Tuesday, November 30, 2010

ਚਮਤਕਾਰੀ ਨਿੰਮ ਦੇ ਪਾਣੀ ਨੂੰ ਤਰਕਸ਼ੀਲਾਂ ਨੇ ਫਿਰ ਝੁਠਲਾਇਆ.


         
                ਨਿੰਮ ਚੋਂ ਪਾਣੀ ਟਪਕਣਾ ਇਕ ਕੁਦਰਤੀ ਵਰਤਾਰਾ- ਤਰਕਸ਼ੀਲ
       ਪਟਿਆਲਾ, 21 ਨਵੰਬਰ( ਰਾਮ ਸਿੰਘ ਬੰਗ)-ਨਿੰਮ ਦੇ ਰੁੱਖਾਂ ਦੇ ਟਾਹਣਿਆਂ ਵਿੱਚੋਂ ਸਰਦੀਆਂ ਦੀ ਰੁੱਤ ਵਿੱਚ ਅਚਾਨਕ ਪਾਣੀ ਦੇ ਟਪਕਣ ਨੂੰ ਬਨਸਪਤੀ ਵਿਗਿਆਨੀ ਕੋਈ ਚਮਤਕਾਰ ਨਾ ਮੰਨਦੇ ਹੋਏ,ਇਕ ਕੁਦਰਤੀ ਵਰਤਾਰਾ ਸਾਬਤ ਕਰ ਚੁੱਕੇ ਹਨ. ਪਰੰਤੂ ਹਾਲਾਂ ਵੀ ਕੁੱਝ ਖੁਦਗਰਜ਼ ਤੇ ਚਲਾਕ ਲੋਕ ਇਸ ਵਰਤਾਰੇ ਨੂੰ ਹਰ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਕਰਾਮਾਤੀ ਪਾਣੀ ਦੱਸਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ. ਇਸ ਤਰ੍ਹਾਂ ਦਾ ਹੀ ਇਕ ਵਰਤਾਰਾ ਇਥੋਂ ਦੀ ਸਥਾਨਕ ਕਰਤਾਰ ਕਲੌਨੀ ਵਿਖੇ ਸਥਿਤ ਨੈਨਾ ਦੇਵੀ ਮੰਦਿਰ ਵਿੱਚ ਖੜੀ ਨਿੰਮ ਵਿੱਚੋ ਪਾਣੀ ਦਾ ਸਿਮਣਾ ਅੱਜ ਕੱਲ ਚਰਚਾ ਵਿੱਚ ਹੈ.
ਇਹ ਕੁਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਦੁਖੀ ਲੋਕ ਪਾਣੀ ਦੇ ਕੁੱਝ ਕਤਰੇ ਪ੍ਰਾਪਤ ਕਰਨ ਲਈ ਕਰਤਾਰ ਕਲੌਨੀ ਵਿਖੇ ਪਹੁੰਚ ਰਹੇ ਹਨ ਜਿਸ ਨਾਲ ਇਸ ਇਲਾਕੇ ਵਿੱਚ ਰਹਿੰਦੇ ਲੋਕ ਇਸ ਭੀੜ ਭੜਕੇ ਵਾਲੇ  ਮਾਹੋਲ ਕਾਰਨ ਬੇਹਦ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹਨ.
      ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੀ ਪਟਿਆਲਾ ਇਕਾਈ ਦੇ ਕੁੱਝ ਮੈਂਬਰ ਤਫਤੀਸ਼ ਲਈ ਮੌਕੇ ਤੇ ਹਾਜਰ ਹੋਏ. ਜਿਸ ਵਿੱਚ ਜੋਨ ਪਟਿਆਲਾ ਦੇ ਜਥੇਬੰਦਕ ਮੁੱਖੀ ਹਰਚੰਦ ਭਿੰਡਰ, ਮਾਨਸ਼ਿਕ ਸਿਹਤ ਸਲਾਹਕਾਰ ਲਾਭ ਸਿੰਘ,ਕੁਲਵੰਤ ਕੌਰ,ਮਾ.ਰਾਮਣੀਕ ਸਿੰਘ,ਸੁਰਿੰਦਰ ਪਾਲ,ਸੁਖਵਿੰਦਰ ਸਿੰਘ,ਪਵਨ, ਆਸਿਫ ਪ੍ਰਿੰਸ, ਜਾਗਨ ਸਿੰਘ ਅਤੇ ਰਾਮ ਸਿੰਘ ਬੰਗ ਆਦਿ ਤਰਕਸ਼ੀਲ ਮੈਬਰ ਟੀਮ ਰੂਪ ਵਿੱਚ  ਪਹੁੰਚੇ ਅਤੇ ਨਿੰਮ ਦੇ ਪਾਣੀ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ. ਤਰਕਸ਼ੀਲਾਂ ਨੇ ਪੜਤਾਲ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ ਕਰਤਾਰ ਕਲੌਨੀ ਵਿੱਖੇ ਨਿਕਲ ਰਿਹਾ ਇਹ ਨਿੰਮ ਦਾ ਪਾਣੀ ਇਕ ਆਮ ਕੁਦਰਤੀ ਵਰਤਾਰਾ ਹੈ. ਜੋ ਸਰਦੀਆਂ ਦੇ ਮੌਸਮ ਵਿੱਚ,ਖਾਸ ਕਰਕੇ ਜਦੋਂ ਧੁੰਦ ਜਾਂ ਪਰਦੂਸ਼ਨ ਜਾਂ ਕਿਸੇ ਹੋਰ ਕਾਰਣਾਂ ਕਰਕੇ ਲਗਾਤਾਰ ਕਈ ਦਿਨ ਧੁੱਪ ਨਾ ਨਿਕਲਣ ਕਾਰਣ ਦਰਖਤ ਦੇ ਪੱਤਿਆਂ ਰਾਹੀਂ ਵਾਸ਼ਪੀਕਰਨ ਘੱਟ ਹੋਣ ਕਾਰਨ ਕਈ ਰੁੱਖਾਂ(ਖਾਸ਼ ਕਰਕੇ ਨਿੰਮ ਵਰਗੇ ਰੁੱਖਾਂ) ਵਿੱਚ ਅਕਸਰ ਵਾਪਰਦਾ ਹੈ. ਉਹਨਾਂ ਕਿਹਾ ਕਿ ਹਰ ਇਕ ਪੌਦੇ ਵਿੱਚ ਪਾਣੀ ਜੜਾਂ ਤੋਂ ਜ਼ਾਇਲਮ ਟਿਸ਼ੂਆਂ ਰਾਹੀਂ ਤਨੇ ਚੋਂ ਹੋ ਕੇ ਪੱਤਿਆਂ ਵਿੱਚ ਪਹੁੰਚਦਾ ਹੈ ਅਤੇ ਸਰਦੀਆਂ ਵਿੱਚ ਵਾਸ਼ਪੀਕਰਨ ਘੱਟ ਹੋਣ ਕਾਰਨ ਜੇ ਕਰ ਤਣੇ ਜਾਂ ਟਾਹਣ ਵਿੱਚ ਛੇਕ ਹੋ ਜਾਇਲਮ ਟਿਸ਼ੂ ਤੱਕ ਪਹੁੰਚ ਜਾਵੇ ਤਾਂ ਇਹ ਤਰਲ ਪਦਾਰਥ  ਟਪਕਣ ਲੱਗ ਜਾਂਦਾ ਹੈ. ਜਦ ਪਦਾਰਥ ਗਾੜ੍ਹਾ ਹੋ ਜਾਵੇ  ਜਾਂ ਮੋਸਮ ਦੀ ਤਬਦੀਲੀ ਹੋ ਕੇ ਵਾਸ਼ਪੀਕਰਣ ਸ਼ੁਰੂ ਹੋ ਜਾਵੇ ਤਾਂ ਇਹ ਨਿਕਲਣੋ ਬੰਦ ਹੋ ਜਾਂਦਾ ਹੈ. ਪਰ ਇਸ ਨਿੰਮ ਦੇ ਦਰਖਤ ਨੂੰ ਇਕ ਇਮਾਰਤ ਦੀ ਛਾਂ ਸੀ ਤੇ ਇਹਨੀ ਦਿਨੀਂ ਮੌਸਮ ਵੀ ਸਾਫ਼ ਨਹੀਂ ਸੀ. ਦੂਜਾ ਮੰਦਰ ਦੇ ਪੁਜਾਰੀ ਵੱਲੋਂ ਇਹ ਪਾਣੀ ਇਕੱਤਰ ਕਰਨ ਵਾਸਤੇ ਇਕ ਲੋਹੇ ਦੀ ਪਰਨਾਲੀ ਬਣਾ ਕੇ ਲਗਾਈ ਗਈ ਸੀ ਤੇ ਪਾਣੀ ਇਸ ਪੇੜ ਨਾਲ ਬੰਨੇ ਇਕ ਬਰਤਨ ਵਿੱਚ ਇਕੱਤਰ ਹੁੰਦਾ ਸੀ. ਇਸ ਬਰਤਨ ਵਿੱਚੋਂ ਪਾਣੀ ਬਾਹਰ ਕੱਢਣ ਸਮੇਂ ਪਰਨਾਲੀ ਹਟਾ ਕੇ ਦੁਬਾਰਾ ਲਾਈ ਜਾਂਦੀ ਸੀ. ਇਸ ਤਰਾਂ ਟਾਹਣੇ ਦੇ ਸੁਰਾਖ ਨਾਲ ਛੇੜ ਛਾੜ ਹੋਣ ਕਾਰਣ ਇਸ ਥਾਂ ਤੋਂ ਨਿੰਮ ਦਾ ਰਸ ਨਿਕਲਦਾ ਸੀ. ਯਾਦ ਰਹੇ ਇਸ ਤਰ੍ਹਾਂ ਇਹ ਕਿਰਿਆ ਲੰਬਾ ਸਮਾਂ ਚਲਦੀ ਰਹੇ ਤਾਂ ਇਸ ਤਰਾਂ ਦੇ ਪ੍ਰਭਾਵਤ ਟਾਹਣ ਸੁੱਕ ਵੀ ਸਕਦੇ ਹਨ.
      ਇਸ ਘਟਨਾ ਬਾਰੇ ਤਰਕਸ਼ੀਲ ਸੁਸਾਇਟੀ ਦੇ ਬੁਲਾਰੇ ਸ੍ਰੀ ਰਾਮ ਸਿੰਘ ਬੰਗ ਅਤੇ ਰਮਣੀਕ ਸਿੰਘ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਜੇ ਕਰ ਕੋਈ ਇਹ ਸਿੱਧ ਕਰ ਦੇਵੇ ਕਿ ਇਸ ਨਿੰਮ ਦਾ ਪਾਣੀ ਸਾਰੀਆਂ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ ਤਾਂ ਸੁਸਾਇਟੀ ਉਸ ਨੂੰ ਪੰਜ ਲੱਖ ਦਾ ਇਨਾਮ ਦੇਣ ਨੂੰ ਤਿਆਰ ਹੈ. ਉਹਨਾਂ ਵੀ ਕਿਹਾ ਕਿ ਕੁੱਝ ਲੋਕ ਇਸ ਪ੍ਰਕਿਆ ਦਾ ਲਾਹਾ ਲੈਣ ਲਈ ਝੂਠਾ ਪ੍ਰਚਾਰ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਇਸ ਚਮਤਕਾਰੀ ਪਾਣੀ ਨਾਲ ਬਹੁਤ ਸਾਰੇ ਮਰੀਜ਼ ਠੀਕ ਹੋ ਚੁੱਕੇ ਹਨ. ਲੋਕਾਂ ਨੂੰ ਇਸ ਗੈਰ-ਵਿਗਿਆਨਕ ਪ੍ਰਚਾਰ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ. ਕਿਉਂਕਿ ਪਹਿਲਾਂ ਬਨੂੜ ਨੇੜੇ ਸਲੇਮ ਪੁਰ ਵਿਖੇ 2005 ਵਿੱਚ ਜੋ ਨਿੰਮ ਦਾ ਪਵਿੱਤਰ-ਪਾਣੀ ਚਰਚਾ ਵਿੱਚ ਆਇਆ ਸੀ,ਨੂੰ ਵੀ ਤਰਕਸ਼ੀਲ ਸੁਸਾਇਟੀ ਅਤੇ ਬਹੁਤ ਸਾਰੇ ਵਿਗਿਆਨੀਆਂ ਨੇ ਨਕਾਰਾ ਸਿੱਧ ਕੀਤਾ ਸੀ. ਇਸ ਦੇ ਇਲਾਵਾ ਇਸ ਤਰਾਂ ਦੇ ਵਰਤਾਰੇ ਬਾਰੇ ਪ੍ਰਚਾਰ ਕਈ ਸਾਲ ਪਹਿਲਾਂ ਵੀ ਹਰਿਆਣੇ ਦੇ ਪਿੰਡ ਹਾਂਸਪੁਰ,ਜਿਲਾ ਸੰਗਰੂਰ ਦੇ ਪਿੰਡ ਗਗੜਪੁਰ ਅਤੇ ਫਾਜਿਲਕਾ ਵਿਖੇ ਹੋਏ ਜੋ ਪੂਰੀ ਤਰ੍ਹਾਂ ਗਲਤ ਸਿੱਧ ਹੋ ਚੁੱਕੇ ਹਨ.

No comments:

Post a Comment

समाचार

Total Pageviews