ਸ਼ਰੂਤੀ
ਅਗਵਾ ਕਾਂਡ ਸਬੰਧੀ ਤੱਥ ਖੋਜ ਕਮੇਟੀ ਦੀ ਰਿਪੋਰਟ
(ਮਿਤੀ
11-10-2012)
24 ਸਤੰਬਰ 2012 ਨੂੰ ਫਰੀਦਕੋਟ ਸ਼ਹਿਰ ਮੁਹੱਲਾ ਡੋਗਰ ਬਸਤੀ ਚ
ਦਿਨ-ਦਿਹਾੜੇ ਵਾਪਰੇ ਸ਼ਰੂਤੀ ਅਗਵਾ ਕਾਂਡ ਅਤੇ 27 ਸਤੰਬਰ ਨੂੰ ਪੀ.ਆਰ.ਟੀ.ਸੀ. ਅਤੇ ਵਿਦਿਆਰਥੀਆਂ ਦੇ ਹੋਏ
ਮਾਮਲੇ ਦੀ ਜਾਂਚ ਪੜਤਾਲ ਡੈਮੋਕਰੇਟਿਕ ਲਾਇਰਜ ਐਸੋਸੀਏਸਨ ਪੰਜਾਬ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ
ਦੀ ਸਾਂਝੀ ਜਾਂਚ ਕਮੇਟੀ ਨੇ ਕੀਤੀ. ਇਸ ਟੀਮ ਨੇ ਐਸ.ਐਸ.ਪੀ. ਫਰੀਦਕੋਟ ਗੁਰਵਿੰਦਰ ਸਿੰਘ ਢਿੱਲੋ, ਹੋਰ
ਪੁਲੀਸ ਅਧਿਕਾਰੀਆਂ, ਸ਼ਹਿਰੀਆਂ ਅਤੇ ਪੀੜਤ ਧਿਰ ਦੇ ਵਿਅਕਤੀਆਂ ਨੂੰ ਮਿਲ ਕੇ
ਇਹਨਾਂ ਘਟਨਾਵਾਂ ਦੇ ਤੱਥ ਜਾਨਣ ਦੀ ਕੋਸ਼ਿਸ਼ ਕੀਤੀ. ਇਸ ਜਾਂਚ ਕਮੇਟੀ ਚ ਡੈਮੋਕਰੈਟਿਕ ਲਾਇਰਜ
ਐਸੋਸੀਏਸ਼ਨ ਦੇ ਸੂਬਾਈ ਕਨਵੀਨਰ ਦਲਜੀਤ ਸਿੰਘ ਐਡਵੋਕੇਟ ਨਵਾਂਸ਼ਹਿਰ, ਐਡਵੋਕੇਟ
ਰਾਜੀਵ ਲੋਹਟਬੱਦੀ ਪਟਿਆਲਾ, ਐਡਵੋਕੇਟ ਗੁਰਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਧੀਰਜ
ਜਿੰਦਲ ਐਡਵੋਕੇਟ ਫਰੀਦਕੋਟ, ਜਮਹੂਰੀ ਅਧਿਕਾਰ ਸਭਾ ਦੇ ਸ਼ਿਵਚਰਨ ਅਰਾਈਆਂ ਵਾਲਾ, ਦਰਸ਼ਨ
ਸਿੰਘ ਤੂਰ ਪ੍ਰਧਾਨ, ਜਸਵੀਰ ਦੀਪ (ਸੀਨੀਅਰ ਪੱਤਰਕਾਰ) ਸੂਬਾ ਕਮੇਟੀ ਮੈਬਰ, ਓਮ
ਪ੍ਰਕਾਸ਼ ਅਰੋੜਾ, ਬਲਵੰਤ ਸਿੰਘ ਮਹਿਰਾਜ ਅਤੇ ਬਲਵਿੰਦਰ ਸਿੰਘ ਸ਼ਾਮਲ ਸਨ.
ਸ਼ਰੂਤੀ ਅਗਵਾ ਜਾਂਚ ਰਿਪੋਰਟ ਜਾਰੀ ਕਰਦੇ ਹੋਏ
ਡੈਮੋਕਰੇਟਿਕ ਲਾਇਰਜ ਐਸੋਸੀਏਸ਼ਨ ਪੰਜਾਬ ਦੇ ਕਨਵੀਨਰ ਐਡਵੋਕੇਟ ਦਲਜੀਤ ਸਿੰਘ ਨਵਾਂਸ਼ਹਿਰ ਅਤੇ
ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਬਰ ਜਸਬੀਰ ਦੀਪ ਨੇ ਦੱਸਿਆ ਕਿ ਫਰੀਦਕੋਟ ਵਿਖੇ ਜਾ ਕੇ
ਜਾਂਚ ਟੀਮ ਨੇ ਨੋਟ ਕੀਤਾ ਹੈ ਕਿ 23 ਸਤੰਬਰ ਨੂੰ ਫਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਜੀ ਦਾ
ਆਗਮਨ ਪੁਰਬ ਮੇਲਾ ਸੀ. ਜਿਸ ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ
ਪੰਜਾਬ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਸੀ. 24
ਸਤੰਬਰ ਸਵੇਰ ਨੂੰ ਵਾਪਰੀ ਇਕ ਘਟਨਾ ਨੇ ਪੁਲੀਸ ਪ੍ਰਸ਼ਾਸ਼ਨ ਦੇ ਅਮਨ ਕਾਨੂੰਨ ਦੀ ਕਾਇਮੀ ਦੇ ਦਾਅਵਿਆਂ
ਦਾ ਜਨਾਜਾ ਕੱਢ ਕੇ ਰੱਖ ਦਿੱਤਾ. 24 ਸਤੰਬਰ 2012 ਨੂੰ ਸਵੇਰੇ 9.45 ਵਜੇ ਸੀਮਾਂ ਪਤਨੀ ਅਸ਼ਵਨੀ ਕੁਮਾਰ ਵਾਸੀ
ਫਰੀਦਕੋਟ ਨੇ ਐਲ.ਆਈ.ਸੀ. ਦਫਤਰ ਫਰੀਦਕੋਟ ਡਿਊਟੀ ਤੇ ਜਾਣ ਲਈ ਜਿਉਂ ਹੀ ਘਰ ਦਾ ਮੁੱਖ ਦਰਵਾਜਾ ਖੋਲਿਆਂ
ਤਾਂ ਉਸ ਮੌਕੇ 10-12 ਵਿਅਕਤੀਆਂ ਜਿਹਨਾਂ ਕੋਲ ਦਾਤਰ, ਰਾਡਾਂ, ਡਾਂਗਾ
ਅਤੇ ਪਿਸਤੌਲ ਸਨ ਉਹਨਾਂ ਦੇ ਘਰ ਅੰਦਰ ਜਬਰਦਸਤੀ ਦਾਖਲ ਹੋ ਗਏ. ਨਿਸ਼ਾਨ ਸਿੰਘ ਪੁੱਤਰ ਸੁਖਜੀਤ ਸਿੰਘ
ਅਤੇ ਸਾਥੀਆਂ ਨੇ ਨਾਬਾਲਗ ਲੜਕੀ ਸ਼ਰੂਤੀ (15) ਪੁੱਤਰੀ ਅਸ਼ਵਨੀ ਕੁਮਾਰ ਨੂੰ ਬਾਂਹ ਤੋ ਫੜ ਕੇ ਬਾਹਰ
ਖਿੱਚਣਾ ਸ਼ੁਰੂ ਕਰ ਦਿੱਤਾ ਜਿਸ ਦੇ ਬਚਾਅ ਲਈ ਲੜਕੀ ਦਾ ਬਾਪ ਅਸ਼ਵਨੀ ਕੁਮਾਰ ਅੱਗੇ ਆਇਆ ਜਿਸਨੂੰ
ਨਿਸ਼ਾਨ ਸਿੰਘ ਅਤੇ ਉਸਦੇ ਨਾਲ ਦੇ ਗੁੰਡਿਆਂ ਨੇ ਕੁੱਟਣਾ ਸੁਰੂ ਕਰ ਦਿੱਤਾ. ਲੋਹੇ ਦੀ ਰਾਡ ਲੱਗਣ
ਨਾਲ ਅਸ਼ਵਨੀ ਕੁਮਾਰ ਦੀ ਖੱਬੀ ਬਾਂਹ ਟੁੱਟ ਗਈ ਅਤੇ ਉਸਦੇ ਹੋਰ ਸੱਟਾਂ ਵੀ ਲੱਗੀਆਂ. ਜਦੋ ਲੜਕੀ
ਸ਼ਰੂਤੀ ਨੂੰ ਬਚਾਉਣ ਲਈ ਲੜਕੀ ਦੀ ਮਾਂ ਸੀਮਾਂ ਨੇ ਸ਼ਰੂਤੀ ਨੂੰ ਜੱਫੀ ਪਾਈ ਤਾਂ ਉਸ ਦੇ ਸਿਰ ਚ ਰਾਡ
ਮਾਰ ਕੇ ਫੱਟੜ ਕਰ ਦਿੱਤਾ ਗਿਆ. ਜਦੋ ਸੀਮਾਂ ਨੇ ਲੜਕੀ ਨੂੰ ਫਿਰ ਵੀ ਨਾ ਛੱਡਿਆਂ ਤਾਂ ਉਸਦੀ ਬਾਂਹ
ਤੇ ਰਾਡ ਮਾਰ ਕੇ ਉਸਦੀ ਸੱਜੀ ਬਾਂਹ ਤੋੜ ਦਿੱਤੀ ਗਈ ਅਤੇ ਲੜਕੀ ਉਸਦੀ ਬੁੱਕਲ ਚੋ ਖੋਹ ਲਈ ਗਈ.
ਲੜਕੀ ਇਕ ਵਾਰ ਤਾਂ ਗੁੰਡਿਆਂ ਕੋਲੋ ਛੁੱਟ ਕੇ ਬਚਾਅ ਲਈ ਅੰਦਰ ਭੱਜੀ ਪਰ ਉਸਦੀ ਕੋਈ ਪੇਸ਼ ਨਾ ਗਈ.
ਜਦੋ ਗੁਆਂਢੀ ਬਚਾਅ ਲਈ ਮੌਕੇ ਤੇ ਆਏ ਤਾਂ ਗੋਲੀਆਂ ਚਲਾ ਕੇ ਉਹਨਾਂ ਨੂੰ ਡਰਾ ਦਿੱਤਾ ਗਿਆ ਅਤੇ
ਗੁੰਡੇ ਲੜਕੀ ਨੂੰ ਧੱਕੇ ਨਾਲ ਲੈ ਕੇ ਚਲੇ ਗਏ. ਪੀੜਤਾਂ ਨੇ ਪੁਲੀਸ ਨੂੰ ਫੋਨ ਤੇ ਸੂਚਿਤ ਕੀਤਾ ਪਰ
ਪੁਲੀਸ ਨਾ ਆਈ. ਲੜਕੀ ਦੀ ਮਾਂ ਸੀਮਾਂ ਨੇ ਆਪਣੀਆਂ ਸੱਟਾਂ ਦੀ ਪਰਵਾਹ ਨਾ ਕਰਦੇ ਹੋਏ ਹਸਪਤਾਲ
ਪਹੁੰਚਣ ਦੀ ਬਜਾਏ ਪੁਲੀਸ ਕੋਤਵਾਲੀ ਫਰੀਦਕੋਟ ਪਹੁੰਚ ਕੇ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ.
ਇਸ ਮੌਕੇ ਸ਼ਰੂਤੀ ਦੀ ਮਾਂ ਦੇ ਸਿਰ ਚੋਂ ਖੂਨ ਵਗ ਰਿਹਾ ਸੀ ਅਤੇ ਬਾਂਹ ਲੁੜਕੀ ਹੋਈ ਸੀ. ਪਰ ਪੁਲੀਸ
ਘਟਨਾ ਤੋ ਅੱਧਾ ਘੰਟਾ ਬਾਅਦ ਜੀਪ ਲੈ ਕੇ ਘਟਨਾ ਸਥਾਨ ਤੇ ਪਹੁੰਚੀ, ਪੀੜਤਾ
ਵਲੋ ਸਾਰਾ ਕੁੱਝ ਦੱਸਣ ਦੇ ਬਾਵਜੂਦ ਪੁਲੀਸ ਨੇ ਉਸਦੀ ਲੜਕੀ ਸ਼ਰੂਤੀ ਨੂੰ ਬਰਾਮਦ ਕਰਨ ਅਤੇ ਦੋਸ਼ੀਆਂ
ਨੂੰ ਫੜਨ ਲਈ ਕੋਈ ਤੁਰੰਤ ਕਾਰਵਾਈ ਨਾ ਕੀਤੀ. ਪੁਲੀਸ ਦੇ ਇਸ ਮਾੜੇ ਰਵੱਈਏ ਵਿਰੱਧ ਲੋਕਾਂ ਚ ਜਦੋ
ਗੁੱਸਾ ਫੁੱਟਿਆ ਤਾਂ ਉਹਨਾਂ ਕੋਤਵਾਲੀ ਅੱਗੇ ਰੋਸ ਧਰਨਾ ਸ਼ੁਰੂ ਕਰ ਦਿੱਤਾ.
ਇਸ ਘਟਨਾ ਦਾ ਕਥਿੱਤ ਮੁੱਖ ਦੋਸ਼ੀ ਨਿਸ਼ਾਨ
ਸਿੰਘ ਜਿਸ ਦੀ ਉਮਰ 19 ਸਾਲ ਹੈ ਉੱਪਰ ਪਿਛਲੇ ਤਿੰਨ ਸਾਲਾਂ ਚ 22
ਪੁਲੀਸ ਕੇਸ ਦਰਜ ਹੋਏ ਦੱਸੇ ਜਾਂਦੇ ਹਨ. ਪੁਲੀਸ ਪ੍ਰਸ਼ਾਸ਼ਨ ਵਲੋ ਯੋਗ ਕਾਰਵਾਈ ਨਾ ਕਰਨ ਕਾਰਨ ਉਹ
ਬਹੁਤਿਆਂ ਕੇਸਾਂ ਚੋ ਬਰੀ ਹੋ ਗਿਆ ਦੱਸਿਆ ਗਿਆ ਹੈ. ਨਾਬਾਲਗ ਲੜਕੀ ਸ਼ਰੂਤੀ ਫਰੀਦਕੋਟ ਦੇ ਸੈਟ ਮੈਰੀ
ਕਾਨਵੈਟ ਸਕੂਲ ਫਰੀਦਕੋਟ ਚ 10ਵੀ ਜਮਾਤ ਦੀ ਵਿਦਿਆਰਥਣ ਸੀ. ਪਿਛਲੇ ਪੰਜ-ਛੇ ਮਹੀਨਿਆਂ
ਤੋ ਨਿਸ਼ਾਨ ਸਿੰਘ ਉਸਦਾ ਪਿੱਛਾ ਕਰ ਰਿਹਾ ਸੀ. ਲੜਕੀ ਅਤੇ ਉਸਦੇ ਪਰਿਵਾਰ ਨੂੰ ਡਰਾਉਣ ਲਈ ਨਿਸ਼ਾਨ
ਸਿੰਘ ਨੇ 23 ਜੂਨ 2012 ਨੂੰ ਲੜਕੀ ਦੇ ਘਰ ਤੇ ਪੈਟਰੋਲ ਨਾਲ ਭਰੀ ਬੋਤਲ ਸੁੱਟ
ਕੇ ਅੱਗ ਲਗਾਈ ਸੀ ਜਿਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਸੀ ਪਰ ਪੁਲੀਸ ਨੇ ਇਸ ਵਿਰੁੱਧ ਬਣਦੀ
ਕਾਨੂੰਨੀ ਕਾਰਵਾਈ ਕਰਨੀ ਜਰੂਰੀ ਨਹੀ ਸਮਝੀ.
25 ਜੂਨ 2012 ਨੂੰ ਨਿਸ਼ਾਨ ਸਿੰਘ ਨੇ ਉਸ ਸਮੇ ਸ਼ਰੂਤੀ ਨੂੰ ਅਗਵਾ ਕਰ
ਲਿਆ ਸੀ ਜਿਸ ਸਮੇ ਉਹ ਟਿਊਸ਼ਨ ਤੇ ਜਾ ਰਹੀ ਸੀ ਜਿਸ ਬਾਰੇ ਲੜਕੀ ਦੇ ਬਾਪ ਵਲੋ ਥਾਂਣਾ ਕੋਤਵਾਲੀ
ਫਰੀਦਕੋਟ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਸੀ. ਪੁਲੀਸ ਅਨੁਸਾਰ ਲੜਕੀ 27
ਜੁਲਾਈ 2012 ਨੂੰ ਵਾਪਸ ਫਰੀਦਕੋਟ ਆ ਗਈ ਸੀ ਜਿਸ ਨੂੰ ਪੁਲੀਸ ਨੇ
ਫਰੀਦਕੋਟ ਤੁਰੀ ਜਾਂਦੀ ਨੂੰ ਪਹਿਚਾਣ ਲਿਆ ਸੀ. ਪੁਲੀਸ ਨੇ ਸ਼ਰੂਤੀ ਦੀ ਮੈਡੀਕਲ ਜਾਂਚ ਕਰਵਾਉਣ
ਉਪਰੰਤ ਧਾਰਾਵਾਂ ਦਾ ਵਾਧਾ ਕਰਕੇ ਧਾਰਾ 376 ਲਗਾਈ ਗਈ ਸੀ. ਪੁਲੀਸ ਵਲੋਂ ਮਹੀਨਾ ਬੀਤ ਜਾਣ ਤੱਕ
ਨਿਸ਼ਾਨ ਸਿੰਘ ਨੂੰ ਫੜਨ ਲਈ ਕੋਈ ਯੋਗ ਕਾਰਵਾਈ ਨਹੀ ਕੀਤੀ ਗਈ.
ਲੜਕੀ ਦੀ ਮਾਂ ਸੀਮਾਂ ਅਨੁਸਾਰ 20
ਸਤੰਬਰ ਨੂੰ ਨਿਸ਼ਾਨ ਸਿੰਘ ਦੀ ਮਾਂ ਨਵਜੋਤ ਕੌਰ ਉਹਨਾਂ ਦੇ ਘਰ ਆ ਕੇ ਧਮਕੀ ਦੇ ਕੇ ਗਈ ਸੀ ਕਿ
ਨਿਸ਼ਾਨ ਸਿੰਘ ਦੇ ਵਿਰੁੱਧ ਕੀਤਾ ਗਿਆ ਅਗਵਾ ਦਾ ਕੇਸ ਉਹ ਵਾਪਸ ਲੈ ਲੈਣ ਨਹੀ ਤਾਂ ਨਤੀਜੇ ਭੁਗਤਣ ਲਈ
ਤਿਆਰ ਰਹਿਣ.
24 ਸਤੰਬਰ ਸ਼ਰੂਤੀ ਅਗਵਾ ਦੀ ਘਟਨਾ ਦੇ ਮੁਕੱਦਮੇ ਵਿੱਚ
ਨਿਸ਼ਾਨ ਸਿੰਘ, ਉਸਦੀ ਮਾਂ ਨਵਜੋਤ ਕੌਰ, ਇਸ
ਪਰਿਵਾਰ ਦਾ ਬਹੁਤ ਹੀ ਨਜਦੀਕੀ ਮਨਜੀਤਇੰਦਰ ਸਿੰਘ ਉਰਫ ਡਿੰਪੀ ਸਮੇਤ ਪੁਲੀਸ ਨੇ 8
ਵਿਅਕਤੀਆਂ ਨੂੰ ਨਾਮਜਦ ਕੀਤਾ ਹੈ. ਜਿਹਨਾਂ ਚੋ ਨਿਸ਼ਾਨ ਸਿੰਘ ਦੇ ਦੋ ਸਾਥੀ ਗ੍ਰਿਫਤਾਰ ਕਰ ਲਏ ਗਏ
ਹਨ.
ਡੀ.ਆਈ.ਜੀ. ਫਿਰੋਜਪੁਰ ਸ.ਪਰਮਰਾਜ ਸਿੰਘ ਉਮਰਾਨੰਗਲ ਵਲੋਂ ਨਿਸ਼ਾਨ ਸਿੰਘ ਅਤੇ ਸ਼ਰੂਤੀ ਦੋਨੋ
ਨਾਬਾਲਗਾਂ ਦੇ ਕਥਿੱਤ ਵਿਆਹ ਦੀਆਂ ਤਸਵੀਰਾਂ ਅਤੇ ਖਬਰਾਂ ਪ੍ਰੈਸ ਨੂੰ ਜਾਰੀ ਕਰਨਾ ਕਿਸੇ ਤਰਾਂ ਵੀ
ਜਾਇਜ ਨਹੀ ਹਨ. ਕਿਉਕਿ ਨਾਬਾਲਗਾਂ ਦੇ ਵਿਆਹ ਨੂੰ ਕਾਨੂੰਨ ਮਾਨਤਾ ਨਹੀਂ ਦਿੰਦਾ ਹੈ. ਜਾਂਚ ਟੀਮ
ਨੂੰ ਸੱਭ ਤੋ ਵੱਧ ਹੈਰਾਨੀ ਇਸ ਗੱਲ ਦੀ ਹੋਈ ਕਿ ਸਾਰੀ ਗੱਲਬਾਤ ਦੌਰਾਨ ਐਸ.ਐਸ.ਪੀ. ਫਰੀਦਕੋਟ
ਗੁਰਵਿੰਦਰ ਸਿੰਘ ਢਿੱਲੋ ਲੜਕੀ ਸ਼ਰੂਤੀ ਦੀਆਂ ਨਿਸ਼ਾਨ ਸਿੰਘ ਨਾਲ ਕਥਿੱਤ ਵਿਆਹ ਦੀਆਂ ਤਸਵੀਰਾਂ ਦਿਖਾ
ਕੇ ਇਹ ਜਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਇਹ ਦੋ ਅੱਲੜਾਂ ਦੇ ਪਿਆਰ ਦਾ ਕਿੱਸਾ ਹੈ ਅਤੇ ਇਹ ਕਿ
ਲੜਕੀ ਨੂੰ ਅਗਵਾ ਕਰਨ ਦੀ ਭਾਂਵੇ ਨਿਸ਼ਾਨ ਸਿੰਘ ਨੇ ਗੈਰ-ਕਾਨੂੰਨੀ ਕਾਰਵਾਈ ਕੀਤੀ ਹੈ ਜਿਸ ਤੇ ਬਣਦਾ
ਐਕਸ਼ਨ ਕੀਤਾ ਜਾ ਰਿਹਾ ਹੈ ਪਰ ਨਿਸ਼ਾਨ ਸਿੰਘ ਪਿਛਲੇ 3-4 ਸਾਲਾਂ ਤੋ ਇਸ ਲੜਕੀ ਨੂੰ ਪਿਆਰ ਕਰਦਾ ਹੈ. ਐਸ.ਐਸ.ਪੀ.
ਇਹ ਵੀ ਕਹਿੰਦੇ ਰਹੇ ਕਿ ਅਗਵਾ ਕਾਰਵਾਈ ’ਚ ਸ਼ਾਮਲ ਵਿਅਕਤੀ ਨਿਸ਼ਾਨ ਸਿੰਘ ਦੇ ਯਾਰ-ਬੇਲੀ ਹਨ ਅਤੇ ਉਹ
ਆਪਣੀ ਘਰਵਾਲੀ ਨੂੰ ਛੁਡਾਉਣ ਦਾ ਵਾਸਤਾ ਦੇ ਕੇ ਉਹਨਾਂ ਨੂੰ ਨਾਲ ਲੈ ਕੇ ਗਿਆ ਅਤੇ ਉਸਦੇ ਨਾਲ ਦੇ
ਲੜਕੇ ਸਿਰਫ ਯਾਰੀ ਨਿਭਾਉਣ ਦੇ ਮਕਸਦ ਦੇ ਨਾਲ ਹੀ ਉਸਦੇ ਨਾਲ ਗਏ ਹਨ. ਐਸ.ਐਸ.ਪੀ.ਦੀਆਂ ਇਹ ਦਲੀਲਾਂ
ਅਤੇ ਵਤੀਰਾ ਸ਼ਰੇਆਮ ਪੱਖਪਾਤੀ ਸੀ. ਟੀਮ ਨੇ ਇਹ ਵੀ ਨੋਟ ਕੀਤਾ ਕਿ ਪੁਲੀਸ ਵਲੋ ਅਖੌਤੀ ਵਿਆਹ ਦੀਆਂ
ਤਸਵੀਰਾਂ ਇਸ ਮਾਮਲੇ ਸਬੰਧੀ ਬਣੀ ਗੁੰਡਾਗਰਦੀ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵਲੋ ਦਿੱਤੇ ਗਏ 12 ਅਕਤੂਬਰ
ਦੇ ਜਿਲ੍ਹਾ ਫਰੀਦਕੋਟ ਬੰਦ ਦੇ ਸੱਦੇ ਤੋ ਐਨ ਪਹਿਲਾਂ ਇਕ ਖਾਸ ਮਕਸਦ ਤਹਿਤ ਜਾਰੀ ਕੀਤੀਆਂ ਗਈਆਂ
ਹਨ. ਪੁਲੀਸ ਦੀਆਂ ਉਪਰੋਕਤ ਦਲੀਲਾਂ ਸੁਣਕੇ ਅਤੇ ਵਤੀਰਾ ਦੇਖ ਕੇ ਇੱਕੋ ਨਿਰਣੇ ਤੇ ਪਹੁੰਚੇ ਕਿ
ਪੁਲੀਸ ਹਰ ਹੀਲੇ ਦੋਸ਼ੀਆਂ ਨੂੰ ਬਚਾਉਣ ਤੇ ਤੁਲੀ ਹੋਈ ਹੈ.
ਪੁਲੀਸ ਨੇ ਅਜਿਹਾ ਕਰਕੇ ਆਮ ਲੋਕਾਂ ਚ
ਇਹ ਭਰਮ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਮਾਮਲੇ ਸਬੰਧੀ ਬਣੀ ਗੁੰਡਾਗਰਦੀ ਵਿਰੋਧੀ ਸਾਂਝੀ
ਐਕਸ਼ਨ ਕਮੇਟੀ ਵਲੋ ਦਿੱਤੇ ਗਏ 12 ਅਕਤੂਬਰ ਦੇ ਜਿਲਾ ਫਰੀਦਕੋਟ ਬੰਦ ਦੇ ਸੱਦੇ ਨੂੰ ਪੁਲੀਸ
ਕਮਜੋਰ ਕਰ ਸਕੇ. ਪੁਲੀਸ 25 ਜੂਨ 2012 ਅਤੇ 24 ਸਤੰਬਰ 2012 ਦੇ ਦੋਨੋ ਮਾਮਲਿਆਂ ਚ ਦੋਸ਼ੀਆਂ ਨੂੰ ਲਾਭ ਪਹੁੰਚਾ ਰਹੀ
ਹੈ. ਉਪਰੋਕਤ ਤੱਥਾਂ ਤੋ ਇਹ ਗੱਲ ਚਿੱਟੇ ਦਿਨ ਵਾਂਗੂ ਸਾਫ ਹੋ ਜਾਂਦੀ ਹੈ ਕਿ ਪੈਸੇ ਵਾਲੇ ਅਤੇ
ਹਕੂਮਤ ਦੀ ਸਰਪ੍ਰਸਤੀ ਹਾਸਲ ਵਿਅਕਤੀਆਂ ਨੂੰ ਬਚਾਉਣ ਲਈ ਪੁਲੀਸ ਕਿਸ ਹੱਦ ਤੱਕ ਜਾ ਸਕਦੀ ਹੈ? ਫਰੀਦਕੋਟ
ਪੁਲੀਸ ਨੇ ਸ਼ਰੂਤੀ ਅਗਵਾ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਫੁਰਤੀ ਤਾਂ ਕੀ ਦਿਖਾਉਣੀ ਸੀ
ਸਗੋ ਜਿਹੜੀਆਂ ਧਿਰਾਂ ਇਸ ਬਹੁਤ ਹੀ ਘਿਨਾਉਣੀ ਘਟਨਾ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ
ਰਹੀਆਂ ਹਨ ਉਹਨਾਂ ਨੂੰ ਝੂਠੇ ਕੇਸਾਂ ਚ ਉਲਝਾਇਆ ਜਾ ਰਿਹਾ ਹੈ. ਜਿਸ ਦੀ ਮਿਸਾਲ 27
ਸਤੰਬਰ 2012 ਦੀ ਘਟਨਾ ਹੈ. 27 ਸਤੰਬਰ ਨੂੰ 2
ਵਿਦਿਆਰਥਣਾਂ ਸੁਨੀਤਾ ਰਾਣੀ ਅਤੇ ਡਿੰਪਲ ਨੇ ਪੀ.ਆਰ.ਟੀ.ਸੀ. ਦੇ ਕੰਡਕਟਰ ਖਿਲਾਫ ਪੁਲੀਸ ਕੋਤਵਾਲੀ
ਫਰੀਦਕੋਟ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਕਿ ਜਦੋ ਉਹ ਅਤੇ ਹੋਰ ਵਿਦਿਆਰਥਣਾਂ ਕਾਲਜ ਛੁੱਟੀ ਤੋ ਬਾਅਦ
ਆਪਣੇ ਘਰ ਜਾਣ ਲਈ ਪੀ.ਆਰ.ਟੀ.ਸੀ. ਦੀ ਬੱਸ ਚ ਬੈਠੀਆਂ ਤਾਂ ਬੱਸ ਕੰਡਕਟਰ ਨੇ ਉਹਨਾਂ ਨੂੰ ਬੱਸ
ਵਿੱਚੋਂ ਉੱਤਰ ਜਾਣ ਲਈ ਕਿਹਾ. ਹਾਲਾਂ ਕਿ ਉਹਨਾਂ ਕੋਲ ਬੱਸ ਪਾਸ ਵੀ ਸਨ. ਜਦੋ ਲੜਕੀਆਂ ਨੇ ਬੱਸ
ਵਿੱਚੋਂ ਉੱਤਰਨ ਤੋ ਨਾਂਹ ਕਰ ਦਿੱਤੀ ਤਾਂ ਉਹ ਬੱਸ ਪੀ.ਆਰ.ਟੀ.ਸੀ. ਦੀ ਵਰਕਸ਼ਾਪ ਚ ਲੈ ਗਿਆ ਜਿੱਥੇ
ਕਿ ਕੰਡਕਟਰ ਨੇ ਲੜਕੀਆਂ ਨਾਲ ਬਦ-ਤਮੀਜੀ ਕੀਤੀ. ਲੜਕੀਆਂ ਨੇ ਫੋਨ ਕਰਕੇ ਪੀ.ਐਸ.ਯੂ ਦੇ ਆਗੂ
ਰਜਿੰਦਰ ਸਿੰਘ ਅਤੇ ਯੂਨੀਅਨ ਦੇ ਇਕ ਹੋਰ ਮੈਬਰ ਨੂੰ ਮੌਕੇ ਤੇ ਸੱਦ ਲਿਆ. ਪੀ.ਆਰ.ਟੀ.ਸੀ. ਵਾਲਿਆਂ
ਨੇ ਵਿਦਿਆਰਥੀ ਆਗੂਆਂ ਨੂੰ ਗੱਲਬਾਤ ਦੇ ਬਹਾਨੇ ਬਿਠਾ ਕੇ ਸੀ.ਆਈ.ਏ. ਸਟਾਫ ਦੀ ਪੁਲੀਸ ਸਾਹਮਣੇ
ਲੋਹੇ ਦੀ ਰਾਡ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ. ਪੁਲੀਸ ਦਾ ਇਨਸਾਫ ਦੇਖੋ ਕਿ ਲੜਕੀਆਂ ਦੀ ਦਰਖਾਸਤ
ਤੇ ਕੰਡਕਟਰ ਵਿਰੱਧ ਕਾਰਵਾਈ ਕਰਨ ਦੀ ਬਜਾਏ ਪੁਲੀਸ ਨੇ 3 ਅਕਤੂਬਰ ਨੂੰ ਇਸ ਕੰਡਕਟਰ ਦੇ ਹੋਰ ਵਿਦਿਆਰਥੀਆਂ ਨਾਲ
ਹੋਏ ਝਗੜੇ ਚ ਇਹਨਾਂ ਲੜਕੀਆਂ ਅਤੇ ਪੀ.ਐਸ.ਯੂ. ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਤੇ ਝੂਠਾ
ਕੇਸ ਦਰਜ ਕਰ ਦਿੱਤਾ. ਪੁਲੀਸ ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ. ਇਹ ਤੱਤ ਖੋਜ
ਕਮੇਟੀ ਡੀ.ਆਈ.ਜੀ. ਫਿਰੋਜਪੁਰ ਪਰਮਰਾਜ ਸਿੰਘ ਉਮਰਾਨੰਗਲ, ਐਸ.ਐਸ.ਪੀ. ਫਰੀਦਕੋਟ ਗੁਰਵਿੰਦਰ ਸਿੰਘ ਢਿੱਲੋ, ਪੁਲੀਸ
ਕੋਤਵਾਲੀ ਫਰੀਦਕੋਟ ਦੇ ਅਧਿਕਾਰੀਆਂ, ਲੜਕੀ ਸਰੂਤੀ ਦੇ ਪੀੜਤ ਪਰਿਵਾਰ, ਪੰਜਾਬ
ਸਟੂਡੈਟਸ ਯੂਨੀਅਨ, ਗੁੰਡਾਂਗਰਦੀ ਵਿਰੋਧੀ ਐਕਸ਼ਨ ਕਮੇਟੀ, ਪੰਜਾਬ
ਇਸਤਰੀ ਸਭਾ ਅਤੇ ਆਮ ਸ਼ਹਿਰੀਆਂ ਨੂੰ ਮਿਲੀ. ਇਸ ਕਮੇਟੀ ਨੇ ਐਫ.ਆਈ.ਆਰ.ਨੰਬਰ 166
ਮਿਤੀ 25-06-2012 ਥਾਂਣਾ ਕੋਤਵਾਲੀ ਫਰੀਦਕੋਟ, ਐਫ.ਆਈ.ਆਰ
ਨੰਬਰ 261 ਮਿਤੀ 24-09-2012 ਕੋਤਵਾਲੀ ਫਰੀਦਕੋਟ, ਐਫ.ਆਈ.ਆਰ.
ਨੰਬਰ 83 ਮਿਤੀ 03-10-2012 ਥਾਂਣਾ ਬਾਜਾਖਾਨਾ, ਡੀ.ਡੀ.ਆਰ.22
ਮਿਤੀ 07-10-2012, ਦਰਖਾਸਤ ਮਿਤੀ 27-09-2012 ਦਸਤਾਵੇਜ ਵੀ
ਦੇਖੇ.
ਸਿੱਟਾ- ਜਾਂਚ ਟੀਮ
ਇਸ ਸਿੱਟੇ ਤੋ ਪਹੁੰਚੀ ਹੈ ਕਿ
1. ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਹੈ, ਇਹ
ਕਿਸੇ ਵੀ ਤਰ੍ਹਾਂ ਰਜਾਮੰਦੀ ਨਾਲ ਵਿਆਹ ਨਹੀ ਹੈ. ਸ਼ੁਰੂ ਤੋ ਹੀ ਫਰੀਦਕੋਟ ਪੁਲੀਸ ਸ਼ਰੂਤੀ ਅਗਵਾ ਕਾਂਡ
ਦੇ ਦੋਸ਼ੀ ਜਿਹਨਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ ਨੂੰ ਬਚਾਉਣ ਲਈ ਹਰ ਹਰਬਾ ਵਰਤ ਰਹੀ ਹੈ.
2. ਇਸ ਗੁੰਡਾਗਰਦੀ ਵਿਰੱਧ ਲੋਕ ਲਾਮਬੰਦੀ ਨੂੰ ਤੋੜਨ ਅਤੇ
ਖਾਸ ਕਰਕੇ 12 ਅਕਤੂਬਰ 2012 ਦੇ ਜਿਲਾ ਫਰੀਦਕੋਟ ਬੰਦ ਦੇ ਸੱਦੇ ਨੂੰ ਤਾਰਪੀਡੋ ਕਰਨ
ਲਈ ਸ਼ਰੂਤੀ ਅਤੇ ਨਿਸ਼ਾਨ ਸਿੰਘ ਦੇ ਕਥਿੱਤ ਵਿਆਹ ਦੀ ਖਬਰਾਂ ਅਤੇ ਤਸਵੀਰਾਂ ਜਾਰੀ ਕਰ ਰਹੀ ਹੈ. ਦੀ
ਇਹ ਕਾਰਵਾਈ ਪੂਰੀ ਤਰਾਂ ਗੈਰ-ਕਾਨੂੰਨੀ ਹੈ, ਕਿਉਕਿ ਲੜਕਾ ਅਤੇ ਲੜਕੀ ਦੋਵੇ ਹੀ ਨਾਬਾਲਗ ਹਨ.
3. ਇਸ ਨਿਆਂ ਪ੍ਰਾਪਤੀ ਦੇ ਸੰਘਰਸ਼ ਚ ਸ਼ਾਮਲ ਲੋਕਾਂ ਨੂੰ
ਡਰਾਉਣ, ਧਮਕਾਉਣ ਅਤੇ ਪਾੜਨ ਲਈ ਪੁਲੀਸ ਗਲਤ ਹੱਥਕੰਡੇ ਵਰਤ ਰਹੀ
ਹੈ.
4. ਜਿਸ ਢੰਗ ਨਾਲ ਪੁਲੀਸ ਨੇ ਸ਼ਰੂਤੀ ਅਤੇ ਨਿਸ਼ਾਨ ਸਿੰਘ ਦੇ
ਕਥਿੱਤ ਵਿਆਹ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਤੋ ਜਾਪਦਾ ਹੈ ਕਿ ਸ਼ਰੂਤੀ ਨੂੰ ਮਾਂ ਦੀ ਬੁੱਕਲ ਚੋ
ਖੋਹ ਕੇ ਲਿਜਾਣ ਵਾਲੇ ਗੁੰਡੇ ਨਿਸ਼ਾਨ ਸਿੰਘ ਦੇ ਵਿਆਹ ਦੇ ਪੁਲੀਸ ਵਾਲੇ ਬਾਰਾਤੀ ਸਨ.
5. ਸ਼ਰੂਤੀ ਅਗਵਾ ਕਾਂਡ ਨੇ ਪੁਲੀਸ ਦੇ ਚਿਹਰੇ ਤੋ ਲੋਕਾਂ ਦੀ
ਸੁਰੱਖਿਆ ਕਰਨ ਵਾਲੀ ਪੁਲੀਸ ਫੋਰਸ ਦਾ ਨਕਾਬ ਲਾਹ ਦਿੱਤਾ ਹੈ. ਪੁਲੀਸ ਸ਼ਰੂਤੀ ਅਗਵਾ ਦੇ ਮੁੱਖ ਦੋਸ਼ੀ
ਨਿਸ਼ਾਨ ਸਿੰਘ ਨੂੰ ਤਾਂ ਭਾਲ ਨਹੀ ਸਕੀ ਪਰ ਉਹ ਉਸਦੀ ਵਕਾਲਤ ਕਰਨ ਦਾ ਪੈਤੜਾ ਇਕ ਦਮ ਲੈ ਲੈਦੀ ਹੈ.
6. ਬਠਿੰਡਾ ਅਤੇ ਫਰੀਦਕੋਟ ਹਲਕੇ ਤੋ ਪਾਰਲੀਮਾਨੀ ਹਲਕਿਆਂ ਦੀ
ਨੁਮਾਇੰਦਗੀ ਕਰਨ ਵਾਲੀਆਂ ਬੀਬੀਆਂ ਹਰਸਿਮਰਤ ਕੌਰ ਬਾਦਲ ਜੋ ਹਰ ਸਮੇ ਨੰਨ੍ਹੀ ਛਾਂ ਦੇ ਦਗਮਜੇ
ਮਾਰਦੀ ਰਹਿੰਦੀ ਹੈ ਨੇ ਸ਼ਰੂਤੀ ਮਾਮਲੇ ਚ ਪਤਾ ਨਹੀ ਕਿਉਂ ਚੁੱਪ ਵੱਟੀ ਹੋਈ ਹੈ. ਬੀਬੀ ਪਰਮਜੀਤ ਕੌਰ
ਗੁਲਸ਼ਨ ਜੋ ਔਰਤਾਂ ਦੇ ਹੱਕਾਂ ਦਾ ਝੰਡਾ ਬਰਦਾਰ ਹੋਣ ਦਾ ਹਮੇਸ਼ਾਂ ਦਾਅਵਾ ਕਰਦੀ ਨਹੀਂ ਥੱਕਦੀ ਉਹ ਵੀ
ਇਸ ਮਾਮਲੇ ’ਚ ਆਪਣੀ ਜੁਬਾਨ ਨਹੀ ਖੋਲ ਰਹੀ.
ਮੰਗਾਂ-
1. ਸ਼ਰੂਤੀ
ਅਗਵਾ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਫੌਰੀ ਰੂਪ ਚ ਗ੍ਰਿਫਤਾਰ ਕੀਤਾ ਜਾਵੇ.
2. ਲੜਕੀ ਸਰੂਤੀ ਨੂੰ ਲੱਭ ਕੇ ਉਸ ਦੇ ਮਾਪਿਆਂ ਹਵਾਲੇ ਕੀਤਾ ਜਾਵੇ.
3. ਸ਼ਰੂਤੀ ਅਗਵਾ ਮਾਮਲੇ ’ਚ ਆਪਣੀ ਬਣਦੀ ਜਿੰਮੇਦਾਰੀ ਨਾ ਨਿਭਾਉਣ ਵਾਲੇ ਪੁਲੀਸ
ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ.
4. ਵਿਦਿਆਰਥੀਆਂ ਵਿਰੁੱਧ ਦਰਜ ਕੀਤਾ ਕੇਸ ਤੁਰੰਤ ਰੱਦ ਕੀਤਾ ਜਾਵੇ.
No comments:
Post a Comment