Sunday, March 12, 2017

ਬਲਵਿੰਦਰ ਬਰਨਾਲਾ ਬਣੇ ‘ਫੀਰਾ’ ਦੇ ਮੁੜ ਕੌਮੀ ਜਨਰਲ ਸਕੱਤਰ


ਕੇਰਲਾ ਦੇ ਸ਼ਹਿਰ ਤਿਰਵੇਂਦਰਮ ’ਚ ਹੋਇਆ ਦੋ ਰੋਜ਼ਾ ਇਜ਼ਲਾਸ

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੌਮੀ ਤੇ ਕੌਮਾਂਤਰੀ ਤਾਲਮੇਲ ਵਿਭਾਗ ਮੁਖੀ ਬਲਵਿੰਦਰ ਬਰਨਾਲਾ ਸਮੁੱਚੇ ਦੇਸ਼ ਭਾਰਤ ਦੇ ਵੱਖ-ਵੱਖ ਰਾਜਾਂ 'ਚ ਵਿਗਿਆਨਕ ਵਿਚਾਰਧਾਰਾ ਦੇ ਪ੍ਰਸਾਰ ਹਿੱਤ ਕੰਮ ਕਰਦੀਆਂ 80 ਤੋਂ ਜਿਆਦਾ ਜਥੇਬੰਦੀਆਂ ’ਤੇ ਅਧਾਰਿਤ ਕੌਮੀ ਪੱਧਰ ਤੇ ਗਠਿਤ ਜਥੇਬੰਦੀ ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਐਸੋਸ਼ੀਏਸ਼ਨਜ਼ (ਫੀਰਾ) ਦੇ ਮੁੜ ਦੋ ਸਾਲਾਂ ਲਈ ਸਰਬਸੰਮਤੀ ਨਾਲ ਕੌਮੀ ਜਨਰਲ ਸਕੱਤਰ ਚੁਣੇ ਗਏ. ਇਸ ਤੋਂ ਇਲਾਵਾ ਪੰਜਾਬ ਤੋਂ ਪਟਿਆਲਾ ਵਾਸੀ ਹਰਚੰਦ ਸਿੰਘ ਭਿੰਡਰ ਖ਼ਜਾਨਚੀ ਵਜੋਂ ਅਤੇ ਡਾ. ਅਮਰਜੀਤ ਕੌਰ ਇਸਤਰੀ ਵਿੰਗ ਦੀ ਸਕੱਤਰ ਚੁਣੇ ਗਏ.
ਚੋਣ ਉਪਰੰਤ ਇੱਥੇ ਪੁੱਜੇ ਬਲਵਿੰਦਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਕੇਰਲਾ ਦੀ ਰਾਜਧਾਨੀ ‘ਤਿਰਵੇਂਦਰਮ’ ਵਿਖੇ ਬੀ.ਟੀ.ਆਰ. ਭਵਨ ਵਿਖੇ ਹੋਏ ਇਸ ਕੌਮੀ ਚੋਣ ਇਜ਼ਲਾਸ-ਕਮ-ਕਾਨਫਰੰਸ ਵਿੱਚ ਪੰਜਾਬ ਤੋਂ ਕੁੱਲ 42 ਡੈਲੀਗੇਟਸ/ਦਰਸ਼ਕਾਂ ਨੇ ਸ਼ਮੂਲੀਅਤ ਕੀਤੀ. ਦੋ ਸਾਲ ਦੇ ਵਕਫ਼ੇ ਉਪਰੰਤ ਹੋਈ ਇਸ ਕਾਨਫਰੰਸ ਦਾ ਪਹਿਲਾ ਸੈਸ਼ਨ 3 ਤਰਕਸ਼ੀਲ ਸ਼ਹੀਦਾਂ ਡਾ. ਨਰਿੰਦਰ ਦਬੋਲਕਰ, ਡਾ. ਐਮ.ਐਮ. ਕੁਲਬੁਰਗੀ ਅਤੇ ਕਾਮਰੇਡ ਗੋਬਿੰਦ ਪਨਸਾਰੇ ਨੂੰ ਸਰਧਾਂਜ਼ਲੀਆਂ ਭੇਂਟ ਕਰਨ ਉਪਰੰਤ ਆਰੰਭ ਹੋਇਆ. ਜਿਸ ਵਿੱਚ ‘ਭਾਰਤ ਵਿੱਚ ਵਧ ਰਹੀ ਅਸਹਿਣਸ਼ੀਲਤਾ’ ਵਿਸ਼ੇ ਉੱਪਰ ਆਪਣਾ ਪੇਪਰ ਪੜ੍ਹਦਿਆਂ ਉੜੀਸਾ ਦੇ ਡਾ. ਦਨੇਸ਼ਵਰ ਸਾਹੂ ਨੇ ਕਿਹਾ ਕਿ ਭਾਰਤ ਸਰਕਾਰੀ ਸ਼ਹਿ ਪ੍ਰਾਪਤ ਇੱਕ ਖਾਸ ਤਰ੍ਹਾਂ ਦੇ ਫਾਸ਼ਿਜਮ ਦੀ ਮਾਰ ਹੇਠ ਹੈ, ਜਿਸ ਦੀ ਜਮਹੂਰੀਅਤ ਅੰਦਰ ਕੋਈ ਥਾਂ ਨਹੀ ਹੁੰਦੀ. ਕਿਉਂਕਿ ਜਮਹੂਰੀਅਤ ਅੰਦਰ ਵਿਚਾਰਾਂ ਦੇ ਵਖਰੇਵਿਆਂ ਦਾ ਹੋਣਾ ਇੱਕ ਸੁਭਾਵਿਕ ਵਰਤਾਰਾ ਹੈ. ਦੂਸਰੇ ਸੈਸ਼ਨ ਵਿੱਚ ਬਲਵਿੰਦਰ ਬਰਨਾਲਾ ਵੱਲੋਂ ਪਿਛਲੇ ਕਾਰਜ਼ਕਾਲ ਦੌਰਾਨ ‘ਫੀਰਾ’ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ. ਜਿਸ ਸਬੰਧੀ ਡਾ. ਸੁਰੇਸ਼ ਘੋੜੇਰਾਓ, ਡਾ. ਈ.ਟੀ. ਰਾਓ, ਮੁਹੰਮਦ ਸਕੂਰ ਅਤੇ ਕੇਰਲਾ ਦੇ ਯੂ ਕਲਾਨਾਥਨ ਨੇ ਟਿੱਪਣੀਆਂ ਤੇ ਵਿਚਾਰ ਰੱਖੇ.
ਦੂਸਰੇ ਦਿਨ ਦੇ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਨਾਰਵੇ ਤੋਂ ਪੁੱਜੇ ਅੰਤਰਰਾਸ਼ਟਰੀ ਐਥੀਕਲ ਅਤੇ ਹਿਊਮਨਿਸਟ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਮਿਸਟਰ ਰਾਬਰਟ ਨੇ ਤਰਕਸ਼ੀਲਤਾ ਦੇ ਪ੍ਰਭਾਵ ਸਬੰਧੀ ਡਾਟਾਬੇਸ ਅਧਿਐਨ ਪੇਸ਼ ਕਰਦਿਆਂ ਸਾਬਤ ਕਰਨ ਦੀ ਭਰਪੂਰ ਕੋਸ਼ਿਸ ਕੀਤੀ ਕਿ ਮਾਨਵੀ ਸਮਾਜ ਦੇ ਗਿਣਨਯੋਗ ਹਿੱਸੇ ਅੰਦਰ ਦਲੀਲ ਭਾਰੂ ਹੋ ਰਹੀ ਹੈ. ਨਿਰੋਲ ਵਿਸ਼ਵਾਸ਼ ਅਧਾਰਿਤ ਧਾਰਨਾਵਾਂ 'ਤੇ ਬਾ-ਦਲੀਲ ਸੁਆਲ ਉੱਠ ਰਹੇ ਹਨ. ਉਨ੍ਹਾਂ ਦੱਸਿਆ ਕਿ ਨੀਦਰਲੈਂਡ, ਨਾਰਵੇ, ਸਵਿਟਜ਼ਰਲੈਂਡ, ਆਸਟਰੀਆ, ਡੈਨਮਾਰਕ, ਅਸਟ੍ਰੇਲੀਆ ਆਦਿ ਦੇਸ਼ ‘ਧਰਮ’ ਰਹਿਤ ਦੇਸ਼ ਹਨ. ਪ੍ਰੰਤੂ ਲੋਕਾਂ ਲਈ ਜੀਵਨ ਜਿਉਣ ਹਾਲਤਾਂ ਬੇਹਤਰੀਨ ਹਨ. ਉਹਨਾਂ ਨਾਰਵੇ ਦੇ ਲੋਕਾਂ ਦੀ ਨਰੋਈ ਸਿਹਤ, ਅਨੁਸ਼ਾਸ਼ਨ ਤੇ ਵਿਸ਼ਵਾਸ਼ਯੋਗਤਾ ਸਬੰਧੀ ਵੀਡੀਓਗ੍ਰਾਫੀ ਵੀ ਸਾਂਝੀ ਕੀਤੀ. ਇਸ ਉਪਰੰਤ ਚੋਂਣ ਹੋਈ. ਨਵੀਂ ਆਗੂ ਟੀਮ 'ਚ ਜਿੱਥੇ ਪੰਜਾਬ ਤੋਂ ਬਲਵਿੰਦਰ ਬਰਨਾਲਾ ਅਤੇ ਹਰਚੰਦ ਭਿੰਡਰ ਪਟਿਆਲਾ ਕਰ੍ਮਵਾਰ ਕੌਮੀ ਜਨਰਲ ਸਕੱਤਰ ਤੇ ਖ਼ਜਾਨਚੀ ਵਜੋਂ ਮੁੜ ਚੁਣੇ ਗਏ ਤੇ ਪਟਿਆਲਾ ਦੀ ਹੀ ਡਾ. ਅਮਰਜੀਤ ਕੌਰ ਇਸਤਰੀ ਵਿੰਗ ਦੀ ਸਕੱਤਰ ਬਣੇ ਉੱਥੇ ਮੈਂਗਲੋਰ ਰੈਸ਼ਨਾਲਿਸਟ ਸੁਸਾਇਟੀ (ਕਰਨਾਟਕ) ਦੇ ਡਾ. ਨਰਿੰਦਰ ਨਾਇਕ ਮੁੜ ਕੌਮੀ ਪ੍ਰਧਾਨ ਚੁਣੇ ਗਏ. ਜਦਕਿ ਉੜੀਸਾ ਰੈਸ਼ਨਾਲਿਸਟ ਫੋਰਸ ਦੇ ਈ.ਟੀ.ਰਾਓ, ਕੇਰਲਾ ਦੀ ਪੈਰੀਆਰ ਰੈਸ਼ਨਾਲਿਸਟ ਫੋਰਮ ਦੇ ਲਾਲ ਸਲਾਮ ਅਤੇ  ਮਹਾਂਰਾਸ਼ਟਰ ਅੰਧ ਸ਼ਰਧਾ ਨਿਰਮੂਲਣ ਸੰਮਿਤੀ ਮਹਾਂਰਾਸ਼ਟਰ ਦੇ ਅਵਿਨਾਸ਼ ਪਾਟਿਲ ਮੀਤ ਪ੍ਰਧਾਨ, ਉੜੀਸਾ ਦੇ ਡਾ. ਦਨੇਸ਼ਵਰ ਸਾਹੂ, ਮਹਾਂਰਾਸ਼ਟਰ ਦੇ ਡਾ. ਸੁਰੇਸ਼ ਘੋੜੇਰਾਓ, ਆਂਧਰਾ ਦੇ ਸ਼ਾਂਬਾ ਸ਼ਿਵ ਰਾਓ, ਤੇਲੰਗਾਨਾ ਦੇ ਐਲਾਗਿਰੀ ਸਵਾਮੀ, ਤਾਮਿਲਨਾਡੂ ਦੇ ਰਾਜਾ ਸੁਰੇਸ਼ ਅਤੇ ਗੋਆ ਦੇ ਆਰ.ਜੀ. ਰਾਓ ਸਕੱਤਰ ਐਡਵੋਕੇਟ ਚੈਲੀਮੇਲਾ ਰਾਜੇਸ਼ਵਰ ਅਤੇ ਗਿਰੀਧਿਰ ਰਾਉ ਜਥੇਬੰਦਕ ਸਕੱਤਰ ਚੁਣੇ ਗਏ.
ਇਸ ਦੋ ਦਿਨਾਂ ਦੀ ਕਾਨਫਰੰਸ ਦੇ ਦੋਰਾਨ ਸਭਿਆਚਾਰਕ ਪ੍ਰੋਗਰਾਮ ਅਤੇ ਪਬਲਿਕ ਮੀਟਿੰਗ ਵੀ ਹੋਈ ਜਿਸ ਵਿੱਚ ਵਿਸ਼ੇਸ ਤੌਰ ਤੇ ਤੇਲੰਗਾਨਾ ਦੀ ਕਲਚਰ ਟੀਮ ਨੇ ਸਮੂਹਿਕ ਗਾਣ ਪੇਸ਼ ਕੀਤੇ ਅਤੇ ਪੰਜਾਬ ਤੋਂ ਗਏ ਡੈਲੀਗੇਟਾਂ ਨੇ ਵੀ ਸਰਗਰਮ ਭੁਮਿਕਾ ਨਿਭਾਉਂਦੇ ਹੋਏ ਇੰਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ ਤੇ ਪਬਲਿਕ ਮਟਿੰਗ ਵਿੱਚ ਵੀ ਸਰਗਰਮੀ ਨਾਲ ਹਿਸਾ ਲਿਆ. 

Sunday, May 31, 2015

ਮਿੱਡ ਬਰੇਨ ਜਾਂ ਬਰੇਨ ਪੀਡੀਆ ਦੇ ਨਾਮ ਥੱਲੇ ਚੱਲ ਰਹੇ ਫਰੇਬੀ ਕਾਰੋਬਾਰ


ਮਿੱਡ ਬਰੇਨ, ਇਸ ਨੂੰ ਮੱਧ ਦਿਮਾਗ ਵੀ ਕਿਹਾ ਜਾਂਦਾ ਹੈ. ਇਹ ਹਿੱਸਾ ਸਾਡੀਆਂ ਅੱਖਾਂ ਨਾਲ ਸਬੰਧਤ ਗਤੀਵਿਧੀਆਂ ਨੂੰ ਕੰਟਰੋਲ ਕਰਦਾ ਹੈ. ਇਹ ਸਾਡੇ ਸਰੀਰ ਦਾ ਇਕ ਅਹਿਮ ਅੰਗ ਹੈ. ਪਰ ਇਥੇ ਮੈਂ ਦਿਮਾਗ ਦੀ ਬਣਤਰ ਬਾਰੇ ਨਹੀਂ ਲਿਖਣ ਜਾ ਰਿਹਾ. ਇਹ ਤਾਂ ਮਿੱਡ ਬਰੇਨ ਸਬਦ ਦਾ ਪੰਜਾਬੀ ਵਿੱਚ ਬਣਦਾ ਅਰਥ ਦੱਸਣ ਤੱਕ ਹੀ ਸੀਮਤ ਹੈ. ਅੱਜ-ਕੱਲ ਇਸ ਸਬਦ ਦੇ ਨਾਮ ਥੱਲੇ ਪੜ੍ਹੇ ਲਿਖੇ ਤਬਕੇ ਨੂੰ ਪ੍ਰਭਾਵਿਤ ਕਰਕੇ ਉਹਨਾਂ ਨਾਲ ਅਧੁਨਿਕ ਢੰਗ ਨਾਲ ਠੱਗੀ ਮਾਰੀ ਜਾ ਰਹੀ ਹੈ. ਪੜ੍ਹੇ ਲਿਖੇ ਲੋਕ ਆਪਣੇ ਬੱਚਿਆਂ ਪ੍ਰਤੀ ਕੁਝ ਜਿਆਦਾ ਹੀ ਚਿੰਤਿਤ ਰਹਿੰਦੇ ਹਨ. ਇਹ ਚਿੰਤਾ ਕਾਰੋਬਾਰੀ ਧੋਖੇਬਾਜਾਂ ਨੂੰ ਜਿਆਦਾ ਰਾਸ ਆ ਰਹੀ ਹੈ. ਇਸ ਕਾਰਣ ਹੀ ਇਸ ਲੋਕ ਕਈ ਜਗ੍ਹਾ ਸੈਮੀਨਾਰ ਲਾ ਕੇ ਵੈਬ ਸਾਇਟਾਂ ਰਾਹੀਂ  ਜਾਂ ਹੋਰ ਪ੍ਰਚਾਰ ਸਾਧਨ ਵਰਤ ਕੇ ਲੋਕਾਂ ਭਰਮਾ ਰਹੇ ਹਨ. ਇਹ ਪ੍ਰਚਾਰ ਕਰਦੇ ਨੇ ਕਿ ਤੁਹਾਡੇ 6 ਸਾਲ ਦੇ ਬੱਚੇ ਤੋਂ ਲੈ ਕੇ 15 ਸਾਲ ਦੇ ਬੱਚੇ ਨੂੰ ਵਿਸ਼ੇਸ ਟਰੇਨਿੰਗ ਦੇ ਕੇ ਇੰਨਾ ਕਾਬਿਲ ਬਣਾ ਦਿੱਤਾ ਜਾਂਦਾ ਹੈ ਕਿ ਤੁਹਡਾ ਬੱਚਾ ਅੱਖਾਂ ਬੰਦ ਕਰਕੇ ਪੜ੍ਹ ਸਕਦਾ ਹੈ, ਲਿਖ ਸਕਦਾ ਹੈ, ਪੇਂਟ ਕਰ ਸਕਦਾ ਹੈ ਅਤੇ ਸ਼ਤਰੰਜ ਵਗੈਰਾ ਖੇਲ੍ਹ ਸਕਦਾ ਹੈ. ਇਹਨਾਂ ਦਾ ਕਹਿਣਾ ਹੈ ਕਿ ਉਹ ਬੰਦ ਅੱਖਾ ਨਾਲ ਸਿਰਫ ਨੱਕ ਨਾਲ ਸੁੰਘ ਕੇ  ਕਾਰਡ ਦਾ ਰੰਗ ਦੱਸ ਸਕਦਾ ਹੈ, ਸਾਇਕਲ ਚਲਾ ਸਕਦਾ ਹੈ ਹੋਰ ਤਾਂ ਹੋਰ ਅੱਖਾਂ ਬੰਦ ਕਰਕੇ ਕੰਪਿਉਟਰ ਵੀ ਚਲਾ ਸਕਦਾ ਹੈ.
ਇਸ ਤਰ੍ਹਾਂ ਇਹ ਕੋਈ ਮਿੱਡ ਬਰੇਨ ਦੇ ਨਾਮ ਥੱਲੇ ਕਾਰੋਬਾਰ ਕਰ ਰਿਹਾ ਹੈ ਤੇ ਕੋਈ ਬਰੇਨ ਪੀਡੀਆ ਦੇ ਨਾਮ ਥੱਲੇ, ਕੰਮ ਇਕੋ ਹੀ ਹੈ ਲੋਕਾਂ ਦੀ ਮੇਹਨਤ ਦੀ ਕਮਾਈ ਨੂੰ ਹੜਪਣਾ. ਇਹ ਫੀਸਾਂ ਵੀ ਮੋਟੀਆਂ ਲੈਂਦੇ ਹਨ 5 ਹਜਾਰ ਤੋਂ ਲੈ ਕੇ 20 ਹਜ਼ਾਰ ਰੁਪਏ ਤੋਂ ਵੀ ਉਪਰ ਤੱਕ ਇਹ ਫੀਸਾਂ ਲੈ ਰਹੇ ਹਨ. ਵੈਸੇ ਤਾਂ ਕਈ ਦੇਸਾਂ ਵਿੱਚ ਇਹ ਕਾਰੋਬਾਰ ਕਈ ਸਾਲਾਂ ਤੋਂ ਚੱਲ ਰਿਹਾ ਹੈ. ਪਰ ਭਰਤ ਵਿੱਚ ਜਿਆਦਾਤਰ ਪਿਛਲੇ ਸਾਲ ਜੁਲਾਈ ਅਗਸਤ  ਤੋਂ ਬਅਦ ਹੀ ਚਲਣਾ ਸ਼ੁਰੂ ਹੋਇਆ ਹੈ. ਇਹ ਵੀ ਸਿੱਖਿਆ ਦੇ ਮੰਡੀਕਰਣ ਦੀ ਦੇਣ ਹੈ.
ਇਸ ਬਾਰੇ ਪਤਾ ਲੱਗਣ ਤੇ ਫੈਡਰੇਸ਼ਨ ਆਫ ਇੰਡੀਅਨ ਰੈਸ਼ਨੇਲਿਸਟ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਡਾ. ਨਰਿੰਦਰ ਨਾਇਕ ਇਹਨਾਂ ਦਾ ਪਰਦਾਫਾਸ਼ ਕਰਨ ਲੱਗੇ ਹੋਏ ਹਨ. ਉਹ ਉਹਨਾਂ ਬਾਰੇ ਲੋਕਾਂ ਨੂੰ ਚੇਤਨ ਕਰਨ ਵਾਸਤੇ ਲਗਾਤਾਰ ਪ੍ਰੋਗਰਾਮ ਦੇ ਰਹੇ ਹਨ. ਉਹਨਾਂ ਦੇ ਪ੍ਰੋਗਰਾਮ ਜਿਆਦਾਤਰ ਦੱਖਣ ਭਾਰਤ ਵਿੱਚ ਹਨ. ਉਹਨਾਂ ਦੇ ਇਹਨਾਂ ਪ੍ਰੋਗਰਾਮਾਂ ਜਿੰਨਾਂ ਵਿੱਚ ਮਿੱਡ ਬਰੇਨ ਵਾਲਿਆਂ ਦੇ ਪਰ੍ਰਦੇਫਾਸ ਕੀਤੇ ਹਨ, ਦੀਆਂ ਖਬਰਾਂ ਦਾ ਹਿੰਦੂ ਵਰਗੇ ਅਖਬਾਰਾਂ ਵਿੱਚ ਛਪ ਰਹੀਆਂ ਹਨ. ਉਹ ਨਿਰਮੁੱਕਤਾ ਡਾਟ ਕਾਮ ਤੇ ਇਹਨਾ ਬਾਰੇ ਲਿਖਦੇ ਰਹਿੰਦੇ ਹਨ. ਉਹਨਾਂ ਦੀਆਂ ਗਤੀਵਿਧੀਆਂ ਫੇਸ ਬੁੱਕ ਤੇ ਵੀ ਦੇਖੀਆਂ ਜਾ ਸਕਦੀਆਂ ਹਨ. ਉਹਨਾਂ ਦੇ ਸੰਪਰਕ ਵਿੱਚ ਇਕ ਚੰਡੀਗੜ੍ਹ ਦਾ ਵਿਅਕਤੀ ਵੀ ਆਇਆ ਸੀ ਜੋ ਆਖਦਾ ਸੀ ਕਿ ਮਿੱਡ ਬਰੇਨ ਰਾਹੀਂ ਇਹ ਸੱਭ ਕੀਤਾ ਜਾ ਸਕਦਾ ਹੈ. ਇਸ ਬਾਰੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੁਹਾਲੀ ਇਕਾਈ ਨੇ ਉਸ ਨਾਲ ਸੰਪਰਕ ਕੀਤਾ. ਪਹਿਲਾਂ ਤਾਂ ਉਹ ਦਾਅਵੇ ਕਰਦਾ ਰਿਹਾ ਪਰ ਜਦ ਇਕਾਈ ਆਗੂਆਂ ਨੇ ਮਿਲ ਕੇ ਪਰਖ ਕਰਨ ਲਈ ਕਿਹਾ ਤਾਂ ਉਸ ਨੇ ਕੋਈ ਹੁੰਗਾਰਾ ਨਹੀਂ ਭਰਿਆ.
ਇਸੇ ਤਰ੍ਹਾਂ ਹੀ ਪਿਛਲੇ ਦਿਨੀਂ ਬਰੇਨ ਪੀਡੀਆਂ ਨਾਮੀ ਹੁਸਿਆਰ ਪੁਰ ਦੀ ਇਕ ਸੰਸਥਾ ਨੇ ਅਪਣੇ ਕਰੋਬਾਰ ਖਾਤਰ ਜੀਰਾ ਵਿਖੇ ਸੈਮੀਨਾਰ ਕਰਵਾਇਆ ਸੀ. ਜਿਸ ਵਿੱਚ ਬੱਚਿਆਂ ਦੁਆਰਾ ਅੱਖਾਂ ਤੇ ਪੱਟੀ ਬੰਨ ਕੇ ਨੱਕ ਰਾਹੀਂ ਸੁੰਘ ਕੇ ਪੜਨ ਦਾ ਦਾਅਵਾ ਕੀਤਾ ਗਿਆ ਸੀ ਤੇ ਉਥੇ ਅਜਿਹਾ ਕੀਤਾ ਵੀ ਗਿਆ ਸੀ. ਪਰ ਤਰਕਸ਼ੀਲ ਸਾਥੀਆਂ ਗੁਰਚਰਨ ਨੂਰਪੁਰ ਅਤੇ ਗੁਰਪ੍ਰੀਤ ਮੱਲੋਕੇ ਨੇ ਉਹਨਾਂ ਦੀ ਚਲਾਕੀ ਫੜ ਲਈ ਸੀ. ਇਸ ਸਮੇਂ ਤਰਕਸ਼ੀਲ ਸਾਥੀਆਂ ਨੇ ਉਹਨਾਂ ਨੂੰ ਚੈਲਿੰਜ ਦਿੱਤਾ ਹੈ, ਜੋ ਕਿ ਉਹਨਾਂ ਕਬੂਲ ਕਰ ਲਿਆ ਹੈ. ਹੁਣ 2 ਜੂਨ ਨੂੰ ਇਸ ਦਾ ਜੰਤਕ ਤੌਰ ਤੇ ਪਰਦਾਫਾਸ਼ ਹੋ ਜਾਵੇਗਾ.
ਦੋਸਤੋ ਤੁਸੀਂ ਸੋਚਦੇ ਹੋਵੋਂਗੇ ਕਿ ਇਹ ਮਾਮਲਾ ਕੀ ਹੈ? ਇਹ ਮਾਮਲਾ ਕੁਝ ਵੀ ਨਹੀਂ ਇਕ ਸਾਧਾਰਣ ਜਿਹਾ ਟ੍ਰਿਕਸ ਹੈ. ਬਚਪਨ ਵਿੱਚ ਸਾਰੇ ਅਸੀਂ ‘ਅੱਨਾ ਝੋਟਾ ਖੇਡ’ ਖੇਡਦੇ ਹੁੰਦੇ ਸੀ. ਜਿਸ ਵਿੱਚ ਇਕ ਬੱਚੇ ਦੀਆਂ ਅੱਖਾਂ ਉੱਪਰ ਸਾਫਾ, ਪਰਨਾ ਜਾਂ ਚੁੰਨੀ ਆਦਿ ਬੰਨ ਦਿਆ ਕਰਦੇ ਸੀ. ਜੇ ਬੱਚਾ ਚੁਸਤ ਹੁੰਦਾ ਉਹ ਪਰਨੇ ਨੂੰ ਤਹਿ ਲਾ ਕੇ ਬੰਨਣ ਵਾਲੇ ਨੂੰ ਦਿੰਦਾ ਅਤੇ ਅੱਖਾਂ ਘੁੱਟ ਕੇ ਬੰਨਣ ਲਈ ਆਖਦਾ. ਇਸ ਤਰ੍ਹਾਂ ਕਰਨ ਨਾਲ ਕੱਪੜਾ ਤਣਿਆਂ ਜਾਂਦਾ ਅਤੇ ਨੱਕ ਦੇ ਨਾਲ ਹਿੱਸੇ ਰਾਹੀਂ ਉਹ ਜਮੀਨ ਤੇ ਦੇਖਦਾ ਹੋਇਆ ਉਹ ਆਪਣੇ ਕਿਸੇ ਸਾਥੀ ਨੂੰ ਫੜ ਲੈਂਦਾ ਅਤੇ ਆਪਣੀ ਬਾਰੀ ਮੁਕਾ ਲੈਂਦਾ. ਜਦ ਕਿ ਸਾਧਾਰਣ ਬੱਚੇ ਵਾਸਤੇ ਬਹੁਤ ਮੁਸਕਿਲ ਆ ਜਾਂਦੀ ਸੀ ਕਿ ਖੇਡਣ ਵਾਲੇ ਬੱਚੇ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਕੋਈ ਉਸ ਨੂੰ ਧੱਕਾ ਮਾਰਦਾ, ਕੋਈ ਉਸ ਦੀ ਕਮੀਜ ਖਿੱਚ ਕੇ ਦੌੜ ਜਾਂਦਾ ਕੋਈ ਉਸ ਦੀਆਂ ਲੱਤਾਂ ਵਿੱਚ ਸੋਟੀ ਆਦਿ ਫਸਾ ਕੇ ਸਿੱਟ ਦਿੰਦਾ ਵਗੈਰਾ.
ਹੁਣ ਵੀ ਬਹੁਤ ਸਾਰੇ ਤਰਕਸ਼ੀਲ ਸਾਥੀ ਅੱਖਾਂ ਤੇ ਪੱਟੀ ਬੰਨ ਕੇ ਮੋਟਰ ਸਾਇਕਲ ਚਲਾਉਂਦੇ ਹਨ. ਇਸ ਵਿੱਚ ਭਾਵੇਂ ਥੋੜਾ ਫਰਕ ਹੈ ਪਰ ਹੈ ਜਾਦੂ ਦਾ ਟ੍ਰਿਕਸ, ਜਿਸ ਨੂੰ ਕੋਈ ਆਦਮੀ ਸਾਧਾਰਣ ਤਰੀਕੇ ਨਾਲ ਸਿੱਖ ਕੇ ਕਰ ਸਕਦਾ ਹੈ. ਜਦ ਕਿ ਅੱਖਾਂ ਤੇ ਪੱਟੀ ਬੰਨ ਕੇ ਪੜ੍ਹਨਾ ਤਾਂ ਬਿਲਕੁਲ ਹੀ ਸਾਧਾਰਣ ਟ੍ਰਿਕਸ ਹੈ. ਜਿਵੇਂ ਕਿ ਉੱਪਰ ਦੱਸਿਆ ਹੈ ਕਿ ਜਦ ਬੱਚੇ ਦੀਆਂ ਅੱਖਾਂ ਉੱਪਰ ਪੱਟੀ ਬੰਨੀ ਜਾਂਦੀ ਹੈ ਉਹ ਤਣੇ ਹੋਏ ਕੱਪੜੇ ਦੇ ਰੂਪ ਵਿੱਚ ਬੰਨੀ ਜਾਂਦੀ ਹੈ. ਜਿਸ ਨਾਲ ਉਹ ਨੱਕ ਦੇ ਨਾਲ ਵਾਲੀ ਜਗ੍ਹਾ ਨਾਲ ਉਹ ਅੱਖਾਂ ਦੀ ਵਰਤੋਂ ਕਰਕੇ ਪੜ੍ਹਦਾ ਹੈ. ਕਿਉਂਕਿ ਇਸ ਸਮੇਂ ਕਿਤਾਬ ਜਾਂ ਪੜ੍ਹਨ ਵਾਲੀ ਵਸਤੂ ਨੱਕ ਦੇ ਥੱਲੇ ਰੱਖਣੀ ਹੁੰਦੀ ਹੈ, ਜਿਸ ਕਾਰਣ ਕਿਹਾ ਜਾਂਦਾ ਹੈ ਕਿ ਬੱਚਾ ਨੱਕ ਨਾਲ ਸੁੰਘ ਕੇ ਪੜ ਰਿਹਾ ਹੈ. ਇਸ ਬਾਰੇ ਮੈਂ ਪ੍ਰੈਕਟੀਕਲ ਰੂਪ ਵਿੱਚ ਸੰਗਰੂਰ ਵਿਖੇ ਲੱਗੀ ਤਰਕਸ਼ੀਲ ਵਰਕਸ਼ਾਪ ਵਿੱਚ ਇਹ ਕਰਕੇ ਦਿਖਾਇਆ ਵੀ ਸੀ. ਮੈਂ ਇਥੇ ਸਾਰੇ ਮਾਪਿਆਂ ਅਤੋ ਉਹਨਾਂ ਦੇ ਬਚਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਧੋਖੇ ਵਿੱਚ ਆ ਕੇ ਗੁਮਰਾਹ ਨਾ ਹੋਣ ਜੇ ਕਰ ਬੱਚਿਆਂ ਨੂੰ ਕੁਝ ਵਿਸ਼ੇਸ ਸਿਖਣ ਦੀ ਚਾਹ ਹੈ ਤਾਂ ਜਰੂਰ ਸਿਖਾਉ ਪਰ ਇਹ ਜਰੂਰ ਧਿਆਨ ਵਿੱਚ ਰੱਖੋ ਕਿ ਕੋਈ ਤੁਹਾਡੇ ਨਾਲ ਫਰੇਬ ਤਾਂ ਨਹੀਂ ਕਰ ਰਿਹਾ. ਵਧੇਰੇ ਜਾਣਕਾਰੀ ਵਾਸਤੇ ਸੱਭ ਤੋਂ ਸਸਤਾ ਅਤੇ ਵਧੀਆ ਤਰਕਸੀਲ ਸਾਹਿਤ ਜਰੂਰ ਪੜ੍ਹੋ.

ਧੰਨਵਾਦ
ਹਰਚੰਦ ਭਿੰਡਰ
ਵਿੱਤ ਸਕੱਤਰ
ਫੈਡਰੇਸ਼ਨ ਆਫ ਇੰਡੀਅਨ ਰੈਸ਼ਨੇਲਿਸਟ ਐਸੋਸੀਏਸ਼ਨ

Sunday, December 21, 2014

ਮਨੁੱਖਤਾ ਦਾ ਹੈਵਾਨੀ ਰੂਪ



ਪਿਛਲੇ ਦਿਨੀਂ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿੱਚ ਆਰਮੀ ਸਕੂਲ ਦੇ 132 ਬੱਚਿਆਂ ਸਮੇਤ 141 ਲੋਕਾਂ ਨੂੰ ਬੇਕਿਰਕ ਤਰੀਕੇ ਨਾਲ ਗੋਲੀਆਂ ਨਾਲ ਭੁੰਨ ਦਿੱਤਾ. ਇਸ ਘਟਨਾ ਨਾਲ ਹਰੇਕ ਇਨਸ਼ਾਨੀ ਦਿਲ ਨੂੰ ਠੇਸ ਪੁੱਜੀ ਹੈ. ਕਈ ਲੋਕ ਬੱਚਿਆਂ ਦੇ ਇਸ ਤਰ੍ਹਾਂ ਹੋਏ ਕਤਲੇਆਮ ਨੂੰ ਦੇਖ ਕੇ ਹੰਝੂ ਵੀ ਵਹਾਅ ਰਹੇ ਹਨ.
ਇਹ ਬੜਾ ਹੀ ਘ੍ਰਿਣਾਯੋਗ ਕਾਰਾ ਹੈ. ਮੀਡੀਆ ਉੱਪਰ ਇਸ ਦੀ ਨਿਖੇਧੀ ਵੀ ਹੋ ਰਹੀ ਹੈ.
ਇਸ ਤਰ੍ਹਾਂ ਇਹ ਕਿਉਂ ਵਾਪਰਿਆ? ਇਹ ਬੜੀ ਵਿਚਾਰਨ ਵਾਲੀ ਗੱਲ ਹੈ ਕਿ ਮਨੁੱਖ ਇੰਨਾਂ ਸਵੇਦਨਹੀਣ ਕਿਉਂ ਹੋ ਜਾਂਦਾ ਹੈ ਕਿ ਉਹ ਆਪਣੇ ਜਿਹੇ ਹੱਡ-ਮਾਸ ਦੇ ਬਣੇ ਮਨੁੱਖ, ਜਿਸ ਦਾ ਉਸ ਨਾਲ ਸਿੱਧਾ ਕੋਈ ਤਲੁਕਾਅਤ ਨਹੀਂ, ਉਸ ਨੂੰ ਅੰਨੇਵਾਹ ਗੋਲੀਆਂ ਨਾਲ ਭੁੰਨ ਦਿੰਦਾ ਹੈ. ਇਹ ਕਿਹੜੀ ਦਿਮਾਗੀ ਹਾਲਤ ਹੈ ਕਿ ਮਨੁੱਖ ਦੀਆਂ 5 ਗਿਅਨ ਇੰਦਰੀਆਂ ਜੋ ਕਿ ੳਸ ਨੂੰ ਮਨੁੱਖ ਬਣਾਉਣ ਵਿੱਚ ਸਹਾਈ ਹਨ ਅਤੇ ਉਸ ਦੀ ਤਰਕਸ਼ੀਲਤਾ ਜੋ ਕਿ ਉਸਦੇ ਅਤੇ ਸਮਾਜ ਵਾਸਤੇ ਉੱਚਿਤ ਹੈ ਦੀ ਵਰਤੋਂ ਨਾ ਕਰਕੇ ਮਸ਼ੀਨ ਬਣ ਜਾਂਦਾ ਹੈ?
ਜਦੋਂ ਇਹ ਪ੍ਰਸ਼ਨ ਦਿਮਾਗ਼ ਵਿੱਚ ਆਉਂਦੇ ਹਨ ਤਾਂ ਚਿੰਤਾ ਕਰਦਿਆਂ ਰਸਤਾ ਚਿੰਤਨ ਵੱਲ ਵਧਦਾ ਹੈ. ਇਸ ਬਾਰੇ ਸੋਚਦਿਆਂ ਇਕ ਗੱਲ ਇਹ ਸਾਹਮਣੇ ਆੳਂਦੀ ਹੈ ਕਿ ਮਨੁੱਖ ਜਦ ਆਮ ਮਨੁੱਖ ਤੋਂ ਵੱਖਰਾ ਸਮਝਣ ਲੱਗ ਪਵੇ. ਤਾਂ ਅਜਿਹਾ ਵਾਪਰਨਾ ਸੰਭਵ ਹੈ. ਉਹ ਕਿਹੜੀਆਂ ਹਾਲਤਾਂ ਨੇ ਜੋ ਮਨੁੱਖ ਨੂੰ ਆਮ ਤੋਂ ਅਲੱਗ ਬਣਾਉਂਦੀਆਂ ਨੇ? ਜਦ ਮਨੁੱਖ ਧਾਰਮਿਕ ਤੰਗਨਜ਼ਰੀਏ ਨਾਲ ਆਲੇ ਦੁਆਲੇ ਨੂੰ ਦੇਖਦਾ ਹੈ ਤਾਂ ਉਸਦੀਆਂ ਗਿਆਨ ਇੰਦਰੀਆਂ ਵੀ ਪ੍ਰਭਾਵਤ ਹੋ ਜਾਂਦੀਆਂ ਹਨ. ਇਸ ਦੀ ਇਕ ਉਦਾਹਰਣ ਰਾਵਿੰਦਰ ਨਾਥ ਟਗੋਰ ਨੇ ਬਹੁਤ ਵਧੀਆ ਦਿੱਤੀ ਹੈ. (ਇਸ ਵਿਚਾਰ ਨੂੰ ਮੰਨੇ ਪ੍ਰਮੰਨੇ ਲੇਖਕ ਦੇਵੀਪ੍ਰਸਾਦ ਚੱਟੋਪਾਧਿਆਏ ਨੇ ਆਪਣੀ ਇਕ ਲਿਖਤ ਵਿੱਚ ਪੇਸ਼ ਕੀਤਾ ਹੈ. ਹੋ ਸਕਦਾ ਹੈ ਕਿ ਮੂਲ ਸਬਦਾਂ ਦੇ ਨਾਲ ਦੇਵੀ ਪ੍ਰਸਾਦ ਦੇ ਕੁਝ ਸਬਦ ਵੀ ਇਸ ਵਿੱਚ ਸਾਮਿਲ ਹੋਣ ਜਿਹਨਾਂ ਨੇ ਇਸ ਵਿਚਾਰ ਨੂੰ ਹੋਰ ਵੀ ਮੱਤਵਪੂਰਨ ਬਣਾ ਦਿੱਤਾ ਹੈ.) ਕਿ ਕਿਵੇਂ ਧਾਰਮਿਕ ਪ੍ਰਭਾਵ ਨਾਲ ਮਨੁੱਖ ਨੂੰ ਉੱਚਿਆਂ ਉਠਾ ਕੇ ਮਨੱਖ ਕੋਲੋਂ ਮਨੁੱਖ ਦਾ ਕਤਲੇਆਮ ਕਰਵਾਇਆ ਜਾਂਦਾ ਹੈ. ਇਹ ਗੱਲ 1932 ਦੀ ਹੈ ਜਦ ਰਵਿੰਦਰ ਨਾਥ ਦੂਜੀ ਵਾਰ ਹਵਾਈ ਸਫਰ ਕਰ ਰਹੇ ਸਨ ਉਸ ਸਮੇਂ ਉਹਨਾਂ ਦੇ ਜਹਾਜ ਨੂੰ ਯਾਤਰੀਆਂ ਸਮੇਤ ਕੁਝ ਸਮੇਂ ਵਾਸਤੇ ਬਗਦਾਦ ਵਿਖੇ ਠਹਿਰਨਾ ਪਿਆ. ਉਥੇ ਉਹਨਾਂ ਨੂੰ ਦੱਸਿਆ ਗਿਆ ਕਿ ਬ੍ਰਿਟਿਸ਼ ਏਅਰ ਫੋਰਸ ਕੁਝ ਬਾਗ਼ੀ ਸੇਖ਼ਾਂ ਦੇ ਪਿੰਡਾਂ ਉੱਪਰ ਬੰਬਾਰੀ ਕਰ ਰਹੀ ਹੈ.
ਟਗੋਰ ਨੂੰ ਬੜਾ ਅਸਚਰਜ ਹੋਇਆ. ਉਹਨਾਂ ਦੀ ਨਿਗਾਹ ਇਹ ਸੁੱਤੇ ਸਿੱਧ ਹੱਤਿਆ ਤੇ ਜ਼ਾਲਮਾਨਾ ਕਾਰਾ ਸੀ. ਦੁਸਮਣ ਅਤੇ ਆਮ ਲੋਕਾਂ ਵਿੱਚ ਭੇਦ ਕੀਤੇ ਬਿਨਾਂ ਆਪਣੇ ਹੀ ਸਹਿ ਪ੍ਰਾਣੀਆਂ ਨੂੰ ਮੌਤ ਦੇ ਘਾਟ ਉਤਾਰ ਦੇਣਾ. ਉਸ ਉਚਾਈ ਤੋਂ, ਜਿਥੇ ਪਹੁੰਚ ਕੇ ਭੋਤਿਕ ਜਗਤ ਦੀ ਵਾਸਤਵਿਕਤਾ ਮੱਧਮ ਹੁੰਦੀ-ਹੁੰਦੀ ਅਲੋਪ ਹੋ ਜਾਂਦੀ ਸੀ ਅਤੇ ਇਸਦੇ ਨਾਲ ਹੀ ਨਿਰਦੋਸ਼ ਅਤੇ ਦੋਸ਼ੀ ਦੇ ਵਿਚਕਾਰ ਅੰਤਰ ਕਰ ਸਕਣ ਦੀ ਭਾਵਨਾ ਵੀ ਖਤਮ ਹੋ ਜਾਂਦੀ ਸੀ, ਕੁਝ ਕੁ ਬੰਬ ਸੁੱਟਣ ਦੀ ਗੱਲ ਸੀ. ਅੱਗੇ ਦੀ ਹਵਾਈ ਯਾਤਰਾ ਸਮੇਂ ਇਸ ਘਟਨਾ ਬਾਰੇ ਉਹਨਾਂ ਦੇ ਮਨ ਵਿੱਚ ਜੋ ਵਿਚਾਰ ਆਏ ਉਸ ਨੇ ਸਾਰੀ ਸਥਿੱਤੀ ਸਪਸ਼ਟ ਕਰ ਦਿੱਤੀ ਅਤੇ ਉਹਨਾਂ ਦਾਰਸ਼ਨਿਕ ਵਿਚਾਰਾਂ ਦਾ ਜੋ ਜਗਤ ਨੂੰ ਮਿਥਿਆ ਕਹਿੰਦੇ ਹਨ ਦਾ ਰਾਜਨੀਤਕ ਉਦੇਸ ਉਹਨਾਂ ਦੀ ਦ੍ਰਿਸ਼ਟੀ ਸਾਹਮਣੇ ਸਾਕਾਰ ਹੋ ਉੱਠਿਆ.
ਰਵਿੰਦਰਨਾਥ ਦੇ ਸਬਦਾਂ ਵਿੱਚ;
‘ਹਵਾਈ ਜਹਾਜ ਜਿਉਂ ਹੀ ਉੱਪਰ ਉੱਡਿਆ ਅਤੇ ਅਧਿਕ ਉੱਚਾਈ ਤੇ ਜਾਣ ਲੱਗਾ ਤਾਂ ਸਾਡੀਆਂ ਗਿਆਨ ਇੰਦਰੀਆਂ ਦਾ ਸੰਪਰਕ ਘੱਟ ਤੋਂ ਘੱਟ ਹੋਣ ਲੱਗਿਆ. ਅਖੀਰ ਇਹ ਦੇਖਣ ਵਾਲੀ ਗਿਆਨ ਇੰਦਰੀ ਅੱਖ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਅਤੇ ਇਹ ਵੀ ਐਸਾ ਜਿਸ ਦਾ ਤਤਕਾਲ ਕੋਈ ਭਾਵ ਨਹੀਂ ਸੀ. ਅੱਗੇ ਚਲਦੇ ਹੋਏ 3ਡੀ ਭਾਵ ਤਿੰਨ ਡਾਇਮੈਸਨਾਂ ਲੰਬਾਈ ਚੌੜਾਈ ਅਤੇ ਉਚਾਈ ਦੀ ਥਾਂ  ਕੇਵਲ ਲੰਬਾਈ ਅਤੇ ਚੌੜਾਈ ਦੀ ਤਸਵੀਰ ਹੀ ਨਜ਼ਰ ਆਉਂਣ ਲੱਗੀ. ਸ਼੍ਰਿਸ਼ਟੀ ਆਪਣੀ ਪਹਿਚਾਣ ਕੇਵਲ ਸਮੇਂ ਅਤੇ ਪੁਲਾੜ ਦੇ ਪਰਿਭਾਸ਼ਤ ਸੰਦਰਭ ਵਿੱਚ ਸੁਰੱਖਿਅਤ ਰੱਖ ਪਾਉਂਦੀ ਹੈ. ਇਵੇਂ ਲੱਗਾ ਸੀ ਕਿ ਇਸ ਪ੍ਰਕਿਰਿਆ ਨਾਲ ਧਰਤੀ ਅਲੋਪ ਹੁੰਦੀ ਜਾ ਰਹੀ ਹੈ. ਇਹ ਧੁੰਦਲੀ ਹੁੰਦੀ-ਹੁੰਦੀ ਅਸਤਿਤਵਹੀਣ ਹੋ ਰਹੀ ਸੀ. ਸਾਡੀ ਚੇਤਨਾ ਤੇ ਇਸਦੀ ਵਾਸਤਵਿਕਤਾ ਦੇ ਦਾਅਵੇ ਦਾ ਕੋਈ ਦਬਾਅ ਨਹੀਂ ਰਹਿ ਗਿਆ ਸੀ.
ਐਸੀ ਦਿਸ਼ਾ ਵਿੱਚ ਜਦ ਕੋਈ ਤਬਾਹੀ ਵਾਲੇ ਬੰਬ ਵਰਸਾਣ ਲੱਗਦਾ ਹੈ ਤਾਂ ਉਹ ਭਿਅੰਕਰ ਰੂਪ ਵਿੱਚ ਜ਼ਾਲਿਮ ਬਣ ਸਕਦਾ ਹੈ. ਜਿਨ੍ਹਾਂ ਦੀ ਹੱਤਿਆ ਕਰਨ ਵਾਸਤੇ ਉਹ ਤੱਤਪਰ ਹੁੰਦਾ ਹੈ. ਉਹਨਾਂ ਦੇ ਵਾਸਤਵਿਕ ਅਪਰਾਧ ਦੇ ਅੰਦਾਜ਼ੇ ਤੋਂ ਕਿਸੀ ਪ੍ਰਕਾਰ ਦੀ ਹਿਚਕਾਹਟ ਨਾਲ ਉਸਦੇ ਹੱਥ ਨਹੀਂ ਕੰਬਦੇ. ਅੰਦਾਜੇ ਦਾ ਤਾਂ ਮੌਕਾ ਵੀ ਨਹੀਂ ਮਿਲਦਾ ਕਿਉਂਕਿ ਜਿਨ੍ਹਾਂ ਤੱਥਾਂ ੳਪਰ ਇਹ ਅੰਦਾਜਾ ਆਧਾਰਤ ਹੋ ਸਕਦਾ ਹੈ, ਉਹ ਉਸਦੀ ਦ੍ਰਿਸ਼ਟੀ ਤੋਂ ਅਲੋਪ ਹੋ ਜਾਂਦੇ ਹਨ. ਮਨੁੱਖ ਅਪਣੇ ਸੁਭਾਅ ਤੋਂ ਹੀ ਧਰਤੀ ਨਾਲ ਜੁੜਿਆ ਹੈ. ਕਿੰਤੂ ਧਰਤੀ ਦੀ ਵਾਸਤਵਿਕਤਾ ਦੇ ਓਝਲ ਹੁੰਦੇ ਹੀ, ਉਹ ਚੀਜ਼ ਜੋ ਉਸ ਨੂੰ ਧਰਤੀ ਨਾਲ ਜੋੜਦੀ ਹੈ, ਖਤਮ ਹੋ ਜਾਂਦੀ ਹੈ.
ਗੀਤਾ ਜਿਸ ਦਰਸ਼ਨ ਦਾ ਉਪਦੇਸ਼ ਦਿੰਦੀ ਹੈ ਇਹ ਵੀ ਹਵਾਈ ਜਹਾਜ ਦੀ ਇਕ ਤਰ੍ਹਾਂ ਦੀ ਇਸ ਉਡਾਨ ਵਰਗਾ ਹੈ. ਅਰਜਨ ਦੇ ਸਵੇਦਨਸ਼ੀਲ ਮਸਤਕ ਨੂੰ ਇਹ ਅਜਿਹੀ ਭਰਮ ਭਰੀ ੳਚਾਈ ਉਪਰ ਲੈ ਜਾਂਦਾ ਹੈ ਜਿਥੋਂ ਨੀਂਵੇ ਦੇਖਣ ਤੇ ਮਾਰਣ ਵਾਲੇ ਅਤੇ ਮਰਨ ਵਾਲੇ ਦੇ ਵਿੱਚ, ਪਰਿਵਾਰ ਅਤੇ ਦੁਸ਼ਮਣ ਵਿੱਚ ਕੋਈ ਅੰਤਰ ਕਰ ਸਕਣਾ ਅਰਜਨ ਦੇ ਵਾਸਤੇ ਸੰਭਵ ਨਹੀਂ ਰਹਿ ਜਾਂਦਾ. ਦਾਰਸ਼ਨਿਕ ਤੱਤਾਂ ਤੋਂ ਬਣੇ ਇਸ ਪ੍ਰਕਾਰ ਦੇ ਬਹੁਤ ਸਾਰੇ ਹਥਿਆਰ ਮਨੁੱਖ ਦੇ ਅਸਲੇਖਾਨੇ ਵਿੱਚ ਮੌਜੂਦ ਹਨ. ਇਹ ਯਦਾਰਥ ਨੂੰ ਦ੍ਰਿਸ਼ਟੀ ਦੇ ਓਝਲ ਕਰ ਦੇਣ ਦਾ ਉਦੇਸ਼ ਪੂਰਾ ਕਰਦੇ ਹਨ. ਇਹ ਸਾਮਰਾਜੀਆਂ ਦੇ ਸਿਧਾਂਤਾਂ ਵਿੱਚ, ਸਮਾਜ ਸ਼ਾਸਤਰ ਵਿੱਚ ਅਤੇ ਧਰਮ ਸ਼ਾਸਤਰ ਵਿੱਚ ਮੌਜੂਦ ਹਨ. ਇਹਨਾਂ ਨਾਲ ਜਿਹੜੇ ਲੋਕਾਂ ਤੇ ਮੌਤ ਵਰਸਾਈ ਜਾਂਦੀ ਹੈ. ਉਹਨਾਂ ਦੀ ਹਮਦਰਦੀ ਵਾਸਤੇ ਮਾਤਰ ਕੁਝ ਸ਼ਬਦ ਬਚ ਰਹਿੰਦੇ ਹਨ;
न हन्यते हन्यमाने शरीरे.
  ਮਤਲਬ ਇਹ ਆਤਮਾ ਨਹੀਂ ਮਰਦੀ ਮਰਦਾ ਤਾਂ ਕੇਵਲ ਸਰੀਰ ਹੈ.’
ਨਿਸ਼ਚਤ ਹੀ ਜਦ ਅਜਿਹੀ ਸਥਿੱਤੀ ਤੇ ਮਨੁੱਖ ਪੁੱਜ ਜਾਂਦੇ ਹਨ ਤਾਂ ਉਹ ਮਨੁੱਖਤਾ ਦਾ ਘਾਣ ਕਰਨ ਤੋਂ ਨਹੀਂ ਹਿਚਕਾਉਂਦੇ ਅਤੇ ਉਹ ਆਪਣੇ ਆਕਿਆਂ ਦੇ ਹੁਕਮ ਮੁਤਾਬਕ ਅਜਿਹੀਆਂ ਕਰਵਾਈਆਂ ਕਰਦੇ ਆ ਰਹੇ ਹਨ ਅਤੇ ਇਸ ਦੇ ਅੰਜਾਮ ਨੂੰ ਵੱਧ ਤੋਂ ਵੱਧ  ਭਿਆਨਕ ਬਣਾਉਣ ਵਿੱਚ ਕੋਈ ਕਸ਼ਰ ਨਹੀਂ ਛਡਦੇ. ਉਹਨਾਂ ਵਸਤੇ ਦੁਨੀਆਂ ਦਾ ਕੋਈ ਦੇਸ਼ ਜਾਂ ਸਥਾਨ ਹੋਵੇ ਕੋਈ ਮਤਲਬ ਨਹੀਂ. ਇਸ ਵਾਸਤੇ ਉਹ ਆਧੂਨਿਕ ਅਤੇ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਨ ਤੋਂ ਵੀ ਨਹੀਂ ਹਿਚਕਾਉਂਦੇ ਭਾਵੇ ਕਿ ਉਹਨਾਂ ਦੀ ਵਿਗਿਆਨਕ ਵਿਚਾਰਧਾਰਾ ਨਾਲ ਸਖ਼ਤ ਨਫਰਤ ਵੀ ਕਿਸੇ ਛਿਪੀ ਨਹੀਂ. ਲੋੜ ਹੈ ਅਜਿਹੇ ਹਾਲਾਤਾਂ ਬਚਾਅ ਦੀ ਤਾਂ ਕਿ ਮਨੁੱਖ ਮਨੁੱਖ ਹੀ ਬਣਿਆ ਰਹਿ ਸਕੇ ਅਤੇ ਮਨੁਖ ਅਤੇ ੳਸ ਦਾ ਸਮਾਜ ਬਚਿਆ ਰਹੇ. ਇਹ ਤਾਂ ਹੀ ਹੋ ਸਕੇਗਾ ਜਦ ਮਨੁੱਖ ਧਾਰਮਿਕ ਤੰਗਦਿਲੀ ਅਤੇ ਫਲਸਫੇ ਦੀ ਸੌੜੀਆਂ ਵਲਗਣਾਂ ਵਿੱਚੋਂ ਬਾਹਰ ਨਿਕਲੇਗਾ ਸਰਮਾਏਦਾਰੀ ਦਾ ਹੱਥਠੋਕਾ ਨਹੀਂ ਬਣੇਗਾ ਅਤੇ ਸਮਾਜਵਾਦੀ ਤਰੀਕੇ ਨਾਲ ਜਿੰਦਗੀ ਜੀਵੇਗਾ. ਨਹੀਂ ਤਾਂ ਅਗਲੇ ਕਦਮ ਦੇ ਰੂਪ ਵਿੱਚ ਇਹ ਘਟਨਾਵਾਂ ਕਿ ਪਾਕਿਸਤਾਨ ਦੀ ਹਕੂਮਤ ਨੇ ਫਾਂਸੀ ਉਪਰ ਲੱਗੀ ਪਾਬੰਦੀ ਹਟਾ ਕੇ ਦੋ ਅੱਤਵਾਦੀਆਂ ਫਾਂਸੀ ਵੀ ਦੇ ਦਿੱਤੀ ਇਸ ਦੇ ਵਿਰੋਧ ਵਿੱਚ ਅੱਤਵਾਦੀਆਂ ਨੇ ਇਹ ਕਹਿੰਦੇ ਹੋਏ ਕਿ ਜਦ ਸਾਡੀਆਂ ਔਰਤਾਂ ਅਤੇ ਬੱਚੇ ਸ਼ਹੀਦ ਹੁੰਦੇ ਤਾਂ ਤੁਹਾਡੇ ਬੱਚੇ ਵੀ ਹਰਗਿਜ ਮਹਿਫੂਜ ਨਹੀਂ ਰਹਿਣਗੇ, ਨਿਰੰਤਰ ਜਾਂ ਰੁਕ-ਰੁਕ ਕੇ ਚਲਦੀਆਂ ਰਹਿਣਗੀਆਂ ਅਤੇ ਮਨੁੱਖਤਾ ਦਾ ਘਾਣ ਹੁੰਦਾ ਰਹੇਗਾ.
ਹਰਚੰਦ ਭਿੰਡਰ

समाचार

Total Pageviews