ਕੀ ਹੈ ਨਜ਼ਰ ਲੱਗਣਾ ?
ਅੰਧ ਵਿਸ਼ਵਾਸ ਦੀ ਗੱਲ ਕਰੀਏ ਤਾਂ ਦੇਖਦੇ ਹਾਂ ਸਾਡੇ ਆਸ ਪਾਸ ਅਜਿਹਾ ਬਹੁਤ ਕੁੱਝ ਦਿਸਦਾ ਹੈ, ਜਿਹੜਾ ਕਿ ਸਾਡੇ ਸਮਾਜ ਬਹੁਤ ਵੱਡੇ ਹਿੱਸੇ ਦੇ ਅੰਧ ਵਿਸ਼ਵਾਸੀ ਹੋਣ ਦੀ ਹਾਮੀ ਭਰਦਾ ਹੈ। ਜਿਸ ਪਾਸੇ ਵੀ ਨਜ਼ਰ ਜਾਂਦੀ ਹੈ, ਇਸ ਦੀਆਂ ਉਦਾਹਰਣਾਂ ਸਾਰੇ ਪਾਸੇ ਦਿਖਾਈ ਦਿੰਦੀਆਂ ਹਨ। ਜੇ ਨਜ਼ਰ ਦੀ ਗੱਲ ਕਰੀਏ ਤਾਂ ਮਾਂ ਆਪਣੇ ਪਿਆਰੇ ਪੁੱਤਰ ਦੇ ਮੱਥੇ ਦੇ ਇੱਕ ਪਾਸੇ ਕਾਲਾ ਟਿੱਕਾ ਇਸ ਕਰਕੇ ਲਾਉਂਦੀ ਹੈ ਕਿ ਕਿਸੇ ਦੀ ਚੰਦਰੀ ਨਜ਼ਰ ਨਾ ਲੱਗ ਜਾਵੇ। ਚੰਗੀ ਫ਼ਸਲ ਵਾਲਾ ਕਿਸਾਨ ਆਪਣੇ ਖੇਤ ਵਿੱਚ ਡੰਡਾ ਗੱਡ ਕੇ ਕਾਲੀ ਤੌੜੀ ਟੰਗਦਾ ਹੈ ਕਿ ਨਜ਼ਰ ਨਾਲ ਉਸ ਦੀ ਚੰਗੀ ਭਲੀ ਫ਼ਸਲ ਦਾ ਨੁਕਸਾਨ ਨਾ ਹੋ ਜਾਵੇ। ਨਵਾਂ ਮਕਾਨ ਬਣਾਉਣ ਵਾਲਾ ਮਕਾਨ ਮਾਲਕ ਆਪਣੇ ਨਵੇਂ ਬਣ ਰਹੇ ਮਕਾਨ ਦੀ ਸਾਹਮਣੇ ਦੀ ਦਿਸਾ ਤੇ ਨਜ਼ਰਵੱਟੂ ਟੰਗਦਾ ਹੈ ਕਿ ਮਕਾਨ ਮਾੜੀਆਂ ਨਜ਼ਰਾਂ ਤੋਂ ਬਚਿਆ ਰਹਿ ਸਕੇ। ਦੁਕਾਨਦਾਰ ਵੀ ਦੁਕਾਨ ਅੱਗੇ ਨਿੰਬੂ ਮਿਰਚਾਂ ਟੰਗਦਾ ਹੈ ਤਾਂ ਕਿ ਉਸ ਦੀ ਦੁਕਾਨਦਾਰੀ ਨੂੰ ਬੁਰੀਆਂ ਨਜ਼ਰਾਂ ਪ੍ਰਭਾਵਤ ਨਾ ਕਰ ਸਕਣ।
ਹੁਣ ਜੇ ਉਪਰੋਕਤ ਉਦਾਹਰਨਾਂ ਦੀ ਗੱਲ ਕਰੀਏ ਕਿ 'ਬੁਰੀ ਨਜ਼ਰ' ਕੀ ਬਲਾ ਹੈ ਜਿਹੜੀ ਕਿ ਮਨੁੱਖੀ ਜੀਵਨ ਵਾਸਤੇ ਵਿਗਿਆਨਕ ਯੁੱਗ ਵਿੱਚ ਵੀ 'ਬਹੁਤ ਵੱਡਾ ਖਤਰਾ' ਦਿਖਾਈ ਦਿੰਦੀ ਹੈ? ਆਉ ਜ਼ਰਾ ਤਰਕਸ਼ੀਲ ਨਜ਼ਰੀਏ ਨਾਲ ਸੋਚੀਏ, ਸਾਡੀਆਂ ਅੱਖਾਂ ਸਰੀਰ ਦੀਆਂ ਦੂਜੀਆਂ ਗਿਆਨ ਇੰਦਰੀਆਂ ਦੀ ਤਰ੍ਹਾਂ ਹੀ ਗਿਆਨ ਇੰਦਰੀਆਂ ਹਨ। ਇਹ ਸਾਡੇ ਦਿਮਾਗ ਨੂੰ ਦ੍ਰਸ਼ਿਟੀ ਦੁਆਰਾ ਗਿਆਨ ਇਕੱਤਰ ਕਰਕੇ ਭੇਜਦੀਆਂ ਹਨ। ਦਿਮਾਗ ਇਕੱਤਰ ਹੋਏ ਅਨੁਭਵਾਂ ਰਾਹੀਂ ਫੈਸਲਾ ਕਰਦਾ ਹੈ ਕਿ ਇਹ ਰਾਮ ਸਿੰਘ ਹੈ, ਜਿਸ ਦੇ ਪੈਂਟ ਤੇ ਕਮੀਜ਼ ਪਾਈ ਹੋਈ ਹੈ। ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਾਸਤੇ ਅਸੀਂ ਫੋਟੋ ਉਤਾਰਨ ਵਾਲੇ ਕੈਮਰੇ ਦੀ ਉਦਾਹਰਣ ਲੈਂਦੇ ਹਾਂ। ਜਿਵੇਂ ਕੈਮਰੇ ਦਾ ਲੈਂਜ ਬਾਹਰਲੇ ਦ੍ਰਿਸ਼ ਦਾ ਚਿੱਤਰ ਕੈਮਰੇ ਵਿਚਲੀ ਰੀਲ੍ਹ ਦੇ ਉੱਪਰ ਪਾਉਂਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਸਾਡੀ ਅੱਖ ਬਾਹਰਲੇ ਦ੍ਰਿਸ਼ ਦਾ ਚਿੱਤਰ ਸਾਡੇ ਦਿਮਾਗ ਦੇ ਇੱਕ ਖਾਸ ਹਿੱਸੇ ਤੇ ਪਾਉਂਦੀ ਹੈ। ਇਸ ਕੈਮਰੇ ਦੀ ਕਾਢ ਵੀ ਸਾਡੀ ਅੱਖ ਦੀ ਬਣਤਰ ਨੂੰ ਸਮਝ ਕੇ ਹੀ ਹੋਈ ਹੈ। ਇਸ ਤਰ੍ਹਾਂ ਨਾ ਤਾਂ ਕੈਮਰੇ ਦੇ ਲੈਂਜ ਵਿੱਚੋਂ (ਇੱਥੇ ਕੈਮਰੇ ਉੱਪਰ ਲੱਗੀ ਫਲੈਸ ਨੂੰ ਅਲੱਗ ਸਮਝਿਆ ਜਾਵੇ ਕਿਉਂਕਿ ਫਲੈਸ ਦਾ ਕੰਮ ਤਾਂ ਸੂਰਜ ਵਾਂਗ ਹੈ। ਜਿਵੇਂ ਅਸੀਂ ਸੂਰਜ ਦੀ ਰੌਸ਼ਨੀ ਵਿੱਚ ਆਲੇ ਦੁਆਲ਼ੇ ਦੀਆਂ ਵਸਤੂਆਂ ਚੰਗੀ ਤਰਾਂ ਦੇਖ ਸਕਦੇ ਹਾਂ। ਇਵੇਂ ਹੀ ਕੈਮਰੇ ਨਾਲ ਲੱਗੀ ਫਲੈਸ ਵਸਤੂ ਉਪਰ ਰੌਸ਼ਨੀ ਪਾ ਕੇ ਉਸ ਦੀ ਸਾਫ਼ ਤਸਵੀਰ ਬਣਾਉਣ ਵਿੱਚ ਸਹਾਈ ਹੁੰਦੀ ਹੈ) ਕੋਈ ਕਿਰਨ ਵਗੈਰਾ ਨਿਕਲ ਕੇ ਕਿਸੇ ਵਸਤੂ ਤੇ ਪੈਂਦੀ ਹੈ ਤੇ ਨਾ ਹੀ ਸਾਡੀ ਅੱਖ ਵਿੱਚੋਂ ਕਿਸੇ ਕਿਸਮ ਦੀ ਅਜਿਹੀ ਕਿਰਨ ਵਗੈਰਾ ਨਿਕਲ ਕੇ ਕਿਸੇ ਵੀ ਜਾਨਦਾਰ ਜਾਂ ਬੇਜਾਨ ਨੂੰ ਪ੍ਰਭਾਵਤ ਕਰਦੀ ਹੈ।
ਇਕ ਲਿਖਤ ਦਲੀਲ ਇਹ ਵੀ ਮਿਲਦੀ ਹੈ ਕਿ 'ਬੁਰੀ ਨਜ਼ਰ ਲੱਗਣ ਦਾ ਮੂਲ ਕਾਰਣ ਵਿਗਿਆਨਕਾਂ ਨੇ ਮਾਨਵੀ ਬਿਜਲੀ ਦਾ ਪ੍ਰਭਾਵ ਮੰਨਿਆ ਹੈ। ਕਿਸੇ-ਕਿਸੇ ਆਦਮੀ ਦੀ ਦੂਸ਼ਿਤ ਦ੍ਰਿਸ਼ਟੀ ਇੰਨੀ ਘਾਤਕ ਹੁੰਦੀ ਹੈ ਕਿ ਉਸ ਨਾਲ ਬੱਚੇ ਦੀ ਸ਼ਕਤੀ ਖਿੱਚੀ ਜਾਂਦੀ ਹੈ ਤੇ ਬੱਚਾ ਬਿਮਾਰ ਹੋ ਜਾਂਦਾ ਹੈ। ਇਸ ਲਿਖਤ ਦੇ ਮੁਤਾਬਿਕ ਨਜ਼ਰ ਦਾ ਅਸਰ ਕੋਮਲ ਚਿੱਤ ਵਾਲੇ, ਬੱਚੇ, ਔਰਤਾਂ ਅਤੇ ਪਾਲਤੂ ਜਾਨਵਰਾਂ ਉੱਪਰ ਦੇਖਿਆ ਜਾਂਦਾ ਹੈ ਅਤੇ ਇਸ ਦੇ ਇਲਾਵਾ ਮਕਾਨ, ਦੁਕਾਨ, ਵਪਾਰ,ਉਦਯੋਗ ਆਦਿ ਉੱਪਰ ਵੀ ਪੈਂਦਾ ਹੈ। ਬੱਚਿਆਂ ਉੱਪਰ ਖਾਸ਼ ਤੌਰ ਤੇ ਗੋਦੀ ਦੇ ਬੱਚਿਆਂ ਉੱਪਰ ਜਿਆਦਾ ਮੰਨਿਆਂ ਜਾਂਦਾ ਹੈ। ਔਰਤਾਂ ਵੀ ਆਮ ਤੌਰ ਤੇ ਵਿਆਹ ਸਮੇਂ, ਗਰਭ ਅਵਸਥਾ ਜਾਂ ਬੱਚੇ ਦੇ ਜਨਮ ਤੋਂ ਬਾਅਦ ਪਰ੍ਭਾਵਤ ਹੁੰਦੀਆਂ ਹਨ।'
ਅੱਗੇ ਉੱਪਅ ਵੀ ਦੱਸੇ ਹਨ ਕਿ 'ਨਜ਼ਰ ਤੋਂ ਬਚਣ ਵਾਸਤੇ ਕਾਲੇ ਟਿੱਕੇ ਜਾਂ ਕਾਲੇ ਧਾਗੇ ਦੇ ਪਹਿਨਣ ਪਿੱਛੇ ਇਹ ਕਾਰਣ ਹੈ ਕਿ ਕਾਲਾ ਰੰਗ ਬਿਜਲੀ ਦਾ ਸੁਚਾਲਕ ਹੁੰਦਾ ਹੈ। ਅਕਾਸ਼ੀ ਬਿਜਲੀ ਅਕਸਰ ਕਾਲੇ ਅਦਮੀ, ਜਾਨਵਰ, ਸੱਪ ਜਾਂ ਹੋਰ ਕਾਲੀਆਂ ਵਸਤੂਆਂ ਤੇ ਡਿੱਗਦੀ ਹੈ। ਸਰਦੀ ਦੇ ਦਿਨਾਂ ਵਿੱਚ ਕਾਲੇ ਕੱਪੜੇ ਅਧਿਕ ਗਰਮੀ ਸੋਖਦੇ ਹਨ। ਇਸ ਕਰਕੇ ਬੱਚਿਆਂ ਦੇ ਮੱਥੇ ਦੇ ਇੱਕ ਪਾਸੇ ਕਾਲਾ ਟਿੱਕਾ ਅਤੇ ਅੱਖਾਂ ਵਿੱਚ ਕਾਲਾ ਸੁਰਮਾ ਪਾਇਆ ਜਾਂਦਾ ਹੈ। ਪੈਰਾਂ, ਹੱਥਾਂ, ਗਲ ਅਤੇ ਲੱਕ ਦੁਆਲੇ ਕਾਲਾ ਧਾਗਾ (ਤੜਾਗੀ) ਬੰਨ੍ਹਿਆ ਜਾਂਦਾ ਹੈ। ਕਾਲੀ ਬੱਕਰੀ ਦੁੱਧ ਪਿਆਇਆ ਜਾਣਾ, ਕਾਲੀ ਭਸ਼ਮ ਜਾਂ ਸੁਆਹ ਚੱਟਣਾ ਵਰਗੇ ਕੰਮਾਂ ਦਾ ਉਦੇਸ ਬੁਰੀ ਨਜ਼ਰ ਤੋਂ ਬਚਾੳਣਾ ਹੈ।' ਵਗੈਰਾ-ਵਗੈਰਾ।
ਹੁਣ ਆਉ ਇਸ ਲਿੱਖਤ ਦੀ ਗੱਲ ਕਰੀਏ, ਕਿੰਨਾ ਵਧੀਆ ਤਰੀਕਾ ਆਪਣੀ ਗੱਲ ਸਥਾਪਤ ਕਰਨ ਦਾ, ਇਹ ਕਹਿ ਦੇਵੋ ਕਿ ਵਿਗਿਆਨੀਆਂ ਨੇ ਮੰਨਿਆ ਹੈ ਜਾਂ ਕਿਹਾ ਹੈ। ਬਾਅਦ ਵਿੱਚ ਆਪਣੀ ਦਲੀਲ ਨੂੰ ਤਰੋੜ ਮਰੋੜ ਕੇ ਫਿੱਟ ਕਰ ਦਿਉ, ਕਿਸੇ ਨੇ ਕਿੰਤੂ ਨੀ ਕਰਨਾ ਜੇ ਕਰ ਧਾਰਮਿਕ ਪ੍ਰਭਾਵ ਦੇ ਨਾਲ ਵਿਗਿਆਨ ਨੂੰ ਵੀ ਘੜੀਸ ਲਿਆ ਜਾਵੇ। ਦੇਖੀਏ ਗਲਤ ਕੀ ਹੈ? ਮਨੁੱਖੀ ਸਰੀਰ ਵਿੱਚੋਂ ਅਜਿਹੀ ਕੋਈ ਬਿਜਲੀ ਨਹੀਂ ਨਿੱਕਲਦੀ, ਜੇ ਅਜਿਹਾ ਹੁੰਦਾ ਤਾਂ ਇਹ ਸਿਸਟਮ ਬਿਜਲੀ ਦੇ ਨਿਯਮਾਂ ਤਹਿਤ ਹੀ ਹੁੰਦਾ। ਜਿਵੇਂ ਧਨ ਮਨੁੱਖ ਤੋ ਰਿਣ ਮਨੁੱਖ ਨੂੰ ਚਾਰਜ ਜਾਂਦਾ ਅਤੇ ਇਹ ਸਾਰੀ ਮਨੁੱਖ ਜਾਤੀ ਉੱਪਰ ਲਾਗੂ ਹੁੰਦਾ ਹਾਂ ਮਨੁੱਖੀ ਸਰੀਰ ਵਿੱਚਲਾ ਨਰਵ ਸਿਸਟਮ ਜਰੂਰ ਬਿਜਲੀ ਦੇ ਸਿਸਟਮ ਵਾਂਗੂ ਕਾਰਜ ਕਰਦਾ ਹੈ। ਉਹ ਇਕ ਅਲੱਗ ਗੱਲ ਹੈ। ਅਗਲੀ ਗੱਲ ਇਹ ਕਿ ਕਾਲਾ ਰੰਗ ਬਿਜਲੀ ਦਾ ਨਾ ਸੁਚਾਲਕ ਹੈ ਤੇ ਨਾ ਹੀ ਕੁਚਾਲਕ। ਸਗੋਂ ਬਿਜਲੀ ਦੀਆਂ ਸੁਚਾਲਕ ਤਾਂ ਧਾਤਾਂ ਹੁੰਦੀਆਂ ਹਨ। ਜਿਵੇ ਚਾਂਦੀ, ਤਾਂਬਾ, ਐਲੁਮੀਨੀਅਮ ਅਦਿ। ਇਸ ਕਾਰਣ ਬਿਜਲੀ ਦੇ ਯੰਤਰਾਂ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਚਾਂਦੀ ਮਹਿੰਗੀ ਧਾਤ ਹੋਣ ਕਰਕੇ ਇਸ ਦੀ ਵਰਤੋਂ ਘੱਟ ਅਤੇ ਦੂਜੀਆਂ ਦੀ ਵੱਧ ਕੀਤੀ ਜਾਂਦੀ ਹੈ। ਕਾਲਾ ਹੀ ਨਹੀਂ ਲਾਲ ਰੰਗ ਵਰਗੇ ਗੂੜ੍ਹੇ ਰੰਗ ਵੀ ਗਰਮੀ ਸ਼ੋਖਦੇ ਹਨ। ਪਰ ਧਿਆਨ ਦਿਉ ਕਿ ਗਰਮੀ ਤੇ ਬਿਜਲੀ ਦੋਵੇਂ ਅਲੱਗ ਅਲੱਗ ਪ੍ਰਤੀਕਿਰਿਅਵਾਂ ਹਨ। ਇੱਕ ਦੀ ਉਦਾਹਰਣ ਦੇ ਕੇ ਦੂਜੇ ਨੂੰ ਸਿੱਧ ਕਰਨਾ ਸ਼ਰਾਰਤਪੂਰਨ ਗਲਤੀ ਹੈ।
ਆਸਮਾਨੀ ਬਿਜਲੀ, ਕਈ ਵਾਰ ਬੱਦਲਾਂ ਵਿੱਚ ਵੱਡੀ ਮਾਤਰਾ ਵਿੱਚ ਧਨ ਚਾਰਜ ਜਮਾਂ ਹੋ ਜਾਂਦਾ ਹੈ। ਜਦ ਇਹ ਕਿਸੇ ਤਰਾਂ ਧਰਤੀ ਦੇ ਨਜਦੀਕ ਆ ਜਾਂਦੇ ਹਨ ਤਾਂ ਇਹ ਚਾਰਜ ਇਸ ਵੱਲ ਖਿੱਚਿਆ ਜਾਂਦਾ ਹੈ। ਕਿਉਂਕਿ ਧਰਤੀ ਵਿੱਚ ਬਹੁਤ ਵੱਡੀ ਸਮਰੱਥਾ ਚਾਰਜ ਗਰ੍ਹਿਣ ਕਰਨ ਦੀ ਹੈ ਤੇ ਇਸ ਸਮੇਂ ਜੋ ਵੀ ਇਸ ਦੇ ਰਸਤੇ ਵਿੱਚ ਆਉਂਦਾ ਹੈ ਜਾਂ ਇਸ ਦਾ ਮਾਧਿਅਮ ਬਣਦਾ ਹੈ, ਉਹ ਕਰੰਟ ਦੇ ਵੇਗ ਕਾਰਣ ਪੈਦਾ ਹੋਈ ਗਰਮੀ ਕਾਰਣ ਝੁਲਸ ਜਾਂਦੇ ਹਨ ਤੇ ਦਰਖਤਾਂ ਵਿੱਚਲੇ ਪਾਣੀ ਦੇ ਭਾਫ਼ ਬਣਨ ਕਾਰਣ ਦਰਖਤਾਂ ਦੇ ਤਣੇ ਫਟ ਜਾਂਦੇ ਹਨ ਜਾਂ ਪਾਟ ਜਾਂਦੇ ਹਨ। ਸਿਰਫ਼ ਧਾਤਾਂ ਹੀ ਬਿਜਲੀ ਦੀਆਂ ਵਧੀਆ ਸੁਚਾਲਕ ਹੋਣ ਕਰਕੇ ਖ਼ਾਸ ਤੌਰ ਤੇ ਉੱਚੀਆਂ ਇਮਾਰਤਾਂ ਅਤੇ ਟਾਵਰਾਂ ਅਦਿ ਨੂੰ ਬਿਜਲੀ ਦੇ ਪ੍ਰਭਾਵ ਤੋਂ ਬਚਾਉਂਣ ਵਾਸਤੇ ਇਹਨਾਂ ਦੀ ਚੋਟੀ ਤੇ ਤਾਂਬੇ ਦੇ 'ਤ੍ਰਿਸ਼ੂਲ' ਲਗਾ ਕੇ ਧਰਤੀ ਦੇ ਅੰਦਰ ਪਾਣੀ ਦੀ ਸਤਹ ਤੱਕ ਇਸ ਦੀ ਮੋਟੀ ਪੱਤਰੀ ਜਾਂ ਤਾਰ ਦੁਆਰਾ ਸੰਪਰਕ ਕੀਤਾ ਜਾਂਦਾ ਹੈ। ਸੋ ਇਸ ਤਰਾਂ ਬਿਜਲੀ ਕਾਲੀਆਂ ਵਸਤੂਆਂ ਤੇ ਨਹੀਂ ਡਿੱਗਦੀ, ਸਗੋਂ ਜੋ ਵੀ ਉਸ ਦੇ ਰਸਤੇ ਵਿੱਚ ਹੁੰਦਾ ਹੈ ਉਸ ਨੂੰ ਪ੍ਰਭਾਵਤ ਕਰਦੀ ਹੈ।
ਮੱਝਾਂ ਤਾਂ ਜਿਆਦਾ ਤਰ ਕਾਲੀਆਂ ਹੀ ਹੁੰਦੀਆਂ ਹਨ ਉਹਨਾਂ ਦੁੱਧ ਪੀਣ ਨਾਲ ਨਜ਼ਰ ਦਾ ਪ੍ਰਭਾਵ ਕਿਉਂ ਨੀ ਹਟਦਾ? ਜੇ ਦੁਕਾਨਾਂ ਅੱਗੇ ਤਾਂ ਨਿੰਬੂ ਤੇ ਮਿਰਚਾਂ ਟੰਗੇ ਨਜ਼ਰ ਦੇ ਪ੍ਰਭਾਵ ਤੋਂ ਬਚਾਉਦੇ ਹਨ ਤਾਂ ਘਰਾਂ ਅੱਗੇ ਕਾਲੀ ਤੌੜੀ ਕਿਉਂ ਟੰਗਦੇ ਹਨ? ਜਦ ਕਿ ਹਰ ਘਰ ਦੀ ਰਸੋਈ ਵਿੱਚ ਮਿਰਚਾਂ ਤਾਂ ਹੁੰਦੀਆਂ ਹਨ ਹੀ ਤੇ ਨਿੰਬੂ ਵੀ ਕਈ ਘਰਾਂ ਵਿੱਚ ਹੁੰਦੇ ਹਨ। ਕਿਸਾਨ ਕਿਉਂ ਮਿਰਚਾਂ ਦੇ ਖੇਤ ਵਿੱਚ ਕਾਲੀ ਤੌੜੀ ਟੰਗਦੇ ਨੇ ? ਕਿਉਂ ਨਹੀਂ ਉਥੇ ਨਿੰਬੂ ਦਾ ਬੂਟਾ ਲਾ ਕੇ ਨਿੰਬੂ ਖਾਣ ਤੇ ਨਾਲੇ ਨਜ਼ਰ ਤੋ ਬਚਣ? ਜੇਕਰ ਕਾਲੇ ਟਿੱਕੇ ਵਿੱਚ ਨਜ਼ਰ ਰੋਕਣ ਦੀ ਤਾਕਤ ਹੈ ਤਾਂ ਸਿਰ ਦੇ ਵਾਲ ਤਾਂ ਸਾਰੇ ਸਿਰ ਨੂੰ ਕਾਲਾ ਬਣਾ ਦਿੰਦੇ ਹਨ, ਫਿਰ ਨਜ਼ਰ ਕਿਉਂ ਲਗਦੀ ਹੈ? ਜੇਕਰ ਮਕਾਨ ਜਾਂ ਕਾਰ ਵਗੈਰਾ ਅੱਗੇ ਜੁੱਤੀ ਟੰਗ ਕੇ ਉਸ ਨਜ਼ਰ ਤੋਂ ਬਚਾਇਆ ਜਾ ਸਕਦਾ ਹੈ ਤਾਂ ਮਕਾਨ ਵਿੱਚ ਫਿਰਦੇ ਜਾਂ ਕਾਰ ਵਿੱਚ ਬੈਠੇ ਲੋਕਾਂ ਦੀਆਂ ਜੁੱਤੀਆਂ ਕਿਉਂ ਨਹੀਂ ਮਕਾਨ ਜਾਂ ਕਾਰ ਆਦਿ ਨੂੰ ਨਜ਼ਰ ਤੋਂ ਬਚਾਉਂਦੀਆਂ?
ਦਰਅਸਲ ਨਾ ਤਾਂ ਨਜ਼ਰ ਕੋਈ ਬਿਮਾਰੀ ਹੈ ਤੇ ਨਾ ਹੀ ਕਾਲੀ ਤੌੜੀ ਜਾਂ ਨਿੰਬੂ ਮਿਰਚਾਂ ਟੰਗਣਾ ਇਸ ਦਾ ਇਲਾਜ।
ਪਰ ਆਮ ਲੋਕ ਨਜ਼ਰ ਦੇ ਪ੍ਰਭਾਵ ਨੂੰ ਮੰਨਦੇ ਹਨ, ਇਸ ਦਾ ਕੀ ਕਾਰਣ ਹੈ? ਦਰਅਸਲ ਸਾਡੇ ਸਮਾਜ ਅੰਦਰ ਜੋ ਵੀ ਵਿਅਕਤੀ ਵਿਚਰਦਾ ਹੈ ਉਸ ਦੇ ਚੰਗੇ ਮੰਦੇ ਕੀਤੇ ਕੰਮਾਂ ਕਾਰਣ ਉਸ ਦੀ ਅਜਿਹੀ ਹੀ ਪਹਿਚਾਣ ਬਣ ਜਾਂਦੀ ਹੈ। ਹਰੇਕ ਵਿਅਕਤੀ ਆਪਣੇ ਕੰਮਾਂ ਵਿਚਾਰਾਂ ਰਾਹੀਂ ਸਮਾਜ ਤੇ ਥੋੜਾ ਬਹੁਤ ਜਰੂਰ ਪਾਉਂਦਾ ਹੈ ਤੇ ਆਪ ਵੀ ਸਮਾਜ ਵਿਚਲੇ ਤੱਤਾਂ ਦਾ ਪ੍ਰਭਾਵ ਕਬੂਲਦਾ ਹੈ। ਇਹਨਾਂ ਗੱਲਾਂ ਨੂੰ ਸਮਝਣ ਲਈ ਅਸੀਂ ਗਾਲ਼ ਦੀ ਉਦਾਹਰਣ ਲੈਂਦੇ ਹਾਂ। ਜਿਵੇਂ ਗਾਲ਼ ਸਾਡੇ ਸਰੀਰ ਨੂੰ ਸਿੱਧਾ ਨੁਕਸਾਨ ਨਹੀਂ ਪਚਾਉਂਦੀ ਪਰ ਸਾਨੂੰ ਮਾਨਸਿਕ ਪੀੜ ਬਹੁਤ ਜਿਆਦਾ ਦਿੰਦੀ ਹੈ। ਉਸੇ ਤਰ੍ਹਾਂ ਹੀ ਕਿਸੇ ਵਿਆਕਤੀ ਦਾ ਸਾਡੇ ਵੱਲ ਦੇਖਣਾ ਸਾਨੂੰ ਪ੍ਰਭਾਵਤ ਕਰਦਾ ਹੈ। ਜੇ ਕਰ ਤੁਹਾਡਾ ਆਤਮ-ਵਿਸ਼ਵਾਸ ਮਜ਼ਬੂਤ ਹੈ ਤੇ ਤੁਸੀਂ ਤਰਕਸ਼ੀਲ ਨਜ਼ਰੀਏ ਵਾਲੇ ਹੋ ਤਾਂ ਤੁਸੀਂ ਉਸ ਦੇ ਮਾੜੇ ਪ੍ਰਭਾਵ ਨੂੰ ਨਕਾਰ ਸਕਦੇ ਹੋ ਤੇ ਚੰਗੇ ਨੂੰ ਗਰ੍ਹਿਣ ਕਰ ਸਕਦੇ ਹੋ। ਇਸੇ ਕਰਕੇ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਵਾਲੇ ਨੂੰ ਦ੍ਰਿੜ ਇਰਾਦੇ ਵਾਲਾ ਮੰਨਿਆ ਜਾਂਦਾ ਹੈ ਤੇ ਨੀਵੀਂਆਂ ਅੱਖਾਂ ਕਰਕੇ ਗੱਲ ਕਰਨਾ ਆਤਮ-ਵਿਸ਼ਵਾਸ ਦੀ ਕਮੀ ਦੀ ਨਿਸ਼ਾਨੀ ਹੈ।
ਅਗਲੀ ਗੱਲ ਇਹ ਕਿ 'ਜਿਹਾ ਰੋਗ ਤਿਹਾ ਇਲਾਜ' ਮੁਤਾਬਿਕ ਨਜ਼ਰ ਉਤਾਰਨ ਦੇ ਤਰੀਕੇ ਵੀ ਗੌਰ ਕਰਨ ਯੋਗ ਹਨ। ਇੱਕ ਤਰੀਕਾ ਇਹ ਹੈ ਕਿ ਪੰਜ ਸੱਤ ਡੰਡੀਆਂ ਵਾਲੀਆਂ ਮਿਰਚਾਂ ਮਰੀਜ਼ ਦੇ ਸਿਰ ਉੱਪਰੋ ਪੰਜ ਸੱਤ ਵਾਰੀ ਵਾਰ ਕੇ ਅੱਗ ਵਿੱਚ ਸੁੱਟ ਦਿਉ। ਜੇਕਰ ਨਜ਼ਰ ਲੱਗੀ ਹੋਈ ਤਾਂ ਮਿਰਚਾਂ ਦੇ ਅੱਗ ਵਿੱਚ ਮੱਚਣ ਤੇ ਹਵਾ ਵਿੱਚ ਕਿਸੇ ਤਰਾਂ ਦੀ ਕੁੜੱਤਣ ਨਹੀਂ ਫੈਲੇਗੀ, ਨਹੀਂ ਤਾਂ ਅੱਗ ਦੇ ਨੇੜੇ ਤਾਂ ਕੀ ਦੂਰ ਤੱਕ ਖੜਨਾ ਮੁਸਕਲ ਹੋ ਜਾਂਦਾ ਹੈ ਤੇ ਛਿੱਕਾਂ ਤੇ ਖਾਂਸੀ ਅਤੇ ਅੱਖਾਂ ਵਿੱਚ ਜਲਣ ਸ਼ੁਰੂ ਹੋ ਜਾਂਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜਦ ਅੱਗ ਦੀਆਂ ਲਾਟਾਂ ਨਿੱਕਲਦੀਆਂ ਹਨ ਤਾਂ ਇਹ ਇੱਕ ਤੇਜੀ ਨਾਲ ਵਾਪਰਨ ਵਾਲੀ ਰਸਾਣਿਕ ਕਿਰਿਆ ਵਾਪਰਦੀ ਹੈ। ਜਦ ਇਸ ਤਰ੍ਹਾਂ ਦੀ ਅੱਗ ਵਿੱਚ ਕੋਈ ਜਲ਼ਣਯੋਗ ਸੁੱਕੀ ਵੱਸਤੂ ਸੁੱਟੀ ਜਾਂਦੀ ਹੈ ਤਾਂ ਉਹ ਇਕ ਦਮ ਮੱਚ ਕੇ ਸਵਾਹ ਬਣ ਜਾਂਦੀ ਹੈ। ਪਰ ਜੇਕਰ ਧੁੱਖਦੀ ਹੋਈ ਅੱਗ ਤੇ ਵਸਤੂ ਸੁੱਟੀ ਜਾਵੇ ਤਾਂ ਪਾਣੀ ਦੇ ਵਾਸ਼ਪਾਂ ਨਾਲ ਵਸਤੂ ਦੇ ਬਹੁਤ ਹੀ ਮਹੀਨ ਕਣ ਉੱਡ ਕੇ ਵਾਤਾਵਰਣ ਵਿੱਚ ਰਲ਼ ਜਾਂਦੇ ਹਨ ਤੇ ਸਾਡੀ ਸਾਹ ਪ੍ਰਨਾਲੀ ਨੂੰ ਪ੍ਰਭਾਵਤ ਕਰਦੇ ਹਨ। ਜੇ ਕਰ ਵਸਤੂ ਦੇਸੀ ਘਿਉ ਵਗੈਰਾ ਵਰਗਾ ਖ਼ੁਸਬੂ ਵਾਲਾ ਪਦਾਰਥ ਹੋਵੇ ਤਾਂ ਸਾਨੂੰ ਸੁਗੰਧੀ ਆਉਣ ਲੱਗਦੀ ਹੈ। (ਹਾਲਾਂ ਕਿ ਘਿਉ ਵਰਗੀ ਖਾਣਯੋਗ ਵਸਤੂ ਅੱਗ ਵਿੱਚ ਸਾੜਨਾ ਕੋਈ ਬੁੱਧੀਮਾਨਾਂ ਵਾਲਾ ਕੰਮ ਨਹੀਂ।) ਜੇ ਕਰ ਮਿਰਚਾਂ ਵਰਗੀ ਕੁੜੱਤਣ ਵਾਲੀ ਵਸਤੂ ਹੋਵੇ ਤਾਂ ਸਾਨੂੰ ਸਾਹ ਲੈਣਾ ਮੁਸਕਲ ਹੋ ਜਾਂਦਾ ਹੈ ਤੇ ਛਿੱਕਾਂ ਤੇ ਖਾਂਸੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਸਾਬਤ ਹੋ ਜਾਂਦਾ ਹੈ ਕਿ ਮਿਰਚਾਂ ਦੇ ਅੱਗ ਵਿੱਚ ਸੜਨ ਦੀ ਕਿਰਿਆ ਦਾ ਨਜ਼ਰ ਨਾਲ ਕੋਈ ਸਰੋਕਾਰ ਨਹੀ।
ਇਸ ਤਰ੍ਹਾਂ ਹੀ ਨਜ਼ਰ ਲਾਉਂਣ ਵਾਲੇ ਦੀ ਜ਼ਮੀਨ ਤੇ ਸ਼ਕਲ ਬਣਾ ਕੇ ਛਿੱਤਰ ਮਾਰਨੇ ਇਕ ਤਰ੍ਹਾਂ ਬੁੱਧੀਹੀਣਤਾ ਅਤੇ ਲਾਈਲੱਗਤਾ ਦੀ ਨਿਸ਼ਾਨੀ ਹੈ ।
ਹਰਚੰਦ ਭਿੰਡਰ ਪਟਿਆਲਾ
No comments:
Post a Comment