Sunday, December 29, 2013

ਅੰਧ ਵਿਸ਼ਵਾਸ ਵਿਰੁੱਧ ਲੜਾਈ ਸਮਾਜਿਕ ਮੁੱਕਤੀ ਦੀ ਲੜਾਈ: ਈਸ਼ਵਰ ਸਿੰਘ ਦੋਸਤ


ਭੋਪਾਲ ਵਿਖੇ ਹੋਇਆ ਰੂੜੀਵਾਦ ਦੀ ਰਾਜਨੀਤੀ ਤੇ ਸੈਮੀਨਾਰ
ਪਿਛਲੇ ਕਈ ਸਾਲਾਂ ਤੋਂ ਸਰਗਰਮ ਪੀ ਆਰ ਐਸ (ਪੀਪਲਜ ਰਿਸਰਚ ਸੋਸਾਇਟੀ) ਜੋ ਕਿ ਸਮਾਜਿਕ ਅਤੇ ਰਾਜਨੀਤਕ ਮਹੱਤਤਾ ਵਾਲੇ ਮਸਲਿਆਂ ਉੱਪਰ ਸੈਮੀਨਾਰ ਅਤੇ ਵਰਕਸ਼ਾਪਾਂ ਅਯੋਜਿਤ ਕਰਦੀ ਆ ਰਹੀ ਹੈ, ਨੇ ਇਸ ਵਾਰ ‘ਰੂੜੀ ਵਾਦ ਦੀ ਰਾਜਨੀਤੀ: ਕੁਝ ਸਮਕਲੀਨ ਚਿੰਤਾਵਾਂ’ ਵਿਸ਼ੇ ਉੱਪਰ 21 ਅਤੇ 22 ਦਿਸੰਬਰ ਨੂੰ ਸੈਮੀਨਾਰ ਕਰਵਾਇਆ. ਜਿਸ ਵਿੱਚ ਭੁਪਾਲ, ਦਿੱਲੀ ਅਤੇ ਮਹਾਂਰਾਸਟਰ ਤੋਂ ਵਿਸ਼ਾ ਮਾਹਰ ਅਤੇ ਅਗਾਂਹ ਵਧੂ ਅਤੇ ਤਰਕਸ਼ੀਲ ਜਥੇਬੰਦੀਆਂ ਦੇ ਆਗੂਆਂ ਸਮੇਤ 50 ਦੇ ਕਰੀਬ ਨੁਮਾਇੰਦੇ ਸਾਮਿਲ ਹੋਏ. ਇਸ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਵੱਲੋਂ ਹਰਚੰਦ ਭਿੰਡਰ ਅਤੇ ਰਾਮ ਕੁਮਾਰ ਨੇ ਸਮੂਲੀਅਤ ਕੀਤੀ.
ਇਸ ਸੈਮੀਨਾਰ ਦੀ ਸ਼ੁਰੂਅਤ ਕਰਦਿਆਂ ਜੋਗੇਸ ਦਿਵਾਨ ਨੇ ਇਸ ਸੈਮੀਨਾਰ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੋਕੇ ਸਮੇਂ ਜਦ ਰੂੜੀਵਾਦੀ ਧਾਰਨਾਵਾਂ ਦਾ ਬਹੁਤ ਪ੍ਰਭਾਵ ਹੈ ਖਾਸ ਕਰਕੇ ਮਧ ਪ੍ਰਦੇਸ ਵਿੱਚ, ਜਿਥੇ ਕਿ ਇਥੋਂ ਦੀ ਸਰਕਾਰ ਵੀ ਇਹਨਾਂ ਧਾਰਨਾਵਾਂ ਨੂੰ ਪੱਕਿਆਂ ਕਰਨ ਵਿੱਚ ਖਾਸ ਰੋਲ ਅਦਾ ਕਰ ਰਹੀ ਹੈ. ਇਸ ਕਰਕੇ ਅੱਜ ਅਗਾਂਹ ਵਧੂ ਅਤੇ ਚਿੰਤਨਸ਼ੀਲ ਲੋਕਾਂ ਦਾ ਫਰਜ ਬਣ ਜਾਂਦਾ ਹੈ ਕਿ ਉਹ ਇਹਨਾਂ ਪ੍ਰਤੀ ਸਮਾਜ ਨੂੰ ਜਾਗਰੁਕ ਕਰਨ.
ਇਸ ਸਮੇਂ ਖਗੋਲ ਵਿਗਿਆਨ ਦੇ ਮਾਹਿਰ ਅਮਿਤਾਬ ਪਾਂਡੇ ਨੇ ਜੋਤਿਸ਼ ਦੁਆਰਾ ਫੈਲਾਈਆਂ ਜਾਂਦੀਆਂ ਰੂੜੀਵਾਦੀ ਅਤੇ ਅੰਧਵਿਸ਼ਵਾਸੀ ਧਾਰਨਾਵਾਂ ਦੀ ਪੋਲ ਖੋਲੀ ਅਤੇ ਤਾਰਿਆਂ ਤੇ ਗ੍ਰਹਿਆਂ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ. ਇਸ ਉਪਰੰਤ ਹਿੰਦੀ ਭਾਸ਼ਾ ਦੇ ਪ੍ਰੋ: ਆਸੂਤੋਸ ਕੁਮਾਰ ਨੇ ਵਿੱਦਿਆ ਵਿੱਚ ਰੂੜੀਵਾਦ ਬਾਰੇ ਪਰਚਾ ਪੜ੍ਹਦਿਆਂ ਦੱਸਿਆ ਕਿ ਕਿਵੇਂ ਸਾਡੀ ਸਿਖਿਆ ਵਿੱਚ ਵੀ ਰੂੜੀਵਾਦੀ ਧਾਰਨਾਵਾਂ ਨੂੰ ਪਰਪੱਕ ਕਰਨ ਵਾਲੇ ਤੱਤ ਹਨ. ਉਹਨਾਂ ਦੱਸਿਆ ਕਿ ਭਾਵੇਂ ਸਕੂਲਾਂ ਵਿੱਚ ਵਿਗਿਆਨ ਵੀ ਪੜ੍ਹਇਆ ਜਾਂਦਾ ਹੈ. ਪਰ ਸੋਚ ਵਿਗਿਆਨਕ ਨਹੀਂ ਬਣਾਈ ਜਾਂਦੀ.
ਹਰਚੰਦ ਭਿੰਡਰ ਨੇ ਭਾਰਤੀ ਅਧੂਨਿਕਤਾ ਅਤੇ ਰੂੜੀਵਾਦ ਦੀਆਂ ਸਮੱਸਿਆਵਾ’ ਵਿਸ਼ੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਭਾਰਤ ਵਿੱਚ ਹਰ ਪੜ੍ਹਿਆ ਲਿਖਿਆ ਜਾਂ ਅਨਪੜ੍ਹ, ਵਿਗਿਆਨਕ ਸੋਚ ਵਾਲਾ ਜਾਂ ਪਿਛਾਂਹ ਖਿਚੂ ਸੋਚ ਵਾਲਾ ਵੀ ਅਧੁਨਿਕ ਤਕਨੀਕ ਵਰਤ ਰਿਹਾ ਹੈ, ਪਰ ਸੋਚ ਪੱਖੋਂ ਵਿਗਿਆਨਕ ਨਹੀਂ. ਮੰਡੀ ਨੇ ਵੀ ਰੂੜੀਵਾਦੀ ਮਾਨਸ਼ਿਕਤਾ ਦਾ ਲਾਹਾ ਲੈਂਦਿਆਂ ਇਸ ਨਾਲ ਸਬੰਧਤ ਪ੍ਰੋਡਕਟ ਜਿਵੇਂ ਪਲਾਸਟਕ ਦੇ ਨਜਰਵੱਟੂ, ਨਿੰਬੂ ਮਿਰਚਾਂ ਜਾਂ ਹੋਰ ਵਸਤੂਆਂ ਬਣਾ ਕੇ ਵੇਚਣੀਆਂ ਸ਼ੁਰੂ ਕੀਤੀਆਂ ਹਨ. ਰੂੜੀਵਾਦੀ ਮਾਨਸਿਕਤਾ ਕਾਰਣ ਹੀ ਸਮਾਜ ਵਿੱਚ ਭੂਤ ਪ੍ਰੇਤ, ਡੈਣ ਪ੍ਰਥਾ ਅਤੇ ਪੁੰਨਰ ਜਨਮ ਆਦਿ ਦੀਆਂ ਧਾਰਨਾਵਾਂ ਹਨ ਜੋ ਕਿ ਸਾਡੀਆਂ ਅਜੋਕੀਆਂ ਸਮੱਸਿਆਵਾਂ ਦੇ ਹੱਲ ਲਈ ਰੁਕਾਵਟ ਹਨ. ਇਸ ਦੇ ਨਾਲ ਹੀ ਤਰਕਸ਼ੀਲ ਸੁਸਾਇਟੀ ਪੰਜਾਬ ਬਾਰੇ ਅਤੇ ਕੰਮ ਕਾਜ ਬਾਰੇ ਜਾਣਕਾਰੀ ਵੀ ਦਿੱਤੀ ਗਈ. ਇਸ ਉਪਰੰਤ ਰਾਹੁਲ ਸ਼ਰਮਾ ਨੇ ਆਪਣੇ ਪੇਪਰ ਰਾਹੀਂ ਭਾਰਤ ਵਿੱਚ ਵਿਗਿਆਨ ਦੀ ਸਥਿੱਤੀ ਬਾਰੇ ਰਾਜਨੀਤਕ ਪੱਖ ਦੱਸਦਿਆਂ ਕਿਹਾ ਕਿ ਦੇਸ ਵਿੱਚ ਤਕਨੀਕੀ ਵਿਕਾਸ ਨੂੰ ਤਾਂ ਪਹਿਲ ਦਿੱਤੀ ਜਾਂਦੀ ਹੈ. ਪਰ ਵਿਗਿਆਨਕ ਸੋਚ ਪੈਦਾ ਕਰਨ ਵਾਸਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ.
ਦੂਜੇ ਦਿਨ ਦੇ ਸੈਮੀਨਾਰ ਵਿੱਚ ਵਿਜੇ ਕੁਮਾਰ ਨੇ ਡਾ. ਦਾਭੋਲਕਰ ਬਾਰੇ ਸੰਖੇਪ ਪਰ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ ਅਤੇ ਉਸ ਨੂੰ ਤਰਕਸ਼ੀਲ ਅੰਦੋਲਨ ਦਾ ਆਜਾਦੀ ਤੋਂ ਬਾਅਦ ਪਹਿਲਾ ਸ਼ਹੀਦ ਦੱਸਿਆ. ਮਾਲਿੰਦ ਦੇਸਮੁੱਖ ਜੋ ਕਿ ਮਹਾਂਰਾਸ਼ਟਰ ਅੰਧ ਸ਼ਰਧਾ ਨਿਰਮੂਲਨ ਸੰਸਥਾ ਦੇ ਸੈਕਟਰੀ ਹਨ, ਨੇ ਡਾ. ਦਾਭੋਲਕਰ ਦੇ ਜੀਵਨ ਬਾਰੇ ਅਤੇ ਸੰਸਥਾ ਬਾਰੇ ਵਿਸਥਾਰ ਨਾਲ ਜਾਣਕਰੀ ਦਿੱਤੀ. ਉਹਨਾਂ ਨੇ ਮਹਾਂਰਾਸ਼ਟਰ ਵਿੱਚ ਬਣੇ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਾਰੇ ਵੀ ਜਾਣਕਾਰੀ ਦਿੱਤੀ. ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਰਾਮ ਕੁਮਾਰ ਨੇ ਤਰਕਸ਼ੀਲ ਸੁਸਾਇਟੀ ਵੱਲੋਂ ਕੀਤੇ ਕੰਮਾਂ ਅਤੇ ਪ੍ਰਚਾਰ ਦੇ ਢੰਗਾਂ ਬਾਰੇ ਉਦਾਹਰਣਾਂ ਸਹਿਤ ਜਾਣਕਾਰੀ ਦੇ ਨਾਲ ਨਾਲ ਸਵਾਲਾਂ ਦੇ ਜਵਾਬ ਵੀ ਦਿੱਤੇ.
ਇਸ ਬਾਅਦ ਅਨਿਲ ਸਦਗੋਪਾਲ ਨੇ ਅਪਣੇ ਪੇਪਰ ਰਾਹੀਂ ਜਾਣਕਾਰੀ ਦਿੱਤੀ ਕਿ ਭਾਰਤ ਮਜਹਬੀ ਕੱਟੜਤਾ ਵੱਲ ਵਧ ਰਿਹਾ ਹੈ. ਨਵਉਦਾਰਵਾਦ ਦੇ ਨਾਲ-ਨਾਲ ਧਾਰਮਿਕ ਕੱਟੜਤਾ ਵੀ ਵਧ ਰਹੀ ਹੈ. ਉਹਨਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਅੱਤਵਾਦ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ੳਸ ਦੀ ਵਿਚਾਰਧਾਰਾ ਨੂੰ ਦਬਾਇਆ ਜਾ ਰਿਹਾ ਹੈ.
ਈਸ਼ਵਰ ਸਿੰਘ ਦੋਸਤ ਨੇ ਸਾਰੇ ਪਰਚਿਆ ਤੋਂ ਬਾਅਦ ਆਪਣੇ ਵਿਚਾਰ ਦਿੱਤੇ. ਉਹਨਾਂ ਕਿਹਾ ਕਿ ਅੰਧ ਵਿਸ਼ਵਾਸ ਵਿਰੁੱਧ ਲੜਾਈ ਸਮਾਜਿਕ ਮੁੱਕਤੀ ਦੀ ਲੜਾਈ  ਹੈ. ਜੇ ਯੂਰਪ ਵਿੱਚ ਅੰਧਵਿਸ਼ਵਾਸ ਖਤਮ ਹੋਇਆ ਹੈ ਤਾਂ ਇਸ ਵਿਗਿਆਨ ਦਾ ਹੱਥ ਹੈ. ਉਹਨਾਂ ਅੱਗੇ ਕਿਹਾ ਕਿ ਜਿਥੇ ਆਰਥਿਕਤਾ ਡਾਵਾਂਡੋਲ ਹੈ, ਉਥੇ ਅੰਧਵਿਸ਼ਵਾਸ ਹੈ. ਵਿਗਿਆਨਕ ਤਕਨੀਕ ਦਾ ਇਸਤੇਮਾਲ ਗਲਤ ਵੀ ਹੋ ਸਕਦਾ ਹੈ. ਉਹਨਾਂ ਇਹ ਵੀ ਕਿਹਾ ਕਿ ਵਿਗਿਆਨ ਉੱਪਰ ਕਿਸੇ ਦੀ ਅਜਾਰੇਦਾਰੀ ਨਹੀਂ.
ਅੰਤ ਵਿੱਚ ਮੱਧ ਪ੍ਰਦੇਸ ਵਿੱਚ ਰੂੜੀਵਾਦ, ਅੰਧਵਿਸ਼ਵਾਸ ਅਤੇ ਜਾਤ ਪਾਤ ਦੇ ਵਿਰੁੱਧ ਸੰਘਰਸ਼ ਸ਼ੁਰੂ ਕਰਨ ਤੇ ਤਰਕਸ਼ੀਲਤਾ ਅਤੇ ਵਿਗਿਆਨਕ ਸੋਚ ਨੂੰ ਪ੍ਰਫ਼ੁਲਤ ਕਰਨ ਵਾਸਤੇ ਵਿਉਂਤਬੰਦੀ ਕਰਦੇ ਹੋਏ ਇਹ ਤਹਿ ਹੋਇਆ ਕਿ ਨਿਕਟ ਭਵਿੱਖ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਮਹਾਂਰਾਸ਼ਟਰ ਅੰਧ ਸ਼ਰਧਾ ਨਿਰਮੂਲਨ ਸੰਸਥਾ ਦੇ ਸਹਿਯੋਗ ਨਾਲ ਟਰੇਨਿੰਗ ਕੈਂਪ ਲਾਇਆ ਜਾਵੇਗਾ. ਅੰਤ ਵਿੱਚ ਪ੍ਰੋ: ਧਰਮਿੰਦਰ ਕੁਮਾਰ ਨੇ ਪੀ ਆਰ ਐਸ ਵੱਲੋਂ ਧੰਨਵਾਦੀ ਸਬਦ ਬੋਲਦਿਆਂ ਕਿਹਾ ਕਿ ਅਜੌਕੇ ਦੌਰ ਵਿੱਚ ਧਾਰਮਿਕ ਕੱਟੜਤਾ, ਰੂੜੀਵਾਦ ਅਤੇ ਫ਼ਲ ਜੋਤਿਸ ਅਦਿ ਦੀ ਕੋਈ ਥਾਂ ਨਹੀਂ ਇਸ ਨੂੰ ਵਿਗਿਆਨਕ ਚੇਤਨਾ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ. ਇਸ ਦੇ ਨਾਲ ਹੀ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਮਹਾਂਰਾਸ਼ਟਰ ਅੰਧ ਸ਼ਰਧਾ ਨਿਰਮੂਲਨ ਸੰਸਥਾ ਦਾ ਵਿਸ਼ੇਸ ਧੰਨਵਾਦ ਕੀਤਾ ਕਿ ਇਹਨਾਂ ਨੇ ਆਪਣੇ ਤਜਰਬਿਆਂ ਅਤੇ ਕੰਮਾਂ ਰਾਹੀਂ ਹਾਜ਼ਰ ਵਰਕਰਾਂ ਸਰੋਤਿਆਂ ਵਿੱਚ ਨਵਾਂ ਉਤਸਾਹ ਅਤੇ ਜੋਸ਼ ਭਰਿਆ.
ਇਸ ਸਮੇਂ ਰਾਮ ਕੁਮਾਰ ਅਤੇ ਮਾਲਿੰਦ ਦੇਸ਼ਮੁੱਖ ਨੇ ਜਾਦੂ ਦੀਆਂ ਆਇਟਮਾਂ ਰਹੀਂ ਸਰੋਤਿਆਂ ਦੇ ਮਨਾਂ ਵਿੱਚ ਬੈਠੇ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਅਤੇ ਉਹਨਾਂ ਨੂੰ  ਜੋਤਿਸ਼ੀਆਂ, ਸਾਧਾਂ ਪਖੰਡੀਆਂ ਜਾਂ ਜੋ ਸਮਾਜ ਵਿੱਚ ਵਹਿਮ ਭਰਮ ਪੈਦਾ ਕਰਨ ਵਾਲੇ ਤੱਤਾਂ ਤੋਂ ਸੁਚੇਤ ਕੀਤਾ.
ਰਿਪੋਰਟ ਕਰਤਾ
ਹਰਚੰਦ ਭਿੰਡਰ


No comments:

Post a Comment

समाचार

Total Pageviews