Sunday, May 31, 2015

ਮਿੱਡ ਬਰੇਨ ਜਾਂ ਬਰੇਨ ਪੀਡੀਆ ਦੇ ਨਾਮ ਥੱਲੇ ਚੱਲ ਰਹੇ ਫਰੇਬੀ ਕਾਰੋਬਾਰ


ਮਿੱਡ ਬਰੇਨ, ਇਸ ਨੂੰ ਮੱਧ ਦਿਮਾਗ ਵੀ ਕਿਹਾ ਜਾਂਦਾ ਹੈ. ਇਹ ਹਿੱਸਾ ਸਾਡੀਆਂ ਅੱਖਾਂ ਨਾਲ ਸਬੰਧਤ ਗਤੀਵਿਧੀਆਂ ਨੂੰ ਕੰਟਰੋਲ ਕਰਦਾ ਹੈ. ਇਹ ਸਾਡੇ ਸਰੀਰ ਦਾ ਇਕ ਅਹਿਮ ਅੰਗ ਹੈ. ਪਰ ਇਥੇ ਮੈਂ ਦਿਮਾਗ ਦੀ ਬਣਤਰ ਬਾਰੇ ਨਹੀਂ ਲਿਖਣ ਜਾ ਰਿਹਾ. ਇਹ ਤਾਂ ਮਿੱਡ ਬਰੇਨ ਸਬਦ ਦਾ ਪੰਜਾਬੀ ਵਿੱਚ ਬਣਦਾ ਅਰਥ ਦੱਸਣ ਤੱਕ ਹੀ ਸੀਮਤ ਹੈ. ਅੱਜ-ਕੱਲ ਇਸ ਸਬਦ ਦੇ ਨਾਮ ਥੱਲੇ ਪੜ੍ਹੇ ਲਿਖੇ ਤਬਕੇ ਨੂੰ ਪ੍ਰਭਾਵਿਤ ਕਰਕੇ ਉਹਨਾਂ ਨਾਲ ਅਧੁਨਿਕ ਢੰਗ ਨਾਲ ਠੱਗੀ ਮਾਰੀ ਜਾ ਰਹੀ ਹੈ. ਪੜ੍ਹੇ ਲਿਖੇ ਲੋਕ ਆਪਣੇ ਬੱਚਿਆਂ ਪ੍ਰਤੀ ਕੁਝ ਜਿਆਦਾ ਹੀ ਚਿੰਤਿਤ ਰਹਿੰਦੇ ਹਨ. ਇਹ ਚਿੰਤਾ ਕਾਰੋਬਾਰੀ ਧੋਖੇਬਾਜਾਂ ਨੂੰ ਜਿਆਦਾ ਰਾਸ ਆ ਰਹੀ ਹੈ. ਇਸ ਕਾਰਣ ਹੀ ਇਸ ਲੋਕ ਕਈ ਜਗ੍ਹਾ ਸੈਮੀਨਾਰ ਲਾ ਕੇ ਵੈਬ ਸਾਇਟਾਂ ਰਾਹੀਂ  ਜਾਂ ਹੋਰ ਪ੍ਰਚਾਰ ਸਾਧਨ ਵਰਤ ਕੇ ਲੋਕਾਂ ਭਰਮਾ ਰਹੇ ਹਨ. ਇਹ ਪ੍ਰਚਾਰ ਕਰਦੇ ਨੇ ਕਿ ਤੁਹਾਡੇ 6 ਸਾਲ ਦੇ ਬੱਚੇ ਤੋਂ ਲੈ ਕੇ 15 ਸਾਲ ਦੇ ਬੱਚੇ ਨੂੰ ਵਿਸ਼ੇਸ ਟਰੇਨਿੰਗ ਦੇ ਕੇ ਇੰਨਾ ਕਾਬਿਲ ਬਣਾ ਦਿੱਤਾ ਜਾਂਦਾ ਹੈ ਕਿ ਤੁਹਡਾ ਬੱਚਾ ਅੱਖਾਂ ਬੰਦ ਕਰਕੇ ਪੜ੍ਹ ਸਕਦਾ ਹੈ, ਲਿਖ ਸਕਦਾ ਹੈ, ਪੇਂਟ ਕਰ ਸਕਦਾ ਹੈ ਅਤੇ ਸ਼ਤਰੰਜ ਵਗੈਰਾ ਖੇਲ੍ਹ ਸਕਦਾ ਹੈ. ਇਹਨਾਂ ਦਾ ਕਹਿਣਾ ਹੈ ਕਿ ਉਹ ਬੰਦ ਅੱਖਾ ਨਾਲ ਸਿਰਫ ਨੱਕ ਨਾਲ ਸੁੰਘ ਕੇ  ਕਾਰਡ ਦਾ ਰੰਗ ਦੱਸ ਸਕਦਾ ਹੈ, ਸਾਇਕਲ ਚਲਾ ਸਕਦਾ ਹੈ ਹੋਰ ਤਾਂ ਹੋਰ ਅੱਖਾਂ ਬੰਦ ਕਰਕੇ ਕੰਪਿਉਟਰ ਵੀ ਚਲਾ ਸਕਦਾ ਹੈ.
ਇਸ ਤਰ੍ਹਾਂ ਇਹ ਕੋਈ ਮਿੱਡ ਬਰੇਨ ਦੇ ਨਾਮ ਥੱਲੇ ਕਾਰੋਬਾਰ ਕਰ ਰਿਹਾ ਹੈ ਤੇ ਕੋਈ ਬਰੇਨ ਪੀਡੀਆ ਦੇ ਨਾਮ ਥੱਲੇ, ਕੰਮ ਇਕੋ ਹੀ ਹੈ ਲੋਕਾਂ ਦੀ ਮੇਹਨਤ ਦੀ ਕਮਾਈ ਨੂੰ ਹੜਪਣਾ. ਇਹ ਫੀਸਾਂ ਵੀ ਮੋਟੀਆਂ ਲੈਂਦੇ ਹਨ 5 ਹਜਾਰ ਤੋਂ ਲੈ ਕੇ 20 ਹਜ਼ਾਰ ਰੁਪਏ ਤੋਂ ਵੀ ਉਪਰ ਤੱਕ ਇਹ ਫੀਸਾਂ ਲੈ ਰਹੇ ਹਨ. ਵੈਸੇ ਤਾਂ ਕਈ ਦੇਸਾਂ ਵਿੱਚ ਇਹ ਕਾਰੋਬਾਰ ਕਈ ਸਾਲਾਂ ਤੋਂ ਚੱਲ ਰਿਹਾ ਹੈ. ਪਰ ਭਰਤ ਵਿੱਚ ਜਿਆਦਾਤਰ ਪਿਛਲੇ ਸਾਲ ਜੁਲਾਈ ਅਗਸਤ  ਤੋਂ ਬਅਦ ਹੀ ਚਲਣਾ ਸ਼ੁਰੂ ਹੋਇਆ ਹੈ. ਇਹ ਵੀ ਸਿੱਖਿਆ ਦੇ ਮੰਡੀਕਰਣ ਦੀ ਦੇਣ ਹੈ.
ਇਸ ਬਾਰੇ ਪਤਾ ਲੱਗਣ ਤੇ ਫੈਡਰੇਸ਼ਨ ਆਫ ਇੰਡੀਅਨ ਰੈਸ਼ਨੇਲਿਸਟ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਡਾ. ਨਰਿੰਦਰ ਨਾਇਕ ਇਹਨਾਂ ਦਾ ਪਰਦਾਫਾਸ਼ ਕਰਨ ਲੱਗੇ ਹੋਏ ਹਨ. ਉਹ ਉਹਨਾਂ ਬਾਰੇ ਲੋਕਾਂ ਨੂੰ ਚੇਤਨ ਕਰਨ ਵਾਸਤੇ ਲਗਾਤਾਰ ਪ੍ਰੋਗਰਾਮ ਦੇ ਰਹੇ ਹਨ. ਉਹਨਾਂ ਦੇ ਪ੍ਰੋਗਰਾਮ ਜਿਆਦਾਤਰ ਦੱਖਣ ਭਾਰਤ ਵਿੱਚ ਹਨ. ਉਹਨਾਂ ਦੇ ਇਹਨਾਂ ਪ੍ਰੋਗਰਾਮਾਂ ਜਿੰਨਾਂ ਵਿੱਚ ਮਿੱਡ ਬਰੇਨ ਵਾਲਿਆਂ ਦੇ ਪਰ੍ਰਦੇਫਾਸ ਕੀਤੇ ਹਨ, ਦੀਆਂ ਖਬਰਾਂ ਦਾ ਹਿੰਦੂ ਵਰਗੇ ਅਖਬਾਰਾਂ ਵਿੱਚ ਛਪ ਰਹੀਆਂ ਹਨ. ਉਹ ਨਿਰਮੁੱਕਤਾ ਡਾਟ ਕਾਮ ਤੇ ਇਹਨਾ ਬਾਰੇ ਲਿਖਦੇ ਰਹਿੰਦੇ ਹਨ. ਉਹਨਾਂ ਦੀਆਂ ਗਤੀਵਿਧੀਆਂ ਫੇਸ ਬੁੱਕ ਤੇ ਵੀ ਦੇਖੀਆਂ ਜਾ ਸਕਦੀਆਂ ਹਨ. ਉਹਨਾਂ ਦੇ ਸੰਪਰਕ ਵਿੱਚ ਇਕ ਚੰਡੀਗੜ੍ਹ ਦਾ ਵਿਅਕਤੀ ਵੀ ਆਇਆ ਸੀ ਜੋ ਆਖਦਾ ਸੀ ਕਿ ਮਿੱਡ ਬਰੇਨ ਰਾਹੀਂ ਇਹ ਸੱਭ ਕੀਤਾ ਜਾ ਸਕਦਾ ਹੈ. ਇਸ ਬਾਰੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੁਹਾਲੀ ਇਕਾਈ ਨੇ ਉਸ ਨਾਲ ਸੰਪਰਕ ਕੀਤਾ. ਪਹਿਲਾਂ ਤਾਂ ਉਹ ਦਾਅਵੇ ਕਰਦਾ ਰਿਹਾ ਪਰ ਜਦ ਇਕਾਈ ਆਗੂਆਂ ਨੇ ਮਿਲ ਕੇ ਪਰਖ ਕਰਨ ਲਈ ਕਿਹਾ ਤਾਂ ਉਸ ਨੇ ਕੋਈ ਹੁੰਗਾਰਾ ਨਹੀਂ ਭਰਿਆ.
ਇਸੇ ਤਰ੍ਹਾਂ ਹੀ ਪਿਛਲੇ ਦਿਨੀਂ ਬਰੇਨ ਪੀਡੀਆਂ ਨਾਮੀ ਹੁਸਿਆਰ ਪੁਰ ਦੀ ਇਕ ਸੰਸਥਾ ਨੇ ਅਪਣੇ ਕਰੋਬਾਰ ਖਾਤਰ ਜੀਰਾ ਵਿਖੇ ਸੈਮੀਨਾਰ ਕਰਵਾਇਆ ਸੀ. ਜਿਸ ਵਿੱਚ ਬੱਚਿਆਂ ਦੁਆਰਾ ਅੱਖਾਂ ਤੇ ਪੱਟੀ ਬੰਨ ਕੇ ਨੱਕ ਰਾਹੀਂ ਸੁੰਘ ਕੇ ਪੜਨ ਦਾ ਦਾਅਵਾ ਕੀਤਾ ਗਿਆ ਸੀ ਤੇ ਉਥੇ ਅਜਿਹਾ ਕੀਤਾ ਵੀ ਗਿਆ ਸੀ. ਪਰ ਤਰਕਸ਼ੀਲ ਸਾਥੀਆਂ ਗੁਰਚਰਨ ਨੂਰਪੁਰ ਅਤੇ ਗੁਰਪ੍ਰੀਤ ਮੱਲੋਕੇ ਨੇ ਉਹਨਾਂ ਦੀ ਚਲਾਕੀ ਫੜ ਲਈ ਸੀ. ਇਸ ਸਮੇਂ ਤਰਕਸ਼ੀਲ ਸਾਥੀਆਂ ਨੇ ਉਹਨਾਂ ਨੂੰ ਚੈਲਿੰਜ ਦਿੱਤਾ ਹੈ, ਜੋ ਕਿ ਉਹਨਾਂ ਕਬੂਲ ਕਰ ਲਿਆ ਹੈ. ਹੁਣ 2 ਜੂਨ ਨੂੰ ਇਸ ਦਾ ਜੰਤਕ ਤੌਰ ਤੇ ਪਰਦਾਫਾਸ਼ ਹੋ ਜਾਵੇਗਾ.
ਦੋਸਤੋ ਤੁਸੀਂ ਸੋਚਦੇ ਹੋਵੋਂਗੇ ਕਿ ਇਹ ਮਾਮਲਾ ਕੀ ਹੈ? ਇਹ ਮਾਮਲਾ ਕੁਝ ਵੀ ਨਹੀਂ ਇਕ ਸਾਧਾਰਣ ਜਿਹਾ ਟ੍ਰਿਕਸ ਹੈ. ਬਚਪਨ ਵਿੱਚ ਸਾਰੇ ਅਸੀਂ ‘ਅੱਨਾ ਝੋਟਾ ਖੇਡ’ ਖੇਡਦੇ ਹੁੰਦੇ ਸੀ. ਜਿਸ ਵਿੱਚ ਇਕ ਬੱਚੇ ਦੀਆਂ ਅੱਖਾਂ ਉੱਪਰ ਸਾਫਾ, ਪਰਨਾ ਜਾਂ ਚੁੰਨੀ ਆਦਿ ਬੰਨ ਦਿਆ ਕਰਦੇ ਸੀ. ਜੇ ਬੱਚਾ ਚੁਸਤ ਹੁੰਦਾ ਉਹ ਪਰਨੇ ਨੂੰ ਤਹਿ ਲਾ ਕੇ ਬੰਨਣ ਵਾਲੇ ਨੂੰ ਦਿੰਦਾ ਅਤੇ ਅੱਖਾਂ ਘੁੱਟ ਕੇ ਬੰਨਣ ਲਈ ਆਖਦਾ. ਇਸ ਤਰ੍ਹਾਂ ਕਰਨ ਨਾਲ ਕੱਪੜਾ ਤਣਿਆਂ ਜਾਂਦਾ ਅਤੇ ਨੱਕ ਦੇ ਨਾਲ ਹਿੱਸੇ ਰਾਹੀਂ ਉਹ ਜਮੀਨ ਤੇ ਦੇਖਦਾ ਹੋਇਆ ਉਹ ਆਪਣੇ ਕਿਸੇ ਸਾਥੀ ਨੂੰ ਫੜ ਲੈਂਦਾ ਅਤੇ ਆਪਣੀ ਬਾਰੀ ਮੁਕਾ ਲੈਂਦਾ. ਜਦ ਕਿ ਸਾਧਾਰਣ ਬੱਚੇ ਵਾਸਤੇ ਬਹੁਤ ਮੁਸਕਿਲ ਆ ਜਾਂਦੀ ਸੀ ਕਿ ਖੇਡਣ ਵਾਲੇ ਬੱਚੇ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਕੋਈ ਉਸ ਨੂੰ ਧੱਕਾ ਮਾਰਦਾ, ਕੋਈ ਉਸ ਦੀ ਕਮੀਜ ਖਿੱਚ ਕੇ ਦੌੜ ਜਾਂਦਾ ਕੋਈ ਉਸ ਦੀਆਂ ਲੱਤਾਂ ਵਿੱਚ ਸੋਟੀ ਆਦਿ ਫਸਾ ਕੇ ਸਿੱਟ ਦਿੰਦਾ ਵਗੈਰਾ.
ਹੁਣ ਵੀ ਬਹੁਤ ਸਾਰੇ ਤਰਕਸ਼ੀਲ ਸਾਥੀ ਅੱਖਾਂ ਤੇ ਪੱਟੀ ਬੰਨ ਕੇ ਮੋਟਰ ਸਾਇਕਲ ਚਲਾਉਂਦੇ ਹਨ. ਇਸ ਵਿੱਚ ਭਾਵੇਂ ਥੋੜਾ ਫਰਕ ਹੈ ਪਰ ਹੈ ਜਾਦੂ ਦਾ ਟ੍ਰਿਕਸ, ਜਿਸ ਨੂੰ ਕੋਈ ਆਦਮੀ ਸਾਧਾਰਣ ਤਰੀਕੇ ਨਾਲ ਸਿੱਖ ਕੇ ਕਰ ਸਕਦਾ ਹੈ. ਜਦ ਕਿ ਅੱਖਾਂ ਤੇ ਪੱਟੀ ਬੰਨ ਕੇ ਪੜ੍ਹਨਾ ਤਾਂ ਬਿਲਕੁਲ ਹੀ ਸਾਧਾਰਣ ਟ੍ਰਿਕਸ ਹੈ. ਜਿਵੇਂ ਕਿ ਉੱਪਰ ਦੱਸਿਆ ਹੈ ਕਿ ਜਦ ਬੱਚੇ ਦੀਆਂ ਅੱਖਾਂ ਉੱਪਰ ਪੱਟੀ ਬੰਨੀ ਜਾਂਦੀ ਹੈ ਉਹ ਤਣੇ ਹੋਏ ਕੱਪੜੇ ਦੇ ਰੂਪ ਵਿੱਚ ਬੰਨੀ ਜਾਂਦੀ ਹੈ. ਜਿਸ ਨਾਲ ਉਹ ਨੱਕ ਦੇ ਨਾਲ ਵਾਲੀ ਜਗ੍ਹਾ ਨਾਲ ਉਹ ਅੱਖਾਂ ਦੀ ਵਰਤੋਂ ਕਰਕੇ ਪੜ੍ਹਦਾ ਹੈ. ਕਿਉਂਕਿ ਇਸ ਸਮੇਂ ਕਿਤਾਬ ਜਾਂ ਪੜ੍ਹਨ ਵਾਲੀ ਵਸਤੂ ਨੱਕ ਦੇ ਥੱਲੇ ਰੱਖਣੀ ਹੁੰਦੀ ਹੈ, ਜਿਸ ਕਾਰਣ ਕਿਹਾ ਜਾਂਦਾ ਹੈ ਕਿ ਬੱਚਾ ਨੱਕ ਨਾਲ ਸੁੰਘ ਕੇ ਪੜ ਰਿਹਾ ਹੈ. ਇਸ ਬਾਰੇ ਮੈਂ ਪ੍ਰੈਕਟੀਕਲ ਰੂਪ ਵਿੱਚ ਸੰਗਰੂਰ ਵਿਖੇ ਲੱਗੀ ਤਰਕਸ਼ੀਲ ਵਰਕਸ਼ਾਪ ਵਿੱਚ ਇਹ ਕਰਕੇ ਦਿਖਾਇਆ ਵੀ ਸੀ. ਮੈਂ ਇਥੇ ਸਾਰੇ ਮਾਪਿਆਂ ਅਤੋ ਉਹਨਾਂ ਦੇ ਬਚਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਧੋਖੇ ਵਿੱਚ ਆ ਕੇ ਗੁਮਰਾਹ ਨਾ ਹੋਣ ਜੇ ਕਰ ਬੱਚਿਆਂ ਨੂੰ ਕੁਝ ਵਿਸ਼ੇਸ ਸਿਖਣ ਦੀ ਚਾਹ ਹੈ ਤਾਂ ਜਰੂਰ ਸਿਖਾਉ ਪਰ ਇਹ ਜਰੂਰ ਧਿਆਨ ਵਿੱਚ ਰੱਖੋ ਕਿ ਕੋਈ ਤੁਹਾਡੇ ਨਾਲ ਫਰੇਬ ਤਾਂ ਨਹੀਂ ਕਰ ਰਿਹਾ. ਵਧੇਰੇ ਜਾਣਕਾਰੀ ਵਾਸਤੇ ਸੱਭ ਤੋਂ ਸਸਤਾ ਅਤੇ ਵਧੀਆ ਤਰਕਸੀਲ ਸਾਹਿਤ ਜਰੂਰ ਪੜ੍ਹੋ.

ਧੰਨਵਾਦ
ਹਰਚੰਦ ਭਿੰਡਰ
ਵਿੱਤ ਸਕੱਤਰ
ਫੈਡਰੇਸ਼ਨ ਆਫ ਇੰਡੀਅਨ ਰੈਸ਼ਨੇਲਿਸਟ ਐਸੋਸੀਏਸ਼ਨ

समाचार

Total Pageviews