Sunday, January 2, 2011

Tarksheel

                ਗਰਮ ਤੇਲ ਦੀ ਕੜਾਹੀ ਵਿੱਚ ਹੱਥ ਪਾਇਆਂ ਹੱਥ ਕਿਉਂ ਨਹੀਂ ਜਲ਼ਦੇ?

             ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਬਹੁਤੇ ਲੋਕ ਅਗਿਆਨਤਾ ਤੇ ਡਰ ਕਾਰਣ ਹਨੇਰਾ ਢੋ ਰਹੇ ਹਨ । ਜਿਸ ਕਾਰਣ ਮਾਨਸਿਕ ਤੌਰ ਤੇ ਮਜਬੂਤੀ ਵਾਸਤੇ ਕਿਸੇ ਦੈਵੀ ਆਸਰੇ ਤੇ ਟੇਕ ਰੱਖਦੇ ਹਨ । ਮਨੁੱਖ ਨੇ ਤਕਨੀਕੀ ਪੱਖ ਤੋਂ ਭਾਵੇਂ ਕਾਫੀ ਤਰੱਕੀ ਕਰ ਲਈ ਹੈ । ਪਰ ਵਿਚਾਰਧਾਰਕ ਤੌਰ ਤੇ ਵਿਗਿਆਨਕ ਸੂਝ ਤੋ ਅਜੇ ਊਣੇ ਹੋਣ ਕਾਰਣ ਉਹ ਹਰੇਕ ਵਾਪਰ ਰਹੀ ਘਟਨਾ ਦੀ ਤਹਿ ਤੱਕ ਜਾਣ ਤੋਂ ਪਹਿਲਾਂ ਹੀ ਉਸ ਨੂੰ ਦੈਵੀ ਚਮਤਕਾਰ ਮੰਨਣ ਲੱਗ ਜਾਂਦਾ ਹੈ, ਤੇ ਉਸ ਦਾ ਦੈਵੀ ਸ਼ਕਤੀ ਵਿੱਚ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ । ਇਸ ਤਰਾਂ ਦੀਆਂ ਵਾਪਰ ਰਹੀਆਂ ਘਟਨਾਵਾਂ ਉਸ ਨੂੰ ਅੰਧ ਵਿਸ਼ਵਾਸ਼ੀ ਬਣਾਉਣ ਸਹਾਈ ਹੁੰਦੀਆਂ ਹਨ । ਕਿਉਂਕਿ ਮਾਨਸਿਕ ਪੱਖੋਂ ਸਾਰੇ ਮਨੁੱਖ ਇਕੋ ਜਿਹੇ ਨਹੀਂ ਹੁੰਦੇ । ਕੁਝ ਜਿਆਦਾ ਹੀ ਚਾਲਾਕ ਕਿਸਮ ਦੇ ਲੋਕ ਇਹਨਾਂ ਹਾਲਤਾਂ ਦਾ ਫਾਇਦਾ ਉਠਾਉਣ ਲਈ ਹਮੇਸ਼ਾਂ ਹੀ ਤਿਆਰ ਰਹਿੰਦੇ ਹਨ । ਇਸ ਵਾਸਤੇ ਤਰਾਂ ਤਰਾਂ ਦੇ ਜਾਲ ਬੁਣਦੇ ਰਹਿੰਦੇ ਹਨ । ਇਹ ਲੋਕ ਆਮ ਆਦਮੀ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਦੇ ਹੋਏ ਵਿਸ਼ੇਸ਼ ਕਿਸਮ ਦਾ ਅਡੰਬਰ ਰਚ ਕੇ ਕਿਸੇ ਇੱਕ ਜਾਂ ਵਧੇਰੇ ਚਲਾਕੀਆਂ ਰਾਹੀਂ ਉਹਨਾਂ ਦੀ ਹਰ ਪੱਧਰ ਤੇ ਲੁੱਟ ਕਰਦੇ ਰਹਿੰਦੇ ਹਨ । ਇਸ ਤਰਾਂ ਦੀ ਇੱਕ ਉਦਾਹਰਣ ਹੈ ਗਰਮ ਤੇਲ ਦੀ ਕੜਾਹੀ ਵਿੱਚ ਹੱਥ ਪਾਉਣਾ ਤੇ ਹੱਥ ਨਾ ਜਲਣਾ । ਕਈ ਬਾਬਾ ਕਿਸਮ ਦੇ ਲੋਕ ਇਸ ਨੂੰ ਚਮਤਕਾਰ ਵਜੋਂ ਪੇਸ਼ ਕਰਕੇ ਆਪਣੀ 'ਸ਼ਕਤੀ' ਦਾ ਦਿਖਾਵਾ ਕਰਦੇ ਹਨ।
            ਇਸ ਕਿਰਿਆ ਵਿੱਚਲੇ ਰਾਜ਼ ਨੂੰ ਜਾਨਣ ਤੋਂ ਪਹਿਲਾਂ ਇਹ ਗੱਲ ਜਰੂਰ ਸਮਝਣੀ ਚਾਹੀਦੀ ਹੈ ਕਿ ਹਰੇਕ ਘਟਨਾ ਪਿਛੇ ਕਾਰਣ ਹੁੰਦਾ ਹੈ, ਜੇ ਕਰ ਕਾਰਣ ਨੂੰ ਜਾਣ ਲਿਆ ਜਾਵੇ ਤਾਂ ਸਾਰੀ ਗੱਲ ਸਪੱਸ਼ਟ ਹੋ ਜਾਂਦੀ ਹੈ । ਅਸੀਂ ਸਾਰੇ ਜਾਣਦੇ ਹਾਂ ਕਿ ਗਰਮ ਕੀਤੇ ਕਿਸੇ ਬਨਸਪਤੀ ਤੇਲ, ਜਿਵੇ ਸਰੋਂ ਦਾ ਤੇਲ ਜਾਂ ਮੂੰਗਫਲੀ ਦਾ ਤੇਲ ਵਗੈਰਾ ਵਿੱਚ ਹੱਥ ਪਾਵਾਂਗੇ ਤਾਂ ਹੱਥ ਜਲ਼ ਜਾਵੇਗਾ । ਉਹ ਹੱਥ ਭਾਵੇਂ ਕਿਸੇ ਆਮ ਵਿਆਕਤੀ ਦਾ ਹੋਵੇ ਜਾਂ ਕਿਸੇ 'ਪਹੁੰਚੇ ਹੋਏ ਪੁਰਸ' ਦਾ । ਤਾਂ ਫਿਰ ? ਹਾਂ ਇੱਥੇ ਹੀ ਦਿਮਾਗੀ ਚਲਾਕੀ ਦੀ ਜਰੂਰਤ ਹੈ । ਹੁਣ ਚਲਾਕ ਆਦਮੀ ਆਪਣੀ ਬੁੱਧੀ ਦੀ ਵਰਤੋਂ ਕਰਦਾ ਹੈ । ਇਹ ਵਰਤੋਂ ਲੋਕ ਭਲਾਈ ਨਾ ਹੋਣ ਦੀ ਥਾਂ ਉਹਨਾਂ ਨੂੰ ਮੂਰਖ ਬਣਾ ਕੇ ਲੁੱਟਣ ਲਈ ਕਰਦਾ ਹੈ । ਇਹ ਚਲਾਕੀ ਕੀ ਹੈ ? ਆਉ ਜਾਣੀਏ, ਤੁਸੀਂ ਇਸ ਤਰਾਂ ਕਰੋ ਇਕ ਕੜਾਹੀ ਵਿੱਚ ਇੱਕ ਕਿੱਲੋ ਸਰੋਂ ਦਾ ਤੇਲ ਪਾਉ, ਇਸ ਦੇ ਨਾਲ ਹੀ 150-200 ਗ੍ਰਾਮ ਤਾਜੇ ਨਿੰਬੂਆਂ ਦਾ ਰਸ ਵੀ ਕੜਾਹੀ ਵਿੱਚ ਪਾ ਦਿਉ । ਕੜਾਹੀ ਨੂੰ ਸਟੋਵ ਜਾਂ ਗੈਂਸ ਦੇ ਚੁੱਲ੍ਹੇ ਉੱਪਰ ਰੱਖ ਕੇ ਗਰਮ ਕਰਨਾ ਸ਼ੁਰੂ ਕਰ ਦਿਉ । ਥੋੜੀ ਦੇਰ ਬਾਅਦ ਤੇਲ ਉਬਲਣਾ ਸ਼ੁਰੂ ਕਰ ਦੇਵੇਗਾ । ਹੁਣ ਤੁਸੀਂ ਹੱਥ ਨੂੰ ਸਰੋਂ ਦਾ ਠੰਡਾ ਤੇਲ ਮਲ਼ ਕੇ ਕੜਾਹੀ ਵਿੱਚਲੇ ਤੇਲ ਨੂੰ ਹਥੇਲੀ ਨਾਲ ਸਪਰਸ ਕਰਦੇ ਹੋਏ ਤੇਲ ਵਿੱਚ ਹੱਥ ਪਾਵੋ । ਹੱਥ ਨਹੀਂ ਜਲ਼ੇਗਾ । ਕਿਉਂਕਿ ਸਰੋਂ ਦੇ ਤੇਲ ਸਮੇਤ ਬਨਸਪਤੀ ਤੇਲਾਂ ਦਾ ਉਬਾਲ ਦਰਜਾ 300 ਸੈਂਟੀਗਰੇਡ ਤੋਂ ਉੱਪਰ ਹੁੰਦਾ ਹੈ । ਇਸ ਵਿੱਚ ਨਿੰਬੂ ਦਾ ਰਸ ਪਾਉਣ ਕਾਰਣ ਇਹ 100 ਦਰਜਾ ਸੈਂਟੀਗਰੇਡ ਤੇ ਉੱਬਲਣਾ ਸ਼ੁਰੂ ਕਰ ਦਿੰਦਾ ਹੈ । ਦਰਅਸਲ ਨਿੰਬੂ ਦਾ ਰਸ ਤੇਲ ਨਾਲੋਂ ਭਾਰਾ ਹੋਣ ਕਰਕੇ ਕੜਾਹੀ ਦੇ ਥੱਲੇ ਰਹਿੰਦਾ ਹੈ ਤੇ ਸ਼ੇਕ ਨਾਲ ਰਸ ਉਬਲਣਾ ਸ਼ੁਰੂ ਕਰ ਦਿੰਦਾ ਹੈ । ਪਰ ਤੇਲ ਹਲਕਾ ਹੋਣ ਕਰਕੇ ਤੇ ਉੱਪਰ ਹੋਣ ਕਰਕੇ ਘੱਟ ਗਰਮ ਹੁੰਦਾ ਹੈ । ਇਸ ਤਰ੍ਹਾਂ ਉਬਲਦੇ ਤੇਲ ਵਿੱਚ ਹੱਥ ਪਾਇਆ ਜਾਂਦਾ ਹੈ ।

ਯਾਦ ਰੱਖੋ     ਇਹ ਪ੍ਰਯੋਗ ਕਿਸੇ ਤਜਰਬੇਕਾਰ ਸਾਥੀ ਦੀ ਮੱਦਦ ਨਾਲ ਕੀਤਾ ਜਾਵੇ ।

                                                                                                                   ਹਰਚੰਦ ਭਿੰਡਰ



Tuesday, November 30, 2010

ਚਮਤਕਾਰੀ ਨਿੰਮ ਦੇ ਪਾਣੀ ਨੂੰ ਤਰਕਸ਼ੀਲਾਂ ਨੇ ਫਿਰ ਝੁਠਲਾਇਆ.


         
                ਨਿੰਮ ਚੋਂ ਪਾਣੀ ਟਪਕਣਾ ਇਕ ਕੁਦਰਤੀ ਵਰਤਾਰਾ- ਤਰਕਸ਼ੀਲ
       ਪਟਿਆਲਾ, 21 ਨਵੰਬਰ( ਰਾਮ ਸਿੰਘ ਬੰਗ)-ਨਿੰਮ ਦੇ ਰੁੱਖਾਂ ਦੇ ਟਾਹਣਿਆਂ ਵਿੱਚੋਂ ਸਰਦੀਆਂ ਦੀ ਰੁੱਤ ਵਿੱਚ ਅਚਾਨਕ ਪਾਣੀ ਦੇ ਟਪਕਣ ਨੂੰ ਬਨਸਪਤੀ ਵਿਗਿਆਨੀ ਕੋਈ ਚਮਤਕਾਰ ਨਾ ਮੰਨਦੇ ਹੋਏ,ਇਕ ਕੁਦਰਤੀ ਵਰਤਾਰਾ ਸਾਬਤ ਕਰ ਚੁੱਕੇ ਹਨ. ਪਰੰਤੂ ਹਾਲਾਂ ਵੀ ਕੁੱਝ ਖੁਦਗਰਜ਼ ਤੇ ਚਲਾਕ ਲੋਕ ਇਸ ਵਰਤਾਰੇ ਨੂੰ ਹਰ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਕਰਾਮਾਤੀ ਪਾਣੀ ਦੱਸਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ. ਇਸ ਤਰ੍ਹਾਂ ਦਾ ਹੀ ਇਕ ਵਰਤਾਰਾ ਇਥੋਂ ਦੀ ਸਥਾਨਕ ਕਰਤਾਰ ਕਲੌਨੀ ਵਿਖੇ ਸਥਿਤ ਨੈਨਾ ਦੇਵੀ ਮੰਦਿਰ ਵਿੱਚ ਖੜੀ ਨਿੰਮ ਵਿੱਚੋ ਪਾਣੀ ਦਾ ਸਿਮਣਾ ਅੱਜ ਕੱਲ ਚਰਚਾ ਵਿੱਚ ਹੈ.
ਇਹ ਕੁਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਦੁਖੀ ਲੋਕ ਪਾਣੀ ਦੇ ਕੁੱਝ ਕਤਰੇ ਪ੍ਰਾਪਤ ਕਰਨ ਲਈ ਕਰਤਾਰ ਕਲੌਨੀ ਵਿਖੇ ਪਹੁੰਚ ਰਹੇ ਹਨ ਜਿਸ ਨਾਲ ਇਸ ਇਲਾਕੇ ਵਿੱਚ ਰਹਿੰਦੇ ਲੋਕ ਇਸ ਭੀੜ ਭੜਕੇ ਵਾਲੇ  ਮਾਹੋਲ ਕਾਰਨ ਬੇਹਦ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹਨ.
      ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੀ ਪਟਿਆਲਾ ਇਕਾਈ ਦੇ ਕੁੱਝ ਮੈਂਬਰ ਤਫਤੀਸ਼ ਲਈ ਮੌਕੇ ਤੇ ਹਾਜਰ ਹੋਏ. ਜਿਸ ਵਿੱਚ ਜੋਨ ਪਟਿਆਲਾ ਦੇ ਜਥੇਬੰਦਕ ਮੁੱਖੀ ਹਰਚੰਦ ਭਿੰਡਰ, ਮਾਨਸ਼ਿਕ ਸਿਹਤ ਸਲਾਹਕਾਰ ਲਾਭ ਸਿੰਘ,ਕੁਲਵੰਤ ਕੌਰ,ਮਾ.ਰਾਮਣੀਕ ਸਿੰਘ,ਸੁਰਿੰਦਰ ਪਾਲ,ਸੁਖਵਿੰਦਰ ਸਿੰਘ,ਪਵਨ, ਆਸਿਫ ਪ੍ਰਿੰਸ, ਜਾਗਨ ਸਿੰਘ ਅਤੇ ਰਾਮ ਸਿੰਘ ਬੰਗ ਆਦਿ ਤਰਕਸ਼ੀਲ ਮੈਬਰ ਟੀਮ ਰੂਪ ਵਿੱਚ  ਪਹੁੰਚੇ ਅਤੇ ਨਿੰਮ ਦੇ ਪਾਣੀ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ. ਤਰਕਸ਼ੀਲਾਂ ਨੇ ਪੜਤਾਲ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ ਕਰਤਾਰ ਕਲੌਨੀ ਵਿੱਖੇ ਨਿਕਲ ਰਿਹਾ ਇਹ ਨਿੰਮ ਦਾ ਪਾਣੀ ਇਕ ਆਮ ਕੁਦਰਤੀ ਵਰਤਾਰਾ ਹੈ. ਜੋ ਸਰਦੀਆਂ ਦੇ ਮੌਸਮ ਵਿੱਚ,ਖਾਸ ਕਰਕੇ ਜਦੋਂ ਧੁੰਦ ਜਾਂ ਪਰਦੂਸ਼ਨ ਜਾਂ ਕਿਸੇ ਹੋਰ ਕਾਰਣਾਂ ਕਰਕੇ ਲਗਾਤਾਰ ਕਈ ਦਿਨ ਧੁੱਪ ਨਾ ਨਿਕਲਣ ਕਾਰਣ ਦਰਖਤ ਦੇ ਪੱਤਿਆਂ ਰਾਹੀਂ ਵਾਸ਼ਪੀਕਰਨ ਘੱਟ ਹੋਣ ਕਾਰਨ ਕਈ ਰੁੱਖਾਂ(ਖਾਸ਼ ਕਰਕੇ ਨਿੰਮ ਵਰਗੇ ਰੁੱਖਾਂ) ਵਿੱਚ ਅਕਸਰ ਵਾਪਰਦਾ ਹੈ. ਉਹਨਾਂ ਕਿਹਾ ਕਿ ਹਰ ਇਕ ਪੌਦੇ ਵਿੱਚ ਪਾਣੀ ਜੜਾਂ ਤੋਂ ਜ਼ਾਇਲਮ ਟਿਸ਼ੂਆਂ ਰਾਹੀਂ ਤਨੇ ਚੋਂ ਹੋ ਕੇ ਪੱਤਿਆਂ ਵਿੱਚ ਪਹੁੰਚਦਾ ਹੈ ਅਤੇ ਸਰਦੀਆਂ ਵਿੱਚ ਵਾਸ਼ਪੀਕਰਨ ਘੱਟ ਹੋਣ ਕਾਰਨ ਜੇ ਕਰ ਤਣੇ ਜਾਂ ਟਾਹਣ ਵਿੱਚ ਛੇਕ ਹੋ ਜਾਇਲਮ ਟਿਸ਼ੂ ਤੱਕ ਪਹੁੰਚ ਜਾਵੇ ਤਾਂ ਇਹ ਤਰਲ ਪਦਾਰਥ  ਟਪਕਣ ਲੱਗ ਜਾਂਦਾ ਹੈ. ਜਦ ਪਦਾਰਥ ਗਾੜ੍ਹਾ ਹੋ ਜਾਵੇ  ਜਾਂ ਮੋਸਮ ਦੀ ਤਬਦੀਲੀ ਹੋ ਕੇ ਵਾਸ਼ਪੀਕਰਣ ਸ਼ੁਰੂ ਹੋ ਜਾਵੇ ਤਾਂ ਇਹ ਨਿਕਲਣੋ ਬੰਦ ਹੋ ਜਾਂਦਾ ਹੈ. ਪਰ ਇਸ ਨਿੰਮ ਦੇ ਦਰਖਤ ਨੂੰ ਇਕ ਇਮਾਰਤ ਦੀ ਛਾਂ ਸੀ ਤੇ ਇਹਨੀ ਦਿਨੀਂ ਮੌਸਮ ਵੀ ਸਾਫ਼ ਨਹੀਂ ਸੀ. ਦੂਜਾ ਮੰਦਰ ਦੇ ਪੁਜਾਰੀ ਵੱਲੋਂ ਇਹ ਪਾਣੀ ਇਕੱਤਰ ਕਰਨ ਵਾਸਤੇ ਇਕ ਲੋਹੇ ਦੀ ਪਰਨਾਲੀ ਬਣਾ ਕੇ ਲਗਾਈ ਗਈ ਸੀ ਤੇ ਪਾਣੀ ਇਸ ਪੇੜ ਨਾਲ ਬੰਨੇ ਇਕ ਬਰਤਨ ਵਿੱਚ ਇਕੱਤਰ ਹੁੰਦਾ ਸੀ. ਇਸ ਬਰਤਨ ਵਿੱਚੋਂ ਪਾਣੀ ਬਾਹਰ ਕੱਢਣ ਸਮੇਂ ਪਰਨਾਲੀ ਹਟਾ ਕੇ ਦੁਬਾਰਾ ਲਾਈ ਜਾਂਦੀ ਸੀ. ਇਸ ਤਰਾਂ ਟਾਹਣੇ ਦੇ ਸੁਰਾਖ ਨਾਲ ਛੇੜ ਛਾੜ ਹੋਣ ਕਾਰਣ ਇਸ ਥਾਂ ਤੋਂ ਨਿੰਮ ਦਾ ਰਸ ਨਿਕਲਦਾ ਸੀ. ਯਾਦ ਰਹੇ ਇਸ ਤਰ੍ਹਾਂ ਇਹ ਕਿਰਿਆ ਲੰਬਾ ਸਮਾਂ ਚਲਦੀ ਰਹੇ ਤਾਂ ਇਸ ਤਰਾਂ ਦੇ ਪ੍ਰਭਾਵਤ ਟਾਹਣ ਸੁੱਕ ਵੀ ਸਕਦੇ ਹਨ.
      ਇਸ ਘਟਨਾ ਬਾਰੇ ਤਰਕਸ਼ੀਲ ਸੁਸਾਇਟੀ ਦੇ ਬੁਲਾਰੇ ਸ੍ਰੀ ਰਾਮ ਸਿੰਘ ਬੰਗ ਅਤੇ ਰਮਣੀਕ ਸਿੰਘ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਜੇ ਕਰ ਕੋਈ ਇਹ ਸਿੱਧ ਕਰ ਦੇਵੇ ਕਿ ਇਸ ਨਿੰਮ ਦਾ ਪਾਣੀ ਸਾਰੀਆਂ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ ਤਾਂ ਸੁਸਾਇਟੀ ਉਸ ਨੂੰ ਪੰਜ ਲੱਖ ਦਾ ਇਨਾਮ ਦੇਣ ਨੂੰ ਤਿਆਰ ਹੈ. ਉਹਨਾਂ ਵੀ ਕਿਹਾ ਕਿ ਕੁੱਝ ਲੋਕ ਇਸ ਪ੍ਰਕਿਆ ਦਾ ਲਾਹਾ ਲੈਣ ਲਈ ਝੂਠਾ ਪ੍ਰਚਾਰ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਇਸ ਚਮਤਕਾਰੀ ਪਾਣੀ ਨਾਲ ਬਹੁਤ ਸਾਰੇ ਮਰੀਜ਼ ਠੀਕ ਹੋ ਚੁੱਕੇ ਹਨ. ਲੋਕਾਂ ਨੂੰ ਇਸ ਗੈਰ-ਵਿਗਿਆਨਕ ਪ੍ਰਚਾਰ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ. ਕਿਉਂਕਿ ਪਹਿਲਾਂ ਬਨੂੜ ਨੇੜੇ ਸਲੇਮ ਪੁਰ ਵਿਖੇ 2005 ਵਿੱਚ ਜੋ ਨਿੰਮ ਦਾ ਪਵਿੱਤਰ-ਪਾਣੀ ਚਰਚਾ ਵਿੱਚ ਆਇਆ ਸੀ,ਨੂੰ ਵੀ ਤਰਕਸ਼ੀਲ ਸੁਸਾਇਟੀ ਅਤੇ ਬਹੁਤ ਸਾਰੇ ਵਿਗਿਆਨੀਆਂ ਨੇ ਨਕਾਰਾ ਸਿੱਧ ਕੀਤਾ ਸੀ. ਇਸ ਦੇ ਇਲਾਵਾ ਇਸ ਤਰਾਂ ਦੇ ਵਰਤਾਰੇ ਬਾਰੇ ਪ੍ਰਚਾਰ ਕਈ ਸਾਲ ਪਹਿਲਾਂ ਵੀ ਹਰਿਆਣੇ ਦੇ ਪਿੰਡ ਹਾਂਸਪੁਰ,ਜਿਲਾ ਸੰਗਰੂਰ ਦੇ ਪਿੰਡ ਗਗੜਪੁਰ ਅਤੇ ਫਾਜਿਲਕਾ ਵਿਖੇ ਹੋਏ ਜੋ ਪੂਰੀ ਤਰ੍ਹਾਂ ਗਲਤ ਸਿੱਧ ਹੋ ਚੁੱਕੇ ਹਨ.

Saturday, October 2, 2010

Tarksheel

             ਹਰ ਇੱਕ ਵਿਆਕਤੀ ਜਿਸ ਨੇ ਵੀ ਅੱਗੇ ਵਧਣਾ ਹੈ, ਉਸ ਦੇ ਮਨ ਵਿੱਚ ਸਵਾਲ ਉੱਠਣਾ ਚਾਹੀਦਾ ਹੈ. ਜਦ ਉਹ ਸਵਾਲ ਦੇ ਜਵਾਬ ਲੱਭੇਗਾ, ਉਸ ਨੂੰ ਰਸਤਾ ਮਿਲਦਾ ਜਾਵੇਗਾ।
     ਸਵਾਲ ਹਮੇਸਾ ਜਾਗਦੇ ਦਿਮਾਗਾਂ ਵਿੱਚ ਹੀ ਉਠਦੇ ਹਨ, ਸੁੱਤਿਆਂ ਦੇ ਨਹੀਂ।
                                                                                     ਹਰਚੰਦ ਭਿੰਡਰ

समाचार

Total Pageviews