Monday, July 29, 2024

ਸ਼ੁੱਕਰ ਗ੍ਰਹਿ ਹੁਣ 'ਸਵੇਰ ਦੇ ਤਾਰੇ ਦੀ ਥਾਂ ਬਣੇਗਾ ਸ਼ਾਮ ਦਾ ਤਾਰਾ'

ਸ਼ੁੱਕਰ ਗ੍ਰਹਿ ਹੁਣ ‘ਸਵੇਰ ਦੇ ਤਾਰੇ ਦੀ ਥਾਂ ਹੁਣ ਬਣੇਗਾ ਸ਼ਾਮ ਦਾ ਤਾਰਾ’
ਹਰਚੰਦ ਭਿੰਡਰ 
ਸ਼ੁੱਕਰ ਇੱਕ ਚਮਕਦਾਰ ਗ੍ਰਹਿ ਵਜੋਂ ਜਾਣਿਆ ਜਾਂਦਾ ਹੈ। ਇਹ ਸੂਰਜ ਵਾਲੇ ਪਾਸੇ ਤੋਂ ਬੁੱਧ ਪਹਿਲਾ ਅਤੇ ਸ਼ੁੱਕਰ ਦੂਜਾ ਗ੍ਰਹਿ ਹੈ। ਸ਼ੁੱਕਰ ਗ੍ਰਹਿ ਧਰਤੀ ਦੀ ਨਿਸਬਤ ਸੂਰਜ ਦੇ ਵੱਧ ਨੇੜੇ ਹੈ। ਇਸ ਕਰਕੇ ਇਸ ਕਰਕੇ ਆਕਾਸ਼ ਵਿੱਚ ਸੂਰਜ ਦੇ ਨਜ਼ਦੀਕ ਰਹਿੰਦਾ। ਇਹ ਸਵੇਰ ਅਤੇ ਸ਼ਾਮ ਦੇ ਤਾਰੇ ਵਜੋਂ ਵੀ ਜਾਣਿਆ ਜਾਂਦਾ ਹੈ। ਜਦੋਂ ਇਹ ਸਵੇਰ ਸਮੇਂ ਸੂਰਜ ਚੜ੍ਹਨ ਪਹਿਲਾਂ ਦੁਮੇਲ ਤੋਂ ਉੱਚਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਆਸਾਨੀ ਨਾਲ ਪਹਿਚਾਣਿਆ ਜਾਂਦਾ ਹੈ। ਇਸ ਤਰ੍ਹਾਂ ਹੀ ਸ਼ਾਮ ਨੂੰ ਸੂਰਜ ਛਿੱਪਣ ਸਮੇਂ ਦੁਮੇਲ ਤੋਂ ਉੱਚਾ ਉਠਣਾ ਸ਼ੁਰੂ ਹੁੰਦਾ ਹੈ ਤਾਂ ਇਹ ਦਿਖਾਈ ਦੇਣਾ ਸ਼ੁਰੂ ਕਰ ਦਿੰਦਾ ਹੈ। ਪਰੰਤੂ ਹੁਣ ਇਹ ਦਿਖਾਈ ਨਹੀਂ ਦਿੰਦਾ। ਕਿਉਂਕਿ ਇਹ ਸੂਰਜ ਦੇ ਬਿਲਕੁਲ ਦੂਜੇ ਪਾਸੇ ਹੈ ਭਾਵ ਦਿਨ ਵਾਲੇ ਪਾਸੇ ਹੈ।

ਜੂਨ 2024 ਤੋਂ ਪਹਿਲਾਂ ਸ਼ੁਕਰ ਗ੍ਰਹਿ 8 ਮਹੀਨੇ ਸਵੇਰ ਦਾ ਤਾਰਾ ਬਣਿਆ ਰਿਹਾ। ਇਹ 23 ਅਕਤੂਬਰ 2023 ਨੂੰ ਆਕਾਸ਼ ਵਿੱਚ ਸੂਰਜ ਤੋਂ ਜਿਆਦਾ ਦੂਰੀ ਤੇ ਦਿਖਾਈ ਦੇ ਰਿਹਾ ਸੀ। ਫਿਰ ਹੌਲੀ ਹੌਲੀ ਅਪ੍ਰੈਲ ਤੋਂ ਪਹਿਲਾਂ ਤੱਕ ਤੜਕਸ਼ਾਰ ਤੋਂ ਲੈ ਕੇ ਦਿਨ ਚੜ੍ਹਨ ਤੱਕ ਪੂਰਬ ਵੱਲ ਇਕ ਚਮਕਦਾਰ  ਤਾਰੇ ਵਜੋਂ ਦਿਖਾਈ ਦਿੰਦਾ ਰਿਹਾ ਹੈ। ਪਰ ਮਈ ਜੂਨ ਤੋਂ ਇਹ ਸੂਰਜ ਦੇ ਬਹੁਤ ਨਜ਼ਦੀਕ ਆਉਂਣ ਕਾਰਣ ਪਹਿਲਾਂ ਮੁਸ਼ਕਲ ਨਾਲ ਤੇ ਫਿਰ ਬਿਲਕੁਲ ਦਿਖਾਈ ਦੇਣੋ ਹਟ ਗਿਆ। ਪਰ ਹੁਣ ਇਹ 4 ਜੂਨ ਨੂੰ ਸੂਰਜ ਦੇ ਦੂਜੇ ਪਾਸੇ ਚਲਾ ਗਿਆ ਅਤੇ ਦਿਨ ਵਾਲੇ ਪਾਸੇ ਹੋ ਗਿਆ ਹੈ। ਜਿਸ ਨੂੰ (superior conjunction) ਉੱਚ ਮਿਲਣੀ ਕਿਹਾ ਜਾਂਦਾ ਹੈ। ਇਹ ਅਜਿਹਾ 584 ਦਿਨ ਬਾਅਦ ਵਾਪਰਦਾ ਹੈ। ਇਸ ਦੇ ਬਾਅਦ ਸ਼ੁੱਕਰ ਗ੍ਰਹਿ ਹੌਲੀ ਹੌਲੀ ਅੱਗੇ ਤੋਂ ਪਿੱਛੇ ਜਾਂਦਾ ਹੋਇਆ ਗਰਮੀ ਦੇ ਕੁਝ ਮਹੀਨਿਆਂ ਬਾਅਦ ਪੱਛਮ ਵੱਲ ਸ਼ਾਮ ਦੇ ਤਾਰੇ ਦੇ ਰੂਪ ਵਿੱਚ ਦਿਖਾਈ ਦੇਵੇਗਾ। ਇਸ ਦੇ ਉਲਟ ਜਦ ਸ਼ੁੱਕਰ ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦਾ ਹੈ ਤਾਂ (Inferior conjunction) ਇਹ ਨੀਵੀਂ ਮਿਲਣੀ ਹੋਵੇਗੀ ਤੇ ਇਸ ਦੇ ਬਾਅਦ ਇਹ ਸਵੇਰ ਦੇ ਤਾਰੇ ਦੇ ਰੂਪ ਵਿੱਚ ਦਿਖਾਈ ਦੇਵੇਗਾ। ਇਹਨਾਂ ਦੋਹਾਂ ਹੀ ਹਾਲਤਾਂ ਵਿੱਚ ਸ਼ੁੱਕਰ ਗ੍ਰਹਿ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਕਿਉਂਕਿ ਦੋਵੇਂ ਹਾਲਤਾਂ ਵਿੱਚ ਹੀ ਇਹ ਦਿਨ ਦਾ ਸਮਾਂ ਹੋਵੇਗਾ।

ਅਸਲ ਵਿੱਚ ਜਿਹੜੇ ਗ੍ਰਹਿ ਧਰਤੀ ਤੋਂ ਪਹਿਲਾਂ ਸੂ{ਰਜ ਵਾਲੇ ਪਾਸੇ ਸਥਿਤ ਹਨ ਉਹਨਾਂ ਨੂੰ ਅੰਦਰਲੇ ਗ੍ਰਹਿ ਕਿਹਾ ਜਾਂਦਾ ਹੈ ਜਿਵੇਂ ਪਹਿਲੇ ਨੰਬਰ ਤੇ ਬੁੱਧ ਅਤੇ ਦੂਜੇ ਨੰਬਰ ਤੇ ਸ਼ੁੱਕਰ ਹਨ ਅਤੇ ਜੋ ਇਸ ਦੇ ਉਲਟ ਧਰਤੀ ਦੇ ਬਾਹਰੀ ਪਾਸੇ ਹਨ ਉਹਨਾਂ ਬਾਹਰੀ ਗ੍ਰਹਿ ਕਿਹਾ ਜਾਂਦਾ ਹੈ ਜਿਵੇਂ ਕਿ ਮੰਗਲ, ਬ੍ਰਹਿਸਪਤੀ ਅਤੇ ਸ਼ਨੀ ਆਦਿ। ਜਦ ਅੰਦਰਲੇ ਇਹ ਗ੍ਰਹਿ ਘੁੰਮਦੇ ਹੋਏ ਧਰਤੀ ਅਤੇ ਸੂਰਜ ਦੇ ਦੂਜੇ ਪਾਸੇ ਚਲੇ ਜਾਂਦੇ ਹਨ ਤਾਂ ਇਹ ਧਰਤੀ ਤੋਂ ਵੱਧ ਤੋਂ ਵੱਧ ਦੂਰੀ ਤੇ ਹੁੰਦੇ ਹਨ ਅਤੇ ਜਦ ਇਹ ਧਰਤੀ ਅਤੇ ਸੂਰਜ ਦੇ ਵਿੱਚਕਾਰ ਹੁੰਦੇ ਹਨ ਤਾਂ ਇਹ ਧਰਤੀ ਦੇ ਵੱਧ ਤੋਂ ਵੱਧ ਨਜ਼ਦੀਕ ਆ ਜਾਂਦੇ ਹਨ। ਪਰ ਦੋਹਾਂ ਹਾਲਤਾਂ ਵਿੱਚ ਹੀ ਇਹ ਸਾਨੂੰ ਦਿਖਾਈ ਨਹੀਂ ਦਿੰਦੇ। ਕਿਉਂਕਿ ਇਹ ਸੂਰਜ ਦੇ ਸਾਹਮਣੇ ਜਾਂ ਪਿੱਛੇ ਹੋਣ ਸਮੇਂ ਅਸੀਂ ਦਿਨ ਦੀ ਸਥਿਤੀ ਵਿੱਚ ਹੁੰਦੇ ਹਨ ਇਸ ਕਾਰਣ ਇਹ ਦਿਖਾਈ ਨਹੀਂ ਦਿੰਦੇ।  ਜਦ ਇਹ ਧਰਤੀ ਤੋਂ ਇਹ ਖਾਸ ਕੋਣ ਤੇ ਹੋਣ ਤਾਂ ਇਹ ਦਿਖਾਈ ਦਿੰਦੇ ਹਨ। ਜਿਵੇਂ ਬੁੱਧ 18 ਤੋਂ ਲੈ ਕੇ 28 ਡਿਗਰੀ ਤੱਕ ਤੇ ਹੋਵੇ ਤਾਂ ਅਸੀਂ ਇਸ ਨੂੰ ਸੂਰਜ ਦੇ ਚੜ੍ਹਣ ਤੋਂ ਪਹਿਲਾਂ ਜਾਂ ਛਿਪਣ ਪਿੱਛੋਂ ਥੋੜੇ ਸਮੇਂ ਲਈ ਦੇਖ ਸਕਦੇ ਹਾਂ। ਪਰ ਸ਼ੁੱਕਰ 45 ਤੋਂ 47 ਡਿਗਰੀ ਤੇ ਵਧੀਆ ਦਿਖਾਈ ਦਿੰਦਾ ਹੈ ਅਤੇ ਜਿਆਦ ਦੇਰ ਤੱਕ ਸੂਰਜ ਦੇ ਚੜ੍ਹਣ ਤੋਂ ਪਹਿਲਾਂ ਜਾਂ ਛਿਪਣ ਤੋਂ ਬਾਅਦ ਦਿਖਾਈ ਦਿੰਦਾ ਹੈ। ਇਸ ਕਾਰਣ ਇਸ ਤੜਕੇ ਦਾ ਜਾਂ ਆਥਣ ਦਾ ਤਾਰਾ ਵੀ ਕਹਿ ਦਿੰਦੇ ਨੇ। ਸੂਰਜ ਦੇ ਨੇੜੇ ਹੋਣ ਕਾਰਣ ਅਤੇ ਛੋਟਾ ਹੋਣ ਕਾਰਣ ਬੁੱਧ ਨੂੰ ਦੇਖਣਾ ਥੋੜਾ ਮੁਸ਼ਿਕਲ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਜਾਂ ਰਾਸ਼ੀ ਤਾਰਾ ਮੰਡਲਾਂ ਮੁਤਾਬਿਕ ਦੇਖੀਏ ਤਾਂ ਬੁੱਧ ਵੱਧ ਤੋਂ ਸੂਰਜ ਤੋਂ ਇੱਕ ਰਾਸ਼ੀ ਅੱਗੇ ਜਾਂ ਪਿੱਛੇ ਹੋ ਸਕਦਾ ਹੈ ਅਤੇ ਸ਼ੁੱਕਰ ਦੋ ਰਾਸ਼ੀ ਤੱਕ ਅੱਗੇ ਜਾਂ ਪਿਛੇ ਰਹਿ ਸਕਦਾ ਹੈ। ਇਸ ਦੇ ਨਾਲ ਹੀ ਪ੍ਰਕਾਸ਼ ਪ੍ਰਵਰਤਿਤ ਘੱਟ (6%) ਹੋਣ ਕਾਰਣ ਮੱਧਮ ਜਿਹਾ ਭੂਰੇ ਜਿਹੇ ਰੰਗ ਵਿੱਚ ਦਿਖਾਈ ਦਿੰਦਾ ਹੈ। ਪਰ ਸ਼ੁੱਕਰ ਗ੍ਰਹਿ ਦਾ ਚੱਕਰ ਬੁੱਧ ਨਾਲੋਂ ਵੱਡਾ ਹੋਣ ਕਾਰਣ ਤੇ ਸੂਰਜ ਤੋਂ ਦੂਰ ਹੋਣ ਕਾਰਣ ਇਹ ਜਿਆਦਾ ਸਮੇਂ ਦਿਖਾਈ ਦਿੰਦਾ ਹੈ ਅਤੇ ਇਹ ਪ੍ਰਕਾਸ ਨੂੰ ਜਿਆਦਾ (65%) ਪ੍ਰਵਰਤਿਤ ਕਰਦਾ ਹੋਣ ਕਾਰਣ ਜਿਆਦਾ ਚਮਕੀਲਾ ਤੇ ਸਫੈਦ ਜਿਹਾ ਦਿਖਾਈ ਦਿੰਦਾ ਹੈ। ਜਿਸ ਕਾਰਣ ਇਸ ਨੂੰ ਪਹਿਲੇ ਇਸ ਨੂੰ ਤਾਰਾ ਹੀ ਸਮਝ ਲਿਆ ਜਾਂਦਾ ਸੀ। ਇਹ ਚਮਕ ਪੱਖੋਂ ਸੂਰਜ ਤੇ ਚੰਦਰਮਾ ਤੋਂ ਬਾਅਦ ਤੀਜੇ ਨੰਬਰ ਤੇ ਹੈ।

ਸ਼ੁੱਕਰ ਸੰਭਾਵਤ ਹੁਣ ਜੁਲਾਈ ਦੇ ਅਖੀਰ ਜਾਂ ਅਗਸਤ ਦੇ ਸ਼ੁਰੂ ਵਿੱਚ ਦੱਖਣੀ ਅਰਧ ਗੋਲੇ ਵਿੱਚ ਵੇਖਿਆ ਜਾ ਸਕਦਾ ਹੈ। ਇਹ ਧਰਤੀ ਦੇ ਉੱਤਰੀ ਅਰਧ ਗੋਲੇ ਤੇ ਸੂਰਜ ਛਿਪਣ ਤੋਂ ਬਾਅਦ ਪਹਿਲੇ 30 ਮਿੰਟ ਤੱਕ ਅਤੇ ਫਿਰ ਅਗਸਤ ਤੱਕ ਇਹ 1 ਘੰਟੇ ਤੱਕ ਦਿਖਾਈ ਦੇਣ ਲੱਗੇਗਾ ਹਾਂ ਬਰਸਾਤੀ ਮੌਸਮ ਹੋਣ ਕਾਰਣ ਦਿਖਣਾ ਅਜੇ ਕੁਝ ਮੁਸ਼ਿਕਲ ਹੁੰਦਾ ਹੈ। ਪੰਜਾਬ ਵਿੱਚ ਇਹ 13 ਅਗਸਤ ਤੋਂ ਬਾਅਦ ਹੀ ਥੋੜਾ ਜਿਹਾ ਦਿਖਣਾ ਸ਼ੁਰੂ ਹੋਵੇਗਾ। ਪਰ ਅਕਤੂਬਰ ਵਿੱਚ ਵਧੀਆ ਦਿਖਾਈ ਦੇਵੇਗਾ ਅਤੇ 4 ਫਰਵਰੀ 25 ਨੂੰ ਬਹੁਤ ਵਧੀਆ ਦਿਖਾਈ ਦੇਵੇਗਾ। ਕੁਲ ਮਿਲਾ ਕੇ ਇਹ ਅੱਠ ਮਹੀਨਿਆਂ ਤੱਕ ਜਾਣੀ ਕਿ ਮਾਰਚ 25 ਤੱਕ ਸ਼ਾਮ ਦਾ ਤਾਰਾ ਬਣਿਆ ਰਹੇਗਾ। ਫਿਰ ਧਰਤੀ ਅਤੇ ਸੂਰਜ ਦੇ ਵਿੱਚਕਾਰ ਦੀ ਲੰਘੇਗਾ ਅਤੇ ਇਸ ਸਮੇਂ ਇਹ ਫਿਰ ਦਿਖਾਈ ਨਹੀਂ ਦੇਵੇਗਾ। ਇਹ ਫਿਰ ਨੀਵੀਂ ਮਿਲਣੀ (Inferior conjunction) ਹੋਵੇਗੀ ਤੇ ਇਸ ਦੇ ਬਾਅਦ ਇਹ ਸਵੇਰ ਦੇ ਤਾਰੇ ਦੇ ਰੂਪ ਵਿੱਚ ਦਿਖਾਈ ਦੇਵੇਗਾ। 

ਇਹ ਇੱਕ ਆਮ ਕੁਦਰਤੀ ਪ੍ਰਕਿਰਿਆ ਹੈ ਪਰ ਸਾਡੇ ਸਾਡੇ ਦੇਸ਼ ਦੇ ਅਖੌਤੀ ਜੋਤਿਸ਼ ਵਿਗਿਆਨੀਆਂ ਨੇ ਇਸ ਨਾਲ ਅੰਧ ਵਿਸਵਾਸ ਜੋੜ ਕੇ ਇਸ ਨਾਲ ਹੀ ਉਹਨਾਂ ਦਾ ਕਾਰੋਬਾਰ ਜੋੜ ਦਿੱਤਾ ਹੈ। ਜਿੰਨਾ ਚਿਰ ਇਹ ਤਾਰਾ ਨਹੀਂ  ਚੜ੍ਹਦਾ, ਉਨਾ ਚਿਰ ਕੋਈ ਨਵਾਂ ਘਰ ਨਹੀਂ ਖਰੀਦਦਾ, ਪਲਾਟ ਨਹੀਂ ਖਰੀਦਦਾ, ਕੋਈ ਵਿਆਹ ਸ਼ਾਦੀ ਨਹੀਂ ਕਰਦਾ ਅਦਿ ਨਹੀਂ ਕਰਦਾ ਇਹ ਸੱਭ ਮਾਨਸਿਕ ਗੁਲਾਮੀ ਦਾ ਪ੍ਰਮਾਣ ਹੈ। ਇਸ ਦਾ ਫਾਇਦਾ ਮਾਰਕੀਟ ਨੂੰ ਥੋੜੇ ਸਮੇਂ ਵਿੱਚ ਬੰਨ ਕੇ ਵੱਡਾ ਮੁਨਾਫਾ ਕਮਾਉਂਣ ਦਾ ਸਾਧਨ ਬਣ ਜਾਂਦਾ ਹੈ। ਕਿਉਂਕਿ ਜਦ ਇਹ ਸ਼ੁੱਕਰ ਗ੍ਰਹਿ ਸੀਮਤ ਸਮੇਂ ਵਿੱਚ ਦਿਖਾਈ ਦੇਵੇਗਾ ਤਾਂ ਕਾਰੋਬਾਰ ਵਿੱਚ ਇੱਕ ਦਮ ਖਿੱਚ ਆ ਜਾਵੇਗੀ। ਭਾਵ ਜੇ ਕਰ ਥੋੜੇ ਸਮੇਂ ਵਿੱਚ ਬਹੁਤ ਸਾਰੇ ਲੋਕ ਵਿਆਹ ਸ਼ਾਦੀਆਂ ਕਰਨ ਤਾਂ ਸੋਨੇ ਵਿੱਚ ਤੇਜ਼ੀ ਆਵੇਗੀ, ਮੈਰਿਜ ਪੈਲਿਸਾਂ ਦੇ ਰੇਟ ਵਧ ਜਾਣਗੇ, ਕੱਪੜਾ ਮਰਕੀਟ ਵਿੱਚ ਭੀੜ ਵਧਣ ਕਾਰਣ ਚੰਗਾ ਮਾੜਾ ਕੱਪੜਾ ਵੀ ਸੱਭ ਚੱਲਦਾ ਹੈ। ਇਹ ਇਕ ਕੁਦਰਤੀ ਵਰਤਾਰਾ ਹੈ ਇਸ ਨਾਲ ਕਿਸੇ ਦੀ ਜਿੰਦਗੀ ਚੰਗੀ ਮਾੜੀ ਨਹੀਂ ਹੋ ਸਕਦੀ ਅਤੇ ਜੋ ਵੀ ਇਸ ਦਾ ਅਸਰ ਹੋਵੇਗਾ ਉਹ ਧਰਤੀ ਤੇ ਰਹਿੰਦੇ ਸਾਰੇ ਪਦਾਰਥਾਂ ਅਤੇ ਜੀਵਾਂ ਆਦਿ ਤੇ ਹੋਵੇਗਾ।

Monday, May 13, 2024

ਟੂਣੇ ਦਾ ਨਾਰੀਅਲ


 ਟੂਣੇ ਦਾ ਨਾਰੀਅਲ
ਆਪ ਵਿੱਚੋਂ ਕੁਝ ਇਹ ਸਮਝਦੇ ਹੋਣਗੇ ਕਿ ਮੈਂ ਕੁਝ ਦਿਨ ਪਹਿਲਾਂ ਟੂਣਾ ਚੁੱਕਣ ਦੀ ਗੱਲ ਕਹੀ ਸੀ. ਸ਼ਾਇਦ ਇਸੇ
ਟੂਣੇ ਦਾ ਨਾਰੀਅਲ
ਅਸਰ ਕਰਕੇ ਅੱਗੇ ਲਿੱਖਣਾ ਬੰਦ ਕਰ ਦਿਤਾ ਦਰਅਸਲ ਜਾਬ ਦੇ ਅਤੇ ਘਰ ਦੇ ਰੁਝੇਵੇਂ ਅਤੇ ਗਰਮੀ ਦੇ ਮੌਸਮ ਕਾਰਣ ਲਿਖਣ ਦੀ ਸਮੱਸਿਆ ਰਹੀ ਹੈ ਅਤੇ ਰਹੇਗੀ ਵੀ ਪਰ ਫਿਰ ਵੀ ਥੋੜਾ ਬਹੁਤਾ ਵਕਤ ਕੱਢ ਕੇ ਆਪ ਦੀ ਸੇਵਾ ਜਰੂਰ ਕਰਦਾ ਰਹਾਂਗਾ.
 ਅੱਜ ਇੱਕ ਹੋਰ ਟੂਣੇ ਦੀ ਗੱਲ ਕਰਦੇ ਆਂ.
ਇਸ ਕੋਈ ਚਾਰ ਕੁ ਸਾਲ ਪੁਰਾਣੀ ਗੱਲ ਹੈ ਕਿ ਮੈਂ ਸਵੇਰ ਦੇ ਸਮੇਂ ਆਪਣੇ ਸਾਇਕਲ 'ਤੇ ਸਵਾਰ ਹੋ ਕੇ ਡਿਉਟੀ ਜਾ ਰਿਹਾ ਸੀ. ਮੈਂ ਹੱਸਪਤਾਲ ਵਾਲੇ ਚੁਰੱਸਤੇ ਵਿੱਚ ਟੂਣਾ ਪਿਆ ਦੇਖਿਆ. ਜਿਸ ਵਿੱਚ ਇਕ ਨਾਰੀਅਲ ਅਤੇ ਹੋਰ ਸਿੰਗਾਰ ਦਾ ਸਮਾਨ ਅਤੇ ਕੰਘੀ ਆਦਿ ਸਨ. ਮੈਂ ਉਸ ਵਿੱਚੋਂ ਨਾਰੀਅਲ ਦੇਖਿਆ ਤੇ ਇਹ ਕੱਚਾ ਅਤੇ ਖਾਣ ਵਾਲਾ ਸੀ. ਸੋ ਮੈਂ ਨਾਰੀਅਲ ਅਤੇ ਕੰਘੀ ਵਗੈਰਾ ਕੰਮ ਦਾ ਸਮਾਨ ਉਠਾ ਲਿਆ ਅਤੇ ਕੰਮ ਤੇ ਪੁੱਜ ਗਿਆ. ਉੱਥੇ ਮੇਰਾ ਦੋਸਤ ਅਤੇ ਤਰਕਸ਼ੀਲ ਹਰਪਾਲ ਵੀ ਹਾਜ਼ਰ ਸੀ. ਮੈਂ ਉਸ ਨੂੰ ਸਮਾਨ ਬਾਰੇ ਟੂਣੇ ਬਾਰੇ ਦੱਸਿਆ. ਉਸ ਨੇ ਕੰਘੀ ਆਪਣੇ ਵਾਸਤੇ ਰੱਖ ਲਈ ਕਿਉਜੁ ਉਹ ਸਿਰੋਂ ਮੋਨਾ ਹੋਣ ਕਰਕੇ ਵਾਲਾਂ ਨੂੰ ਕੰਘੀ ਕਰਿਆ ਕਰੇਗਾ. ਇਹ ਕੰਘੀ ਹੁਣ ਵੀ ਉਸ ਕੋਲ ਹੈ.
ਫਿਰ ਅਸੀਂ ਨਾਰੀਅਲ ਭੰਨ ਲਿਆ. ਇਸ ਸਮੇਂ ਤੱਕ ਸਾਡੇ ਹੋਰ ਸਾਥੀ ਵੀ ਆਪਣੇ ਕੰਮਾਂ ਤੇ ਆ ਗਏ. ਅਸੀਂ ਨਾਰੀਅਲ ਨੂੰ ਖਾਣ ਸਮੇਂ ਦੁਜਿਆਂ ਨੂੰ ਵੀ ਪੰਜਾਬੀ ਸਭਿਆਚਾਰ ਮੁਤਾਬਿਕ ਨਾਰੀਅਲ ਵੰਡ ਕੇ ਦਿੱਤਾ. ਜਦ ਸਾਰਿਆਂ ਨੇ ਖਾ ਲਿਆ ਤਾਂ ਅਸੀਂ ਇਹ ਵੀ ਦੱਸ ਦਿੱਤਾ ਕਿ ਇਹ ਟੂਣੇ ਦਾ ਨਾਰੀਅਲ ਸੀ. ਉਹਨਾਂ ਵਿੱਚੋਂ ਕੁਝ ਡਰ ਜਿਹਾ ਰਹੇ ਸਨ. ਅਸੀਂ ਉਹਨਾਂ ਦਾ ਹੌਂਸਲਾ ਵਧਾਉਂਣ ਵਾਸਤੇ ਇਹ ਵੀ ਦੱਸ ਦਿੱਤਾ ਸੀ ਕਿ ਅਸੀਂ ਅਜਿਹਾ ਪਹਿਲੀ ਵਾਰ ਨਹੀਂ ਕਰ ਰਹੇ. ਇਸ ਤਰ੍ਹਾਂ ਕਈ ਵਾਰ ਖਾ ਚੁੱਕੇ ਹਾਂ. ਜੋ ਸਮਾਨ ਤੁਸੀਂ ਬਜਾਰੋਂ ਲੈ ਕੇ ਖਾਂਦੇ ਹੋ, ਉਹੀ ਸਮਾਨ ਇਹ ਹੁੰਦਾ ਹੈ. ਫਰਕ ਕੇਵਲ ਇਹ ਹੈ ਕਿ ਇਹ ਸਮਾਨ ਕਿਸੇ ਅੰਧ- ਵਿਸ਼ਵਾਸੀ ਨੇ ਕਿਸੇ ਪਾਖੰਡੀ ਕਿਸਮ ਦੇ ਵਿਆਕਤੀ ਮਗਰ ਲੱਗ ਕੇ ਇਸ ਨੂੰ ਖਰੀਦ ਕੇ ਚੁਰਾਹੇ ਵਿੱਚ ਰੱਖ ਦਿੱਤਾ. ਜੋ ਥੋੜਾ ਬਹੁਤਾ ਉਹਨਾਂ ਵਿੱਚ ਡਰ ਸੀ, ਦੂਜੇ ਦਿਨ ਸਾਨੂੰ ਠੀਕ ਠਾਕ ਦੇਖ ਕੇ ਉਹ ਵੀ ਖ਼ਤਮ ਹੋ ਗਿਆ.
ਹਰਚੰਦ ਭਿੰਡਰ

Monday, February 26, 2024

ਸਪਤਰਿਸ਼ੀ ਤਾਰਾ-ਮੰਡਲ

ਸਪਤਰਿਸ਼ੀ ਤਾਰਾ-ਮੰਡਲ 
ਇਹ ਸਾਰਿਆਂ ਤੋਂ ਜਿਆਦਾ ਅਤੇ ਬਹੁਤ ਪੁਰਾਣੇ ਸਮੇਂ ਤੋਂ ਹੀ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਣ ਵਾਲਾ ਤਾਰਾ-ਮੰਡਲ ਹੈ। ਇਸ ਬਾਰੇ ਲਗਭਗ ਸਾਰੀਆਂ ਹੀ ਪ੍ਰਚੀਨ ਸਭਿਆਤਾਵਾਂ ਵਿੱਚ ਵੀ ਜਾਣਕਾਰੀ ਮਿਲਦੀ ਹੈ। ਦੂਜੀ ਸਦੀ ਈਸਵੀ ਵਿੱਚ ਟਾਲਮੀ ਨੇ ਜਿਹਨਾਂ 48 ਤਾਰਾ-ਮੰਡਲਾਂ ਦੀ ਸੂਚੀ ਬਣਾਈ ਸੀ ਉਨ੍ਹਾਂ ਵਿੱਚ ਇਹ ਤਾਰਾ-ਮੰਡਲ ਵੀ ਸ਼ਾਮਲ ਸੀ। 
 ਇਹ ਧਰਤੀ ਦੇ ਉੱਤਰੀ ਗੋਲਾਅਰਧ ਦੇ ਅਕਾਸ਼ ਵਿੱਚ ਨਜ਼ਰ ਆਉਣ ਵਾਲਾ ਇੱਕ ਤਾਰਾ-ਮੰਡਲ ਹੈ। ਇਸਨੂੰ ਵਿਸਾਖ (ਅਪ੍ਰੈਲ-ਮਈ) ਮਹੀਨੇ ਵਿੱਚ ਸਭ ਤੋਂ ਵਧੀਆ ਢੰਗ ਨਾਲ ਵੇਖਿਆ ਜਾ ਸਕਦਾ ਹੈ। ਅੱਜ-ਕੱਲ ਤੁਸੀਂ ਇਸ ਮੰਡਲ ਨੂੰ ਸਵੇਰੇ ਪੰਜ ਵਜੇ ਦੇ ਆਸ-ਪਾਸ ਉੱਤਰ-ਪੂਰਬ ਵੱਲ ਚੰਗੀ ਤਰ੍ਹਾਂ ਦੇਖ ਸਕਦੇ ਹੋ। (ਦੇਖੋ ਤਸਵੀਰ ) ਇਸ ਵਿੱਚ ਚਾਰ ਤਾਰੇ ਇੱਕ ਅਣਘੜਤ ਮੰਜੀ ਵਾਂਗ ਅਤੇ ਤਿੰਨ ਟੇਢੀ ਲਾਈਨ ਵਿੱਚ ਦਿਖਦੇ ਹਨ। ਪੰਜਾਬੀਆਂ ਵਿੱਚ ਇਸ ਨੂੰ ਮੰਜੀ, ਪਹਿਰੇਦਾਰ, ਕੁੱਤਾ ਅਤੇ ਚੋਰ ਨਾਲ ਵੀ ਜਾਣਿਆ ਜਾਂਦਾ ਹੈ। ਵੈਸੇ ਤਾਰਿਆਂ ਦੀ ਖਿਆਲੀ ਤਸਵੀਰ ਇੱਕ ਸਵਾਲੀਆ (?)ਚਿੰਨ੍ਹ ਦੀ ਸ਼ਕਲ ਬਣਦੀ ਲਗਦੀ ਹੈ। 
ਅੰਗਰੇਜ਼ੀ ਵਿੱਚ ਸਪਤਰਿਸ਼ੀ ਤਾਰਾਮੰਡਲ ਨੂੰ ਉਰਸਾ ਮੇਜਰ (Ursa Major), ਵੱਡਾ ਭਾਲੂ ਮਤਲਬ ਗ੍ਰੇਟ ਬੀਅਰ (Great Bear) ਜਾਂ ਬਿੱਗ ਬੀਅਰ (Big Bear) ਕਿਹਾ ਜਾਂਦਾ ਹੈ। ਇਸਨੂੰ ਅਮਰੀਕਾ ਅਤੇ ਕਨੇਡਾ ਵਿੱਚ ਬਿੱਗ ਡਿੱਪਰ (Big Dipper) (ਯਾਨੀ ਵੱਡਾ ਚਮਚਾ) ਵੀ ਕਿਹਾ ਜਾਂਦਾ ਹੈ। ਅਮਰੀਕਾ ਦੇ ਰਾਜ ਅਲਾਸਕਾ ਦੇ ਝੰਡੇ ਵਿੱਚ ਸਪਤ ਰਿਸ਼ੀ ਦੇ ਨਾਲ ਧਰੁਵ ਤਾਰੇ ਨੂੰ ਵੀ ਦਿਖਾਇਆ ਗਿਆ ਹੈ ਜੋ ਕਿ ਬਸੰਤ ਰੁੱਤ ਦੀ ਆਮਦ ਦਾ ਪ੍ਰਤੀਕ ਹੈ। ਇਸ ਡਿਜ਼ਾਇਨ ਨੂੰ 1927 ਵਿੱਚ ਇੱਕ ਕੰਪੀਟੀਸ਼ਨ ਸਮੇਂ 14 ਸਾਲ ਦੇ ਇਕ ਅਨਾਥ ਵਿਦਿਆਰਥੀ ਬੈਨੀ ਬੈਨਸਨ ਨੇ ਬਣਾਇਆ ਸੀ। ਇਸ ਤਾਰਾਮੰਡਲ ਨੂੰ ਇੱਕ ਡੋਰ ਨਾਲ਼ ਉੱਡ ਰਹੀ ਪਤੰਗ ਦੀ ਸ਼ਕਲ ਵੀ ਦੇਖਿਆ ਸਕਦਾ ਹੈ।
 ਭਾਰਤ ਵਿੱਚ ਇਨ੍ਹਾਂ ਤਾਰਿਆਂ ਦੇ ਨਾਮ ਪ੍ਰਾਚੀਨ ਕਾਲ਼ ਦੇ ਸੱਤ ਰਿਸ਼ੀਆਂ ਦੇ ਨਾਮ ਉੱਤੇ ਰੱਖੇ ਹੋਏ ਹਨ। ਇਹ ਕਰਤੁ, ਪੁਲਹ, ਪੁਲਸਤਯ, ਅਤਰੀ, ਅੰਗਿਰਸ, ਵਸ਼ਿਸ਼ਠ ਅਤੇ ਮਾਰੀਚਿ ਹਨ। ਪ੍ਰਚਲਿਤ ਨਾਮ ਜੋ ਕਿ ਬਰੈਕਟਾਂ ਵਿੱਚ ਲਿਖੇ ਹਨ, ਅਰਬੀ ਬੋਲੀ ਮੁਤਾਬਿਕ ਹਨ ਅਤੇ ਇਹਨਾਂ ਦੀਆਂ ਸਾਥੋਂ ਦੂਰੀਆ ਇਸ ਤਰ੍ਹਾਂ ਹਨ; ਅਲਫਾ (Dubhe) ਸੂਰਜ ਤੋਂ 300 ਗੁਣਾ ਜਿਆਦਾ ਚਮਕ ਵਾਲਾ ਪੀਲੇ ਰੰਗ ਦਾ ਤਾਰਾ ਦੂਰੀ 124 ਪ੍ਰਕਾਸ਼ ਸਾਲ, ਬੀਟਾ (Merak) ਦੂਰੀ 79 ਪ੍ਰਕਾਸ਼ ਸਾਲ, ਗਾਮਾ (Phecda) ਦੂਰੀ 84 ਪ੍ਰਕਾਸ਼ ਸਾਲ, ਡੈਲਟਾ (Megrez) ਥੋੜਾ ਮੱਧਮ ਜਿਹਾ ਦੂਰੀ 81 ਪ੍ਰਕਾਸ਼ ਸਾਲ, ਏਪਸੀਲੋਨ (Alioth) ਦੂਰੀ 81ਪ੍ਰਕਾਸ਼ ਸਾਲ, ਜੀਟਾ (ਦਰਅਸਲ ਇਹ ਅਲੱਗ ਅਲੱਗ ਦੋ ਤਾਰੇ ਹਨ।) ਵਸ਼ਿਸ਼ਠ (Mizar) ਦੂਰੀ 78 ਪ੍ਰਕਾਸ਼ ਸਾਲ , ਵਸ਼ਿਸ਼ਠ ਦੀ ਪਤਨੀ ਅਰੁੰਧਤੀ (Alcor) ਦੂਰੀ 81ਪ੍ਰਕਾਸ਼ ਸਾਲ (ਤਸਵੀਰ ਵਿੱਚ ਵਸ਼ਿਸ਼ਠ ਪਤੀ ਪਤਨੀ ਵਾਸਤੇ ਦੇਖੋ ਤੀਰ ਦਾ ਨਿਸ਼ਾਨ), ਈਟਾ (Alkaid) ਹਲਕਾ ਨੀਲਾ ਰੰਗ ਦੂਰੀ 100 ਪ੍ਰਕਾਸ਼ ਸਾਲ। 
ਧਰੁਵ ਤਾਰੇ ਨੂੰ ਲੱਭਣ ਲਈ ਜੇਕਰ ਇਸ ਦੇ ਮੰਜੀ ਦੇ ਸੇਰੂ ਵਾਲੇ (From Merak to Dubhe) ਦੋ ਤਾਰਿਆਂ ਤੋਂ ਸਿੱਧੀ ਲਕੀਰ ਉੱਤਰ ਵੱਲ ਖਿਚੀਏ ਤਾਂ ਇਹ ਧਰੁਵ ਤਾਰੇ ਉੱਤੇ ਪੁੱਜਦੀ ਹੈ ਇਸ ਤਰ੍ਹਾਂ ਤੁਸੀਂ ਧਰੂ ਤਾਰਾ Pole star ਦੇਖ ਸਕਦੇ ਹੋ। ਜੇ ਇਹ ਲਾਈਨ ਦੱਖਣ ਵੱਲ ਵਧਾਈਏ ਤਾਂ ਸਿੰਘ ਤਾਰਾ ਮੰਡਲ ਨਜ਼ਰ ਆਵੇਗਾ। ਹੁਣ ਜੇ ਕਰ ਪਹਿਰੇਦਾਰ, ਕੁੱਤਾ ਅਤੇ ਚੋਰ ਵਾਲੀ ਚਾਪ ਨੂੰ ਅੱਗੇ ਵਧਾਈਏ ਤਾਂ ਪੂਰਬ ਵੱਲ ਲਾਲ ਰੰਗ ਦਾ ਤਾਰਾ ਨਜ਼ਰ ਆਵੇਗਾ, ਇਹ ਸਵਾਤੀ Arcturus ਤਾਰਾ ਹੈ। ਇਸ ਚਾਪ ਨੂੰ ਹੋਰ ਅੱਗੇ ਵਧਾਈਏ ਤਾਂ ਸਫੈਦ ਰੰਗ ਦਾ ਤਾਰਾ ਤਾਰਾ ਨਜ਼ਰ ਆਵੇਗਾ, ਇਹ ਚਿੱਤਰਾ Spica ਤਾਰਾ ਹੈ , ਇਹ ਕੰਨਿਆ ਮੰਡਲ ਦਾ ਚਮਕਦਾਰ ਤਾਰਾ ਹੈ ਇਸ ਨਾਮ ਤੇ ਹੀ ਦੇਸੀ ਮਹੀਨੇ ਦਾ ਨਾਮ ਚੇਤਰ ਜਾਂ ਚੇਤ ਪਿਆ। ਇਸ ਤਾਰਾਮੰਡਲ ਦੇ ਅਲਫਾ ਅਤੇ ਈਟਾ ਬਾਕੀ ਪੰਜ ਤਾਰਿਆਂ ਦੇ ਉਲਟ ਆਪਣੀ ਆਕਾਸ਼ ਗੰਗਾ ਵਿੱਚ ਗਤੀ ਕਰ ਰਹੇ ਹਨ। ਜਿਸ ਨਾਲ ਲਗਭਗ 50000 ਸਾਲ ਬਾਅਦ ਇਸ ਦੀ ਸ਼ਕਲ ਬਦਲ ਜਾਵੇਗੀ। (ਦੇਖੋ ਤਸਵੀਰ 3) ਇਸ ਮੰਡਲ ਵਿੱਚ ਕਈ ਨੇਬੂਲਾ ਤੇ ਗਲੈਕਸੀਆਂ ਹਨ। ਜੋ ਮੈਸੀਅਰ ਸੂਚੀ ਵਿੱਚ ਆਉਂਦੀਆ ਹਨ। ਜੋ ਕਿ ਇਹ ਹਨ ; ਤਿੰਨ ਗਲੈਕਸੀਆਂ; 1 ਪਿਨਵੀਲ ਗਲੈਕਸੀ (Pinwheel Galaxy), 2 ਬੋਡੇਜ਼ ਗਲੈਕਸੀ (Bode’s Galaxy), 3 ਸਿਗਾਰ ਗਲੈਕਸੀ(Cigar Galaxy) , ਅਤੇ ਚੌਥਾ ਆਊਲ ਨੇਬੂਲਾ (Owl Nebula). ਇਸ ਦੇ ਇਲਾਵਾ ਤਿੰਨ ਨੇਬੂਲਾ ਇਹ ਹਨ;
 Messier 40 (M40, Winnecke 4), Messier 108 (M108, NGC 3556), and Messier 109 (M109, NGC 3992).

Sunday, April 16, 2017

ਵਧ ਰਿਹਾ ਧਾਰਮਿਕ ਕੱਟੜਵਾਦ ਅਤੇ ਅੰਧਵਿਸ਼ਵਾਸ ਚਿੰਤਾਜਨਕ: ਲੌਗੋਵਾਲ


ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਪਟਿਆਲਾ ਦਾ ਜੋਨ ਇਜਲਾਸ ਹੋਇਆ

ਪਟਿਆਲਾ, 16 ਅਪ੍ਰੈਲ (ਹਰਚੰਦ ਭਿੰਡਰ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ. ਦਾ ਦੋ ਸਾਲਾ ਚੋਣ ਇਜਲਾਸ ਤਰਕਸ਼ੀਲ ਹਾਲ ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਹੋਇਆ. ਜਿਸ ਵਿੱਚ ਪਟਿਆਲਾ ਜੋਨ ਵਿੱਚ ਕੰਮ ਕਰ
ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਲਵੀਰ ਚੰਦ
ਰਹੀਆਂਪਟਿਆਲਾ
, ਨਾਭਾ, ਸਮਾਣਾ ਅਤੇ ਘਨੌਰ  ਇਕਾਈਆਂ ਦੇ ਸਮੂਹ ਅਹੁਦੇਦਾਰਾਂ ਅਤੇ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ. ਇਜਲਾਸ ਦੀ ਸ਼ੁਰੂਆਤ ਕਰਦਿਆਂ ਜੋਨ ਆਗੂ ਰਾਮ ਕੁਮਾਰ ਪਟਿਆਲਾ ਨੇ ਹਾਜ਼ਰ ਡੈਲੀਗੇਟਾਂ ਅਤੇ ਸਟੇਟ ਕਮੇਟੀ ਦੇ ਨੁਮਾਇਦੇ ਅਤੇ ਤਰਕਸ਼ੀਲ ਮੈਗਜੀਨ ਦੇ ਸੰਪਾਦਕ ਬਲਵੀਰ ਚੰਦ ਲੌਗੋਵਾਲ ਨੂੰ ਜੀ ਆਇਆਂ ਕਿਹਾ ਅਤੇ ਦੋ ਸਾਲਾਂ ਦੌਰਾਨ ਜੋਨ ਵੱਲੋਂ ਕੀਤੀਆਂ ਸਰਗਰਮੀਆਂ ਦੀ ਸੰਖੇਪ ਰਿਪੋਰਟ ਪੇਸ਼ ਕੀਤੀ. ਜਿਸ ਉਪਰ ਲਾਭ ਸਿੰਘ, ਚਰਨਜੀਤ ਪਟਵਾਰੀ, ਹਰਚੰਦ ਭਿੰਡਰ, ਬਹਾਦਰ ਅਲੀ ਸਮਾਣਾ, ਨੂਪ ਰਾਮ ਅਤੇ ਗੁਰਦੀਪ ਸਿੰਘ ਸੇਖੋਂ ਆਦਿ  ਨੇ ਆਪਣੇ ਵਿਚਾਰ ਰੱਖੇ.
ਜੋਨ ਦੇ ਅਹੁਦੇਦਾਰਾਂ ਦੀ ਚੋਣ ਸਮੇਂ ਮੁੱਖ ਮਹਿਮਾਨ ਬਲਵੀਰ ਚੰਦ ਨੇ ਕਿਹਾ ਅਜੋਕੇ ਦੌਰ ਵਿੱਚ ਸਿਆਸੀ ਸਹਿ ਤੇ ਪਲ਼ ਵਧ

ਜੋਨ ਦੀ ਨਵੀਂ ਟੀਮ ਦੀ ਚੋਣ ਉਪਰੰਤ ਅਹੁਦੇਦਾਰ ਅਤੇ ਮੈਂਬਰ
ਰਿਹਾ ਧਾਰਮਿਕ ਕੱਟੜਵਾਦ ਅਤੇ ਅੰਧਵਿਸ਼ਵਾਸ ਚਿੰਤਾਜਨਕ ਹੈ. ਤਰਕਸ਼ੀਲ ਸਾਥੀਆਂ ਨੂੰ ਇਸ ਸਮੇਂ ਪੂਰੀ ਸਿਦਤ ਨਾਲ ਕੰਮ ਕਰਨ ਦੀ ਜਰੂਰਤ ਹੈ. ਉਹਨਾਂ ਅੱਗੇ ਕਿਹਾ ਕਿ ਇਸ ਵਾਸਤੇ ਸਾਨੂੰ ਸ਼ਹੀਦ ਭਗਤ ਸਿੰਘ ਤੋਂ ਸੇਧ ਲੈਂਦਿਆਂ ਅਧਿਐਨ ਕਰਨ ਦੀ ਜਰੂਰਤ ਹੈ ਤਾਂ ਕਿ ਅਸੀਂ ਚਣੌਤੀ ਪੂਰਵਕ ਹਾਲਤਾਂ ਨਾਲ ਨਜਿੱਠ ਸਕੀਏ. ਇਸ ਉਪਰੰਤ ਬਲਵੀਰ ਚੰਦ ਦੀ ਪ੍ਰਧਾਨਗੀ ਹੇਠ ਜੋਨ ਦੇ ਅਹੁਦੇਦਾਰਾਂ ਦੀ ਚੋਣ ਹੋਈ. ਜਿਸ ਵਿੱਚ ਪੁਰਾਣੇ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਨਵੇਂ ਅਹੁਦੇਦਾਰ ਚੁਣੇ ਗਏ. ਨਵੇਂ ਅਹੁਦੇਦਾਰਾਂ ਵਿੱਚ
, ਜੋਨ ਜਥੇਬੰਦਕ ਮੁਖੀ ਸਰਬਜੀਤ ਸਿੰਘ ਉੱਖਲਾ, ਵਿੱਤ ਅਤੇ ਮੈਗਜੀਨ ਵੰਡ ਵਿਭਾਗ ਦੇ ਮੁਖੀ ਚਰਨਜੀਤ ਪਟਵਾਰੀ, ਮੀਡੀਆ ਵਿਭਾਗ ਮੁਖੀ ਹਰਚੰਦ ਭਿੰਡਰ, ਸਭਿਆਚਾਰਕ ਵਿਭਾਗ ਮੁਖੀ ਰਾਮ ਕੁਮਾਰ ਪਟਿਆਲਾ ਅਤੇ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਮੁਖੀ ਲਾਭ ਸਿੰਘ ਸਰਬਸੰਮਤੀ ਨਾਲ ਚੁਣੇ ਗਏ.
ਚੁਣੇ ਜਾਣ ਦੇ ਬਾਅਦ ਸਮੂਚੀ ਟੀਮ ਨੇ ਪਟਿਆਲਾ ਜੋਨ ਵਿੱਚ ਸਰਗਰਮੀਆਂ ਵਧਾਉਂਣ ਵਾਸਤੇ ਵਿਚਾਰਚਰਚਾ ਵੀ ਕੀਤੀ. ਜਿਸ ਵਿੱਚ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਧਾਰਾ ਪ੍ਰਤੀ ਜਾਗਰੁਕ ਕਰਨ ਦੇ ਇਲਾਵਾ ਮਾਨਸਿਕ ਰੋਗਾਂ ਪ੍ਰਤੀ ਚੇਤਨ ਕਰਨ ਵਾਸਤੇ ਸਮਾਜਿਕ ਤੌਰ ਤੇ ਪਛੜੇ ਵਰਗ ਵਿੱਚ ਵੀ ਪਹੁੰਚ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ. ਇਸ ਸਮੇਂ ਹੋਰਨਾਂ ਦੇ ਇਲਾਵਾ ਰਾਮ ਸਿੰਘ ਬੰਗ, ਕੁਲਵੰਤ ਕੌਰ, ਹਰਨੇਕ ਸਿੰਘ, ਸੰਜੀਵ ਕੁਮਾਰ ਰਾਜਪੁਰਾ, ਰਾਜ ਕਮਾਰ ਸਮਾਣਾ, ਪੂਰਨ ਸਿੰਘ, ਪਰਗਟ ਸਿੰਘ ਘਨੌਰ, ਡਾ ਏ ਕੇ ਸ਼ਰਮਾ, ਅਨਿਲ ਕੁਮਾਰ ਨਾਭਾ, ਮਾ. ਰਮਣੀਕ ਸਿੰਘ, ਗੁਰਜੰਟ ਸਿੰਘ ਅਤੇ ਲਖਵੀਰ ਸਿੰਘ ਆਦਿ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ.

समाचार

Total Pageviews