ਇਤਿਹਾਸ ਪ੍ਰਤੀ ਇੰਨੀ ਲਾ ਪ੍ਰਵਾਹੀ ਕਿਉਂ?
ਅੱਜ (29ਜੁਲਾਈ) ਦੇ ਪੰਜਾਬੀ ਟਰਬਿਊਨ ਵਿੱਚ
ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਦਾ ਲਿਖਿਆ ਲੇਖ ‘ਗੋਲੀ ਵੱਜੀ ਜਲ੍ਹਿਆਂ ਦੇ..’ ਪੜ੍ਹਿਆ. ਪੜ੍ਹਨ ਉਪਰੰਤ ਇਸ ਵਿੱਚਲੀਆਂ ਕੱਝ ਗੱਲਾਂ ਰੜਕੀਆਂ ਜੋ ਤੁਹਾਡੇ
ਨਾਲ ਸਾਝੀਆਂ ਕਰਨਾ ਚਾਹੁੰਦਾ ਹਾਂ ਪਹਿਲੀ ਗੱਲ ਇਹ ਆਪ ਨੇ ਸ਼ਹੀਦ ਊਧਮ ਸਿੰਘ ਦੀ ਮਾਤਾ ਦਾ ਨਾਮ
ਹਰਨਾਮ ਕੌਰ ਅਤੇ ਪਿਤਾ ਨਾਮ ਚੂਹੜ ਰਾਮ ਲਿਖਿਆ ਹੈ. ਦਰਅਸਲ ਜੋ ਮੈਂ ਪੜ੍ਹਿਆ ਹੈ ਉਸ ਮੁਤਾਬਕ ਸ਼ਹੀਦ
ਊਧਮ ਸਿੰਘ ਦੀ ਮਾਤਾ ਦਾ ਨਾਮ ਨਰੈਣੀ ਅਤੇ ਪਿਤਾ ਦਾ ਨਾਮ ਚੂਹੜ ਰਾਮ ਸੀ. ਪਰ ਇਹਨਾਂ ਦੇ ਅੰਮ੍ਰਿਤ
ਧਾਰਣ ਕਰਨ ਤੋਂ ਬਾਅਦ ਇਹਨਾਂ ਦਾ ਨਾਮ ਬਦਲ ਕੇ ਟਹਿਲ ਸਿੰਘ ਅਤੇ ਹਰਨਾਮ ਕੌਰ ਹੋ ਗਿਆ ਸੀ.
ਅੱਗੇ ਇਹ ਕਿ ਜਰਨਲ ਈ. ਐਚ. ਡਾਇਰ ਜਿਸਦੀ ਕਮਾਂਡ
ਹੇਠ ਜਲ੍ਹਿਆਂ ਵਾਲਾ ਬਾਗ਼ ਵਿਖੇ 1919 ਦੀ ਵਿਸਾਖੀ ਸਮੇਂ ਗੋਲੀ ਚਲਾਈ ਗਈ
ਸੀ ਨੂੰ ਸਮੇਂ ਦੀ ਸਾਮਰਾਜੀ ਤਾਕਤ ਨੇ ‘ਵਰਤ ਕੇ ਸੁਟ’
ਦਿਤਾ ਸੀ ਅਤੇ 23
ਜੁਲਾਈ 1927 ਵਿੱਚ ਅਧਰੰਗ ਦੀ ਬਿਮਾਰੀ ਨਾਲ ਮਰ ਗਿਆ ਸੀ.
ਅਸਲੀ ਪੁਆੜੇ ਦੀ ਜੜ੍ਹ ਸਰ ਮਾਈਕਲ ਓਡਵਾਇਰ ਜੋ ਕਿ 1913 ਤੋਂ ਲੈਕੇ 1919 ਤੱਕ ਪੰਜਾਬ ਦਾ ਗਵਰਨਰ ਸੀ. ਜਲ੍ਹਿਆਂ
ਵਾਲਾ ਬਾਗ਼ ਦੀ ਘਟਨਾ ਪਿਛੇ ਇਸ ਦਾ ਹੀ ਜਿਆਦਾ ਰੋਲ ਸੀ.
ਹਮਦਰਦਵੀਰ ਜੀ ਲਿਖਦੇ ਹਨ ਕਿ
ਮਾਈਕਲ ਨੇ ਜਿਵੇਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ, ਨਿਸ਼ਨਾ ਸੇਧ ਕੇ ਊਧਮ ਸਿੰਘ ਨੇ
ਨਿਸ਼ਾਨਾ ਸੇਧ ਕੇ ਗੋਲੀ ਚਲਾ ਦਿਤੀ.
ਮੇਰੀ ਜਾਣਕਾਰੀ ਮੁਤਾਬਿਕ ਸ਼ਹੀਦ ਊਧਮ
ਸਿੰਘ ਨੇ ਗੋਲੀਆਂ ਮੀਟਿੰਗ ਖਤਮ ਹੋਣ ਤੋ ਬਾਅਦ ਜਦ ਸਾਰੇ ਉਠ ਕੇ ਜਾ ਰਹੇ ਸਨ, ਉਸ ਸਮੇਂ ਮਾਈਕਲ ਅਤੇ ਜਿਟਲੈਡ ਉੱਪਰ ਬਿਲਕੁਲ ਨੇੜੇ ਹੋ ਕੇ ਚਲਾਈਆਂ
ਜਿਹਨਾਂ ਨਾਲ ਮਾਈਕਲ ਤਾਂ ਮਰ ਗਿਆ ਅਤੇ ਜਿਟਲੈਂਡ ਜਖ਼ਮੀ ਹੋ ਗਿਆ ਸੀ. ਇਸ ਦੇ ਨਾਲ ਹੀ ਲਾਰਡ
ਲੈਮਿੰਗਟਨ ਅਤੇ ਸਰ ਲੂਈਸ ਡੇਨ ਵੀ ਜਖ਼ਮੀ ਹੋ ਗਏ ਸਨ. ਇਸ ਦੇ ਬਾਅਦ ਸ਼ਹੀਦ ਊਧਮ ਸਿੰਘ ਨੂੰ ਹਾਜ਼ਰ
ਵਿਆਕਤੀਆਂ ਨੇ ਫੜ੍ਹ ਲਿਆ ਅਤੇ ਮੌਕੇ ਤੇ ਪੁੱਜੀ ਪੁਲਿਸ ਦੇ ਹਵਾਲੇ ਕਰ ਦਿੱਤਾ.
ਇਸੇ ਤਰ੍ਹਾਂ ਵਰਿੰਦਰ ਵਾਲੀਆ ਜੀ ਜੋ ਕਿ ਪੰਜਾਬੀ
ਟ੍ਰਿਬਿਊਨ ਦੇ ਸੰਪਾਦਕ ਹਨ ਵੀ ਆਪਣੀ ਸੰਪਦਕੀ ਵਿੱਚ ਸ਼ਹੀਦ ਉਧਮ ਸਿੰਘ ਦਾ ਨਾਮ ਰਾਮ ਮੁਹੰਮਦ ਸਿੰਘ
ਆਜ਼ਾਦ ਅਤੇ ਰਾਮ ਰਹੀਮ ਸਿੰਘ ਆਜ਼ਾਦ ਲਿਖਦੇ ਹਨ. ਪਰ ਸ਼ਹੀਦ ਊਧਮ ਸਿੰਘ ਨੇ ਇਹ ਨਾਮ ਵਰਤਿਆ ਹੋਵੇ ਇਸ
ਦੀ ਠੀਕ ਜਾਣਕਾਰੀ ਨਹੀਂ ਮਿਲਦੀ ਸਗੋਂ ਉਹ ਮੁਹੰਮਦ ਸਿੰਘ ਆਜ਼ਾਦ, ਐਮ. ਐਸ. ਆਜ਼ਾਦ, ਸਿੰਘ ਐਮ. ਅਤੇ ਆਜ਼ਾਦ ਐਮ. ਆਦਿ ਹੀ ਵਰਤਦੇ ਰਹੇ ਇਸ ਬਾਰੇ
ਉਹਨਾਂ ਵੱਲੋਂ ਜੇਲ਼ ਵਿੱਚੋਂ ਆਪਣੇ ਦੋਸਤਾਂ ਨੂੰ ਲਿਖੀਆ ਚਿੱਠੀਆਂ ਤੋਂ ਮਿਲਦੀ ਹੈ.
ਅੱਗੇ ਸੰਪਾਦਕੀ ਵਿੱਚ ਲਿਖਦੇ ਹਨ ‘...ਸ਼ੇਰ
ਸਿੰਘ ਆਪਣੇ ਨਾਮ ਦੀ ਲਾਜ ਰੱਖਦਾ ਹੋਇਆ ਜਰਨਲ ਡਾਇਰ 'ਤੇ ਬੱਬਰ ਸ਼ੇਰ ਵਾਂਗ ਝਪਟ ਪਿਆ.
ਇੱਕੀ ਸਾਲਾਂ ਬਾਅਦ ਇਸ ਸ਼ੇਰ-ਦੁਲੇ ਨੇ ਤੇਰ੍ਹਾਂ ਅਪ੍ਰੈਲ 1919 ਨੂੰ
ਵਿਸਾਖੀ ਵਾਲੇ ਦਿਹਾੜੇ ਹਜ਼ਾਰਾਂ ਬੇਦੋਸ਼ੇ ਭਾਰਤੀਆਂ ਦੀ ਮੌਤ ਦਾ ਬਦਲਾ ਲੈ ਕੇ ਇਤਿਹਾਸ ਵਿੱਚ
ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਮ ਦਰਜ ਕਰਵਾ
ਲਿਆ...’
ਇਥੇ ਆਪ ਜੀ ਵੱਡੀ ਗਲਤੀ ਕਰਦੇ ਹਨ. ਆਪ ਸ਼ਹੀਦ ਊਧਮ
ਸਿੰਘ ਵੱਲੋਂ ਸਰ ਮਾਇਕਲ ਓਡਵਾਇਰ ਥਾਂ ਜਰਨਲ ਡਾਇਰ ਨੂੰ ਮਾਰਿਆ ਦੱਸ ਰਹੇ ਹਨ. ਇਸ ਦੇ ਨਾਲ ਹੀ ਉਸ
ਨੂੰ ਬਦਲੇ ਦੀ ਭਾਵਨਾ ਤੱਕ ਸੀਮਤ ਕਰ ਦਿੰਦੇ ਹਨ. ਜਦ ਕਿ ਗੱਲ ਇਸ ਤੋਂ ਵੀ ਅੱਗੇ ਦੀ ਹੈ, ਸ਼ਹੀਦ
ਊਧਮ ਸਿੰਘ ਇੱਕ ਇੰਨਕਲਾਬੀ ਸੀ. ਉਸ ਉੱਪਰ ਸ਼ਹੀਦ ਭਗਤ ਸਿੰਘ ਦਾ ਪ੍ਰਭਾਵ ਸੀ. ਉਹ ਗਦਰ ਪਾਰਟੀ ਦਾ
ਸਰਗਰਮ ਮੈਂਬਰ ਵੀ ਸੀ. ਉਸ ਨੇ ਇਹ ਵਾਕਿਆ ਉਸ ਸਮੇਂ ਕੀਤਾ ਸੀ ਜਦ ਦੂਜੀ ਸੰਸਾਰ ਜੰਗ ਲੱਗੀ ਹੋਈ
ਸੀ. ਇਸ ਵਾਕੇ ਦਾ ਮਤਲਬ ਇਹ ਸੀ ਕਿ ਜਦ ਇੰਗਲੈਂਡ ਸੰਸਾਰ ਜੰਗ ਵਿੱਚ ਉਲਝਿਆ ਹੋਇਆ ਹੈ. ਹੁਣ ਇਹ
ਮੌਕਾ ਹੈ ਕਿ ਕੋਈ ਅਜਿਹਾ ਕਾਰਾ ਕੀਤਾ ਜਾਵੇ ਜਿਸ ਨਾਲ ਭਾਰਤ ਵਿੱਚਲੀ ਆਜਾਦੀ ਦੀ ਲੜ੍ਹਾਈ ਤੇਜ਼ ਹੋ
ਸਕੇ ਅਤੇ ਇਸ ਬਾਰੇ ਨੌਜਵਾਨਾਂ ਵਿੱਚ ਉਤਸਾਹ ਜਾਗੇ. ਇਸ ਗਲ ਦੀ ਪ੍ਰੋੜਤਾ 13 ਮਾਰਚ 1940 ਵਾਲੇ ਦਿਨ ਜਦ ਸ਼ਹੀਦ ਊਧਮ ਨੇ
ਕੈਕਸਟਨ ਹਾਲ ਵਿੱਚ ਗੋਲੀਆਂ ਚਲਾ ਕੇ ਸਰ ਮਾਇਕਲ ਓਡਵਾਇਰ ਨੂੰ ਮਾਰਿਆ ਅਤੇ ਜਿਟਲੈਂਡ, ਲਾਰਡ ਲੈਮਿੰਗਟਨ ਅਤੇ ਸਰ ਲੂਈਸ ਡੇਨ ਨੂੰ ਜਖ਼ਮੀ ਕੀਤਾ, ਉਸ ਰਾਤ ਨੂੰ ਜਰਮਨ ਰੇਡੀਓ ਨੇ ਸਮੁੱਚੇ ਵਿਸਵ ਨੂੰ ਇਹ ਖ਼ਬਰ ਖੁਸ਼ੀ ਭਰੀ
ਆਵਾਜ ਵਿੱਚ ਪ੍ਰਸਾਰਤ ਕੀਤੀ ਜਿਸ ਰਾਹੀ ਉਸ ਨੇ ਅਪਣੇ ਸਾਮਰਾਜੀ ਵਿਰੋਧੀ ਬ੍ਰਿਟੇਨ ਨੂੰ ਚੇਤਾਵਨੀ
ਦਿੱਤੀ ਕਿ ਭਾਰਤੀ ਆਜ਼ਾਦੀ ਦੇ ਯੋਧੇ ਧੁਰ ਸਾਮਰਾਜ ਦੇ ਦਿਲ ਵਿੱਚ ਸੱਟ ਮਾਰਨ ਦੀ ਯੋਗਤਾ ਰੱਖਦੇ ਹਨ.
ਇਸ ਦੇ ਇਲਾਵਾ ਸ਼ਹੀਦ ਊਧਮ ਸਿੰਘ ਵੱਲੋਂ ਵੀ ਇਸ ਘਟਨਾ ਦੀ ਭਾਰਤ ਵਿੱਚ ਕੀ ਪ੍ਰਤੀਕਿਰਿਆ ਹੋਈ ਇਹ
ਜਾਨਣ ਲਈ ਜੇਲ਼ ਵਿੱਚੋ ਅਪਣੇ ਦੋਸਤਾਂ ਨੂੰ ਗੁੱਝੇ ਢੰਗ ਨਾਲ ਚਿੱਠੀਆਂ ਵੀ ਲਿੱਖੀਆਂ ਜਾਂਦੀਆਂ
ਰਹੀਆਂ. ਦੂਜੇ ਪਾਸੇ ਅੰਗਰੇਜ ਸਾਮਰਾਜ ਇਸ ਬਾਰੇ ਪੂਰਾ ਸੁਚੇਤ ਸੀ. ਇਸ ਸਬੰਧੀ ਜਾਂ ਇਸ ਤੋਂ ਬਾਅਦ
ਸ਼ਹੀਦ ਊਧਮ ਸਿੰਘ ਦੇ ਚਲੇ ਮੁਕਦਮੇ ਦੇ ਖਤਮ ਹੋਣ ਤੱਕ ਜੋ ਵੀ ਖਬਰ ਹੁੰਦੀ ਉਸ ਨੂੰ ਸੈਂਸਰ ਕੀਤਾ ਜਾਂਦਾ
ਜਾਂ ਘਟਾ ਕੇ ਪੇਸ਼ ਕੀਤਾ ਜਾਂਦਾ. ਇਸ ਕਾਰਣ ਹੀ ਜਿਆਦਾ ਤਰ੍ਹਾਂ ਲੋਕ ਭਾਵਕ ਹੋ ਕੇ ਉਸ ਦੇ ਬਦਲਾ
ਲੈਣ ਦੀ ਗੱਲ ਤੱਕ ਸੀਮਤ ਹੋ ਜਾਂਦੇ ਹਨ.
ਇਸ ਤਰ੍ਹਾਂ ਦੀਆਂ ਗਲਤੀਆਂ
ਪਿਛਲੇ ਸਮੇਂ ਤੋਂ ਸ਼ਹੀਦ ਊਧਮ ਸਿੰਘ ਬਾਰੇ ਲਿਖਣ ਵਾਲੇ ਲੇਖਕਾਂ ਤੇ ਪੱਤਰਕਾਰਾਂ ਵੱਲੋਂ ਆਮ ਹੀ
ਕੀਤੀਆਂ ਜਾਂਦੀਆਂ ਹਨ. ਇਹ ਸਭ ਸਾਡੀ ਅਗਿਆਨਤਾ ਦਾ ਹੀ ਸਬੂਤ ਹੈ. ਇਸ ਬਾਰੇ ਮੈਂ ਪਹਿਲਾਂ ਵੀ ਜਦ
ਹਰਭਜਨ ਸਿੰਘ ਹਲਵਾਰਵੀ ਜੀ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹੁੰਦੇ ਸਨ ਉਹਨਾਂ ਦੇ ਧਿਆਨ ਵਿੱਚ
ਲਿਆਂਦੀ ਸੀ. ਪਰ ਬਾਰ ਬਾਰ ਅਜਿਹੀਆਂ ਗਲਤੀਆਂ ਦਾ ਹੋਣਾ ਬੜੇ ਦੁਖ ਦੀ ਗੱਲ ਹੈ. ਜਦ ਅਸੀਂ ਤਾਜ਼ਾ
ਇਤਿਹਾਸ ਨਾਲ ਇਹ ਖਲਵਾੜ ਕਰ ਰਹੇ ਹਾਂ ਤਾਂ ਪੁਰਾਣੇ ਇਤਿਹਾਸ ਦੀ ਕੀ ਹਾਲਤ ਹੋਵੇਗੀ ਇਸ ਦਾ ਅੰਦਾਜਾ
ਤੁਸੀਂ ਆਪ ਹੀ ਲਾ ਸਕਦੇ ਹੋ.
ਅੰਤ ਵਿੱਚ ਮੈਂ ਸੱਭ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼ਹੀਦ
ਊਧਮ ਸਿੰਘ ਬਾਰੇ ਜਾਨਣ ਵਾਸਤੇ- ਚਿੱਠੀਆਂ ਸ਼ਹੀਦ ਊਧਮ ਸਿੰਘ, ਜਲ੍ਹਿਆਂ
ਵਾਲਾ ਬਾਗ, 1919 ਦਾ ਪੰਜਾਬ ਅਤੇ ਸਾਮਰਾਜੀ ਧੌਂਸ ਨੂੰ ਵੰਗਾਰ
ਘੱਟੋ ਘੱਟ ਇਹ ਕਿਤਾਬਾਂ ਜਰੂਰ ਪੜ੍ਹੋ.
ਹਰਚੰਦ ਭਿੰਡਰ
No comments:
Post a Comment