ਕੀ ਹਨ ਸੂਰਜੀ ਧੱਬੇ?
![]() |
sunspot |
ਪਿਛਲੇ2-3
ਸਾਲ ਤੋਂ 2012 ਦੀ ਬੜੀ ਚਰਚਾ ਚੱਲਦੀ ਆ ਰਹੀ
ਹੈ.ਇਸ ਵਿਸ਼ੇ ਉੱਪਰ ਫ਼ਿਲਮਾਂ ਵਾਲਿਆਂ ਨੇ ਫ਼ਿਲਮ ਵੀ ਬਣਾ ਦਿੱਤੀ ਹੈ.
ਮੀਡੀਏ ਨੇ ਇਸ ਗੈਰ ਵਿਗਿਆਨਕ ਵਿਚਾਰ ਨੂੰ ਬਹੁਤ ਅਹਿਮੀਅਤ ਦਿੱਤੀ ਹੈ. ਇਹ ਖ਼ਬਰ ਲੱਗ- ਭਗ ਦੋ ਸਾਲਾਂ
ਤੋਂ ਚਰਚਾ ਵਿੱਚ ਹੈ. ਪਿੱਛੇ ਜਿਹੇ ਨਾਸਾ ਨੇ ਇਸ ਵਿਚਾਰ ਨਾਲ ਸਬੰਧਿਤ ਦਲੀਲਾਂ ਨੂੰ ਰੱਦ ਕੀਤਾ ਸੀ, ਪਰ ਇਸ ਖ਼ਬਰ ਨੂੰ ਖ਼ਾਸ ਅਹਿਮੀਅਤ ਨਹੀਂ ਦਿੱਤੀ. ਕਿਹਾ ਗਿਆ ਹੈ ਕਿ 21 ਦਿਸੰਬਰ 2012 ਨੂੰ ਹੋਣ ਵਾਲੀ ਤਬਾਹੀ ਵਿੱਚ
ਸੂਰਜੀ ਧੱਬਿਆਂ ਦਾ ਵੀ ਅਹਿਮ ਰੋਲ ਹੋਵੇਗਾ ਜਿਹੜੇ ਕਿ 2012 ਨੂੰ ਚਰਮ ਸੀਮਾ ਤੇ ਹੋਣਗੇ. ਇਹ ਸੂਰਜੀ ਧੱਬੇ ਕੀ ਹਨ? ਇਸ ਹਥਲੀ ਲਿਖਤ ਰਾਹੀਂ ਸੂਰਜੀ ਧੱਬਿਆਂ ਦੀ
ਬਣਤਰ ਅਤੇ ਇਹਨਾਂ ਦੇ ਧਰਤੀ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਆਪਾਂ ਜਾਨਣ ਦੀ ਕੋਸ਼ਿਸ਼ ਕਰਾਂਗੇ.
ਸਾਡਾ ਸੂਰਜ ਸਾਡੀ ਧਰਤੀ ਦੀ ਤਰ੍ਹਾਂ
ਠੋਸ ਨਹੀਂ ਸਗੋਂ ਇਹ ਪਲਾਜ਼ਮਾ ਦੀ ਸਥਿਤੀ ਵਿੱਚ ਹੈ. ਮਾਦੇ ਦੀਆਂ ਤਿੰਨ ਹਾਲਤਾਂ ਗੈਸ, ਤਰਲ ਅਤੇ ਠੋਸ ਬਾਰੇ ਤਾਂ ਆਮ ਜਾਣਦੇ ਹਾਂ. ਪਰ ਤਰਲ ਅਤੇ ਠੋਸ ਵਿਚਕਾਰਲੀ
ਹਾਲਤ ਦੇ ਪਿਘਲੇ ਹੋਏ ਮਾਦੇ ਨੂੰ ਪਲਾਜ਼ਮਾ ਕਹਿੰਦੇ ਹਨ. ਸੂਰਜ ਦੇ ਅੰਦਰਲਾ ਜਾਂ ਕੋਰ ਦਾ ਤਾਪਮਾਨ
ਲਗਭਗ 1.5 ਕਰੋੜ ਦਰਜੇ ਸੈਂਟੀਗਰੇਡ ਹੈ. ਸੂਰਜ ਦੇ ਤਲ
ਉੱਤੇ 6000 ਦਰਜੇ ਸੈਂਟੀਗਰੇਡ ਤੱਕ ਗਰਮੀ ਹੈ. ਪਰ ਕਈ
ਵਾਰ ਸਤਹ ਉੱਪਰ ਕੁੱਝ ਥਾਂਵਾਂ ਤੇ ਤਾਪਮਾਨ ਅਚਾਨਕ ਘੱਟ ਕੇ 5000
ਤੋਂ 4000 ਦਰਜੇ ਤੱਕ ਆ ਜਾਂਦਾ ਹੈ. ਤਾਪਮਾਨ ਵਿੱਚ ਆਈ
ਤਬਦੀਲੀ ਕਾਰਣ ਇਹ ਥਾਂਵਾਂ ਧੱਬਿਆਂ ਦੇ ਰੂਪ ਵਿੱਚ ਨਜ਼ਰ ਆਉਂਦੀਆਂ ਹਨ.
ਸੂਰਜੀ ਧੱਬਿਆਂ ਬਾਰੇ ਪਹਿਲੀ
ਜਾਣਕਾਰੀ ਚੀਨੀ ਇਤਿਹਾਸ ਵਿੱਚ ਈਸਾ ਤੋਂ 28 ਵਰ੍ਹੇ ਪਹਿਲਾਂ ਦੀ ਮਿਲਦੀ ਹੈ.
ਚੀਨੀ ਵਿਦਵਾਨਾਂ ਨੇ ਇਹਨਾਂ ਨੂੰ ਸੂਰਜ ਦੇ ਆਕਾਰ ਉੱਤੇ ਦਿੱਸਦੀਆਂ ਪੰਛੀਆਂ ਦੀਆਂ ਡਾਰਾਂ ਦੱਸਿਆ.
ਫਿਰ ਲੰਬੇ ਸਮੇਂ ਬਾਅਦ 1129 ਈ: ਵਿੱਚ ਜਾਹਨ ਆਫ ਬੋਰਸੇਸਟਰ, ਇੰਗਲੈਂਡ ਨੇ ਧੱਬਿਆਂ ਸਬੰਧੀ ਜਾਣਕਾਰੀ
ਪ੍ਰਾਪਤ ਕੀਤੀ. ਰੂਸ ਵਿੱਚ ਸਾਲ 1371 ਦੀ ਨਿਕਨ ਦੀ ਲਿਖਤ ਵਿੱਚ ਦਰਜ਼
ਹੈ: ‘ਗਰਮੀ ਦੀ ਉਸੇ ਹੀ ਰੁੱਤ ਵਿੱਚ ਸੂਰਜ ਵਿੱਚ ਨਿਸ਼ਾਨ ਦਿੱਸਿਆ,ਧੱਬੇ, ਜੋ ਸੂਰਜ ਉੱਤੇ ਕਿੱਲਾਂ ਵਾਂਗ
ਉੱਭਰੇ ਕਾਲੇ ਦਿਖਾਈ ਦੇ ਰਹੇ ਸਨ...’ ਉਸ ਸਮੇਂ ਅਜੇ ਦੂਰਬੀਨ ਦੀ ਖੋਜ
ਨਹੀਂ ਹੋਈ ਸੀ. ਸਿਰਫ਼ ਨੰਗੀ ਅੱਖ ਜਾਂ ਹੋਰ ਸਾਧਾਰਣ ਸਾਧਨਾਂ ਨਾਲ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ
ਸੀ.
17ਵੀਂ ਸਦੀ ਵਿੱਚ 1610-1161 ਈ: ਵਿੱਚ ਥਾਮਸ ਹੈਰਿਅਟ ਇੰਗਲੈਂਡ ਅਤੇ ਫਰੀਜਿਅਨ ਖਗੋਲ ਵਿਗਿਆਨੀ
ਜੋਹਿਨਿਸ ਅਤੇ ਡੇਵਿਡ ਫੈਬਰਿਸਿਆਨ ਨੇ ਇਸ ਉਪਰ ਮਹੱਤਵਪੂਰਨ ਕੰਮ ਕੀਤਾ. ਈਸਵੀ 1612 ਵਿੱਚ ਮਹਾਨ ਵਿਗਿਆਨੀ ਗਲੀਲੀਓ ਨੇ ਦੂਰਬੀਨ ਦੀ ਖੋਜ ਤੋਂ ਬਾਅਦ ਸਹੀ
ਤਸਵੀਰ ਸਾਹਮਣੇ ਰੱਖੀ. ਉਸ ਨੇ ਇਹਨਾਂ ਧੱਬਿਆਂ ਨੂੰ ਧਿਆਨ ਪੂਰਵਕ ਲਗਾਤਾਰ ਦੋ ਸਾਲ ਘੋਖਿਆ ਤੇ ਇਸ
ਸਿੱਟੇ ਤੇ ਪੁੱਜਿਆ ਕਿ ਧੱਬੇ ਸੂਰਜ ਦੇ ਤਲ ਉੱਤੇ ਸੱਚਮੁੱਚ ਦੀ ਸ਼ੈਅ (ਉਸ ਤੋਂ ਪਹਿਲਾਂ ਇਹ ਵੀ
ਪ੍ਰਚਲਤ ਸੀ ਕਿ ਇਹ ਧੱਬੇ ਉਹ ਪਰਛਾਵਾਂ ਹਨ, ਜੋ ਬੁੱਧ ਗ੍ਰਹਿ ਦੇ ਉਸ ਸਮੇਂ
ਪੈਂਦਾ ਹੁੰਦੇ ਹਨ,ਜਦੋਂ ਉਹ ਸੂਰਜ ਸਾਹਮਣਿਉਂ ਲੰਘਦਾ ਹੈ) ਹਨ, ਜਿਥੇ ਕਿ ਉਹ ਲਗਾਤਾਰ ਪ੍ਰਗਟ ਹੁੰਦੇ ਹਨ ਅਤੇ ਅਲੋਪ ਹੁੰਦੇ ਹਨ. ਜਿਹਨਾਂ
ਵਿੱਚੋਂ ਕੁਝ ਥੋੜਾ ਸਮਾਂ ਰਹਿੰਦੇ ਹਨ ਅਤੇ ਕੁਝ ਜਿਆਦਾ ਸਮਾਂ. ਉਸ ਨੇ ਹਰ ਧੱਬੇ ਦੀ ਖੱਬਿਓਂ ਸੱਜੇ
ਲਗਾਤਾਰ ਗਤੀ ਨੂੰ ਦੇਖਿਆ. ਕੁਝ ਧੱਬੇ ਨਜ਼ਰ ਤੋਂ ਅਲੋਪ ਹੋ ਜਾਂਦੇ ਹਨ ਅਤੇ ਫਿਰ 27 ਦਿਨਾਂ ਬਾਅਦ ਦੂਜੇ ਪਾਸੇ ਦਿਖਾਈ ਦਿੰਦੇ. ਇਹ ਇਸ ਗੱਲ ਦਾ ਸੂਚਕ ਹਨ ਕਿ
ਸੂਰਜ ਘੁੰਮਦਾ ਹੈ ਅਤੇ ਇਹ 27 ਦਿਨਾਂ ਵਿੱਚ ਆਪਣੇ ਧੁਰੇ ਦਾ
ਚੱਕਰ ਲਗਾਉਂਦਾ ਹੈ.
ਜਰਮਨ ਦੇ ਖਗੋਲ ਵਿਗਿਆਨੀ
ਸੈਮੁਅਲ ਹੀਅਨਰਿਚ ਸਕਵਾਬੇ 1789-1875 ਨੇ ਆਪਣੀ ਦੂਰਬੀਨ ਸੂਰਜ ਵੱਲ
ਸੇਧਤ ਕੀਤੀ. ਇਸ ਵਿਗਿਆਨੀ ਬਾਰੇ ਉਸ ਦੇ ਸ਼ਹਿਰ ਦੇ ਵਾਸੀਆਂ ਦਾ ਕਹਿਣਾ ਸੀ: ‘ਸੂਰਜ ਕਦੇ ਵੀ
ਸਕਵਾਬੇ ਅਤੇ ਉਸ ਦੀ ਦੂਰਬੀਨ ਦੇ ਸਨਮੁਖ ਹੋਏ ਬਿਨਾਂ ਨਹੀਂ ਚੜ੍ਹਿਆ.’ ਲਗਾਤਾਰ ਤੀਹ ਸਾਲ ਤੋਂ ਵੱਧ ਸਮਾਂ, ਬਿਨਾਂ
ਨਾਗਾ ਹਰ ਰੋਜ਼ ਸਕਵਾਬੇ ਆਪਣੀ ਦੂਰਬੀਨ ਨਾਲ ਸੂਰਜ ਨੂੰ ਦੇਖਦਾ ਅਤੇ ਉਹਨਾਂ ਧੱਬਿਆ ਦੇ ਚਿੱਤਰ
ਉਲੀਕਦਾ ਰਹਿੰਦਾ, ਜਿਹੜੇ ਉਹਨੂੰ ਸੂਰਜ ਦੇ ਤਲ ਉੱਪਰ ਦਿਖਾਈ
ਦਿੰਦੇ. ਉਸ ਨੇ ਇਹ ਦੇਖਿਆ ਕਿ ਸੂਰਜੀ ਧੱਬੇ 11 ਸਾਲਾਂ ਦੇ ਸਮੇਂ ਵਿੱਚ ਬੜੇ ਸਰਗਰਮ
ਰੂਪ ਵਿੱਚ ਦਿਖਾਈ ਦਿੰਦੇ ਤੇ ਅਲੋਪ ਹੁੰਦੇ ਹਨ. ਪਿਛੋਂ ਸਵਿਸ ਤਾਰਾ ਵਿਗਿਆਨੀ ਜੋਹਾਨ ਰੁਡੋਲਫ
ਵੋਲਫ 1816-1893 ਨੇ ਗਣਨਾ ਕਰਕੇ ਦੱਸਿਆ ਕਿ ਇਹ
ਸਮਾਂ 11.1 ਵਰ੍ਹਿਆਂ ਦਾ ਹੁੰਦਾ ਹੈ. ਇਸ ਨੂੰ 11 ਸਾਲਾ ਸੂਰਜੀ ਚੱਕਰ ਕਿਹਾ ਜਾਂਦਾ ਹੈ.
ਖਗੋਲ ਵਿਗਿਆਨੀਆਂ ਦੇ
ਦੱਸਣ ਮੁਤਾਬਿਕ ਜਦ ਤੋਂ ਵਿਗਿਆਨੀਆਂ ਨੇ ਸੂਰਜੀ ਧੱਬਿਆਂ ਦਾ ਰਿਕਾਰਡ ਰੱਖਣਾ ਸ਼ੁਰੂ ਕੀਤਾ ਭਾਵ
ਪਹਿਲੇ ਸੂਰਜੀ ਚੱਕਰ ਤੋਂ ਲੈ ਕੇ ਹੁਣ ਤੱਕ 23 ਸੂਰਜੀ ਚੱਕਰ ਲੰਘ ਚੁੱਕੇ ਹਨ ਅਤੇ
4 ਜਨਵਰੀ 2008 ਤੋਂ 24ਵਾਂ ਸੂਰਜੀ ਚੱਕਰ ਸ਼ੁਰੂ ਹੈ. ਯਾਦ ਰਹੇ ਪਹਿਲਾ ਸੂਰਜੀ ਚੱਕਰ ਮਾਰਚ 1755 ਤੋਂ ਸ਼ੁਰੂ ਹੋ ਕੇ ਜੂਨ 1766 ਪੂਰਾ ਹੋਇਆ ਸੀ. ਇਹ ਸੂਰਜੀ ਚੱਕਰ
1760 ਈ: ਨੂੰ ਪੂਰੀ ਸਰਗਰਮੀ ਤੇ ਸੀ. ਹੁਣ 24ਵਾਂ ਸੂਰਜੀ ਚੱਕਰ ਸਰਗਰਮ ਹੋ ਰਿਹਾ ਹੈ. ਇਹ ਅੱਜ ਕੱਲ੍ਹ ਆਪਣੇ ਸਿੱਖਰ ਤੇ ਪੁੱਜ ਗਿਆ ਹੈ. ਸੂਰਜੀ ਧੱਬੇ ਦਰਅਸਲ
ਸੂਰਜੀ ਤਲ ਫੋਟੋਸਫੀਅਰ ਉੱਪਰ ਹੋਣ ਵਾਲੀਆਂ ਉੱਚ ਚੁੰਬਕੀ ਗਤੀਵਿਧੀਆਂ ਹਨ. ਇਹ ਧੱਬੇ ਜੋੜਿਆਂ ਦੇ
ਰੂਪ ਹੁੰਦੇ ਹਨ, ਇਹਨਾਂ ਵਿੱਚ ਵਿਰੋਧੀ ਚੁੰਬਕੀ ਧਰੁਵਤਾ
ਹੁੰਦੀ ਹੈ. ਸੂਰਜੀ ਧੱਬਿਆਂ ਦਾ ਜੋੜਾ ਸੂਰਜ ਅੰਦਰ ਛੁਪੇ ਹੋਏ ਕਿਸੇ ‘U’
ਆਕਾਰੀ ਚੁੰਬਕ ਦੇ
ਸਿਰਿਆਂ ਵਾਂਗ ਹੁੰਦਾ ਹੈ. ਇੱਕ ਧੱਬੇ ਉਪਰ ਉੱਤਰੀ ਧਰੁਵ ਤੇ ਦੂਜੇ ਉਪਰ ਦੱਖਣੀ ਧਰੁਵ ਹੁੰਦਾ ਹੈ.
ਸੂਰਜੀ ਧੱਬਿਆਂ ਦੇ ਪ੍ਰਗਟ ਤੇ ਅਲੋਪ ਦੀ
ਕਿਰਿਆ ਨੂੰ ਸਮਝਣ ਵਾਸਤੇ ਖਗੋਲ ਵਿਗਿਆਨੀਆਂ ਨੇ ਦੋ ਮਾਡਲ ਪੇਸ਼ ਕੀਤੇ ਹਨ. ਜਿਆਦਾ ਮਾਨਤਾ ਕਨਵੇਅਰ
ਬੈਲਟ ਨੂੰ ਮਿਲਦੀ ਹੈ. ਇਸ ਮੁਤਾਬਿਕ ਸੂਰਜ ਦੇ ਨਿਮਨ ਅਕਸਾਂਸ਼ਾਂ / ਮੱਧਵਰਤੀ ਹਿੱਸਿਆਂ ਤੋਂ
ਚੁੰਬਕੀ ਗਤੀਵਿਧੀਆਂ ਪ੍ਰਗਟ ਹੁੰਦੀਆਂ ਹਨ ਅਤੇ ਘੁੰਮਦੀ ਹੋਈ ਪੱਟੀ ਦੀ ਤਰ੍ਹਾਂ ਇਕ ਨਿਸ਼ਚਤ ਗਤੀ
ਵਿੱਚ ਸੂਰਜ ਦੇ ਉੱਚ ਅਕਸ਼ਾਂਸ਼-ਧਰੁਵਾਂ ਵੱਲ ਵਧਦੀਆਂ ਹਨ ਅਤੇ ਫਿਰ ਧੱਬੇ ਪ੍ਰਗਟ ਹੋਣੇ ਸ਼ੁਰੂ ਹੋ
ਜਾਂਦੇ ਹਨ. ਜਦ ਨਵਾਂ ਸੂਰਜੀ ਚੱਕਰ ਸ਼ੁਰੂ ਹੁੰਦਾ ਹੈ ਤਾਂ ਧੱਬੇ ਲਗਭਗ 30 ਦਰਜੇ ਤੋਂ 35 ਦਰਜੇ ਅਕਸ਼ਾਂਸ਼ ਵਿੱਚ ਬਣਨੇ ਸ਼ੁਰੂ
ਹੁੰਦੇ ਹਨ. ਸਮੇਂ ਦੇ ਬੀਤਣ ਨਾਲ ਸੂਰਜੀ ਧੱਬਿਆਂ ਦੀ ਗਿਣਤੀ ਵਧਦੀ ਜਾਂਦੀ ਹੈ ਤੇ ਉਹ ਮੱਧ ਰੇਖਾ
ਦੇ ਵਧੇਰੇ ਨੇੜੇ ਦਿਖਾਈ ਦੇਣ ਲਗਦੇ ਹਨ. ਇਸ ਸੂਰਜੀ ਸਰਗਰਮੀ ਦੇ ਸਿਖਰ ਸਮੇਂ 15 ਦਰਜੇ ਤੋਂ 20 ਦਰਜੇ ਦੇ ਨੇੜੇ ਧੱਬੇ ਦਿਸਦੇ ਹਨ
ਤੇ ਚੱਕਰ ਦੇ ਅੰਤ ਤੱਕ ਇਹ ਮੱਧ ਰੇਖਾ ਦੇ ਕਾਫੀ ਨੇੜੇ ਪ੍ਰਗਟ ਹੁੰਦੇ ਹਨ. ਸੂਰਜ ਦੇ ਧਰੁਵਾਂ ਉੱਤੇ
ਜਾਂ ਇਸ ਦੀ ਮੱਧ ਰੇਖਾ ਉੱਤੇ ਇਹ ਸੂਰਜੀ ਧੱਬੇ ਪੈਦਾ ਨਹੀਂ ਹੁੰਦੇ. ਇਹ ਸਿਰਫ਼ 35 ਦਰਜੇ ਤੋਂ 05 ਦਰਜੇ ਵਿਚਕਾਰਲੇ ਅਕਸ਼ਾਂਸਾਂ ਵਿੱਚ
ਦਿਖਾਈ ਦਿੰਦੇ ਹਨ. ਜਦ ਕਿ ਬੈਲੂਨ ਮਾਡਲ ਇਹ ਕਹਿੰਦਾ ਹੈ ਕਿ ਕਿਵੇਂ ਸੂਰਜੀ ਸਤਹ ਤੋਂ ਲਗਭਗ 2 ਲੱਖ ਕਿਲੋ ਮੀਟਰ ਸੂਰਜ ਦੇ ਧੁਰ ਅੰਦਰ ਚੁੰਬਕੀ ਗਤੀਵਿਧੀਆਂ ਸ਼ੁਰੂ
ਹੁੰਦੀਆਂ ਹਨ. ਇਹ ਹਲਚਲ ਬੁਲਬੁਲੇ ਦੀ ਤਰਾਂ ਉੱਠਦੀ ਹੋਈ ਸਤਹ ਦੇ ਉੱਪਰ ਆ ਜਾਂਦੀ ਹੈ ਅਤੇ ਕਾਫੀ
ਫੈਲ ਜਾਂਦੀ ਹੈ ਅਤੇ ਸੂਰਜੀ ਧੱਬੇ ਪੈਦਾ ਹੋ ਜਾਂਦੇ ਹਨ. ਸੂਰਜੀ ਧੱਬਿਆਂ ਦਾ ਆਕਾਰ ਲੱਖਾਂ ਵਰਗ
ਕਿਲੋਮੀਟਰ ਹੁੰਦਾ ਹੈ. ਜਿਸ ਕਾਰਣ ਇਹਨਾਂ ਨੂੰ ਦੂਰਬੀਨ ਦੀ ਮਦਦ ਤੋਂ ਬਿਨਾਂ ਵੀ ਦੇਖਿਆ ਜਾਂਦਾ
ਰਿਹਾ ਹੈ. ਪਰ ਕਈ ਆਕਾਰ ਵਿੱਚ ਛੋਟੇ ਵੀ ਹੁੰਦੇ ਹਨ.
ਸੂਰਜ ਦੀ ਚਮਕੀਲੀ ਸਤਹ ਜੋ
ਸਾਨੂੰ ਦਿਖਾਈ ਦਿੰਦੀ ਹੈ, ਉਸ ਨੂੰ ਫ਼ੋਟੋਸਫੀਅਰ ਕਿਹਾ ਜਾਂਦਾ
ਹੈ. ਸੂਰਜੀ ਧੱਬਿਆਂ ਦੀਆਂ ਸਰਗਰਮੀਆਂ ਦਾ ਇਹੋ ਹਿੱਸਾ ਹੈ. ਸੂਰਜੀ ਧੱਬਿਆਂ ਦਾ ਕੇਂਦਰੀ ਭਾਗ ਜੋ
ਕਿ ਸੰਘਣਾ ਹੁੰਦਾ ਹੈ,ਨੂੰ ਅੰਬਰਾ ਕਿਹਾ ਜਾਂਦਾ ਹੈ. ਇਸ ਦੇ ਇਰਦ
ਗਿਰਦ ਦਾ ਭਾਗ ਜੋ ਕਿ ਘੱਟ ਸੰਘਣਾ ਹੈ ਪੈਂਨਬਰਾ ਅਖਵਾਉਂਦਾ ਹੈ. ਸੂਰਜੀ ਧੱਬਿਆਂ ਦੇ ਆਸ ਪਾਸ ਦੀ
ਸਤਹ ਇਸ ਕਾਲੇ ਧੱਬਿਆਂ ਕਾਰਣ ਹੋਰ ਵੱਧ ਚਮਕੀਲੀ ਹੋ ਉੱਠਦੀ ਹੈ. ਇਸ ਸਤਹ ਵਿੱਚ ਕੁਝ ਭਾਗ ਅਜਿਹੇ
ਹੁੰਦੇ ਹਨ ਜਿਹੜੇ ਬਹੁਤ ਜਿਆਦਾ ਚਮਕੀਲੇ ਹੋਣ ਕਾਰਣ ਸਫ਼ੈਦ ਰੰਗ ਦੇ ਦਿਖਾਈ ਦਿੰਦੇ ਹਨ, ਇਹਨਾਂ ਨੂੰ ਫੈਕੂਲਾ ਕਿਹਾ ਜਾਂਦਾ ਹੈ. ਇਹਨਾਂ ਨੂੰ ਧੱਬਿਆਂ ਦੇ ਸਥਾਈ ਉਪ ਗ੍ਰਹਿ ਵੀ ਕਿਹਾ
ਜਾਂਦਾ ਹੈ. ਇਹ ਲਿਸ਼ਕਦੇ ਗਤੀਸ਼ੀਲ ਆਕਾਰ ਸੰਬੰਧਿਤ ਧੱਬੇ ਤੋਂ ਕੁੱਝ ਸਮਾਂ ਪਹਿਲਾਂ ਹੀ ਪ੍ਰਗਟ ਹੋ
ਜਾਂਦੇ ਹਨ ਅਤੇ ਧੱਬੇ ਦੇ ਅਲੋਪ ਹੋਣ ਪਿਛੋਂ ਵੀ ਕਾਇਮ ਰਹਿੰਦੇ ਹਨ. ਲੰਬੀ ਉਮਰ ਵਾਲੇ ਫੈਕੂਲਾ ਕਈ
ਵਾਰ ਲਗਭਗ ਇੱਕ ਸਾਲ ਤੱਕ ਕਾਇਮ ਰਹਿੰਦੇ ਹਨ, ਜਦ ਕਿ ਧੱਬਾ ਕਦੀ ਕਦਾਈਂ ਹੀ 27 ਦਿਨਾਂ ਦੇ ਚਾਰ ਪੰਜ ਸੂਰਜੀ-ਚੱਕਰਾਂ ਤੋਂ ਵੱਧ ਸਮੇਂ ਲਈ ਕਾਇਮ ਰਹਿੰਦਾ
ਹੈ. ਫੈਕੂਲਾ ਆਕਾਰ ਵਿੱਚ ਸੂਰਜੀ ਧੱਬਿਆਂ ਨਾਲੋਂ ਚਾਰ ਪੰਜ ਗੁਣਾਂ ਵੱਡਾ ਹੁੰਦਾ ਹੈ. ਕਈ ਵਾਰ
ਬਿਲਕੁਲ ਹੀ ਅਚਨਚੇਤ ਕਿਸੇ ਫੈਕੂਲਾ ਦਾ ਕੋਈ ਹਿੱਸਾ ਬਹੁਤ ਜਿਆਦਾ ਚਮਕਦਾਰ ਰੂਪ ਵਿੱਚ ਜਗ ਪੈਂਦਾ
ਹੈ. ਇਸ ਨੂੰ ਸੂਰਜੀ ਭਾਂਬੜ ਕਿਹਾ ਜਾਂਦਾ ਹੈ. ਇਹ ਭਾਂਬੜ ਜਾਂ ਲਾਟਾਂ ਲੱਖਾਂ ਕਿਲੋਮੀਟਰ ਦੀ
ਲੰਬਾਈ ਤੱਕ ਪੁਲਾੜ ਵਿੱਚ ਫੈਲ ਜਾਂਦੀਆਂ ਹਨ. ਭਾਰਤ ਵਿੱਚ ਹੀ ਉਦੇ ਪੁਰ ਦੀ ਨੀਝ-ਸਾਲਾ ਦੇ ਕੋਲ 70000 ਕਿਲੋਮੀਟਰ ਦੀ ਉਚਾਈ ਤੱਕ ਦਾ ਚਿੱਤਰ ਇਸ ਗੱਲ ਦਾ ਪ੍ਰਮਾਣ ਹੈ.
ਇਹਨਾਂ ਸੂਰਜੀ ਧੱਬਿਆਂ ਤੇ
ਲਪਟਾਂ ਕਾਰਣ, ਜਿਸ ਵਿੱਚ ਚੁੰਬਕੀ ਗਤੀਵਿਧੀਆਂ ਮੁੱਖ
ਹੁੰਦੀਆਂ ਹਨ, ਦੇ ਪੈਦਾ ਹੋਣ ਤੋਂ ਇੱਕ ਜਾਂ ਦੋ ਦਿਨ ਬਾਅਦ
ਧਰਤੀ ਉਪਰ ਪਏ ਚੁੰਬਕੀ ਗੜਬੜਾਂ ਦੇ ਕਰਣ ਧਰਤੀ ਦੇ ਜਨ ਜੀਵਨ ਉੱਪਰ ਵੀ ਪ੍ਰਭਾਵ ਪੈਂਦਾ ਹੈ. ਇਹ ਪ੍ਰਭਾਵ
ਮੁੱਖ ਤੌਰ ਤੇ ਰੇਡੀਓ ਸਿਗਨਲਾਂ ਉੱਪਰ ਪੈਂਦਾ ਹੈ. ਉਦਾਹਰਣ ਦੇ ਤੌਰ ਤੇ 13 ਮਈ 1921 ਨੂੰ ਸੂਰਜੀ ਧੱਬਿਆਂ ਦੀ ਮੌਜੂਦਗੀ
ਸਮੇਂ ਤਾਰ ਭੇਜਣਾ ਮੁਸਕਲ ਹੋ ਗਿਆ ਸੀ. ਇਸੇ ਤਰ੍ਹਾਂ ਦੂਜੀ ਸੰਸਾਰ ਜੰਗ ਸਮੇਂ 28 ਫਰਵਰੀ 1942 ਨੂੰ ਇੰਗਲੈਂਡ ਦੀਆਂ ਰਾਡਾਰ
ਸੇਵਾਵਾਂ ਵਿੱਚ ਵਿਘਨ ਪਿਆ. ਪਹਿਲਾਂ ਤਾਂ ਇਸ ਨੂੰ ਦੁਸਮਣ ਫ਼ੌਜ ਦਾ ਹੱਥ ਕੰਡਾ ਸਮਝਿਆ ਗਿਆ. ਪਰ
ਪੜਤਾਲ ਸਮੇਂ ਜੋ ਸਾਹਮਣੇ ਆਇਆ, ਉਹ ਇਹ ਸੀ ਕਿ ਸੂਰਜੀ ਸਰਗਰਮੀਆਂ ਨੇ ਰਾਡਾਰ ਦੇ ਕੰਮ ਵਿੱਚ ਵਿਘਨ
ਪਾਇਆ ਸੀ. ਉਸ ਦਿਨ ਸੂਰਜ ਦੀ ਟਿੱਕੀ ਉੱਪਰ ਵਿਸ਼ਾਲ ਸੂਰਜੀ ਧੱਬਾ ਦਿਖਾਈ ਦਿੱਤਾ ਅਤੇ ਇੱਕ ਭਾਂਬੜ
ਭੜ੍ਹਕਿਆ ਜੋ ਲਗਭਗ ਤਿੰਨ ਘੰਟੇ ਰਿਹਾ. ਇਸ ਦਾ ਪ੍ਰਤੀਕਰਮ ਧਰਤੀ ਉੱਪਰ ਰੇਡੀਓ ਵਿਘਨ ਦੇ ਰੂਪ ਵਿੱਚ
ਵਾਪਰਿਆ. ਹੁਣ ਦੇ ਸਮੇਂ ਪੈਣ ਵਾਲੇ ਪ੍ਰਭਾਵਾਂ ਬਾਰੇ 24ਵੇਂ ਸੂਰਜੀ ਚੱਕਰ ਦੇ ਸ਼ੁਰੂਅਤੀ
ਸਮੇਂ 10 ਜਨਵਰੀ 2008 ਨੂੰ ਨਾਸਾ ਨੇ ਆਪਣੀ ਵੈਬ ਸਾਈਟ ਰਾਹੀਂ ਸੂਚਿਤ ਕਰ ਦਿੱਤਾ ਸੀ. ਜਿਸ ਵਿੱਚ
ਮੁੱਖ ਤੌਰ ਤੇ ਹਵਾਈ ਯਾਤਰਾਵਾਂ ਵਿੱਚ ਵਿਘਨ, ਖ਼ਾਸ ਤੌਰ ਤੇ ਧਰਤੀ ਦੇ ਉੱਤਰੀ ਤੇ
ਦੱਖਣੀ ਧਰੁਵਾਂ ਦੇ ਉੱਪਰੋਂ ਲੰਘਣ ਵਾਲੇ ਹਵਾਈ ਮਾਰਗ ਜਿਆਦਾ ਪ੍ਰਭਾਵਤ ਹੋ ਸਕਦੇ ਹਨ. ਬਣਾਉਟੀ ਉਪ
ਗ੍ਰਹਿ ਸੰਚਾਰ ਪ੍ਰਣਾਲੀ ਅਤੇ ਪੁਲਾੜੀ ਯਾਤਰਾਵਾਂ ਤੇ ਅਸਰ ਪੈਣ ਦੇ ਨਾਲ ਨਾਲ ਪੁਲਾੜ ਵਿੱਚ ਕੰਮ
ਕਰਨ ਵਾਲੇ ਸਾਇੰਸਦਾਨਾਂ ਉੱਪਰ ਵਿਕਿਰਣ ਜੋਖਿਮ ਵਧ ਜਾਂਦਾ ਹੈ. ਵਿਗਿਆਨੀ ਇਹਨਾਂ ਧੱਬਿਆਂ ਤੇ ਹੋਰ
ਅਜਿਹੀਆਂ ਸਰਗਰਮੀਆਂ ਉੱਪਰ ਹਿਨੋਡ ਜਿਹੇ ਬਨਾਵਟੀ ਉਪਗ੍ਰਹਿਆਂ ਨਾਲ ਨਜ਼ਰ ਰੱਖ ਰਹੇ ਹਨ, ਤਾਂ ਕਿ ਸਮਾਂ ਰਹਿੰਦੇ ਹੀ ਸੰਚਾਰੀ ਉੱਪਗ੍ਰਹਿਆਂ ਦੀਆਂ ਸੰਵੇਦਨਸ਼ੀਲ
ਇਕਾਈਆਂ ਦੇ ਸਵਿੱਚ ਬੰਦ ਕਰਕੇ ਕਿਸੇ ਸੰਭਾਵਿਤ ਨੁਕਸਾਨ ਤੋਂ ਬਚਿਆ ਜਾ ਸਕੇ.
ਇਸ ਤੋਂ ਇਲਾਵਾ ਰੇਡੀਓ ਸਿਗਨਲ, ਮੋਬਾਇਲ ਫੋਨ ਅਤੇ ਏ ਟੀ ਐਮ ਦੁਆਰਾ ਬੈਂਕਾਂ ਵਿੱਚੋਂ ਰੁਪਏ ਕਢਾਉਣ ਦੀ ਪ੍ਰਕਿਰਿਆ
ਉੱਪਰ ਵਕਤੀ ਤੌਰ ਤੇ ਅਸਰ ਪੈ ਸਕਦਾ ਹੈ. ਇਸ ਤੋਂ ਬਿਨਾਂ ਇਹਨਾਂ ਧੱਬਿਆਂ ਦੇ ਪ੍ਰਗਟ ਹੋਣ ਸਮੇਂ
ਜੈਵਿਕ ਤੇ ਸਮਾਜਿਕ ਤਬਦੀਲੀਆਂ ਜਾਂ ਬੁਰੇ ਪ੍ਰਭਾਵਾਂ ਦੀ
ਕੋਈ ਉਦਾਹਰਣ ਸਾਹਮਣੇ ਨਹੀਂ ਆਈ. ਇਹ ਗੱਲ ਵੱਖਰੀ ਹੈ ਕਿ ਕਿਸੇ ਸਿਸਟਮ ਵਿੱਚ ਆਈ ਕਿਸੇ
ਖਰਾਬੀ ਜਾਂ ਹੋਰ ਵਧ ਰਹੀਆਂ ਸਮੱਸਿਆਵਾਂ ਵਾਸਤੇ ਇਹ ਇਕ ਬਹਾਨਾ ਜਰੂਰ ਹੋ ਸਕਦਾ ਹੈ. ਹੋਰ ਵਧੇਰੇ
ਤੇ ਨਵੀਨ ਜਾਣਕਾਰੀ ਵਾਸਤੇ ਨਾਸਾ ਦੀ ਸਾਈਟ ਤੇ ਜਾ ਸਕਦੇ ਹੋ.
ਹਵਾਲਾ 1 ਵਿਗਿਆਨ ਪ੍ਰਗਤੀ ਹਿੰਦੀ ਮੈਗਜੀਨ 2 ਸ਼ਾਂਤ ਸੂਰਜ ਕਿਤਾਬ ਤੇ ਇੰਟਰਨੈਟ.
No comments:
Post a Comment