ਸ਼ਹੀਦ ਡਾ. ਨਰਿੰਦਰ ਦਾਭੋਲਕਰ
![]() |
ਸ਼ਹੀਦ ਡਾ. ਨਰਿੰਦਰ ਦਾਭੋਲਕਰ |
ਮਹਾਂਰਾਸ਼ਟਰ ਸੂਬੇ
ਦੀ ਸਭਿਆਚਾਰਕ ਰਾਜਧਾਨੀ ਵਜੋਂ ਜਾਣੇ ਜਾਂਦੇ ਪੂਣੇ ਵਿੱਚ ਮੰਗਲਵਾਰ ਦੀ ਸਵੇਰ ਹੋਈ ਅੰਧਸ਼ਰਧਾ ਨਿਰਮੂਲਣ ਸਮਿਤੀ ਦੇ
ਸੰਸਥਾਪਕ ਡਾ. ਨਰਿੰਦਰ ਦਾਭੋਲਕਰ ਦੀ ਸ਼ਹੀਦੀ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ. ਮਸ਼ਹੂਰ
ਪਤ੍ਰਿਕਾ ਸਾਧਨਾ ਦੇ ਸੰਪਾਦਕ ਡਾ. ਨਰਿੰਦਰ ਦਾਭੋਲਕਰ ਅੰਧ ਵਿਸ਼ਵਾਸਾਂ ਅਤੇ ਅਖੌਤੀ ਬਾਬਿਆਂ ਦੇ
ਖਿਲਾਫ ਸੰਘਰਸ ਚਲਾਉਂਣ ਕਾਰਣ ਦੇਸ ਭਰ ਵਿੱਚ ਚਰਚਿਤ ਸਨ. ਅੰਧਵਿਸ਼ਵਾਸ ਦੇ ਖਿਲਾਫ ਜੋਰਦਾਰ ਆਵਾਜ
ਉਠਾਉਣ ਵਾਲੇ ਨਰਿੰਦਰ ਦਾਭੋਲਕਰ ਨੂੰ ਅਗਿਆਤ ਹਮਲਾਵਰਾਂ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ. ਡਾ.
ਸਾਹਿਬ ਪਿਛਲੇ ਵੀਹ ਸਾਲਾਂ ਤੋਂ ਅੰਧਵਿਸ਼ਵਾਸਾਂ ਅਤੇ ਅਖੌਤੀ ਬਾਬਿਆਂ ਦੇ ਖਿਲਾਫ ਮੋਰਚਾ ਖੋਹਲੇ ਹੋਏ
ਸਨ.
ਅੰਧ ਸਰਧਾ ਨਿਰਮੂਲਨ ਸਮਿਤੀ ਦੇ ਪ੍ਰਧਾਨ ਡਾ. ਨਰਿੰਦਰ
ਦਾਭੋਲਕਰ ਜੋ ਕਿ 69 ਸਾਲ ਦੇ ਸਨ ਅਤੇ ਮਰਾਠੀ ਸਾਹਿਤ ਜਗਤ ਵਿੱਚ ਇਕ ਜਾਣੀ ਪਹਿਚਾਣੀ ਸਖ਼ਸੀਅਤ ਸਨ.
ਉਹਨਾਂ ਨੇ ਇਕ ਦਰਜਨ ਤੋਂ ਜਿਆਦਾ ਕਿਤਾਬਾਂ ਲਿਖੀਆਂ ਸਨ. ਦਾਭੋਲਕਰ ਪੇਸ਼ੇ ਵਜੋਂ ਡਾਕਟਰ ਸਨ ਅਤੇ
ਉਹਨਾਂ ਨੇ ਐਮ ਬੀ ਬੀ ਐਸ ਕੀਤੀ ਹੋਈ ਸੀ. ਉਹਨਾਂ ਦੀ ਪਤਨੀ ਸ੍ਰੀਮਤੀ ਸ਼ੈਲਾ ਵੀ ਡਾਕਟਰ ਹਨ. ਆਪ ਦੇ
ਦੋ ਬੱਚੇ ਇਕ ਲੜਕਾ ਅਤੇ ਇਕ ਲੜਕੀ ਹਨ. ਪਰ ਆਪ 12 ਸਾਲ ਡਾਕਟਰੀ ਪੇਸ਼ਾ ਕਰਨ ਤੋਂ
ਬਾਅਦ ਸਮਾਜ ਨੂੰ ਜਾਗਰੁਕ ਕਰਨ ਵਾਲੇ ਪਾਸੇ ਆ ਗਏ. ਆਪ ਮਹਾਂਰਾਸ਼ਟਰ ਵਿੱਚ ਨਰਬਲੀ, ਜਾਦੂ-ਟੂਣਾ ਅਤੇ ਕਾਲੇ ਜਾਦੂ ਵਰਗੀਆਂ ਬੁਰੀਆਂ ਪ੍ਰਥਾਵਾਂ ਦੇ ਵਿਰੁੱਧ
ਲਗਾਤਾਰ ਅੰਦੋਲਨ ਦੀ ਅਗਵਾਈ ਕਰ ਰਹੇ ਸਨ.
ਨਰਿੰਦਰ ਸਵੇਰੇ 6:30 ਵਜੇ ਆਪਣੇ ਘਰ ਤੋਂ ਸਵੇਰ ਦੀ ਸੈਰ ਵਾਸਤੇ
ਨਿਕਲੇ ਸਨ, ਜਿਉਂ ਹੀ ਉਹ ਪੂਨੇ ਦੇ ਉਂਕਾਰੇਸਵਰ ਪੁਲ ਦੇ
ਨਜਦੀਕ ਪਹੁੰਚੇ ਦੋ ਅਗਿਆਤ ਬਾਇਕ ਸਵਾਰ ਬਦਮਾਸਾਂ ਨੇ ਉਹਨਾਂ ਉਹਨਾਂ ਉੱਪਰ ਤਾਬੜਤੋੜ ਗੋਲੀਆਂ
ਚਲਾਣੀਆਂ ਸ਼ੁਰੂ ਕਰ ਦਿੱਤੀਆਂ. ਗੋਲੀ ਲਗਦੇ ਸਾਰ ਹੀ ਦਾਭੋਲਕਰ ਧਰਤੀ ਤੇ ਡਿੱਗ ਪਏ. ਡਾ. ਦਾਭੋਲਕਰ
ਉਪਰ ਹਮਲੇ ਦੇ ਬਾਅਦ ਆਸ ਪਾਸ ਦੇ ਲੋਕ ਜਿਉਂ ਹੀ ਉਹਨਾਂ ਵੱਲ ਆਏ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ
ਗਏ. ਦਾਭੋਲਕਰ ਨੂੰ ਘਾਇਲ ਹਾਲਤ ਵਿੱਚ ਨੇੜੇ ਦੇ ਸਸੂਨ ਹਸਪਤਾਲ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ
ਉਹਨਾਂ ਨੂੰ ਮਿਰਤਕ ਐਲਾਨ ਦਿੱਤਾ. ਡਾ. ਦਾਭੋਲਕਰ ਇਕ ਰਾਤ ਪਹਿਲਾਂ ਹੀ ਬੰਬਈ ਤੋਂ ਪੂਨਾ ਪਹੁੰਚੇ ਸਨ.
ਪੁਲਿਸ ਸੂਤਰਾਂ ਮੁਤਾਬਿਕ ਹਮਲਾਵਰਾਂ ਦੀ ਉਮਰ 25 ਤੋਂ 26 ਸਾਲ ਦੱਸੀ ਜਾ ਰਹੀ ਹੈ. ਡਾ.
ਦਾਭੋਲਕਰ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ ਜਿਸ ਵਿੱਚੋਂ ਦੋ ਗੋਲੀਆਂ ਉਹਨਾਂ ਦੇ ਸਿਰ ਵਿੱਚ
ਲੱਗੀਆਂ. ਪੁਲਿਸ ਦੇ ਮੁਤਾਬਿਕ ਹਮਲਾਵਰ ਪਿਛੇ ਤੋਂ ਆਏ ਅਤੇ ਗੋਲੀਆਂ ਚਲਾ ਕੇ ਦੌੜ ਗਏ. ਇਸ ਕਾਰਣ
ਸਿਰ ਦੇ ਪਿਛਲੇ ਹਿਸੇ ਵਿੱਚ ਦੋ ਗੋਲੀਆਂ ਲੱਗੀਆਂ. ਇਕ ਮੌਕੇ ਤੇ ਹਾਜਰ ਵਿਆਕਤੀ ਅਨੁਸਾਰ ਹਮਲਾਵਰਾਂ
ਦੀ ਉੱਮਰ 25 ਤੋਂ 27 ਸਾਲ
ਦੇ ਕਰੀਬ ਸੀ. ਇਕ ਹਮਲਾਵਰ ਨੇ ਟੋਪੀ ਪਹਿਨ ਰੱਖੀ ਸੀ,
ਉਸ ਨੇ ਨਾਮ ਪੁੱਛ
ਕੇ ਕਰੀਬ ਤੋਂ ਗੋਲੀਆਂ ਚਲਾਈਆਂ. ਉਹ ਅੱਜ ਕੱਲ ਅਣ-ਮਨੁੱਖੀ ਰੀਤੀਆਂ ਅਤੇ ਅੰਧਵਿਸ਼ਵਾਸਾਂ ਦੇ ਖਾਤਮੇ
ਵਾਸਤੇ ਇਕ ਪ੍ਰਸਤਾਵਿਤ ‘ਅੰਧਵਿਸਵਾਸ ਅਤੇ ਕਾਲਾ ਜਾਦੂ’
ਵਿਰੋਧੀ ਬਿੱਲ ਪਾਸ ਕਰਾਉਣ ਵਾਸਤੇ ਮਹਾਂਰਾਟਰ ਸਰਕਾਰ ਉੱਪਰ ਦਬਾਅ ਪਾਣ ਵਾਸਤੇ ਸੰਘਰਸ਼ ਕਰ ਰਹੇ ਸਨ.
ਦਾਭੋਲਕਰ ਜਾਦੂ ਟੂਣਾ ਕਾਨੂੰਨ ਪਾਸ ਕਰਾਉਣ ਵਾਸਤੇ ਪੂਰੇ ਮਹਾਂਰਾਸ਼ਟਰ ਦਾ ਦੌਰਾ ਕਰ ਰਹੇ ਸਨ. ਉਹ
ਕੱਲ ਹੀ ਬੰਬਈ ਤੋਂ ਆਏ ਸਨ ਅਤੇ ਅੱਜ ਰਾਤ ਨੂੰ ਆਪਣੇ ਪਿੰਡ ਸਾਤਾਰਾ ਜਾਣ ਵਾਲੇ ਸਨ. ਮੰਗਲਵਾਰ ਨੂੰ
ਪੂਨੇ ਵਿਖੇ ਬਿੱਲ ਦੇ ਸਬੰਧ ਵਿੱਚ ਪ੍ਰੈਸ ਕਾਨਫਰੰਸ ਵੀ ਕਰਨ ਵਾਲੇ ਸਨ.
ਉਹਨਾਂ
ਦੇ ਇਹ ਲਗਤਾਰ ਚਲਦੇ ਯਤਨਾਂ ਦੇ ਸਦਕਾ ਹੀ ਮਹਾਂਰਾਸ਼ਟਰ ਸਰਕਾਰ ਪ੍ਰਦੇਸ ਵਿੱਚ ਜਾਦੂ ਟੂਣਾ ਬਿੱਲ
ਲਿਆ ਰਹੀ ਸੀ. ਡਾ. ਦਾਭੋਲਕਰ ਪਿਛਲੇ 16 ਸਾਲਾਂ ਤੋਂ ਕਾਲੇ ਜਾਦੂ ਦੇ
ਖਿਲਾਫ ਸਖ਼ਤ ਕਾਨੂੰਨ ਦੀ ਮੰਗ ਕਰ ਰਹੇ ਸਨ. ਉਹਨਾਂ
ਦੇ ਇਹਨਾਂ ਯਤਨਾਂ ਕਾਰਣ ਕਈ ਵਾਰ ਕੁਝ ਹਿੰਦੂ
ਰਾਸ਼ਟਰਵਾਦੀ ਸੰਗਠਨਾਂ ਦਾ ਵਿਰੋਧ ਵੀ ਝੱਲਣਾ ਪਿਆ. ਉਹਨਾਂ ਨੇ ਅੰਧਵਿਸ਼ਵਾਸ ਦੇ ਬਾਰੇ ਕਈ ਕਿਤਾਬਾਂ
ਵੀ ਲਿਖੀਆਂ.
ਕਿਹਾ ਜਾਂਦਾ ਹੈ ਕਿ ਇਸ ਕਾਰਣ ਵਰਕਾਰੀ ਪੰਥ ਨਾਲ ਜੁੜਿਆ
ਇਕ ਵਰਗ ਡਾ. ਦੇ ਖਿਲਾਫ ਹੋ ਗਿਆ ਸੀ. ਹਾਲ ਹੀ ਕੁੱਝ ਕੱਟੜਵਾਦੀ ਸੰਗਠਨਾਂ ਨੇ ਉਹਨਾਂ ਨੂੰ ਧਮਕੀ
ਵੀ ਦਿੱਤੀ ਸੀ. ਇਸ ਬਿਲ ਦੇ ਚਲਦੇ ਕਈ ਕੱਟੜਵਾਦੀ ਸੰਗਠਨਾਂ ਨੂੰ ਡਰ ਸੀ ਕਿ ਕਾਨੂੰਨ ਬਣ ਜਾਣ ਤੇ
ਸਿੱਧੇ ਹੀ ਧਾਰਮਿਕ ਵਿਸ਼ਵਾਸਾਂ, ਹਵਨ, ਪੂਜਾ ਆਦਿ ਉੱਪਰ ਵੀ ਰੋਕ ਲੱਗ ਸਕਦੀ ਹੈ. ਇਸ ਮਾਮਲੇ ਵਿੱਚ ਕੱਟੜਪੰਥੀ
ਸੰਗਠਨਾਂ ਦਾ ਕਹਿਣਾ ਸੀ ਕਿ ਅਗਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਹਿੰਦੂ ਧਰਮ ਵਿੱਚ ਕੀਤੇ ਜਾਣ
ਵਾਲੇ ਕਰਮਕਾਂਡ ਗੈਰ ਜਮਾਂਨਤੀ ਅਪਰਾਧ ਹੋ ਜਾਣਗੇ. ਸੰਭਵ ਹੈ ਕਿ ਪੂਜਾ ਅਤੇ ਹੋਮ ਹਵਨ ਭੀ ਅਪਰਾਧ
ਵਿੱਚ ਗਿਣਿਆ ਜਾਣ ਲੱਗੇ. ਧਾਰਮਿਕ ਸੰਗਠਨ ਅਤੇ ਟਰੱਸਟੀ ਇਸ ਬਿੱਲ ਦੇ ਦਾਇਰੇ ਵਿੱਚ ਆ ਸਕਦੇ ਹਨ.
ਜਦ ਕਿ ਸਚਾਈ ਇਹ ਸੀ ਕਿ ਸੰਵਿਧਾਨਕ ਦਾਇਰੇ ਮੁਤਾਬਕ ਧਾਰਮਿਕ ਪੂਜਾ ਦਾ ਕੋਈ ਵਿਰੋਧ ਨਹੀਂ ਸੀ.
ਡਾ.
ਦਾਭੋਲਕਰ ਦੀ ਸ਼ਹੀਦੀ ਤੋਂ ਬਾਅਦ ਨਾਰਾਜ਼ ਲੋਕਾਂ ਨੇ ਮਹਾਂਰਾਸ਼ਟਰ ਵਿੱਚ ਅਲੱਗ ਅਲੱਗ ਸਹਿਰਾਂ ਵਿੱਚ
ਅੰਦੋਲਨ ਸ਼ੁਰੂ ਕਰ ਦਿੱਤਾ. ਪੂਣੇ ਸਮੇਤ ਪ੍ਰਦੇਸ ਦੇ ਅਲੱਗ ਅਲੱਗ ਥਾਵਾਂ ਉੱਪਰ ਚੱਕੇ ਜਾਮ ਕਰਨ ਦੀ
ਵੀ ਖਬਰ ਰਹੀ ਹੈ. ਇਵੇਂ ਹੀ 21ਅਗਸਤ ਨੂੰ ਵੀ ਸਾਰਾ ਸ਼ਹਿਰ ਰੋਸ਼
ਵਜੋਂ ਬੰਦ ਰਿਹਾ. ਪਰ ਇਹ ਸਭ ਸਾਂਤੀਪੂਰਵਕ ਰਿਹਾ ਐਬੂਲੈਂਸ ਵਰਗੀਆਂ ਜਰੂਰੀ ਸੇਵਾਵਾਂ ਨੂੰ ਨਹੀਂ
ਰੋਕਿਆ ਗਿਆ.
ਇਸ
ਘਟਨਾ ਕਾਰਣ ਮਰਾਠੀ ਸਾਹਿਤ ਜਗਤ ਵਿੱਚ ਵੀ ਸ਼ੋਕ ਦੀ ਲਹਿਰ ਹੈ. ਉਹਨਾਂ ਦਾ ਮ੍ਰਿਤਕ ਸਰੀਰ ਪੂਨੇ
ਵਿੱਚ ਸਾਧਨਾ ਪ੍ਰਕਾਸਨ ਦੇ ਦਫਤਰ ਵਿੱਚ ਆਮ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਅਤੇ 21 ਅਗਸਤ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਸਤਾਰਾ ਵਿਖੇ ਕੀਤਾ ਗਿਆ. ਉਹਨਾਂ
ਦੀ ਚਿੱਤਾ ਨੂੰ ਅਗਨੀ ਉਹਨਾਂ ਦੀ ਬੇਟੀ ਨੇ ਦਿੱਤੀ. ਹਾਲਾਂ ਕਿ ਉਹਨਾਂ ਦਾ ਸਰੀਰ ਹੱਸਪਤਾਲ ਨੂੰ
ਦਿੱਤੇ ਜਾਣਾ ਸੀ. ਪਰ ਮ੍ਰਿਤਕ ਸਰੀਰ ਦੀ ਹਾਲਤ ਦੇ ਕਾਰਣ ਅਜਿਹਾ ਨਹੀਂ ਹੋ ਸਕਿਆ.
ਹੁਣ
ਮਹਾਂਰਾਸ਼ਟਰ ਸਰਕਾਰ ਇਸ ਬਿੱਲ ਨੂੰ ਪਾਸ ਕਰਕੇ ਕਾਨੂੰਨ ਬਣਾਣ ਵਾਸਤੇ ਤਿਆਰ ਹੋ ਗਈ ਹੈ. ਕੀ ਸਰਕਾਰ
ਇਸ ਗੱਲ ਦੀ ਉਡੀਕ ਵਿੱਚ ਸੀ ?
ਅਗਲੀ ਗੱਲ
ਇਹ ਕਿ ਜਿਸ ਬਿਲ ਕਾਰਣ ਉਹਨਾਂ ਦੀ ਸ਼ਹਾਦਤ ਹੋਈ ਹੈ ਕਿ ਕੀ ਉਸ ਨੂੰ ਸਹੀ ਤਰੀਕੇ ਨਾਲ ਪੇਸ਼ ਕਰਕੇ
ਕਾਨੂੰਨ ਬਣਾਇਆ ਜਾਵੇਗਾ ਜਾਂ ਫਿਰ ਇਸ ਸ਼ਹਾਦਤ ਨੂੰ ਆਪਣੇ ਹਿੱਤਾਂ ਵਿੱਚ ਵਰਤਣ ਤੱਕ ਹੀ ਸੀਮਤ
ਹੋਵੇਗਾ. ਇਹ ਸਾਡਾ ਸਮੂਹ ਤਰਕਸ਼ੀਲ,ਅੱਗੇ ਵਧੂ, ਵਿਗਿਆਨਕ ਅਤੇ ਮਾਨਵਵਾਦੀ ਵਿਚਾਰਧਾਰਾ ਨਾਲ ਜੁੜੀਆਂ ਜਥੇਬੰਦੀਆਂ ਦਾ ਵੀ
ਫਰਜ਼ ਬਣਦਾ ਹੈ ਕਿ ਅਸੀਂ ਇਸ ਆਵਾਜ ਨੂੰ ਹੋਰ ਬੁਲੰਦ ਕਰੀਏ ਤਾਂ ਸਾਰੇ ਭਾਰਤ ਵਿੱਚੋਂ ਵਹਿਮਾਂ-ਭਰਮਾਂ,
ਅੰਧਵਿਸਵਾਸਾਂ, ਪੂਜਾ ਦੇ ਨਾਮ ਤੇ ਗੈਰ ਮਨੁੱਖੀ ਗਤੀਵਿਧੀਆਂ, ਕਾਲਾ ਜਾਦੂ ਅਤੇ ਅਤੇ ਗੈਰ ਵਿਗਿਆਨਕ ਇਲਾਜ ਪ੍ਰਣਾਲੀਆਂ ਦਾ ਖਾਤਮਾਂ ਕੀਤਾ
ਜਾਵੇ.ਇਸ ਸਮੇਂ ਇਹ ਮੰਗ ਕਰਨੀ ਬਣਦੀ ਹੈ ਕਿ ਮਹਾਂਰਾਸ਼ਟਰ ਸਰਕਾਰ ਉਹਨਾਂ ਦੇ ਕਾਤਲਾਂ ਨੂੰ ਜਲਦੀ
ਲੱਭ ਕੇ ਗ੍ਰਿਫਤਾਰ ਕਰੇ ਤਾਂ ਕਿ ਪਤਾ ਚੱਲ ਸਕੇ ਕਿ ਇਸ ਵਰਤਾਰੇ ਪਿਛੇ ਕਿਹੜੀਆਂ ਕਾਲੀਆਂ ਤਕਤਾਂ
ਦਾ ਹੱਥ ਹੈ.
ਇਸ ਸਮੇਂ ਮੈਂ ਸ਼ਹੀਦ ਦਾਭੋਲਕਰ ਜੀ ਨੂੰ ਸ਼ਰਧਾਂਜਲੀ ਦਿੰਦਾ
ਹੋਇਆ. ਇਹ ਕਹਿ ਰਿਹਾ ਹਾਂ ਕਿ ਆਪਣੇ ਯਤਨਾਂ ਨਾਲ ਇਸ ਲਹਿਰ ਨੂੰ ਹੋਰ ਅੱਗੇ ਵਧਣ ਅਤੇ ਤੇਜ਼ ਕਰਨ ਵਾਸਤੇ
ਉਪਰਲਾ ਕਰਦਾ ਰਹਾਂਗਾ.
ਹਰਚੰਦ ਭਿੰਡਰ
ਜੋਨ ਸਕੱਤਰ(ਨਾਰਥ ਜੋਨ ਫਿਰਾ)
No comments:
Post a Comment