ਅਸੀਂ ਕਿੱਥੇ ਖੜੇ ਆਂ?
ਅੱਜ ਭਾਵੇਂ ਵਿਗਿਆਨਕ ਪੱਖੋਂ ਅਸੀਂ ਕਾਫੀ ਤਰੱਕੀ ਕਰ ਲਈ ਹੈ। ਪਹਿਲਾਂ ਨਾਲੋਂ ਪੜ੍ਹੇ ਲਿਖਿਆਂ ਦੀ ਗਿਣਤੀ ਵੀ ਵੱਧ ਹੈ। ਪਰ ਪੜ੍ਹੇ ਲਿਖੇ ਹੋ ਕੇ ਵੀ ਅਸੀਂ ਅਨਪੜ੍ਹ ਹੀ ਸਾਬਤ ਹੋ ਰਹੇ ਹਾਂ। ਇੱਕ ਉਹ ਸਮਾਂ ਸੀ ਜਦ ਪਿੰਡਾਂ ਵਿੱਚ ਬਹੁਤ ਥੋੜੇ ਹੀ ਪੜ੍ਹੇ ਲਿਖੇ ਮਿਲਦੇ ਸਨ। ਉਸ ਸਮੇਂ ਚਿੱਠੀਆਂ ਲਿੱਖਣ ਪਾਉਣ ਦਾ ਪ੍ਰਚਲਣ ਆਮ ਹੋ ਰਿਹਾ ਸੀ। ਇੱਕ ਤਾਂ ਇਹ ਕਿ ਇਹ ਸੁਨੇਹਾ ਪਹੁੰਚਾਣ ਦਾ ਸਸਤਾ ਤਰੀਕਾ ਸੀ ਖਾਸ ਕਰਕੇ ਬਹੁਤ ਦੂਰਾਡੇ ਜਾਂ ਬਾਹਰਲੇ ਦੇਸਾਂ ਵਿੱਚ ਸੁਨੇਹਾ ਜਾਂ ਆਪਣੇ ਭਾਵ ਸਾਂਝੇ ਕਰਣ ਵਾਸਤੇ ਵਧੀਆ ਮੰਨਿਆ ਜਾਂਦਾ ਸੀ। ਇਸ ਕਰਕੇ ਲੋਕ ਕਿਸੇ ਸਕੂਲ ਪੜ੍ਹਦੇ ਵਿਦਿਆਰਥੀ ਕੋਲੋਂ ਜਾਂ ਹੋਰ ਪੜ੍ਹੇ ਲਿਖੇ ਕੋਲੋ ਚਿੱਠੀਆਂ ਲਿਖਵਾ ਕੇ ਭੇਜਦੇ ਸਨ। ਇਸ ਕਾਰਣ ਹੀ ਉਸ ਸਮੇਂ ਕੁੜੀਆਂ ਨੂੰ ਚਿੱਠੀ ਪੜ੍ਹਨ ਜੋਗੀ ਹੀ ਪੜ੍ਹਾਈ ਕਰਾਉਂਦੇ ਸਨ ਕਿ ਉਹ ਘਰੇ ਆਈ ਚਿੱਠੀ ਪੜ੍ਹ ਸਕੇ। ਹਾਂ ਭਾਵੇਂ ਕੁਝ ਹਿੰਮਤ ਕਰਕੇ ਚੰਗੀ ਪੜ੍ਹਾਈ ਕਰਕੇ ਨੌਕਰੀ ਆਦਿ ਤੇ ਵੀ ਲਗਦੀਆਂ ਸਨ ਪਰ ਜਿਆਦਾ ਨਹੀਂ।
ਜਿਵੇਂ ਜਿਵੇਂ ਹੋਰ ਤਰੱਕੀ ਹੋਈ ਤਾਂ ਆਮ ਲੋਕਾਂ ਦੀ ਪਹੁੰਚ ਟੈਲੀਫੋਨ ਤੱਕ ਹੋਈ ਤਾਂ ਸਿੱਧੀਆਂ ਹੀ ਗੱਲਾਂ ਬਾਤਾਂ ਹੋਣ ਲੱਗ ਪਈਆਂ ਤੇ ਕਿਸੇ ਤੋਂ ਚਿੱਠੀ ਲਿਖਣ-ਲਿਖਵਾਉਂਣ ਦਾ ਝੰਜਟ ਹੀ ਖਤਮ ਹੋ ਗਿਆ। ਘਰੇ ਬੈਠੀ ਅਨਪੜ੍ਹ ਬੇਬੇ ਵੀ ਬਾਹਰਲੇ ਦੇਸ਼ ਬੇਠੀ ਆਪਣੀ ਧੀ ਨੂੰ 'ਹੈਲੋ' ਕਹਿ ਕੇ ਫਿਰ ਗੱਲਾਂ ਦੀ ਅਜਿਹੀ ਲੜੀ ਤੋਰ ਲੈਂਦੀ ਕਿ ਹੋਰ ਘਰ ਦਾ ਕੰਮ ਸਭ ਕੁਝ ਭੁੱਲ ਜਾਂਦਾ। ਇਸ ਤੋਂ ਅੱਗੇ ਟੈਲੀਫੋਨ ਤੋਂ ਤਰੱਕੀ ਹੋਈ ਤਾਂ ਮੋਬਾਇਲ ਫੋਨ ਤੇ ਸਮਰਾਟ ਫੋਨ ਆ ਗਏ। ਜਿਸ ਨਾਲ ਹੋਰ ਵੀ ਨੇੜਤਾ ਆ ਗਈ ਜਦ ਜੀ ਕੀਤਾ ਫੋਨ ਦੀ ਘੰਟੀ ਬਜਾਈ ਤੇ ਅਗਲੇ ਨਾਲ ਗੱਲਬਾਤ ਕਰ ਲਈ ਹੋਰ ਤਾਂ ਹੋਰ ਵੀਡੀਓ ਕਾਲ ਰਾਹੀਂ ਤਾਂ ਪ੍ਰਤੱਖ ਬੈਠ ਕੇ ਹੀ ਗੱਲ ਬਾਤ ਹੋਣ ਲੱਗ ਪਈ ਤੇ ਨਾਲ ਹੀ ਘਰੇ ਬੈਠੇ ਕੱਪੜੇ ਦੇ ਰੰਗਾਂ ਦੀ ਪਸੰਦ ਤੋਂ ਲੈ ਕੇ ਰਸੋਈ ਦੇ ਖਾਣਿਆਂ ਤੱਕ ਦੀ ਜਾਣਕਾਰੀ ਮੋਬਾਇਲ ਫੋਨ ਰਾਹੀਂ ਸਾਂਝੀ ਕਰ ਰਹੇ ਹਨ। ਖਾਣ-ਪੀਣ, ਕੱਪੜੇ ਪਹਿਨਣ ਤੋਂ ਇਲਾਵਾ ਵਿਆਹ ਸਾਦੀਆਂ ਜਾਂ ਹੋਰ ਕਿਧਰੇ ਘੁੰਮਣ ਜਾਣ ਦੇ ਸਟੇਟਸ ਵੀ ਵੀ ਸੋਸਲ ਮੀਡੀਆ ਤੇ ਸਾਂਝੇ ਕੀਤੇ ਜਾ ਰਹੇ ਹਨ।
ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਹਾਲੇ ਵੀ ਅਨਪੜ੍ਹ ਹੀ ਹਾਂ ਭਾਵੇਂ ਸਾਡੇ ਬੱਚੇ ਛੋਟੀਆਂ ਜਮਾਤਾਂ ਵਿੱਚ ਪੰਜਾਬੀ ਦੇ ਨਾਲ ਅੰਗਰੇਜ਼ੀ ਵੀ ਪੜ੍ਹਨ ਲੱਗ ਪਏ। ਇਥੋਂ ਤੱਕ ਕਿ ਅਸੀਂ ਪਬਲਿਕ ਸਕੂਲਾਂ ਵਿੱਚ ਸਿੱਧੇ ਅੰਗਰੇਜੀ ਸਿੱਖਣ ਅਤੇ ਆਈਲੈਟਸ ਕਰਕੇ ਵਿਦੇਸਾਂ ਵਿੱਚ ਵੀ ਭੇਜ ਰਹੇ ਹਾਂ। ਪਰ ਦੂਜੇ ਪਾਸੇ ਸਾਡੀ ਪੜ੍ਹਾਈ ਕਿਸੇ ਕੰਮ ਨਹੀਂ ਆ ਰਹੀ ਜੇ ਕਰ ਦੋ ਅੱਖਰ ਪੰਜਾਬੀ ਵਿੱਚ ਵੀ ਲਿਖਣੇ ਪੈ ਜਾਣ ਤਾਂ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਤੇ ਇਸ ਦਾ ਫਾਇਦਾ ਉਠਾ ਕੇ ਕੁਝ ਲੋਕ ਦੁਕਾਨਦਾਰੀ ਚਲਾ ਰਹੇ ਹਨ। ਇਸ ਦੀਆਂ ਦੋ ਉਦਾਹਣਾਂ ਸਾਹਮਣੇ ਹਨ। ਪਹਿਲੀ ਇਹ ਕਿ ਇਕ ਵਾਰ ਬਿਜਲੀ ਦੇ ਬਿੱਲ ਦੀਆਂ ਯੂਨਿਟਾਂ ਵੱਧ ਦਾ ਬਿੱਲ ਆ ਗਿਆ। ਇਹ ਭਾਵੇਂ ਮੀਟਰ ਰੀਡਰ ਦੇ ਵੱਲੋਂ ਘਰ ਬੈਠ ਕੇ ਹੀ ਤੁੱਕੇ ਨਾਲ ਬਣਾਇਆ ਬਿੱਲ ਸੀ। ਪਰ ਉਹਨਾਂ ਨੇ ਆਪਣੀ ਗਲਤੀ ਤਾਂ ਮੰਨਣੀ ਨਹੀਂ ਸੀ। ਜਦ ਸਬੰਧਤ ਦਫਤਰ ਗਿਆ ਤਾਂ ਕਰਮਚਾਰੀ ਨੇ ਕਿਹਾ ਕਿ ਤੁਸੀਂ ਇੱਕ ਅਰਜੀ ਲਿਖ ਕੇ ਇਸ ਨੂੰ ਠੀਕ ਕਰਵਾ ਲਵੋ। ਆਹ ਬਾਹਰ ਦੁਕਾਨ ਤੋਂ ਤੁਸੀਂ ਅਰਜੀ ਲਿਖਵਾ ਲਿਆਓ। ਮੈਂ ਘਰ ਆ ਕੇ ਕਾਗਜ ਲੈ ਕੇ ਅਰਜੀ ਲਿਖੀ ਤੇ ਦਫਤਰ ਚਲਾ ਗਿਆ। ਉਥੇ ਜਾ ਕੇ ਮੈਂ ਉਸ ਨੂੰ ਅਰਜੀ ਦਿੱਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਅਰਜੀ ਤੁਸੀਂ ਲਿਖੀ ਆ?
ਮੈਂ ''ਹਾਂ'' ਕਿਹਾ ਤੇ ਨਾਲ ਹੀ ਪੁੱਛਿਆ; ''ਕੀ ਕੁਝ ਕਮੀ ਹੈ ਜਾਂ ਗਲਤ ਹੈ?''
''ਨਹੀਂ ਜੀ ਮੈਂ ਤਾਂ ਵੈਸੇ ਹੀ ਕਿਹਾ ਸੀ। ਆਮ ਤਾਂ ਇਥੋਂ ਬਾਹਰੋਂ ਹੀ ਲਿਖਵਾ ਕੇ ਲਿਆਉਂਦੇ ਹਨ।''
ਉਥੇ ਦਫਤਰ ਬਾਹਰ ਬੈਠੇ ਆਦਮੀ ਇਹ ਕੰਮ ਪੈਸੇ ਲੈ ਕੇ ਕਰਦੇ ਹਨ। ਇਸ ਤਰ੍ਹਾਂ ਦਾ ਵਾਕਿਆ ਹੀ ਆਧਾਰ ਕੇਂਦਰ ਵਿੱਚ ਦੇਖਣ ਨੂੰ ਮਿਲਿਆ ਉਥੇ ਜਦ ਇਕ ਦਿਨ ਆਧਾਰ ਕਾਰਡ ਅਪਡੇਟ ਕਰਾਉਂਣ ਗਿਆ ਤਾਂ ਫਾਰਮ ਦੇਣ ਵਾਲਾ ਕਰਮਚਾਰੀ ਫਾਰਮ ਦੇ ਕੇ ਕਹਿ ਰਿਹਾ ਸੀ ਕਿ ਇਸ ਨੂੰ ਬਾਹਰ ਦੁਕਾਨਾਂ ਤੋਂ ਭਰਵਾ ਲਿਆੳ। ਜਦ ਮੈਂ ਫਾਰਮ ਲੈ ਕੇ ਵੇਖਿਆ ਕਿ ਇਸ ਵਿੱਚ ਤਾਂ ਕੇਵਲ ਆਪਣਾ ਪਤਾ ਹੀ ਭਰਨਾ ਹੈ ਕੋਈ ਲੰਬੀ ਚੋੜੀ ਗੱਲ ਬਾਤ ਵੀ ਨਹੀਂ ਤਾਂ ਮੈ ਉਥੇ ਬੈਠ ਕੇ ਹੀ ਆਪਣੇ ਪੈੱਨ ਨਾਲ ਇਸ ਫਾਰਮ ਨੂੰ ਭਰ ਕੇ ਨੰਬਰ ਲਗਵਾ ਲਿਆ। ਜਿਹੜੇ ਦੁਕਾਨ ਤੋਂ ਭਰਾ ਕੇ ਲਿਆਏ ਸਨ ਸਭ ਤੋਂ ਉਹਨਾਂ ਨੇ ਫਾਰਮ ਭਰਨ ਦੇ 10 ਰੁਪਏ ਪ੍ਰਤੀ ਫਾਰਮ ਲਏ। ਕਈਆਂ ਨੂੰ ਇਹ ਰਹਾਇਸੀ ਪਤੇ ਦਾ ਤਸਦੀਕੀ ਫਾਰਮ ਅਲੱਗ ਭਰਨਾ ਪੈਦਾ ਸੀ ਉਸ ਨੂੰ ਉਸ ਦੇ 10 ਰੁਪਏ ਅਲੱਗ ਦੇਣੇ ਪੈਂਦੇ ਸਨ। ਜਦ ਕਿ ਦੋਹਾਂ ਫਾਰਮਾਂ 'ਤੇ ਪਤੇ ਤੋਂ ਜਿਆਦਾ ਕੁਝ ਨਹੀਂ ਸੀ ਅਤੇ ਸਾਰੇ ਹੀ ਪੰਜ ਜਾਂ ਇਸ ਤੋਂ ਵੱਧ ਜਮਾਤਾਂ ਪੜੇ ਹੋਏ ਨਵੀਂ ਪੀੜ੍ਹੀ ਦੇ ਨੌਜਵਾਨ ਜਿਆਦਾ ਸਨ। ਵੱਡੀ ਗੱਲ ਕਿ ਫੋਨ ਹਰੇਕ ਕੋਲ ਸੀ ਪਰ ਪੈੱਨ ਕਿਸੇ ਕੋਲ ਵੀ ਨਹੀਂ ਸੀ। ਇਸ ਦਾ ਮੁੱਖ ਕਾਰਣ ਇਹ ਵੀ ਹੈ ਕਿ ਅਸੀਂ ਭਾਵੇਂ ਸਮੇਂ ਤੋਂ ਅੱਗੇ ਚੱਲਣ ਦੀ ਕੋਸ਼ਿਸ ਵਿੱਚ ਲੱਗੇ ਹੋਏ ਹਾਂ।
ਦਰਅਸਲ ਹੋਏ ਅਸੀਂ ਅਜੇ ਵਰਤਮਾਣ ਦੇ ਹਾਂਣਦੇ ਵੀ ਨਹੀਂ। ਦਿਖਾਵੇ ਵਾਸਤੇ 30 ਜਾਂ 40 ਹਜ਼ਾਰ ਦੇ ਫੋਨ ਤੱਕ ਤਾਂ ਹੋ ਸਕਦੇ ਨੇ ਪਰ ਲਿਖਣ ਵਾਸਤੇ 10 ਰੁਪਏ ਦਾ ਪੈੱਨ ਰੱਖਣਾ ਸਾਡੀ ਸ਼ਾਨ ਦੀ ਗੱਲ ਨਹੀਂ। ਇਸ ਦੇ ਨਾਲ ਹੀ ਇੱਕ ਗੱਲ ਇਹ ਵੀ ਹੈ ਕਿ ਆਧਾਰ ਕਾਰਡ ਦਾ ਫਾਰਮ ਅੰਗਰੇਜੀ ਵਿੱਚ ਹੈ ਕਿਸੇ ਵੀ ਪੰਜਾਬੀ ਭਾਸ਼ਾ ਨਾਲ ਸਬੰਧਤ ਲੇਖਕ ਜਥੇਬੰਦੀ ਨੇ ਇਸ ਫਾਰਮ ਨੂੰ ਪੰਜਾਬੀ ਵਿੱਚ ਬਣਾਉਣ ਵਾਸਤੇ ਆਵਾਜ ਨਹੀਂ ਉਠਾਈ । ਇਸ ਤਰ੍ਹਾਂ ਹੀ ਰੇਲਵੇ ਦੀ ਸੀਟ ਬੁੱਕ ਕਰਾਉਂਣ ਵਾਲੇ ਫਾਰਮ ਵੀ ਪੰਜਾਬੀ ਵਿੱਚ ਨਹੀਂ ਕਰਵਾ ਸਕੇ ਜਦ ਕਿ ਬੰਗਲਾ ਅਤੇ ਤਾਮਿਲ ਆਦਿ ਭਾਸ਼ਾ ਵਿੱਚ ਹਨ। ਦੂਜੇ ਪਾਸੇ ਅਸੀਂ ਫਿਕਰ ਕਰ ਰਹੇ ਹਾਂ ਕਿ ਪੰਜਾਬੀ ਖਤਮ ਹੋ ਜਾਵੇਗੀ ਜਾਂ ਇਸ ਨੂੰ ਏ ਆਈ ਨੇ ਸਪੋਰਟ ਨਹੀਂ ਦਿੱਤੀ ਵਗੈਰਾ। ਪੰਜਾਬ ਸਰਕਾਰ ਨੂੰ ਵੀ ਇਸ ਪਾਸੇ ਸੋਚਣਾ ਚਾਹੀਦਾ ਹੈ ਕਿ ਜੋ ਆਮ ਲੋਕਾਂ ਨਾਲ ਸਬੰਧਤ ਫਾਰਮ ਹਨ ਉਹਨਾਂ ਨੂੰ ਪੰਜਾਬੀ ਭਾਸ਼ਾ ਵਿੱਚ ਬਣਾਏ ਜਾਣ ਜਾਂ ਫਿਰ ਪੰਜਾਬੀ ਦੇ ਨਾਲ ਹੀ ਅੰਗਰੇਜੀ ਵਿੱਚ ਹੋਣ। ਇਸ ਤੋਂ ਵੀ ਅੱਗੇ ਸ਼ੁਰੂ ਵਿੱਚ ਤਾਂ ਇਹ ਫਰੀ ਬਣਦਾ ਰਿਹਾ ਫੇਰ 50 ਰੁਪਏ ਫੀਸ ਭਰਨ ਤੇ ਆਧਾਰ ਕਾਰਡ ਘਰੇ ਆ ਜਾਂਦਾ ਸੀ ਪਰ ਹੁਣ 50 ਰੁਪਏ ਹੋਰ ਲੈ ਕੇ ਉੱਥੋਂ ਹੀ ਭਾਵ ਆਧਾਰ ਕੇਂਦਰ ਤੋਂ ਹੀ ਪ੍ਰਿੰਟ ਕਢਵਾ ਕੇ ਤੇ ਲੈਮੀਨੇਸਨ ਕਰਕੇ ਦਿੱਤਾ ਜਾਂਦਾ ਹੈ।
ਇਹ ਵੀ ਨਹੀਂ ਕਿ ਅਸੀਂ ਨਵੀਂ ਤਕਨੀਕ ਦੀ ਸਹੀ ਵਰਤੋਂ ਕਰ ਸਕਦੇ ਹਾਂ ਇਥੇ ਵੀ ਅਸੀਂ ਤਕਨੀਕ ਦੀ ਦੁਰਵਰਤੋਂ ਹੀ ਕਰ ਰਹੇ ਹਾਂ। ਅੱਜ ਸੋਸਲ ਮੀਡੀਆ ਤੇ ਦਿਖਾਵੇ ਵਾਸਤੇ ਫੋਟੋਆਂ ਅਤੇ ਵੀਡੀਓ ਬਣਾ ਕੇ ਪਾਉਂਦੇ ਜਾਂ ਦੇਖਣ ਤੇ ਹੀ ਸਮਾਂ ਬਰਬਾਦ ਕਰਦੇ ਹਾਂ। ਜਦ ਕਿ ਬਹੁਤ ਸਾਰਾ ਕੰਮ ਨੈਂਟ ਜਾਂ ਫੋਨ ਰਾਹੀਂ ਹੋ ਸਕਦਾ ਹੈ ਜਿਵੇਂ ਕਿ ਬਿਜਲੀ ਦੇ ਬਿੱਲ, ਟੈਲੀਫੋਨ ਜਾਂ ਮੋਬਇਲ ਦੇ ਬਿੱਲ ਆਦਿ ਭਰੇ ਜਾ ਸਕਦੇ ਹਨ। ਪਾਸਪੋਰਟ ਬਣਵਾਉਂਣ ਲਈ ਫਾਰਮ ਭਰਨ ਵਾਸਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਧਾਰ ਦੇ ਕੁਝ ਕੰਮ ਵੀ ਆਪ ਕਰ ਸਕਦੇ ਹੋ ਖਾਸ ਕਰਕੇ ਈ ਆਧਾਰ ਡਾਉਨਲੋਡ ਕਰ ਸਕਦੇ ਹੋ। ਇਨਕਮ ਟੈਕਸ ਦੀ ਰਿਟਰਨ ਭਰ ਸਕਦੇ ਹੋ, ਆਨ ਲਾਈਨ ਜ਼ਮੀਨ ਦਾ ਰਿਕਾਰਡ ਚੈੱਕ ਕਰ ਸਕਦੇ ਹੋ ਅਤੇ ਇਸ ਨੂੰ ਡਾਉਨਲੋਡ ਵੀ ਕਰ ਸਕਦੇ ਹੋ ਜਾਂ ਰੇਲਵੇ ਦੀ ਟਿਕਟ ਵਗੈਰਾ ਵੀ ਬੁੱਕ ਕਰ ਸਕਦੇ ਹੋ। ਹੋਰ ਅਜਿਹੇ ਸੌਖੇ ਅਤੇ ਬਿਨਾ ਖ਼ਾਸ ਮੁਹਾਰਤ ਵਾਲੇ ਕੰਮ ਤਾਂ ਆਰਾਮ ਨਾਲ ਕਰ ਕੇ ਆਪਣਾ ਸਮਾਂ ਤੇ ਪੈਸਾ ਬਚਾ ਸਕਦੇ ਹੋ।
ਹਰਚੰਦ ਭਿੰਡਰ
No comments:
Post a Comment