Sunday, December 29, 2013

ਅੰਧ ਵਿਸ਼ਵਾਸ ਵਿਰੁੱਧ ਲੜਾਈ ਸਮਾਜਿਕ ਮੁੱਕਤੀ ਦੀ ਲੜਾਈ: ਈਸ਼ਵਰ ਸਿੰਘ ਦੋਸਤ


ਭੋਪਾਲ ਵਿਖੇ ਹੋਇਆ ਰੂੜੀਵਾਦ ਦੀ ਰਾਜਨੀਤੀ ਤੇ ਸੈਮੀਨਾਰ
ਪਿਛਲੇ ਕਈ ਸਾਲਾਂ ਤੋਂ ਸਰਗਰਮ ਪੀ ਆਰ ਐਸ (ਪੀਪਲਜ ਰਿਸਰਚ ਸੋਸਾਇਟੀ) ਜੋ ਕਿ ਸਮਾਜਿਕ ਅਤੇ ਰਾਜਨੀਤਕ ਮਹੱਤਤਾ ਵਾਲੇ ਮਸਲਿਆਂ ਉੱਪਰ ਸੈਮੀਨਾਰ ਅਤੇ ਵਰਕਸ਼ਾਪਾਂ ਅਯੋਜਿਤ ਕਰਦੀ ਆ ਰਹੀ ਹੈ, ਨੇ ਇਸ ਵਾਰ ‘ਰੂੜੀ ਵਾਦ ਦੀ ਰਾਜਨੀਤੀ: ਕੁਝ ਸਮਕਲੀਨ ਚਿੰਤਾਵਾਂ’ ਵਿਸ਼ੇ ਉੱਪਰ 21 ਅਤੇ 22 ਦਿਸੰਬਰ ਨੂੰ ਸੈਮੀਨਾਰ ਕਰਵਾਇਆ. ਜਿਸ ਵਿੱਚ ਭੁਪਾਲ, ਦਿੱਲੀ ਅਤੇ ਮਹਾਂਰਾਸਟਰ ਤੋਂ ਵਿਸ਼ਾ ਮਾਹਰ ਅਤੇ ਅਗਾਂਹ ਵਧੂ ਅਤੇ ਤਰਕਸ਼ੀਲ ਜਥੇਬੰਦੀਆਂ ਦੇ ਆਗੂਆਂ ਸਮੇਤ 50 ਦੇ ਕਰੀਬ ਨੁਮਾਇੰਦੇ ਸਾਮਿਲ ਹੋਏ. ਇਸ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਵੱਲੋਂ ਹਰਚੰਦ ਭਿੰਡਰ ਅਤੇ ਰਾਮ ਕੁਮਾਰ ਨੇ ਸਮੂਲੀਅਤ ਕੀਤੀ.
ਇਸ ਸੈਮੀਨਾਰ ਦੀ ਸ਼ੁਰੂਅਤ ਕਰਦਿਆਂ ਜੋਗੇਸ ਦਿਵਾਨ ਨੇ ਇਸ ਸੈਮੀਨਾਰ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੋਕੇ ਸਮੇਂ ਜਦ ਰੂੜੀਵਾਦੀ ਧਾਰਨਾਵਾਂ ਦਾ ਬਹੁਤ ਪ੍ਰਭਾਵ ਹੈ ਖਾਸ ਕਰਕੇ ਮਧ ਪ੍ਰਦੇਸ ਵਿੱਚ, ਜਿਥੇ ਕਿ ਇਥੋਂ ਦੀ ਸਰਕਾਰ ਵੀ ਇਹਨਾਂ ਧਾਰਨਾਵਾਂ ਨੂੰ ਪੱਕਿਆਂ ਕਰਨ ਵਿੱਚ ਖਾਸ ਰੋਲ ਅਦਾ ਕਰ ਰਹੀ ਹੈ. ਇਸ ਕਰਕੇ ਅੱਜ ਅਗਾਂਹ ਵਧੂ ਅਤੇ ਚਿੰਤਨਸ਼ੀਲ ਲੋਕਾਂ ਦਾ ਫਰਜ ਬਣ ਜਾਂਦਾ ਹੈ ਕਿ ਉਹ ਇਹਨਾਂ ਪ੍ਰਤੀ ਸਮਾਜ ਨੂੰ ਜਾਗਰੁਕ ਕਰਨ.
ਇਸ ਸਮੇਂ ਖਗੋਲ ਵਿਗਿਆਨ ਦੇ ਮਾਹਿਰ ਅਮਿਤਾਬ ਪਾਂਡੇ ਨੇ ਜੋਤਿਸ਼ ਦੁਆਰਾ ਫੈਲਾਈਆਂ ਜਾਂਦੀਆਂ ਰੂੜੀਵਾਦੀ ਅਤੇ ਅੰਧਵਿਸ਼ਵਾਸੀ ਧਾਰਨਾਵਾਂ ਦੀ ਪੋਲ ਖੋਲੀ ਅਤੇ ਤਾਰਿਆਂ ਤੇ ਗ੍ਰਹਿਆਂ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ. ਇਸ ਉਪਰੰਤ ਹਿੰਦੀ ਭਾਸ਼ਾ ਦੇ ਪ੍ਰੋ: ਆਸੂਤੋਸ ਕੁਮਾਰ ਨੇ ਵਿੱਦਿਆ ਵਿੱਚ ਰੂੜੀਵਾਦ ਬਾਰੇ ਪਰਚਾ ਪੜ੍ਹਦਿਆਂ ਦੱਸਿਆ ਕਿ ਕਿਵੇਂ ਸਾਡੀ ਸਿਖਿਆ ਵਿੱਚ ਵੀ ਰੂੜੀਵਾਦੀ ਧਾਰਨਾਵਾਂ ਨੂੰ ਪਰਪੱਕ ਕਰਨ ਵਾਲੇ ਤੱਤ ਹਨ. ਉਹਨਾਂ ਦੱਸਿਆ ਕਿ ਭਾਵੇਂ ਸਕੂਲਾਂ ਵਿੱਚ ਵਿਗਿਆਨ ਵੀ ਪੜ੍ਹਇਆ ਜਾਂਦਾ ਹੈ. ਪਰ ਸੋਚ ਵਿਗਿਆਨਕ ਨਹੀਂ ਬਣਾਈ ਜਾਂਦੀ.
ਹਰਚੰਦ ਭਿੰਡਰ ਨੇ ਭਾਰਤੀ ਅਧੂਨਿਕਤਾ ਅਤੇ ਰੂੜੀਵਾਦ ਦੀਆਂ ਸਮੱਸਿਆਵਾ’ ਵਿਸ਼ੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਭਾਰਤ ਵਿੱਚ ਹਰ ਪੜ੍ਹਿਆ ਲਿਖਿਆ ਜਾਂ ਅਨਪੜ੍ਹ, ਵਿਗਿਆਨਕ ਸੋਚ ਵਾਲਾ ਜਾਂ ਪਿਛਾਂਹ ਖਿਚੂ ਸੋਚ ਵਾਲਾ ਵੀ ਅਧੁਨਿਕ ਤਕਨੀਕ ਵਰਤ ਰਿਹਾ ਹੈ, ਪਰ ਸੋਚ ਪੱਖੋਂ ਵਿਗਿਆਨਕ ਨਹੀਂ. ਮੰਡੀ ਨੇ ਵੀ ਰੂੜੀਵਾਦੀ ਮਾਨਸ਼ਿਕਤਾ ਦਾ ਲਾਹਾ ਲੈਂਦਿਆਂ ਇਸ ਨਾਲ ਸਬੰਧਤ ਪ੍ਰੋਡਕਟ ਜਿਵੇਂ ਪਲਾਸਟਕ ਦੇ ਨਜਰਵੱਟੂ, ਨਿੰਬੂ ਮਿਰਚਾਂ ਜਾਂ ਹੋਰ ਵਸਤੂਆਂ ਬਣਾ ਕੇ ਵੇਚਣੀਆਂ ਸ਼ੁਰੂ ਕੀਤੀਆਂ ਹਨ. ਰੂੜੀਵਾਦੀ ਮਾਨਸਿਕਤਾ ਕਾਰਣ ਹੀ ਸਮਾਜ ਵਿੱਚ ਭੂਤ ਪ੍ਰੇਤ, ਡੈਣ ਪ੍ਰਥਾ ਅਤੇ ਪੁੰਨਰ ਜਨਮ ਆਦਿ ਦੀਆਂ ਧਾਰਨਾਵਾਂ ਹਨ ਜੋ ਕਿ ਸਾਡੀਆਂ ਅਜੋਕੀਆਂ ਸਮੱਸਿਆਵਾਂ ਦੇ ਹੱਲ ਲਈ ਰੁਕਾਵਟ ਹਨ. ਇਸ ਦੇ ਨਾਲ ਹੀ ਤਰਕਸ਼ੀਲ ਸੁਸਾਇਟੀ ਪੰਜਾਬ ਬਾਰੇ ਅਤੇ ਕੰਮ ਕਾਜ ਬਾਰੇ ਜਾਣਕਾਰੀ ਵੀ ਦਿੱਤੀ ਗਈ. ਇਸ ਉਪਰੰਤ ਰਾਹੁਲ ਸ਼ਰਮਾ ਨੇ ਆਪਣੇ ਪੇਪਰ ਰਾਹੀਂ ਭਾਰਤ ਵਿੱਚ ਵਿਗਿਆਨ ਦੀ ਸਥਿੱਤੀ ਬਾਰੇ ਰਾਜਨੀਤਕ ਪੱਖ ਦੱਸਦਿਆਂ ਕਿਹਾ ਕਿ ਦੇਸ ਵਿੱਚ ਤਕਨੀਕੀ ਵਿਕਾਸ ਨੂੰ ਤਾਂ ਪਹਿਲ ਦਿੱਤੀ ਜਾਂਦੀ ਹੈ. ਪਰ ਵਿਗਿਆਨਕ ਸੋਚ ਪੈਦਾ ਕਰਨ ਵਾਸਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ.
ਦੂਜੇ ਦਿਨ ਦੇ ਸੈਮੀਨਾਰ ਵਿੱਚ ਵਿਜੇ ਕੁਮਾਰ ਨੇ ਡਾ. ਦਾਭੋਲਕਰ ਬਾਰੇ ਸੰਖੇਪ ਪਰ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ ਅਤੇ ਉਸ ਨੂੰ ਤਰਕਸ਼ੀਲ ਅੰਦੋਲਨ ਦਾ ਆਜਾਦੀ ਤੋਂ ਬਾਅਦ ਪਹਿਲਾ ਸ਼ਹੀਦ ਦੱਸਿਆ. ਮਾਲਿੰਦ ਦੇਸਮੁੱਖ ਜੋ ਕਿ ਮਹਾਂਰਾਸ਼ਟਰ ਅੰਧ ਸ਼ਰਧਾ ਨਿਰਮੂਲਨ ਸੰਸਥਾ ਦੇ ਸੈਕਟਰੀ ਹਨ, ਨੇ ਡਾ. ਦਾਭੋਲਕਰ ਦੇ ਜੀਵਨ ਬਾਰੇ ਅਤੇ ਸੰਸਥਾ ਬਾਰੇ ਵਿਸਥਾਰ ਨਾਲ ਜਾਣਕਰੀ ਦਿੱਤੀ. ਉਹਨਾਂ ਨੇ ਮਹਾਂਰਾਸ਼ਟਰ ਵਿੱਚ ਬਣੇ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਾਰੇ ਵੀ ਜਾਣਕਾਰੀ ਦਿੱਤੀ. ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਰਾਮ ਕੁਮਾਰ ਨੇ ਤਰਕਸ਼ੀਲ ਸੁਸਾਇਟੀ ਵੱਲੋਂ ਕੀਤੇ ਕੰਮਾਂ ਅਤੇ ਪ੍ਰਚਾਰ ਦੇ ਢੰਗਾਂ ਬਾਰੇ ਉਦਾਹਰਣਾਂ ਸਹਿਤ ਜਾਣਕਾਰੀ ਦੇ ਨਾਲ ਨਾਲ ਸਵਾਲਾਂ ਦੇ ਜਵਾਬ ਵੀ ਦਿੱਤੇ.
ਇਸ ਬਾਅਦ ਅਨਿਲ ਸਦਗੋਪਾਲ ਨੇ ਅਪਣੇ ਪੇਪਰ ਰਾਹੀਂ ਜਾਣਕਾਰੀ ਦਿੱਤੀ ਕਿ ਭਾਰਤ ਮਜਹਬੀ ਕੱਟੜਤਾ ਵੱਲ ਵਧ ਰਿਹਾ ਹੈ. ਨਵਉਦਾਰਵਾਦ ਦੇ ਨਾਲ-ਨਾਲ ਧਾਰਮਿਕ ਕੱਟੜਤਾ ਵੀ ਵਧ ਰਹੀ ਹੈ. ਉਹਨਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਅੱਤਵਾਦ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ੳਸ ਦੀ ਵਿਚਾਰਧਾਰਾ ਨੂੰ ਦਬਾਇਆ ਜਾ ਰਿਹਾ ਹੈ.
ਈਸ਼ਵਰ ਸਿੰਘ ਦੋਸਤ ਨੇ ਸਾਰੇ ਪਰਚਿਆ ਤੋਂ ਬਾਅਦ ਆਪਣੇ ਵਿਚਾਰ ਦਿੱਤੇ. ਉਹਨਾਂ ਕਿਹਾ ਕਿ ਅੰਧ ਵਿਸ਼ਵਾਸ ਵਿਰੁੱਧ ਲੜਾਈ ਸਮਾਜਿਕ ਮੁੱਕਤੀ ਦੀ ਲੜਾਈ  ਹੈ. ਜੇ ਯੂਰਪ ਵਿੱਚ ਅੰਧਵਿਸ਼ਵਾਸ ਖਤਮ ਹੋਇਆ ਹੈ ਤਾਂ ਇਸ ਵਿਗਿਆਨ ਦਾ ਹੱਥ ਹੈ. ਉਹਨਾਂ ਅੱਗੇ ਕਿਹਾ ਕਿ ਜਿਥੇ ਆਰਥਿਕਤਾ ਡਾਵਾਂਡੋਲ ਹੈ, ਉਥੇ ਅੰਧਵਿਸ਼ਵਾਸ ਹੈ. ਵਿਗਿਆਨਕ ਤਕਨੀਕ ਦਾ ਇਸਤੇਮਾਲ ਗਲਤ ਵੀ ਹੋ ਸਕਦਾ ਹੈ. ਉਹਨਾਂ ਇਹ ਵੀ ਕਿਹਾ ਕਿ ਵਿਗਿਆਨ ਉੱਪਰ ਕਿਸੇ ਦੀ ਅਜਾਰੇਦਾਰੀ ਨਹੀਂ.
ਅੰਤ ਵਿੱਚ ਮੱਧ ਪ੍ਰਦੇਸ ਵਿੱਚ ਰੂੜੀਵਾਦ, ਅੰਧਵਿਸ਼ਵਾਸ ਅਤੇ ਜਾਤ ਪਾਤ ਦੇ ਵਿਰੁੱਧ ਸੰਘਰਸ਼ ਸ਼ੁਰੂ ਕਰਨ ਤੇ ਤਰਕਸ਼ੀਲਤਾ ਅਤੇ ਵਿਗਿਆਨਕ ਸੋਚ ਨੂੰ ਪ੍ਰਫ਼ੁਲਤ ਕਰਨ ਵਾਸਤੇ ਵਿਉਂਤਬੰਦੀ ਕਰਦੇ ਹੋਏ ਇਹ ਤਹਿ ਹੋਇਆ ਕਿ ਨਿਕਟ ਭਵਿੱਖ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਮਹਾਂਰਾਸ਼ਟਰ ਅੰਧ ਸ਼ਰਧਾ ਨਿਰਮੂਲਨ ਸੰਸਥਾ ਦੇ ਸਹਿਯੋਗ ਨਾਲ ਟਰੇਨਿੰਗ ਕੈਂਪ ਲਾਇਆ ਜਾਵੇਗਾ. ਅੰਤ ਵਿੱਚ ਪ੍ਰੋ: ਧਰਮਿੰਦਰ ਕੁਮਾਰ ਨੇ ਪੀ ਆਰ ਐਸ ਵੱਲੋਂ ਧੰਨਵਾਦੀ ਸਬਦ ਬੋਲਦਿਆਂ ਕਿਹਾ ਕਿ ਅਜੌਕੇ ਦੌਰ ਵਿੱਚ ਧਾਰਮਿਕ ਕੱਟੜਤਾ, ਰੂੜੀਵਾਦ ਅਤੇ ਫ਼ਲ ਜੋਤਿਸ ਅਦਿ ਦੀ ਕੋਈ ਥਾਂ ਨਹੀਂ ਇਸ ਨੂੰ ਵਿਗਿਆਨਕ ਚੇਤਨਾ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ. ਇਸ ਦੇ ਨਾਲ ਹੀ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਮਹਾਂਰਾਸ਼ਟਰ ਅੰਧ ਸ਼ਰਧਾ ਨਿਰਮੂਲਨ ਸੰਸਥਾ ਦਾ ਵਿਸ਼ੇਸ ਧੰਨਵਾਦ ਕੀਤਾ ਕਿ ਇਹਨਾਂ ਨੇ ਆਪਣੇ ਤਜਰਬਿਆਂ ਅਤੇ ਕੰਮਾਂ ਰਾਹੀਂ ਹਾਜ਼ਰ ਵਰਕਰਾਂ ਸਰੋਤਿਆਂ ਵਿੱਚ ਨਵਾਂ ਉਤਸਾਹ ਅਤੇ ਜੋਸ਼ ਭਰਿਆ.
ਇਸ ਸਮੇਂ ਰਾਮ ਕੁਮਾਰ ਅਤੇ ਮਾਲਿੰਦ ਦੇਸ਼ਮੁੱਖ ਨੇ ਜਾਦੂ ਦੀਆਂ ਆਇਟਮਾਂ ਰਹੀਂ ਸਰੋਤਿਆਂ ਦੇ ਮਨਾਂ ਵਿੱਚ ਬੈਠੇ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਅਤੇ ਉਹਨਾਂ ਨੂੰ  ਜੋਤਿਸ਼ੀਆਂ, ਸਾਧਾਂ ਪਖੰਡੀਆਂ ਜਾਂ ਜੋ ਸਮਾਜ ਵਿੱਚ ਵਹਿਮ ਭਰਮ ਪੈਦਾ ਕਰਨ ਵਾਲੇ ਤੱਤਾਂ ਤੋਂ ਸੁਚੇਤ ਕੀਤਾ.
ਰਿਪੋਰਟ ਕਰਤਾ
ਹਰਚੰਦ ਭਿੰਡਰ


Thursday, August 22, 2013

ਸ਼ਹੀਦ ਡਾ. ਨਰਿੰਦਰ ਦਾਭੋਲਕਰ




ਸ਼ਹੀਦ ਡਾ. ਨਰਿੰਦਰ ਦਾਭੋਲਕਰ


ਸ਼ਹੀਦ ਡਾ. ਨਰਿੰਦਰ ਦਾਭੋਲਕਰ
ਮਹਾਂਰਾਸ਼ਟਰ ਸੂਬੇ ਦੀ ਸਭਿਆਚਾਰਕ ਰਾਜਧਾਨੀ ਵਜੋਂ ਜਾਣੇ ਜਾਂਦੇ ਪੂਣੇ ਵਿੱਚ ਮੰਗਲਵਾਰ ਦੀ ਸਵੇਰ ਹੋਈ ਅੰਧਸ਼ਰਧਾ ਨਿਰਮੂਲਣ ਸਮਿਤੀ ਦੇ ਸੰਸਥਾਪਕ ਡਾ. ਨਰਿੰਦਰ ਦਾਭੋਲਕਰ ਦੀ ਸ਼ਹੀਦੀ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ. ਮਸ਼ਹੂਰ ਪਤ੍ਰਿਕਾ ਸਾਧਨਾ ਦੇ ਸੰਪਾਦਕ ਡਾ. ਨਰਿੰਦਰ ਦਾਭੋਲਕਰ ਅੰਧ ਵਿਸ਼ਵਾਸਾਂ ਅਤੇ ਅਖੌਤੀ ਬਾਬਿਆਂ ਦੇ ਖਿਲਾਫ ਸੰਘਰਸ ਚਲਾਉਂਣ ਕਾਰਣ ਦੇਸ ਭਰ ਵਿੱਚ ਚਰਚਿਤ ਸਨ. ਅੰਧਵਿਸ਼ਵਾਸ ਦੇ ਖਿਲਾਫ ਜੋਰਦਾਰ ਆਵਾਜ ਉਠਾਉਣ ਵਾਲੇ ਨਰਿੰਦਰ ਦਾਭੋਲਕਰ ਨੂੰ ਅਗਿਆਤ ਹਮਲਾਵਰਾਂ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ. ਡਾ. ਸਾਹਿਬ ਪਿਛਲੇ ਵੀਹ ਸਾਲਾਂ ਤੋਂ ਅੰਧਵਿਸ਼ਵਾਸਾਂ ਅਤੇ ਅਖੌਤੀ ਬਾਬਿਆਂ ਦੇ ਖਿਲਾਫ ਮੋਰਚਾ ਖੋਹਲੇ ਹੋਏ ਸਨ.
ਅੰਧ ਸਰਧਾ ਨਿਰਮੂਲਨ ਸਮਿਤੀ ਦੇ ਪ੍ਰਧਾਨ ਡਾ. ਨਰਿੰਦਰ ਦਾਭੋਲਕਰ ਜੋ ਕਿ 69 ਸਾਲ ਦੇ ਸਨ ਅਤੇ ਮਰਾਠੀ ਸਾਹਿਤ ਜਗਤ ਵਿੱਚ ਇਕ ਜਾਣੀ ਪਹਿਚਾਣੀ ਸਖ਼ਸੀਅਤ ਸਨ. ਉਹਨਾਂ ਨੇ ਇਕ ਦਰਜਨ ਤੋਂ ਜਿਆਦਾ ਕਿਤਾਬਾਂ ਲਿਖੀਆਂ ਸਨ. ਦਾਭੋਲਕਰ ਪੇਸ਼ੇ ਵਜੋਂ ਡਾਕਟਰ ਸਨ ਅਤੇ ਉਹਨਾਂ ਨੇ ਐਮ ਬੀ ਬੀ ਐਸ ਕੀਤੀ ਹੋਈ ਸੀ. ਉਹਨਾਂ ਦੀ ਪਤਨੀ ਸ੍ਰੀਮਤੀ ਸ਼ੈਲਾ ਵੀ ਡਾਕਟਰ ਹਨ. ਆਪ ਦੇ ਦੋ ਬੱਚੇ ਇਕ ਲੜਕਾ ਅਤੇ ਇਕ ਲੜਕੀ ਹਨ. ਪਰ ਆਪ 12 ਸਾਲ ਡਾਕਟਰੀ ਪੇਸ਼ਾ ਕਰਨ ਤੋਂ ਬਾਅਦ ਸਮਾਜ ਨੂੰ ਜਾਗਰੁਕ ਕਰਨ ਵਾਲੇ ਪਾਸੇ ਆ ਗਏ. ਆਪ ਮਹਾਂਰਾਸ਼ਟਰ ਵਿੱਚ ਨਰਬਲੀ, ਜਾਦੂ-ਟੂਣਾ ਅਤੇ ਕਾਲੇ ਜਾਦੂ ਵਰਗੀਆਂ ਬੁਰੀਆਂ ਪ੍ਰਥਾਵਾਂ ਦੇ ਵਿਰੁੱਧ ਲਗਾਤਾਰ ਅੰਦੋਲਨ ਦੀ ਅਗਵਾਈ ਕਰ ਰਹੇ ਸਨ.
ਨਰਿੰਦਰ ਸਵੇਰੇ 6:30 ਵਜੇ ਆਪਣੇ ਘਰ ਤੋਂ ਸਵੇਰ ਦੀ ਸੈਰ ਵਾਸਤੇ ਨਿਕਲੇ ਸਨ, ਜਿਉਂ ਹੀ ਉਹ ਪੂਨੇ ਦੇ ਉਂਕਾਰੇਸਵਰ ਪੁਲ ਦੇ ਨਜਦੀਕ ਪਹੁੰਚੇ ਦੋ ਅਗਿਆਤ ਬਾਇਕ ਸਵਾਰ ਬਦਮਾਸਾਂ ਨੇ ਉਹਨਾਂ ਉਹਨਾਂ ਉੱਪਰ ਤਾਬੜਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ. ਗੋਲੀ ਲਗਦੇ ਸਾਰ ਹੀ ਦਾਭੋਲਕਰ ਧਰਤੀ ਤੇ ਡਿੱਗ ਪਏ. ਡਾ. ਦਾਭੋਲਕਰ ਉਪਰ ਹਮਲੇ ਦੇ ਬਾਅਦ ਆਸ ਪਾਸ ਦੇ ਲੋਕ ਜਿਉਂ ਹੀ ਉਹਨਾਂ ਵੱਲ ਆਏ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ. ਦਾਭੋਲਕਰ ਨੂੰ ਘਾਇਲ ਹਾਲਤ ਵਿੱਚ ਨੇੜੇ ਦੇ ਸਸੂਨ ਹਸਪਤਾਲ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮਿਰਤਕ ਐਲਾਨ ਦਿੱਤਾ. ਡਾ. ਦਾਭੋਲਕਰ ਇਕ ਰਾਤ ਪਹਿਲਾਂ ਹੀ ਬੰਬਈ ਤੋਂ ਪੂਨਾ ਪਹੁੰਚੇ ਸਨ.
ਪੁਲਿਸ ਸੂਤਰਾਂ ਮੁਤਾਬਿਕ ਹਮਲਾਵਰਾਂ ਦੀ ਉਮਰ 25 ਤੋਂ 26 ਸਾਲ ਦੱਸੀ ਜਾ ਰਹੀ ਹੈ. ਡਾ. ਦਾਭੋਲਕਰ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ ਜਿਸ ਵਿੱਚੋਂ ਦੋ ਗੋਲੀਆਂ ਉਹਨਾਂ ਦੇ ਸਿਰ ਵਿੱਚ ਲੱਗੀਆਂ. ਪੁਲਿਸ ਦੇ ਮੁਤਾਬਿਕ ਹਮਲਾਵਰ ਪਿਛੇ ਤੋਂ ਆਏ ਅਤੇ ਗੋਲੀਆਂ ਚਲਾ ਕੇ ਦੌੜ ਗਏ. ਇਸ ਕਾਰਣ ਸਿਰ ਦੇ ਪਿਛਲੇ ਹਿਸੇ ਵਿੱਚ ਦੋ ਗੋਲੀਆਂ ਲੱਗੀਆਂ. ਇਕ ਮੌਕੇ ਤੇ ਹਾਜਰ ਵਿਆਕਤੀ ਅਨੁਸਾਰ ਹਮਲਾਵਰਾਂ ਦੀ ਉੱਮਰ 25 ਤੋਂ 27 ਸਾਲ ਦੇ ਕਰੀਬ ਸੀ. ਇਕ ਹਮਲਾਵਰ ਨੇ ਟੋਪੀ ਪਹਿਨ ਰੱਖੀ ਸੀ, ਉਸ ਨੇ ਨਾਮ ਪੁੱਛ ਕੇ ਕਰੀਬ ਤੋਂ ਗੋਲੀਆਂ ਚਲਾਈਆਂ. ਉਹ ਅੱਜ ਕੱਲ ਅਣ-ਮਨੁੱਖੀ ਰੀਤੀਆਂ ਅਤੇ ਅੰਧਵਿਸ਼ਵਾਸਾਂ ਦੇ ਖਾਤਮੇ ਵਾਸਤੇ ਇਕ ਪ੍ਰਸਤਾਵਿਤ ਅੰਧਵਿਸਵਾਸ ਅਤੇ ਕਾਲਾ ਜਾਦੂ’ ਵਿਰੋਧੀ ਬਿੱਲ ਪਾਸ ਕਰਾਉਣ ਵਾਸਤੇ ਮਹਾਂਰਾਟਰ ਸਰਕਾਰ ਉੱਪਰ ਦਬਾਅ ਪਾਣ ਵਾਸਤੇ ਸੰਘਰਸ਼ ਕਰ ਰਹੇ ਸਨ. ਦਾਭੋਲਕਰ ਜਾਦੂ ਟੂਣਾ ਕਾਨੂੰਨ ਪਾਸ ਕਰਾਉਣ ਵਾਸਤੇ ਪੂਰੇ ਮਹਾਂਰਾਸ਼ਟਰ ਦਾ ਦੌਰਾ ਕਰ ਰਹੇ ਸਨ. ਉਹ ਕੱਲ ਹੀ ਬੰਬਈ ਤੋਂ ਆਏ ਸਨ ਅਤੇ ਅੱਜ ਰਾਤ ਨੂੰ ਆਪਣੇ ਪਿੰਡ ਸਾਤਾਰਾ ਜਾਣ ਵਾਲੇ ਸਨ. ਮੰਗਲਵਾਰ ਨੂੰ ਪੂਨੇ ਵਿਖੇ ਬਿੱਲ ਦੇ ਸਬੰਧ ਵਿੱਚ ਪ੍ਰੈਸ ਕਾਨਫਰੰਸ ਵੀ ਕਰਨ ਵਾਲੇ ਸਨ.
ਉਹਨਾਂ ਦੇ ਇਹ ਲਗਤਾਰ ਚਲਦੇ ਯਤਨਾਂ ਦੇ ਸਦਕਾ ਹੀ ਮਹਾਂਰਾਸ਼ਟਰ ਸਰਕਾਰ ਪ੍ਰਦੇਸ ਵਿੱਚ ਜਾਦੂ ਟੂਣਾ ਬਿੱਲ ਲਿਆ ਰਹੀ ਸੀ. ਡਾ. ਦਾਭੋਲਕਰ ਪਿਛਲੇ 16 ਸਾਲਾਂ ਤੋਂ ਕਾਲੇ ਜਾਦੂ ਦੇ ਖਿਲਾਫ  ਸਖ਼ਤ ਕਾਨੂੰਨ ਦੀ ਮੰਗ ਕਰ ਰਹੇ ਸਨ. ਉਹਨਾਂ ਦੇ ਇਹਨਾਂ ਯਤਨਾਂ ਕਾਰਣ  ਕਈ ਵਾਰ ਕੁਝ ਹਿੰਦੂ ਰਾਸ਼ਟਰਵਾਦੀ ਸੰਗਠਨਾਂ ਦਾ ਵਿਰੋਧ ਵੀ ਝੱਲਣਾ ਪਿਆ. ਉਹਨਾਂ ਨੇ ਅੰਧਵਿਸ਼ਵਾਸ ਦੇ ਬਾਰੇ ਕਈ ਕਿਤਾਬਾਂ ਵੀ ਲਿਖੀਆਂ.
ਕਿਹਾ ਜਾਂਦਾ ਹੈ ਕਿ ਇਸ ਕਾਰਣ ਵਰਕਾਰੀ ਪੰਥ ਨਾਲ ਜੁੜਿਆ ਇਕ ਵਰਗ ਡਾ. ਦੇ ਖਿਲਾਫ ਹੋ ਗਿਆ ਸੀ. ਹਾਲ ਹੀ ਕੁੱਝ ਕੱਟੜਵਾਦੀ ਸੰਗਠਨਾਂ ਨੇ ਉਹਨਾਂ ਨੂੰ ਧਮਕੀ ਵੀ ਦਿੱਤੀ ਸੀ. ਇਸ ਬਿਲ ਦੇ ਚਲਦੇ ਕਈ ਕੱਟੜਵਾਦੀ ਸੰਗਠਨਾਂ ਨੂੰ ਡਰ ਸੀ ਕਿ ਕਾਨੂੰਨ ਬਣ ਜਾਣ ਤੇ ਸਿੱਧੇ ਹੀ ਧਾਰਮਿਕ ਵਿਸ਼ਵਾਸਾਂ, ਹਵਨ, ਪੂਜਾ ਆਦਿ ਉੱਪਰ ਵੀ ਰੋਕ ਲੱਗ ਸਕਦੀ ਹੈ. ਇਸ ਮਾਮਲੇ ਵਿੱਚ ਕੱਟੜਪੰਥੀ ਸੰਗਠਨਾਂ ਦਾ ਕਹਿਣਾ ਸੀ ਕਿ ਅਗਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਹਿੰਦੂ ਧਰਮ ਵਿੱਚ ਕੀਤੇ ਜਾਣ ਵਾਲੇ ਕਰਮਕਾਂਡ ਗੈਰ ਜਮਾਂਨਤੀ ਅਪਰਾਧ ਹੋ ਜਾਣਗੇ. ਸੰਭਵ ਹੈ ਕਿ ਪੂਜਾ ਅਤੇ ਹੋਮ ਹਵਨ ਭੀ ਅਪਰਾਧ ਵਿੱਚ ਗਿਣਿਆ ਜਾਣ ਲੱਗੇ. ਧਾਰਮਿਕ ਸੰਗਠਨ ਅਤੇ ਟਰੱਸਟੀ ਇਸ ਬਿੱਲ ਦੇ ਦਾਇਰੇ ਵਿੱਚ ਆ ਸਕਦੇ ਹਨ. ਜਦ ਕਿ ਸਚਾਈ ਇਹ ਸੀ ਕਿ ਸੰਵਿਧਾਨਕ ਦਾਇਰੇ ਮੁਤਾਬਕ ਧਾਰਮਿਕ ਪੂਜਾ ਦਾ ਕੋਈ ਵਿਰੋਧ ਨਹੀਂ ਸੀ.
ਡਾ. ਦਾਭੋਲਕਰ ਦੀ ਸ਼ਹੀਦੀ ਤੋਂ ਬਾਅਦ ਨਾਰਾਜ਼ ਲੋਕਾਂ ਨੇ ਮਹਾਂਰਾਸ਼ਟਰ ਵਿੱਚ ਅਲੱਗ ਅਲੱਗ ਸਹਿਰਾਂ ਵਿੱਚ ਅੰਦੋਲਨ ਸ਼ੁਰੂ ਕਰ ਦਿੱਤਾ. ਪੂਣੇ ਸਮੇਤ ਪ੍ਰਦੇਸ ਦੇ ਅਲੱਗ ਅਲੱਗ ਥਾਵਾਂ ਉੱਪਰ ਚੱਕੇ ਜਾਮ ਕਰਨ ਦੀ ਵੀ ਖਬਰ ਰਹੀ ਹੈ. ਇਵੇਂ ਹੀ 21ਅਗਸਤ ਨੂੰ ਵੀ ਸਾਰਾ ਸ਼ਹਿਰ ਰੋਸ਼ ਵਜੋਂ ਬੰਦ ਰਿਹਾ. ਪਰ ਇਹ ਸਭ ਸਾਂਤੀਪੂਰਵਕ ਰਿਹਾ ਐਬੂਲੈਂਸ ਵਰਗੀਆਂ ਜਰੂਰੀ ਸੇਵਾਵਾਂ ਨੂੰ ਨਹੀਂ ਰੋਕਿਆ ਗਿਆ.
ਇਸ ਘਟਨਾ ਕਾਰਣ ਮਰਾਠੀ ਸਾਹਿਤ ਜਗਤ ਵਿੱਚ ਵੀ ਸ਼ੋਕ ਦੀ ਲਹਿਰ ਹੈ. ਉਹਨਾਂ ਦਾ ਮ੍ਰਿਤਕ ਸਰੀਰ ਪੂਨੇ ਵਿੱਚ ਸਾਧਨਾ ਪ੍ਰਕਾਸਨ ਦੇ ਦਫਤਰ ਵਿੱਚ ਆਮ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਅਤੇ 21 ਅਗਸਤ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਸਤਾਰਾ ਵਿਖੇ ਕੀਤਾ ਗਿਆ. ਉਹਨਾਂ ਦੀ ਚਿੱਤਾ ਨੂੰ ਅਗਨੀ ਉਹਨਾਂ ਦੀ ਬੇਟੀ ਨੇ ਦਿੱਤੀ. ਹਾਲਾਂ ਕਿ ਉਹਨਾਂ ਦਾ ਸਰੀਰ ਹੱਸਪਤਾਲ ਨੂੰ ਦਿੱਤੇ ਜਾਣਾ ਸੀ. ਪਰ ਮ੍ਰਿਤਕ ਸਰੀਰ ਦੀ ਹਾਲਤ ਦੇ ਕਾਰਣ ਅਜਿਹਾ ਨਹੀਂ ਹੋ ਸਕਿਆ.
ਹੁਣ ਮਹਾਂਰਾਸ਼ਟਰ ਸਰਕਾਰ ਇਸ ਬਿੱਲ ਨੂੰ ਪਾਸ ਕਰਕੇ ਕਾਨੂੰਨ ਬਣਾਣ ਵਾਸਤੇ ਤਿਆਰ ਹੋ ਗਈ ਹੈ. ਕੀ ਸਰਕਾਰ ਇਸ ਗੱਲ ਦੀ ਉਡੀਕ ਵਿੱਚ ਸੀ ?  ਅਗਲੀ ਗੱਲ ਇਹ ਕਿ ਜਿਸ ਬਿਲ ਕਾਰਣ ਉਹਨਾਂ ਦੀ ਸ਼ਹਾਦਤ ਹੋਈ ਹੈ ਕਿ ਕੀ ਉਸ ਨੂੰ ਸਹੀ ਤਰੀਕੇ ਨਾਲ ਪੇਸ਼ ਕਰਕੇ ਕਾਨੂੰਨ ਬਣਾਇਆ ਜਾਵੇਗਾ ਜਾਂ ਫਿਰ ਇਸ ਸ਼ਹਾਦਤ ਨੂੰ ਆਪਣੇ ਹਿੱਤਾਂ ਵਿੱਚ ਵਰਤਣ ਤੱਕ ਹੀ ਸੀਮਤ ਹੋਵੇਗਾ. ਇਹ ਸਾਡਾ ਸਮੂਹ ਤਰਕਸ਼ੀਲ,ਅੱਗੇ ਵਧੂ, ਵਿਗਿਆਨਕ ਅਤੇ ਮਾਨਵਵਾਦੀ ਵਿਚਾਰਧਾਰਾ ਨਾਲ ਜੁੜੀਆਂ ਜਥੇਬੰਦੀਆਂ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਆਵਾਜ ਨੂੰ ਹੋਰ ਬੁਲੰਦ ਕਰੀਏ ਤਾਂ ਸਾਰੇ ਭਾਰਤ ਵਿੱਚੋਂ ਵਹਿਮਾਂ-ਭਰਮਾਂ, ਅੰਧਵਿਸਵਾਸਾਂ, ਪੂਜਾ ਦੇ ਨਾਮ ਤੇ ਗੈਰ ਮਨੁੱਖੀ ਗਤੀਵਿਧੀਆਂ, ਕਾਲਾ ਜਾਦੂ ਅਤੇ ਅਤੇ ਗੈਰ ਵਿਗਿਆਨਕ ਇਲਾਜ ਪ੍ਰਣਾਲੀਆਂ ਦਾ ਖਾਤਮਾਂ ਕੀਤਾ ਜਾਵੇ.ਇਸ ਸਮੇਂ ਇਹ ਮੰਗ ਕਰਨੀ ਬਣਦੀ ਹੈ ਕਿ ਮਹਾਂਰਾਸ਼ਟਰ ਸਰਕਾਰ ਉਹਨਾਂ ਦੇ ਕਾਤਲਾਂ ਨੂੰ ਜਲਦੀ ਲੱਭ ਕੇ ਗ੍ਰਿਫਤਾਰ ਕਰੇ ਤਾਂ ਕਿ ਪਤਾ ਚੱਲ ਸਕੇ ਕਿ ਇਸ ਵਰਤਾਰੇ ਪਿਛੇ ਕਿਹੜੀਆਂ ਕਾਲੀਆਂ ਤਕਤਾਂ ਦਾ ਹੱਥ ਹੈ.
ਇਸ ਸਮੇਂ ਮੈਂ ਸ਼ਹੀਦ ਦਾਭੋਲਕਰ ਜੀ ਨੂੰ ਸ਼ਰਧਾਂਜਲੀ ਦਿੰਦਾ ਹੋਇਆ. ਇਹ ਕਹਿ ਰਿਹਾ ਹਾਂ ਕਿ ਆਪਣੇ ਯਤਨਾਂ ਨਾਲ ਇਸ ਲਹਿਰ ਨੂੰ ਹੋਰ ਅੱਗੇ ਵਧਣ ਅਤੇ ਤੇਜ਼ ਕਰਨ ਵਾਸਤੇ ਉਪਰਲਾ ਕਰਦਾ ਰਹਾਂਗਾ.
ਹਰਚੰਦ ਭਿੰਡਰ
ਜੋਨ ਸਕੱਤਰ(ਨਾਰਥ ਜੋਨ ਫਿਰਾ)

Wednesday, June 5, 2013

ਕੰਮ ਦੀ ਗੱਲ


ਜਮੀਨਾਂ ਦਾ ਰਿਕਾਰਡ ਆਨ ਲਾਈਨ ਦੇਖੋ
ਤੁਸੀਂ ਆਪਣੀ ਖੇਤੀ ਬਾੜੀ ਦੀ ਜਮੀਨ ਦਾ ਰਿਕਾਰਡ ਆਪਣੇ ਘਰ ਬੈਠੇ ਵੈਬ ਸਾਈਟ ਰਾਹੀਂ ਦੇਖ ਅਤੇ ਪ੍ਰਿੰਟ ਕੱਢ ਸਕਦੇ ਹੋ; ਉਹ ਵੀ ਕਿਸੇ ਬਿਨਾਂ ਕਿਸੇ ਝਮੇਲੇ ਦੇ. ਤੁਸੀਂ ਇਸ ਤਰ੍ਹਾਂ ਕਰੋ:
ਤੁਸੀਂ ਇਹ www.plrs.org.in  ਸਾਈਟ ਖੋਲ੍ਹੋ ਚੰਗਾ ਹੋਵੇ ਜੇ ਮੋਜੀਲਾ (Mozilla Firefox)ਵਿੱਚ ਖੋਲ੍ਹੋਂ.
ਜਿੱਥੇ FARD ਲਿਖਿਆ ਹੈ,
ਉੱਥੇ ਕਲਿੱਕ ਕਰੋ.
ਆਪਣਾ ਜਿਲ੍ਹਾ ਚੁਣੋਂ.
ਤਹਿਸੀਲ ਚੁਣੋਂ.
ਪਿੰਡ ਚੁਣੋਂ.
‘ਦਰਜ ਕਰੋ’ ਉੱਪਰ ਜਾ ਕੇ ਕਲਿੱਕ ਕਰੋ.
ਅੱਗੇ ਨਕਲ ਰਜਿਸਟਰ ਦੀਆਂ ਕਿਸਮਾਂ ਮੁਤਾਬਕ ਕਲਿੱਕ ਕਰੋ.
ਉਦਾਹਰਣ ਦੇ ਤੌਰ ਤੇ;
ਜਮਾਂਬੰਦੀ ਤੇ ਕਲਿਕ ਕਰੋ.
ਹੁਣ ਪੀਲੀ ਪੱਟੀ ਵਿੱਚ ਲਿਖੇ ਮੁਤਾਬਕ ਚੁਣੋ.
ਉਦਾਹਰਣ ਦੇ ਤੌਰ ਤੇ;
‘ਮਾਲਕ ਦੇ ਨਾਮ ਮੁਤਾਬਕ’ ਚੁਣੋਂ.
ਹੁਣ ਜੋ ਸਫ਼ਾ ਖੁਲ੍ਹਿਆ ਹੈ ਉਸਨੂੰ ਪੜ੍ਹੋ.
ਜੇ ਕਰ ਤੁਹਾਡਾ ਕੰਪਿਉਟਰ ਯੂਨੀਕੋਡ ਕੀਤਾ ਹੈ ਤਾਂ
ਆਪਣਾ ਨਾਮ ਪੰਜਬੀ ਵਿੱਚ ਲਿਖ ਦੇਵੋ (ਧਿਆਨ ਰਹੇ ਸਾਈਟ ਦੀ ਭਾਸ਼ਾ ਪੰਜਾਬੀ ਹੋਵੇ).
ਜਾਂ ਫਿਰ ਗੁਗੱਲ ਵਿੱਚ ਜਾ ਕੇ ਆਪਣਾ ਨਾਮ ਅੰਗਰੇਜੀ ਟਾਇਪ ਰਾਹੀਂ ਲਿਖ ਕੇ ਪੰਜਾਬੀ ਕਰੋ ਅਤੇ ਕਾਪੀ ਕਰਕੇ ਇਸ ਡੱਬੀ ਵਿੱਚ ਪੇਸਟ ਕਰ ਦੇਵੋ.
ਉਸ ਤੋਂ ਬਆਦ ਜੋ ਸਫ਼ਾ ਖੁਲਿਆ ਹੈ; ਉਸ ਵਿੱਚੋਂ ਆਪਣਾ ਸਹੀ ਨਾਮ, ਪਿਤਾ ਅਤੇ ਦਾਦੇ ਦੇ ਨਾਮ ਸਮੇਤ ਦੇਖ ਕੇ ਡੱਬੀ ਦੇ ਆਖੀਰ ਵਿੱਚ ‘ਚੁਣੋ’ ਤੇ ਕਲਿੱਕ ਕਰੋ.
ਤੁਹਾਡਾ ਖੇਵਟ ਨੰਬਰ ਆ ਜਾਵੇਗਾ ਅਤੇ ‘ਚੁਣੋ’ ਡੱਬੀ ਵਿੱਚ ਸਹੀ ਦਾ ਨਿਸਾਨ ਲਗਾਓ.
ਹੇਠਲੀਆਂ ਦੋ ਡੱਬੀਆਂ ਵਿੱਚੋਂ ਜਰੂਰਤ ਮੁਤਾਬਕ ਇੱਕ ਤੇ ਕਲਿੱਕ ਕਰੋ.
ਇਕ ਫਾਈਲ ਡਾਉਨਲੋਡ ਹੋ ਜਾਵੇਗੀ.
ਇਸ ਫਾਈਲ ਨੂੰ ਰਾਈਟ ਕਲਿੱਕ ਕਰਕੇ open with ਦੀ ਸਹਾਇਤਾ ਨਾਲ internet explorer ਵਿੱਚ ਖੋਹਲੋ ਜੋ ਕਿ ਅਡੌਬ ਰੀਡਰ ਵਿੱਚ ਖੁਲ੍ਹੇਗੀ ਇਸ ਨੂੰ ਅਡੌਬ ਰੀਡਰ ਵਿੱਚ ਕੋਈ ਨਾਮ ਦੇ ਕੇ ਸੇਵ ਕਰ ਲਵੋ ਜਾਂ ਪ੍ਰਿੰਟ ਕੱਢ ਲਵੋ.
ਧੰਨਵਾਦ
ਹਰਚੰਦ ਭਿੰਡਰ

समाचार

Total Pageviews