨਹੀਂ ਆਵੇਗੀ ਪਰ ਆਪਣੇ ਨੈਟਵਰਕ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤੋਂ ਕਰ ਕੇ
ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ ਅਤੇ ਸਰਕਾਰ ਨੂੰ ਕਟਹਿਰੇ ਵਿੱਚ ਖੜੀ ਕਰਦੀ ਰਹੇਗੀ।
ਸੋਨੀਆਂ ਦੇ ਸ਼ੁੱਭ ਅੰਕ 2 ਅਤੇ 20 ਹਨ।
ਐਨ ਚੰਦਰ ਬਾਬੂ ਨਾਇਡੂ –
ਸੰਤੁਲਨ ਉਹਨਾਂ ਦੀ ਸਫਲਤਾ ਦਾ ਰਾਜ ਹੈ। ਆਪ ਚੋਣਾਂ ਵਿੱਚੋਂ ਜਿਤ ਕੇ ਦੁਬਾਰਾ ਮੁੱਖ ਮੰਤਰੀ
ਬਣਨਗੇ। ਅੱਧ ਅਪ੍ਰੈਲ ਵਿੱਚ ਆਪਣੇ ਜਨਮ ਦਿਨ ਦੇ ਬਾਅਦ ਕੁਝ ਪਾਉਣ ਵਾਸਤੇ ਕੁਝ ਦੇ ਦੇਣਗੇ। ਇਹ
ਉਹਨਾਂ ਦੇ ਬਦਲਾਅ ਵਾਸਤੇ ਠੀਕ ਰਹੇਗਾ। ਉਹਨਾਂ ਦਾ ਸ਼ੁੱਭ ਅੰਕ 3 ਅਤੇ 21 ਹੈ।
5. ਸੰਤਕੁਮਾਰ ਦਿਆ ਸ਼ੰਕਰ ਸ਼ਾਸਤਰੀ – ਅਹਿਮਦਾਬਾਦ ਦੇ ਵਿਦਵਾਨ ਜੋਤਸ਼ੀ ਹਨ। ਇਹਨਾਂ
ਦਾ ਕਹਿਣਾ ਹੈ ਅਗਲੇ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਹੋਣਗੇ, ਪਰ ਸਰਕਾਰ ਬਣਾਉਣ ਦੇ ਵਾਸਤੇ
ਉਨ੍ਹਾਂ ਨੂੰ ਕੁਝ ਜੋੜ-ਤੋੜ ਕਰਨੇ ਪੈਣਗੇ। ਉਹਨਾਂ ਨੂੰ ਜਿਆਦਾ ਸਮਰੱਥਨ ਪ੍ਰਾਪਤ ਕਰਨ ਵਾਸਤੇ
ਰਾਜਨੀਤੀਕ ਲੈਣ ਦੇਣ ਕਰਨੇ ਪੈ ਸਕਦੇ ਹਨ। ਅਗਲੇ ਸਾਲ ਜੁਲਈ-ਅਗਸਤ ਵਿੱਚ “ਮੇਘ ਦੇ ਰਾਹੂ ਮੰਗਲ” ਵਾਜਪਾਈ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਉਹ
ਅਡਵਾਨੀ ਵਾਸਤੇ ਗੱਦੀ ਛੱਡ ਸਕਦੇ ਹਨ।
ਸੀਟਾਂ
ਸਬੰਧੀ ਭਵਿਖਬਾਣੀ – ਭਾਜਪਾ ਨੂੰ ਸਭ ਤੋਂ ਅਧਿਕ ਸੀਟਾਂ ਮਿਲਣਗੀਆਂ।
ਕੀ ਸੋਨੀਆਂ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੀ ਹੈ ?
ਨਹੀਂ, ਸਿਤੰਬਰ 2004 ਤੱਕ ਉਨ੍ਹਾਂ ਦੇ
ਸਿਤਾਰੇ ਗਰਦਿਸ਼ ਵਿੱਚ ਰਹਿਣਗੇ। ਉਨ੍ਹਾਂ ਦੇ ਇਸ ਕਾਲ ਨੂੰ ਅੰਧਕਾਰ ਮਈ ਕਾਲ ਕਿਹਾ ਜਾ ਸਕਦਾ ਹੈ। “ਮੰਗਲ
ਦਾ ਅਸ਼ਟ” ਉਨ੍ਹਾਂ ਵਾਸਤੇ ਐਸੀ ਸਥਿਤੀ ਪੈਦਾ ਕਰ ਦੇਵੇਗਾ ਕਿ ਉਨ੍ਹਾਂ ਨੂੰ ਆਪਣੀ
ਸਥਿਤੀ ਬਚਾਉਣੀ ਮੁਸ਼ਕਲ ਹੋ ਜਾਵੇਗੀ।
ਲਾਲ
ਕ੍ਰਿਸ਼ਨ ਅਡਵਾਨੀ – ਉਹਨਾਂ ਦੀ ਕੁੰਡਲੀ ਦੇ ਗ੍ਰਹਿ ਬਹੁਤ ਅੱਛੀ
ਸਥਿੱਤੀ ਵਿੱਚ ਹਨ। ਜਿਸ ਕਾਰਣ ਉਨ੍ਹਾਂ ਨੂੰ ਜਬਰਦਸਤ ਰਾਜਨੀਤਿਕ ਸ਼ਕਤੀ ਮਿਲੇਗੀ। ਉਹਨਾਂ ਦਾ
ਰਾਜਨੀਤਿਕ ਜੀਵਨ ਅੱਛਾ ਉਭਰ ਕੇ ਆ ਰਿਹਾ ਹੈ।
ਮੁਲਾਇਮ
ਸਿੰਘ ਯਾਦਵ – ਸਿਤਾਰੇ ਗਰਦਿਸ਼ ਵਿੱਚ ਚਲੇ ਜਾਣਗੇ।
ਸ਼ਰਦ
ਯਾਦਵ – ਚੋਣ ਹਾਰ ਸਕਦੇ ਹਨ।
ਚੰਦਰ
ਬਾਬੂ ਨਾਇਡੂ – ਕਾਮਯਾਬ ਹੋਣਗੇ।
ਜਯ
ਲਲਿਤਾ – ਕਾਮਯਾਬੀ ਦੀ ਦੇਵੀ ਨਾਰਾਜ਼ ਹੈ।
6. ਵਸੁਧਾ ਵਾਘ – ਮੁੰਬਈ ਦੀ ਭਵਿੱਖ ਵਕਤਾ, ਮਹਾਂਰਾਸ਼ਟਰ ਦੇ ਉੱਘੇ ਆਗੂਆਂ ਦੀ ਪਸੰਦੀਦਾ
ਜੋਤਿਸ਼ੀ ਹੈ। ਇਹਨਾਂ ਦੀ ਭਵਿੱਖਬਾਣੀ ਇਹ ਹੈ—
ਅਗਲੇ ਪ੍ਰਧਾਨ ਮੰਤਰੀ –
ਅਟੱਲ ਬਿਹਾਰੀ ਵਾਜਪਾਈ ਜੇਕਰ ਗਠਬੰਧਨ ਦੇ ਸਹਿਯੋਗੀ ਇੱਕਜੁੱਟ ਰਹਿੰਦੇ ਹਨ। ਨਾਇਡੂ, ਜਯ ਲਲਿਤਾ
ਅਤੇ ਮਾਇਆਵਤੀ ਵਰਗਿਆਂ ਨਾਲ ਸੰਤੁਲਨ ਵਿਗੜਨ ਦੀ ਸੰਭਾਵਨਾ।
ਕੀ
ਸੋਨੀਆਂ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੀ ਹੈ ?
ਨਹੀਂ, ਸੋਨੀਆਂ ਹੋਰ ਪ੍ਰਭਾਵਸ਼ਾਲੀ ਬਣ ਕੇ ਉਭਰੇਗੀ ਪਰ ਅਜੇ ਪ੍ਰਧਾਨ ਮੰਤਰੀ ਨਹੀਂ ਬਣ
ਸਕਦੀ।
ਸੀਟਾਂ ਦੀ ਭਵਿੱਖਬਾਣੀ –
ਭਾਜਪਾ 195 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਹੋਵੇਗੀ। ਜੇ ਕਰ ਗੱਠਬੰਧਨ ਕਾਇਮ ਰਿਹਾ ਤਾਂ ਰਾਜਗ
ਦੇ ਕੋਲ 280 ਸੀਟਾਂ ਅਤੇ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਕੋਲ 260 ਸੀਟਾਂ ਹੋਣਗੀਆਂ।
ਮੁਲਾਇਮ
ਸਿੰਘ ਯਾਦਵ – ਕਿਸੀ ਦਿਨ ਪ੍ਰਧਾਨ ਮੰਤਰੀ ਬਣ ਸਕਦੇ ਹਨ।
ਸ਼ਰਦ
ਪਵਾਰ – ਕੋਈ ਮਹੱਤਵਪੂਰਨ ਪਦ ਹਾਸਲ ਕਰ ਸਕਦੇ ਹਨ।
ਜਯ
ਲਲਿਤਾ – ਅਗਲੀ ਸਰਕਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ।
ਮਾਇਆਵਤੀ
– ਉੱਤਰ ਪ੍ਰਦੇਸ਼ ਵਿੱਚ ਜ਼ਿਆਦਾਤਾਰ ਸੀਟਾਂ ਲੈ ਕੇ ਜਿੱਤ ਹਾਸਲ ਕਰੇਗੀ। ਇਹ
ਪ੍ਰਮੁੱਖ ਲੀਡਰ ਦੇ ਰੂਪ ਵਿੱਚ ਉਭਰੇਗੀ।
7. ਕੁਸੁਮ ਭੰਡਾਰੀ – ਕੋਲਕਾਤਾ ਦੀ ਜੋਤਿਸ਼ ਦੀ
ਵਿਦਵਾਨ ਕਦੀ-ਕਦੀ ਲਿਖਦੀ ਵੀ ਹੈ। ਅਗਲੇ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਬਣਨ ਦਾ ਦਾਅਵਾ
ਕਰਦੀ ਹੈ। ਕੋਈ ਬੁੱਢਾ ਪੁਰਸ਼, ਜੋ ਕਲਾ ਦਾ ਮਾਹਿਰ ਹੈ, ਦੇਸ਼ ਤੇ ਰਾਜ ਕਰੇਗਾ, ਕੋਈ ਮਹਿਲਾ ਔਰਤ
ਪ੍ਰਧਾਨ ਮੰਤਰੀ ਨਹੀਂ ਬਣ ਸਕਦੀ ਕਿਉਂਕਿ ਇਹ ਸ਼ੁੱਕਰ ਦਾ ਮੁੱਖ ਅਤੇ ਸ਼ਨੀ ਦਾ ਉਪ ਕਾਲ ਹੈ। ਇਸ ਤਰਾਂ
ਸੋਨੀਆਂ ਦਾ ਪ੍ਰਧਾਨ ਮੰਤਰੀ ਬਣਨਾ ਮੁਸ਼ਕਲ ਹੈ। ਕੋਈ ਦੇਸੀ ਧਰਤੀ ਪੁੱਤਰ ਅਤੇ ਧਾਰਮਿਕ ਰੁਝਾਨ ਵਾਲਾ
ਵਿਅਕਤੀ ਹੀ ਪ੍ਰਧਾਨ ਮੰਤਰੀ ਬਣੇਗਾ।
ਅਗਲੀ ਸਰਕਾਰ ਗਠਬੰਧਨ ਸਰਕਾਰ ਹੋਵੇਗੀ ਅਤੇ
ਮਜ਼ਬੂਤ ਵਿਰੋਧੀ ਧਿਰ ਹੋਵੇਗੀ, ਜੋ ਸਰਕਾਰ ਨੂੰ ਘੇਰੇਗੀ। ਕੋਈ ਇਕੱਲਾ ਸਰਬ ਸਮਰੱਥ ਨਹੀਂ ਹੋਵੇਗਾ।
ਕੀ ਲਾਲ ਕ੍ਰਿਸ਼ਨ ਅਡਵਾਨੀ ਪ੍ਰਧਾਨ ਮੰਤਰੀ ਬਣਨਗੇ ? – ਨਹੀਂ ਅਜੇ ਨਹੀਂ।
ਮੁਲਾਇਮ
ਸਿੰਘ ਯਾਦਵ ਆਪਣੇ ਜੋਰ ਨਾਲ ਰਾਜਾ ਨਹੀਂ ਬਣ ਸਕਦੇ।
ਸ਼ਰਦ
ਪਵਾਰ – ਇਨ੍ਹਾਂ ਦਾ ਭਵਿੱਖ ਬਹੁਤਾ ਉੱਜਲ ਨਹੀਂ।
ਐਨ
ਚੰਦਰ ਬਾਬੂ ਨਾਇਡੂ – ਦੋਬਾਰਾ ਸੱਤਾ ਵਿੱਚ ਆਉਣ ਦੀ ਸੰਭਾਵਨਾ ਨਹੀਂ।
ਜਯ
ਲਲਿਤਾ ਨੂੰ ਅਸਥਿਰਤਾ ਦਾ ਸਾਹਮਣਾ ਕਰਨਾ ਪਵੇਗਾ।
8. ਐਲ. ਡੀ. ਮਦਾਨ – ਨੇਤਾਵਾਂ ਦੇ ਖਾਸਮਖਾਸ,
ਦਿੱਲੀ ਦੇ ਅਮੀਰ ਤੇ ਰਸੂਖ ਵਾਲਿਆਂ ਨੂੰ ਭਵਿੱਖ ਬਾਰੇ ਦੱਸਦੇ ਹਨ।
ਅਗਲੇ
ਪ੍ਰਧਾਨ ਮੰਤਰੀ – ਅਟੱਲ ਬਿਹਾਰੀ ਵਾਜਪਾਈ।
ਕੀ
ਸੋਨੀਆਂ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੀ ਹੈ ? -
ਨਹੀਂ।
ਕੀ
ਅਡਵਾਨੀ ਪ੍ਰਧਾਨ ਮੰਤਰੀ ਬਣ ਸਕਦੇ ਹਨ ? – ਬਹੁਤ ਮੁਮਕਿਨ ਹੈ।
ਕੀ
ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ? – ਹਾਂ।
ਭਾਜਪਾ
ਨੂੰ ਸਭ ਤੋਂ ਅਧਿਕ ਸੀਟਾਂ ਮਿਲਣਗੀਆਂ।
9. ਨਵੀਨ ਖੰਨਾ – ਦਿੱਲੀ ਦੇ ਵਿਦਵਾਨ
ਜੋਤਸ਼ੀ ਰਾਜਸੀ ਲੀਡਰਾਂ ਦਾ ਭਵਿੱਖ ਵਾਚਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਗਲੇ ਪ੍ਰਧਾਨ ਮੰਤਰੀ
ਅਟੱਲ ਬਿਹਾਰੀ ਵਾਜਪਾਈ ਹੋਣਗੇ।
ਕੀ
ਸੋਨੀਆਂ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੀ ਹੈ ? – ਨਹੀਂ। ਉਹ ਇੰਨੀ
ਪ੍ਰਭਾਵਸ਼ਾਲੀ ਨਹੀਂ ਹਨ ਕਿ ਪ੍ਰਧਾਨ ਮੰਤਰੀ ਬਣ ਸਕਣ। ਦੂਜੇ ਪਾਸੇ ਵਰੁਣ ਗਾਂਧੀ ਦੇ ਸਿਤਾਰੇ ਬੁਲੰਦ
ਨਜ਼ਰ ਆ ਰਹੇ ਹਨ।
ਕੀ
ਅਡਵਾਨੀ ਪ੍ਰਧਾਨ ਮੰਤਰੀ ਬਣ ਸਕਦੇ ਹਨ ? – ਮੁਸ਼ਕਿਲ ਹੈ ਕਿਉਂਕਿ ਉਹਨਾਂ ਦੇ ਗ੍ਰਹਿ ਠੀਕ
ਨਹੀਂ ਹਨ।
ਕੀ
ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ? – ਹਾਂ ਮਾਰਚ ਅਤੇ ਅਗਸਤ 2005 ਦੌਰਾਨ ਸੰਕਟਾਂ
ਦੇ ਬਾਵਜੂਦ ਇਹ ਸਰਕਾਰ ਆਪਣਾ ਕਾਰਜ ਕਾਲ ਪੂਰਾ ਕਰੇਗੀ। ਵਾਜਪਾਈ ਅੰਤਿਮ ਸਮੇਂ ਤੱਕ ਸੱਤਾ ਉਪਰ
ਰਹਿਣਗੇ। ਭਾਵ ਪ੍ਰਧਾਨ ਮੰਤਰੀ ਬਣੇ ਰਹਿਣਗੇ।
ਸੀਟਾਂ ਬਾਰੇ ਭਵਿੱਖਬਾਣੀ –
ਭਾਜਪਾ 220 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਹੋਵੇਗੀ। ਕਾਂਗਰਸ ਹਾਰ ਜਾਵੇਗੀ। ਉਸ ਦੀਆਂ
ਸੀਟਾਂ 100 ਤੋਂ ਵੀ ਘੱਟ ਜਾਣਗੀਆਂ। ਚੰਦਰ ਬਾਬੂ ਨਾਇਡੂ ਦੁਬਾਰਾ ਮੁੱਖ ਮੰਤਰੀ ਬਣ ਕੇ ਬਿਹਤਰ
ਕਾਰਗੁਜਾਰੀ ਦੇਣਗੇ।
ਮਾਇਆਵਤੀ
– ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਸ਼ਕਤੀ ਹੋਵੇਗੀ।
10. ਗੀਤਾ ਸੇਨ – ਅਟੱਲ ਬਿਹਾਰੀ ਵਾਜਪਾਈ
ਅਤੇ ਦੂਸਰੇ ਪ੍ਰਮੁੱਖ ਨੇਤਾਵਾ ਦੀ ਨਿੱਜੀ ਜੋਤਸ਼ੀ।
ਅਗਲੇ
ਪ੍ਰਧਾਨ ਮੰਤਰੀ – ਅਟੱਲ ਬਿਹਾਰੀ ਵਾਜਪਾਈ। ਲੇਕਿਨ ਪ੍ਰਧਾਨ
ਮੰਤਰੀ ਦੇ ਰੂਪ ਵਿੱਚ ਇਹ ਉਹਨਾਂ ਦਾ ਆਖਰੀ ਕਾਰਜਕਾਲ ਹੋਵੇਗਾ। ਉਹਨਾਂ ਦੀ ਸਿਹਤ ਬਾਰੇ ਚਿੰਤਾ ਦਾ
ਕੋਈ ਖਾਸ ਕਾਰਣ ਨਹੀਂ ਹੈ। ਪਾਰਟੀ ਅੰਦਰ ਕੋਈ ਸਮੱਸਿਆ ਜਾ ਪਾਰਟੀ ਲੀਡਰਸ਼ਿਪ ਨੂੰ ਕੋਈ ਚੁਣੌਤੀ
ਨਹੀਂ ਹੈ।
ਕੀ
ਸੋਨੀਆਂ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੀ ਹੈ ? -
ਨਹੀਂ ਕਦੇ ਨਹੀਂ।
ਲੇਕਿਨ
ਰਾਜਨੀਤੀ ਵਿੱਚ ਬਣੇ ਰਹਿਣਗੇ।
ਸੀਟਾਂ
ਦੀ ਭਵਿੱਖਬਾਣੀ – ਰਾਜਗ ਜਿੱਤੇਗਾ ਅਤੇ ਭਾਜਪਾ ਦੀਆਂ ਸੀਟਾਂ
ਵਧਣਗੀਆਂ। ਕਾਂਗਰਸ ਦੀ ਸਥਿਤੀ ਜਿਵੇਂ ਦੀ ਤਿਵੇਂ ਰਹੇਗੀ। ਪਰ ਕਿਸੀ ਪਾਰਟੀ ਨੂੰ ਬਹੁਮਤ ਨਹੀਂ
ਮਿਲੇਗਾ।
11. ਇੰਦਰਨੀਲ ਦਾਸ ਗੁਪਤਾ – ਦਿੱਲੀ ਦੇ ਜੋਤਿਸ਼ੀ “ਇਜ
ਇਟ ਯੁਅਰ ਡੇ ਟੁਮਾਰੋ”
ਕਾਲਮ ਤਹਿਤ ਭਵਿੱਖਬਾਣੀ ਕਰਦੇ ਹਨ। ਜੋ ਕਿ ਦਿੱਲੀ ਦੇ ਇੱਕ ਪੇਪਰ ਵਿੱਚ ਛਪਦੀ ਹੈ।
ਇਨ੍ਹਾਂ
ਦੀ ਭਵਿੱਖਬਾਣੀ ਇਹ ਹੈ ਕਿ ਅਗਲੇ ਪ੍ਰਧਾਨ ਮੰਤਰੀ – ਅਟੱਲ ਬਿਹਾਰੀ ਵਾਜਪਾਈ।
ਕੀ
ਸੋਨੀਆਂ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੀ ਹੈ ? -
ਨਹੀਂ। ਉਨ੍ਹਾਂ ਦੇ ਆਪਣੇ ਖੇਮੇ ਨੂੰ ਇੱਕ ਜੁੱਟ ਰੱਖਣ ਵਿੱਚ ਪ੍ਰੇਸ਼ਾਨੀ ਮਹਿਸੂਸ ਹੋਵੇਗੀ।
ਕੀ
ਲਾਲ ਕ੍ਰਿਸ਼ਨ ਅਡਵਾਨੀ ਪ੍ਰਧਾਨ ਮੰਤਰੀ ਬਣ ਸਕਦੇ ਹਨ ? – ਸੰਭਾਵਤ ਪ੍ਰਧਾਨ ਮੰਤਰੀ
ਬਣਨ ਵਾਸਤੇ ਉਹਨਾਂ ਦੀ ਸਥਿਤੀ ਮਜ਼ਬੂਤ ਹੈ ਪਰ ਇਸ ਮਾਮਲੇ ਵਿੱਚ ਮੁਰਲੀ ਮਨੋਹਰ ਜੋਸ਼ੀ ਬਾਜੀ ਮਾਰ
ਸਕਦੇ ਹਨ।
ਸੀਟਾਂ
ਦੀ ਭਵਿੱਖਬਾਣੀ – ਭਾਜਪਾ 193 ਸੀਟਾਂ ਜਿੱਤ ਸਕਦੀ ਹੈ। ਪਰ ਟੱਕਰ
ਸਖਤ ਹੈ।
ਕੀ
ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ? ਸੰਭਾਵਨਾ ਨਹੀਂ ਹੈ।
ਮੁਲਾਇਮ
ਸਿੰਘ ਯਾਦਵ ਆਪਣੀ ਸ਼ਕਤੀ ਵਧਾਉਣਗੇ।
ਸ਼ਰਦ
ਪਵਾਰ ਪਾਰਟੀ ਦਾ ਰਲੇਵਾਂ ਕਰਨ ਲਈ ਮਜ਼ਬੂਰ ਹੋਣਗੇ (ਪਤਾ ਨਹੀਂ ਕਿਸ ਪਾਰਟੀ ਵਿੱਚ)
ਐਨ
ਚੰਦਰ ਬਾਬੂ ਨਾਇਡੂ ਸੱਤਾ ਗਵਾ ਦੇਣਗੇ।
ਮਾਇਆਵਤੀ
ਪਤਨ ਵੱਲ ਜਾ ਰਹੀ ਹੈ।
“ਆਊਟ ਲੁੱਕ”
(ਹਿੰਦੀ) ਮੁਤਾਬਿਕ ਮਸ਼ਹੂਰ ਜੋਤਸ਼ੀ ਕੇ ਐਨ ਰਾਵ ਨੇ ਕਿਹਾ ਸੀ ਕਿ ਵਾਜਪਾਈ ਦੀ ਅਗਵਾਈ ਵਿੱਚ
ਐਨ.ਡੀ.ਏ ਦੀ ਸਰਕਾਰ ਬਣਨਾ ਤਹਿ ਹੈ, ਪਰ ਨਤੀਜੇ ਬਿਲਕੁਲ ਉਲਟ। ਹੋਰ ਜੋਤਿਸ਼ੀ ਏ.ਕੇ.ਬਾਂਸਲ ਨੇ ਤਾਂ
ਇੱਥੋਂ ਤੱਕ ਦਾਅਵਾ ਕੀਤਾ ਸੀ ਕਿ ਵਾਜਪਾਈ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਵਾਸਤੇ ਜੋਤਿਸ਼
ਦੇ ਨਜ਼ਰੀਏ ਤੋਂ ਨਾ ਪਾਰਟੀ ਦੇ ਅੰਦਰੋਂ ਤੇ ਨਾ ਹੀ ਬਾਹਰੋਂ ਚੁਣੌਤੀ ਮਿਲੇਗੀ। ਪੰਡਤ ਸੁਰੇਸ਼ ਕੌਸ਼ਲ
ਦਾ ਜੋਤਿਸ਼ ਗਿਆਨ ਵੀ ਭਾਜਪਾ ਦੇ ਫੀਲ ਗੁੱਡ ਦਾ ਸ਼ਿਕਾਰ ਹੋ ਗਿਆ। ਜੋਤਿਸ਼ੀ ਅਜਯ ਭਾਂਬੀ ਨੇ ਵੀ
ਨਤੀਜੇ ਆਉਣ ਤੋਂ ਪਹਿਲਾਂ ਇਕ ਟੀ.ਵੀ ਚੈਨਲ ਤੇ ਭਵਿੱਖਬਾਣੀ ਕੀਤੀ ਸੀ ਕਿ ਅਟੱਲ ਬਿਹਾਰੀ ਵਾਜਪਾਈ
ਪ੍ਰਧਾਨ ਮੰਤਰੀ ਬਣੇ ਰਹਿਣਗੇ। ਇਸ ਤਰ੍ਹਾਂ ਅਹਿਮਦਾਬਾਦ ਦੇ ਸੰਤ ਕੁਮਾਰ ਦਿਆ ਸ਼ੰਕਰ ਸ਼ਾਸਤਰੀ,
ਤਿਰੁਪਤੀ ਯੂਨੀਵਰਸਿਟੀ ਤੋਂ ਪੀ.ਐਚ.ਡੀ (ਜੋਤਿਸ਼) ਡਾ. ਕੀਰਤੀ ਰਾਜ, ਬੰਬਈ ਦੇ ਜੋਤਸ਼ੀ ਰਾਜਨ ਸ਼ਰਮਾ
ਪਟਨਾ ਦੇ ਰਵੀ ਕਿਸ਼ੋਰ ਨਰਾਇਣ ਨੇ ਆਦਿ ਸਭ ਨੇ ਵਾਜਪਾਈ ਦੀ ਸਰਕਾਰ ਬਣਨ ਦੀਆਂ ਭਵਿੱਖਬਾਣੀਆਂ
ਕੀਤੀਆਂ ਸਨ। ਕਿਸ਼ਨ ਗੰਜ ਦੇ ਪੰਡਿਤ ਲਖਨ ਮਿਸ਼ਰਾ ਅਤੇ ਰਾਏਪੁਰ ਦੇ ਜੋਤਿਸ਼ੀ ਡਾ. ਅਨੰਤ ਧਰ ਸ਼ਰਮਾ ਵੀ
ਐਨ.ਡੀ.ਏ. ਦੀ ਸਰਕਾਰ ਬਣਨ ਦਾ ਦਾਅਵਾ ਕਰ ਰਹੇ ਸਨ।
ਭਾਵੇਂ ਕਿ ਆਉਟ ਲੁੱਕ(ਹਿੰਦੀ) ਦਾਅਵਾ ਕਰਦਾ ਹੈ
ਕਿ ਭੋਂਡਸੀ (ਗੁੜਗਾਉਂ) ਦੇ ਜੋਤਸ਼ੀ ਪੰਡਿਤ ਰਾਮ ਕ੍ਰਿਸ਼ਨ ਕੋਸ਼ਿਕ ਨੇ ਅਪ੍ਰੈਲ ਵਿੱਚ ਹੀ ਕਹਿ ਦਿੱਤਾ
ਸੀ ਕਿ ਭਾਰਤ ਦੀ ਕੁੰਡਲੀ ਤੇ 13 ਨੰਬਰ ਭਾਰੀ ਹੈ। ਇਸ ਦਿਨ ਵਾਜਪਾਈ ਨੂੰ ਸੱਤਾ ਛੱਡਣੀ ਪਵੇਗੀ ਅਤੇ
ਸੋਨੀਆਂ ਗਾਂਧੀ ਭਾਰਤ ਦੀ ਦੂਸਰੀ ਮਹਿਲਾ (ਔਰਤ) ਪ੍ਰਧਾਨ ਮੰਤਰੀ ਬਣੇਗੀ। ਪਰ ਇਥੇ ਵੀ ਕੁਝ ਹੋਰ
ਵਾਪਰ ਗਿਆ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ਮਨਮੋਹਨ ਸਿੰਘ ਦੇ ਹਿੱਸੇ ਆ ਗਈ।
ਉਪਰੋਕਤ ਦਾਅਵਿਆਂ ਨੂੰ ਜੋ ਜੋਤਿਸ਼ ਦੀਆਂ ਗਿਣਤੀਆਂ
ਮਿਣਤੀਆਂ ਤੇ ਆਧਾਰਿਤ ਸਨ, ਲੋਕ ਮੱਤ ਨੇ ਉਨ੍ਹਾਂ ਨੂੰ ਝੂਠਾ ਸਿੱਧ ਕਰ ਦਿੱਤਾ ਹੈ।
ਅਟੱਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਅਤੇ ਭਾਜਪਾ ਨੂੰ ਜਿਆਦਾ
ਸੀਟਾਂ ਦਿਵਾਉਣ ਦੇ ਦਾਅਵੇਦਾਰ ਜੋਤਸ਼ੀ ਨਤੀਜਿਆਂ ਤੋਂ ਬਾਅਦ ਆਪਣੀਆ ਭਵਿੱਖਬਾਣੀਆਂ ਦੀ ਪੜਚੋਲ ਕਰਕੇ
ਕਹਿ ਰਹੇ ਹਨ ਕਿ ਜੋਤਿਸ਼ ਦੀ ਕੋਈ ਇੱਕ ਹੀ ਪ੍ਰਣਾਲੀ ਅਤੇ ਆਧਾਰ ਸਦਾ ਇਕੋ ਜਿਹਾ ਪ੍ਰਣਾਮ (ਨਤੀਜਾ)
ਨਹੀਂ ਦਿੰਦੇ। ਲੋਕ-ਤੰਤਰੀ ਪ੍ਰਣਾਲੀ ਵਿੱਚ ਕੁਝ ਮੰਨੇ ਪ੍ਰਮੰਨੇ ਸਿਧਾਂਤਾਂ ਅਤੇ ਗ੍ਰੰਥਾਂ ਦਾ ਸਦਾ
ਇਕੋ ਜਿਹਾ ਆਧਾਰ ਸਥਾਪਤ ਨਹੀਂ ਕੀਤਾ ਜਾ ਸਕਦਾ। ਇਹ ਗੱਲ ਭਾਰਤੀ ਜੋਤਿਸ਼ ਪ੍ਰੀਸ਼ਦ ਦੇ ਉਪ ਪ੍ਰਧਾਨ
ਰਾਜ ਜੋਤਸ਼ੀ ਪੰਡਤ ਬਾਬੂ ਲਾਲ ਜੋਤਸ਼ੀ ਨੇ ਕਹੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋਤਿਸ਼ ਦੀ ਗਣਨਾ
ਦੀ ਗਲਤੀ ਨਾਲ-ਨਾਲ ਵਿਅਕਤੀ ਤੱਤ ਪ੍ਰਭਾਵੀ ਰਿਹਾ। ਉਨ੍ਹਾਂ ਨੇ ਕਿਹਾ ਕਿ ਸਮੂਹ ਘਟਨਾਵਾਂ ਦੇ ਬਾਰੇ
ਵਿਦਵਾਨਾਂ ਦੁਆਰਾ ਸਮੂਹ ਚਿੰਤਨ ਮੰਨਨ ਤੋਂ ਬਾਅਦ ਹੀ ਨਤੀਜੇ ਪ੍ਰਕਾਸ਼ਤ ਕਰਨੇ ਚਾਹੀਦੇ ਹਨ।
ਹੁਣ ਕੀ ਹੋਇਆ ! ਲਗਭਗ 95% ਜੋਤਸ਼ੀਆਂ ਦੀ ਰਾਏ ਇਹ ਸੀ ਕਿ ਅਟੱਲ ਬਿਹਾਰੀ
ਵਾਜਪਾਈ ਪ੍ਰਧਾਨ ਮੰਤਰੀ ਬਣਨਗੇ, ਭਾਜਪਾ ਵੱਧ ਸੀਟਾਂ ਲਵੇਗੀ। ਇਸ ਤਰ੍ਹਾਂ ਸਮੂਹ ਵਿਦਵਾਨ ਜੋਤਸ਼ੀਆਂ
ਦੀ ਰਾਏ ਗਲਤ ਹੋ ਗਈ। ਹਾਂ, ਕੁਝ ਹੋਰ ਬਾਰੇ ਕੁਝ ਜੋਤਸ਼ੀਆਂ ਦੇ ਇਕ ਦੂਜੇ ਦੇ ਵਿਰੁੱਧ ਵਿਚਾਰ ਸਨ।
ਜੋਤਿਸ਼ ਵਿਗਿਆਨ ਨੇ ਹੋਰ ਤਾਂ ਕੀ ਸੇਵਾ ਕਰਨੀ ਸੀ ਸਗੋਂ ਜੋਤਿਸ਼ ਨੂੰ ਯੂਨੀਵਰਸਿਟੀਆਂ ਵਿੱਚ ਲੈ ਕੇ
ਜਾਣ ਵਾਲੇ ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਦਾ ਸਹੀ ਭਵਿੱਖ ਵੀ ਨਹੀਂ ਵਾਚ ਸਕਿਆ। ਉਸ
ਨੂੰ ਇਲਾਹਾਬਾਦ ਦੇ ਲੋਕਾਂ ਨੇ ਲੋਕ-ਸਭਾ ਵਿੱਚ ਦੁਬਾਰਾ ਨਹੀਂ ਪਹੁੰਚਣ ਦਿੱਤਾ। ਹਾਂ, ਆਪਣੇ
ਸਹਿਯੋਗੀਆਂ ਦੇ ਆਸਰੇ ਰਾਜ-ਸਭਾ ਜਰੂਰ ਪਹੁੰਚ ਜਾਵੇਗਾ।
ਇਸ ਤੋਂ ਬਾਦ ਸਾਬਤ ਹੁੰਦਾ ਹੈ ਕਿ ਜੋਤਿਸ਼
ਅਨੁਮਾਨ ਲਗਾਉਣ ਦੀ ਚਤੁਰਾਈ ਹੈ ਨਾ ਕਿ ਇਹ ਸੂਰਜ, ਚੰਦਰਮਾ, ਗ੍ਰਹਿਆਂ ਦੇ ਯੋਗ ਤੇ ਨਿਰਭਰ ਕੋਈ
ਵਿਗਿਆਨ। ਹੁਣ ਫੈਸਲਾ ਤੁਹਾਡੇ ਹੱਥ ਕਿ ਜੋਤਿਸ਼ ਦੇ ਆਸਰੇ ਰਹਿਣਾ ਹੈ ਜਾਂ ਆਪਣੀ ਕਿਸਮਤ ਆਪ ਬਣਾਉਣੀ
ਹੈ, ਕਿਉਂਕਿ ਦੇਸ਼ ਦੀ ਕਿਸਮਤ ਤੁਹਾਡੇ ਹੱਥਾਂ ਵਿੱਚ ਹੈ।
ਹਾਂ, ਇਕ ਗੱਲ ਹੋਰ ਕੀ ਵਿਗਿਆਨੀਆਂ, ਡਾਕਟਰਾਂ,
ਆਦਿ ਦੀ ਤਰ੍ਹਾਂ ਇਹਨਾਂ ਦੀਆਂ ਗਲਤ ਭਵਿੱਖ-ਬਾਣੀਆਂ ਦਾ ਨੋਟਿਸ ਲਿਆ ਜਾਵੇਗਾ ? ਪਰ ਜੋਤਿਸ਼ ਦੇ
ਸਿਤਾਰਿਆਂ ਨੂੰ ਬੁਲੰਦੀ ਤੇ ਪਹੁੰਚਾਣ ਵਾਲੇ ਲੀਡਰਾਂ ਤੋਂ ਤਾਂ ਅਜਿਹੀ ਆਸ ਰੱਖੀ ਨਹੀਂ ਜਾ ਸਕਦੀ।
ਇਹ ਤਾਂ ਸੂਝਵਾਨ ਲੋਕ ਹੀ ਇਸ ਨੂੰ ਅਰਸ਼ੋਂ-ਫਰਸ਼ ’ਤੇ ਲਿਆ ਸਕਦੇ ਹਨ।
ਹਰਚੰਦ ਭਿੰਡਰ।
No comments:
Post a Comment