Thursday, July 31, 2025

ਇਤਿਹਾਸ ਪ੍ਰਤੀ ਇੰਨੀ ਲਾ ਪ੍ਰਵਾਹੀ ਕਿਉਂ?


ਇਤਿਹਾਸ ਪ੍ਰਤੀ ਇੰਨੀ ਲਾ ਪ੍ਰਵਾਹੀ ਕਿਉਂ?
             ਅੱਜ (29ਜੁਲਾਈ) ਦੇ ਪੰਜਾਬੀ ਟਰਬਿਊਨ ਵਿੱਚ ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਦਾ ਲਿਖਿਆ ਲੇਖ ‘ਗੋਲੀ ਵੱਜੀ ਜਲ੍ਹਿਆਂ ਦੇ..ਪੜ੍ਹਿਆ. ਪੜ੍ਹਨ ਉਪਰੰਤ ਇਸ ਵਿੱਚਲੀਆਂ ਕੱਝ ਗੱਲਾਂ ਰੜਕੀਆਂ ਜੋ ਤੁਹਾਡੇ ਨਾਲ ਸਾਝੀਆਂ ਕਰਨਾ ਚਾਹੁੰਦਾ ਹਾਂ ਪਹਿਲੀ ਗੱਲ ਇਹ ਆਪ ਨੇ ਸ਼ਹੀਦ ਊਧਮ ਸਿੰਘ ਦੀ ਮਾਤਾ ਦਾ ਨਾਮ ਹਰਨਾਮ ਕੌਰ ਅਤੇ ਪਿਤਾ ਨਾਮ ਚੂਹੜ ਰਾਮ ਲਿਖਿਆ ਹੈ. ਦਰਅਸਲ ਜੋ ਮੈਂ ਪੜ੍ਹਿਆ ਹੈ ਉਸ ਮੁਤਾਬਕ ਸ਼ਹੀਦ ਊਧਮ ਸਿੰਘ ਦੀ ਮਾਤਾ ਦਾ ਨਾਮ ਨਰੈਣੀ ਅਤੇ ਪਿਤਾ ਦਾ ਨਾਮ ਚੂਹੜ ਰਾਮ ਸੀ. ਪਰ ਇਹਨਾਂ ਦੇ ਅੰਮ੍ਰਿਤ ਧਾਰਣ ਕਰਨ ਤੋਂ ਬਾਅਦ ਇਹਨਾਂ ਦਾ ਨਾਮ ਬਦਲ ਕੇ ਟਹਿਲ ਸਿੰਘ ਅਤੇ ਹਰਨਾਮ ਕੌਰ ਹੋ ਗਿਆ ਸੀ.
         ਅੱਗੇ ਇਹ ਕਿ ਜਰਨਲ ਈ. ਐਚ. ਡਾਇਰ ਜਿਸਦੀ ਕਮਾਂਡ ਹੇਠ ਜਲ੍ਹਿਆਂ ਵਾਲਾ ਬਾਗ਼ ਵਿਖੇ 1919 ਦੀ ਵਿਸਾਖੀ ਸਮੇਂ ਗੋਲੀ ਚਲਾਈ ਗਈ ਸੀ ਨੂੰ ਸਮੇਂ ਦੀ ਸਾਮਰਾਜੀ ਤਾਕਤ ਨੇ ‘ਵਰਤ ਕੇ ਸੁਟਦਿਤਾ ਸੀ ਅਤੇ 23 ਜੁਲਾਈ 1927 ਵਿੱਚ ਅਧਰੰਗ ਦੀ ਬਿਮਾਰੀ ਨਾਲ ਮਰ ਗਿਆ ਸੀ. ਅਸਲੀ ਪੁਆੜੇ ਦੀ ਜੜ੍ਹ ਸਰ ਮਾਈਕਲ ਓਡਵਾਇਰ ਜੋ ਕਿ 1913 ਤੋਂ ਲੈਕੇ  1919 ਤੱਕ ਪੰਜਾਬ ਦਾ ਗਵਰਨਰ ਸੀ. ਜਲ੍ਹਿਆਂ ਵਾਲਾ ਬਾਗ਼ ਦੀ ਘਟਨਾ ਪਿਛੇ ਇਸ ਦਾ ਹੀ ਜਿਆਦਾ ਰੋਲ ਸੀ.
         ਹਮਦਰਦਵੀਰ ਜੀ ਲਿਖਦੇ ਹਨ ਕਿ ਮਾਈਕਲ ਨੇ ਜਿਵੇਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ, ਨਿਸ਼ਨਾ ਸੇਧ ਕੇ ਊਧਮ ਸਿੰਘ ਨੇ ਨਿਸ਼ਾਨਾ ਸੇਧ ਕੇ ਗੋਲੀ ਚਲਾ ਦਿਤੀ.
 ਮੇਰੀ ਜਾਣਕਾਰੀ ਮੁਤਾਬਿਕ ਸ਼ਹੀਦ ਊਧਮ ਸਿੰਘ ਨੇ ਗੋਲੀਆਂ ਮੀਟਿੰਗ ਖਤਮ ਹੋਣ ਤੋ ਬਾਅਦ ਜਦ ਸਾਰੇ ਉਠ ਕੇ ਜਾ ਰਹੇ ਸਨ, ਉਸ ਸਮੇਂ ਮਾਈਕਲ ਅਤੇ ਜਿਟਲੈਡ ਉੱਪਰ ਬਿਲਕੁਲ ਨੇੜੇ ਹੋ ਕੇ ਚਲਾਈਆਂ ਜਿਹਨਾਂ ਨਾਲ ਮਾਈਕਲ ਤਾਂ ਮਰ ਗਿਆ ਅਤੇ ਜਿਟਲੈਂਡ ਜਖ਼ਮੀ ਹੋ ਗਿਆ ਸੀ. ਇਸ ਦੇ ਨਾਲ ਹੀ ਲਾਰਡ ਲੈਮਿੰਗਟਨ ਅਤੇ ਸਰ ਲੂਈਸ ਡੇਨ ਵੀ ਜਖ਼ਮੀ ਹੋ ਗਏ ਸਨ. ਇਸ ਦੇ ਬਾਅਦ ਸ਼ਹੀਦ ਊਧਮ ਸਿੰਘ ਨੂੰ ਹਾਜ਼ਰ ਵਿਆਕਤੀਆਂ ਨੇ ਫੜ੍ਹ ਲਿਆ ਅਤੇ ਮੌਕੇ ਤੇ ਪੁੱਜੀ ਪੁਲਿਸ ਦੇ ਹਵਾਲੇ ਕਰ ਦਿੱਤਾ.
         ਇਸੇ ਤਰ੍ਹਾਂ ਵਰਿੰਦਰ ਵਾਲੀਆ ਜੀ ਜੋ ਕਿ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹਨ ਵੀ ਆਪਣੀ ਸੰਪਦਕੀ ਵਿੱਚ ਸ਼ਹੀਦ ਉਧਮ ਸਿੰਘ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਅਤੇ ਰਾਮ ਰਹੀਮ ਸਿੰਘ ਆਜ਼ਾਦ ਲਿਖਦੇ ਹਨ. ਪਰ ਸ਼ਹੀਦ ਊਧਮ ਸਿੰਘ ਨੇ ਇਹ ਨਾਮ ਵਰਤਿਆ ਹੋਵੇ ਇਸ ਦੀ ਠੀਕ ਜਾਣਕਾਰੀ ਨਹੀਂ ਮਿਲਦੀ ਸਗੋਂ ਉਹ ਮੁਹੰਮਦ ਸਿੰਘ ਆਜ਼ਾਦ, ਐਮ. ਐਸ. ਆਜ਼ਾਦ, ਸਿੰਘ ਐਮ. ਅਤੇ ਆਜ਼ਾਦ ਐਮ. ਆਦਿ ਹੀ ਵਰਤਦੇ ਰਹੇ ਇਸ ਬਾਰੇ ਉਹਨਾਂ ਵੱਲੋਂ ਜੇਲ਼ ਵਿੱਚੋਂ ਆਪਣੇ ਦੋਸਤਾਂ ਨੂੰ ਲਿਖੀਆ ਚਿੱਠੀਆਂ ਤੋਂ ਮਿਲਦੀ ਹੈ.
 ਅੱਗੇ ਸੰਪਾਦਕੀ ਵਿੱਚ ਲਿਖਦੇ ਹਨ ‘...ਸ਼ੇਰ ਸਿੰਘ ਆਪਣੇ ਨਾਮ ਦੀ ਲਾਜ ਰੱਖਦਾ ਹੋਇਆ ਜਰਨਲ ਡਾਇਰ 'ਤੇ ਬੱਬਰ ਸ਼ੇਰ ਵਾਂਗ ਝਪਟ ਪਿਆ. ਇੱਕੀ ਸਾਲਾਂ ਬਾਅਦ ਇਸ ਸ਼ੇਰ-ਦੁਲੇ ਨੇ ਤੇਰ੍ਹਾਂ ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਹਾੜੇ ਹਜ਼ਾਰਾਂ ਬੇਦੋਸ਼ੇ ਭਾਰਤੀਆਂ ਦੀ ਮੌਤ ਦਾ ਬਦਲਾ ਲੈ ਕੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਆਪਣਾ  ਨਾਮ ਦਰਜ ਕਰਵਾ ਲਿਆ...
        ਇਥੇ ਆਪ ਜੀ ਵੱਡੀ ਗਲਤੀ ਕਰਦੇ ਹਨ. ਆਪ ਸ਼ਹੀਦ ਊਧਮ ਸਿੰਘ ਵੱਲੋਂ ਸਰ ਮਾਇਕਲ ਓਡਵਾਇਰ ਥਾਂ ਜਰਨਲ ਡਾਇਰ ਨੂੰ ਮਾਰਿਆ ਦੱਸ ਰਹੇ ਹਨ. ਇਸ ਦੇ ਨਾਲ ਹੀ ਉਸ ਨੂੰ ਬਦਲੇ ਦੀ ਭਾਵਨਾ ਤੱਕ ਸੀਮਤ ਕਰ ਦਿੰਦੇ ਹਨ. ਜਦ ਕਿ ਗੱਲ ਇਸ ਤੋਂ ਵੀ ਅੱਗੇ ਦੀ ਹੈ, ਸ਼ਹੀਦ ਊਧਮ ਸਿੰਘ ਇੱਕ ਇੰਨਕਲਾਬੀ ਸੀ. ਉਸ ਉੱਪਰ ਸ਼ਹੀਦ ਭਗਤ ਸਿੰਘ ਦਾ ਪ੍ਰਭਾਵ ਸੀ. ਉਹ ਗਦਰ ਪਾਰਟੀ ਦਾ ਸਰਗਰਮ ਮੈਂਬਰ ਵੀ ਸੀ. ਉਸ ਨੇ ਇਹ ਵਾਕਿਆ ਉਸ ਸਮੇਂ ਕੀਤਾ ਸੀ ਜਦ ਦੂਜੀ ਸੰਸਾਰ ਜੰਗ ਲੱਗੀ ਹੋਈ ਸੀ. ਇਸ ਵਾਕੇ ਦਾ ਮਤਲਬ ਇਹ ਸੀ ਕਿ ਜਦ ਇੰਗਲੈਂਡ ਸੰਸਾਰ ਜੰਗ ਵਿੱਚ ਉਲਝਿਆ ਹੋਇਆ ਹੈ. ਹੁਣ ਇਹ ਮੌਕਾ ਹੈ ਕਿ ਕੋਈ ਅਜਿਹਾ ਕਾਰਾ ਕੀਤਾ ਜਾਵੇ ਜਿਸ ਨਾਲ ਭਾਰਤ ਵਿੱਚਲੀ ਆਜਾਦੀ ਦੀ ਲੜ੍ਹਾਈ ਤੇਜ਼ ਹੋ ਸਕੇ ਅਤੇ ਇਸ ਬਾਰੇ ਨੌਜਵਾਨਾਂ ਵਿੱਚ ਉਤਸਾਹ ਜਾਗੇ. ਇਸ ਗਲ ਦੀ ਪ੍ਰੋੜਤਾ 13 ਮਾਰਚ 1940 ਵਾਲੇ ਦਿਨ ਜਦ ਸ਼ਹੀਦ ਊਧਮ ਨੇ ਕੈਕਸਟਨ ਹਾਲ ਵਿੱਚ ਗੋਲੀਆਂ ਚਲਾ ਕੇ ਸਰ ਮਾਇਕਲ ਓਡਵਾਇਰ ਨੂੰ ਮਾਰਿਆ ਅਤੇ ਜਿਟਲੈਂਡ, ਲਾਰਡ ਲੈਮਿੰਗਟਨ ਅਤੇ ਸਰ ਲੂਈਸ ਡੇਨ ਨੂੰ ਜਖ਼ਮੀ ਕੀਤਾ, ਉਸ ਰਾਤ ਨੂੰ ਜਰਮਨ ਰੇਡੀਓ ਨੇ ਸਮੁੱਚੇ ਵਿਸਵ ਨੂੰ ਇਹ ਖ਼ਬਰ ਖੁਸ਼ੀ ਭਰੀ ਆਵਾਜ ਵਿੱਚ ਪ੍ਰਸਾਰਤ ਕੀਤੀ ਜਿਸ ਰਾਹੀ ਉਸ ਨੇ ਅਪਣੇ ਸਾਮਰਾਜੀ ਵਿਰੋਧੀ ਬ੍ਰਿਟੇਨ ਨੂੰ ਚੇਤਾਵਨੀ ਦਿੱਤੀ ਕਿ ਭਾਰਤੀ ਆਜ਼ਾਦੀ ਦੇ ਯੋਧੇ ਧੁਰ ਸਾਮਰਾਜ ਦੇ ਦਿਲ ਵਿੱਚ ਸੱਟ ਮਾਰਨ ਦੀ ਯੋਗਤਾ ਰੱਖਦੇ ਹਨ. ਇਸ ਦੇ ਇਲਾਵਾ ਸ਼ਹੀਦ ਊਧਮ ਸਿੰਘ ਵੱਲੋਂ ਵੀ ਇਸ ਘਟਨਾ ਦੀ ਭਾਰਤ ਵਿੱਚ ਕੀ ਪ੍ਰਤੀਕਿਰਿਆ ਹੋਈ ਇਹ ਜਾਨਣ ਲਈ ਜੇਲ਼ ਵਿੱਚੋ ਅਪਣੇ ਦੋਸਤਾਂ ਨੂੰ ਗੁੱਝੇ ਢੰਗ ਨਾਲ ਚਿੱਠੀਆਂ ਵੀ ਲਿੱਖੀਆਂ ਜਾਂਦੀਆਂ ਰਹੀਆਂ. ਦੂਜੇ ਪਾਸੇ ਅੰਗਰੇਜ ਸਾਮਰਾਜ ਇਸ ਬਾਰੇ ਪੂਰਾ ਸੁਚੇਤ ਸੀ. ਇਸ ਸਬੰਧੀ ਜਾਂ ਇਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਦੇ ਚਲੇ ਮੁਕਦਮੇ ਦੇ ਖਤਮ ਹੋਣ ਤੱਕ ਜੋ ਵੀ ਖਬਰ ਹੁੰਦੀ ਉਸ ਨੂੰ ਸੈਂਸਰ ਕੀਤਾ ਜਾਂਦਾ ਜਾਂ ਘਟਾ ਕੇ ਪੇਸ਼ ਕੀਤਾ ਜਾਂਦਾ. ਇਸ ਕਾਰਣ ਹੀ ਜਿਆਦਾ ਤਰ੍ਹਾਂ ਲੋਕ ਭਾਵਕ ਹੋ ਕੇ ਉਸ ਦੇ ਬਦਲਾ ਲੈਣ  ਦੀ ਗੱਲ ਤੱਕ ਸੀਮਤ ਹੋ ਜਾਂਦੇ ਹਨ.           
        ਇਸ ਤਰ੍ਹਾਂ ਦੀਆਂ ਗਲਤੀਆਂ ਪਿਛਲੇ ਸਮੇਂ ਤੋਂ ਸ਼ਹੀਦ ਊਧਮ ਸਿੰਘ ਬਾਰੇ ਲਿਖਣ ਵਾਲੇ ਲੇਖਕਾਂ ਤੇ ਪੱਤਰਕਾਰਾਂ ਵੱਲੋਂ ਆਮ ਹੀ ਕੀਤੀਆਂ ਜਾਂਦੀਆਂ ਹਨ. ਇਹ ਸਭ ਸਾਡੀ ਅਗਿਆਨਤਾ ਦਾ ਹੀ ਸਬੂਤ ਹੈ. ਇਸ ਬਾਰੇ ਮੈਂ ਪਹਿਲਾਂ ਵੀ ਜਦ ਹਰਭਜਨ ਸਿੰਘ ਹਲਵਾਰਵੀ ਜੀ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹੁੰਦੇ ਸਨ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਸੀ. ਪਰ ਬਾਰ ਬਾਰ ਅਜਿਹੀਆਂ ਗਲਤੀਆਂ ਦਾ ਹੋਣਾ ਬੜੇ ਦੁਖ ਦੀ ਗੱਲ ਹੈ. ਜਦ ਅਸੀਂ ਤਾਜ਼ਾ ਇਤਿਹਾਸ ਨਾਲ ਇਹ ਖਲਵਾੜ ਕਰ ਰਹੇ ਹਾਂ ਤਾਂ ਪੁਰਾਣੇ ਇਤਿਹਾਸ ਦੀ ਕੀ ਹਾਲਤ ਹੋਵੇਗੀ ਇਸ ਦਾ ਅੰਦਾਜਾ ਤੁਸੀਂ ਆਪ ਹੀ ਲਾ ਸਕਦੇ ਹੋ.
         ਅੰਤ ਵਿੱਚ ਮੈਂ ਸੱਭ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼ਹੀਦ ਊਧਮ ਸਿੰਘ ਬਾਰੇ ਜਾਨਣ ਵਾਸਤੇ- ਚਿੱਠੀਆਂ ਸ਼ਹੀਦ ਊਧਮ ਸਿੰਘ, ਜਲ੍ਹਿਆਂ ਵਾਲਾ ਬਾਗ, 1919 ਦਾ ਪੰਜਾਬ ਅਤੇ ਸਾਮਰਾਜੀ ਧੌਂਸ ਨੂੰ ਵੰਗਾਰ ਘੱਟੋ ਘੱਟ ਇਹ ਕਿਤਾਬਾਂ ਜਰੂਰ ਪੜ੍ਹੋ.
    ਹਰਚੰਦ ਭਿੰਡਰ

   

Saturday, December 21, 2024

ਅਸੀਂ ਕਿੱਥੇ ਖੜੇ ਆਂ?

ਅਸੀਂ ਕਿੱਥੇ ਖੜੇ ਆਂ?

 ਅੱਜ ਭਾਵੇਂ ਵਿਗਿਆਨਕ ਪੱਖੋਂ ਅਸੀਂ ਕਾਫੀ ਤਰੱਕੀ ਕਰ ਲਈ ਹੈ। ਪਹਿਲਾਂ ਨਾਲੋਂ ਪੜ੍ਹੇ ਲਿਖਿਆਂ ਦੀ ਗਿਣਤੀ ਵੀ ਵੱਧ ਹੈ। ਪਰ ਪੜ੍ਹੇ ਲਿਖੇ ਹੋ ਕੇ ਵੀ ਅਸੀਂ ਅਨਪੜ੍ਹ ਹੀ ਸਾਬਤ ਹੋ ਰਹੇ ਹਾਂ। ਇੱਕ ਉਹ ਸਮਾਂ ਸੀ ਜਦ ਪਿੰਡਾਂ ਵਿੱਚ ਬਹੁਤ ਥੋੜੇ ਹੀ ਪੜ੍ਹੇ ਲਿਖੇ ਮਿਲਦੇ ਸਨ। ਉਸ ਸਮੇਂ ਚਿੱਠੀਆਂ ਲਿੱਖਣ ਪਾਉਣ ਦਾ ਪ੍ਰਚਲਣ ਆਮ ਹੋ ਰਿਹਾ ਸੀ। ਇੱਕ ਤਾਂ ਇਹ ਕਿ ਇਹ ਸੁਨੇਹਾ ਪਹੁੰਚਾਣ ਦਾ ਸਸਤਾ ਤਰੀਕਾ ਸੀ ਖਾਸ ਕਰਕੇ ਬਹੁਤ ਦੂਰਾਡੇ ਜਾਂ ਬਾਹਰਲੇ ਦੇਸਾਂ ਵਿੱਚ ਸੁਨੇਹਾ ਜਾਂ ਆਪਣੇ ਭਾਵ ਸਾਂਝੇ ਕਰਣ ਵਾਸਤੇ ਵਧੀਆ ਮੰਨਿਆ ਜਾਂਦਾ ਸੀ। ਇਸ ਕਰਕੇ ਲੋਕ ਕਿਸੇ ਸਕੂਲ ਪੜ੍ਹਦੇ ਵਿਦਿਆਰਥੀ ਕੋਲੋਂ ਜਾਂ ਹੋਰ ਪੜ੍ਹੇ ਲਿਖੇ ਕੋਲੋ ਚਿੱਠੀਆਂ ਲਿਖਵਾ ਕੇ ਭੇਜਦੇ ਸਨ। ਇਸ ਕਾਰਣ ਹੀ ਉਸ ਸਮੇਂ ਕੁੜੀਆਂ ਨੂੰ ਚਿੱਠੀ ਪੜ੍ਹਨ ਜੋਗੀ ਹੀ ਪੜ੍ਹਾਈ ਕਰਾਉਂਦੇ ਸਨ ਕਿ ਉਹ ਘਰੇ ਆਈ ਚਿੱਠੀ ਪੜ੍ਹ ਸਕੇ। ਹਾਂ ਭਾਵੇਂ ਕੁਝ ਹਿੰਮਤ ਕਰਕੇ ਚੰਗੀ ਪੜ੍ਹਾਈ ਕਰਕੇ ਨੌਕਰੀ ਆਦਿ ਤੇ ਵੀ ਲਗਦੀਆਂ ਸਨ ਪਰ ਜਿਆਦਾ ਨਹੀਂ। 

ਜਿਵੇਂ ਜਿਵੇਂ ਹੋਰ ਤਰੱਕੀ ਹੋਈ ਤਾਂ ਆਮ ਲੋਕਾਂ ਦੀ ਪਹੁੰਚ ਟੈਲੀਫੋਨ ਤੱਕ ਹੋਈ ਤਾਂ ਸਿੱਧੀਆਂ ਹੀ ਗੱਲਾਂ ਬਾਤਾਂ ਹੋਣ ਲੱਗ ਪਈਆਂ ਤੇ ਕਿਸੇ ਤੋਂ ਚਿੱਠੀ ਲਿਖਣ-ਲਿਖਵਾਉਂਣ ਦਾ ਝੰਜਟ ਹੀ ਖਤਮ ਹੋ ਗਿਆ। ਘਰੇ ਬੈਠੀ ਅਨਪੜ੍ਹ ਬੇਬੇ ਵੀ ਬਾਹਰਲੇ ਦੇਸ਼ ਬੇਠੀ ਆਪਣੀ ਧੀ ਨੂੰ 'ਹੈਲੋ' ਕਹਿ ਕੇ ਫਿਰ ਗੱਲਾਂ ਦੀ ਅਜਿਹੀ ਲੜੀ ਤੋਰ ਲੈਂਦੀ ਕਿ ਹੋਰ ਘਰ ਦਾ ਕੰਮ ਸਭ ਕੁਝ ਭੁੱਲ ਜਾਂਦਾ। ਇਸ ਤੋਂ ਅੱਗੇ ਟੈਲੀਫੋਨ ਤੋਂ ਤਰੱਕੀ ਹੋਈ ਤਾਂ ਮੋਬਾਇਲ ਫੋਨ ਤੇ ਸਮਰਾਟ ਫੋਨ ਆ ਗਏ। ਜਿਸ ਨਾਲ ਹੋਰ ਵੀ ਨੇੜਤਾ ਆ ਗਈ ਜਦ ਜੀ ਕੀਤਾ ਫੋਨ ਦੀ ਘੰਟੀ ਬਜਾਈ ਤੇ ਅਗਲੇ ਨਾਲ ਗੱਲਬਾਤ ਕਰ ਲਈ ਹੋਰ ਤਾਂ ਹੋਰ ਵੀਡੀਓ ਕਾਲ ਰਾਹੀਂ ਤਾਂ ਪ੍ਰਤੱਖ ਬੈਠ ਕੇ ਹੀ ਗੱਲ ਬਾਤ ਹੋਣ ਲੱਗ ਪਈ ਤੇ ਨਾਲ ਹੀ ਘਰੇ ਬੈਠੇ ਕੱਪੜੇ ਦੇ ਰੰਗਾਂ ਦੀ ਪਸੰਦ ਤੋਂ ਲੈ ਕੇ ਰਸੋਈ ਦੇ ਖਾਣਿਆਂ ਤੱਕ ਦੀ ਜਾਣਕਾਰੀ ਮੋਬਾਇਲ ਫੋਨ ਰਾਹੀਂ ਸਾਂਝੀ ਕਰ ਰਹੇ ਹਨ। ਖਾਣ-ਪੀਣ, ਕੱਪੜੇ ਪਹਿਨਣ ਤੋਂ ਇਲਾਵਾ ਵਿਆਹ ਸਾਦੀਆਂ ਜਾਂ ਹੋਰ ਕਿਧਰੇ ਘੁੰਮਣ ਜਾਣ ਦੇ ਸਟੇਟਸ ਵੀ ਵੀ ਸੋਸਲ ਮੀਡੀਆ ਤੇ ਸਾਂਝੇ ਕੀਤੇ ਜਾ ਰਹੇ ਹਨ।

 ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਹਾਲੇ ਵੀ ਅਨਪੜ੍ਹ ਹੀ ਹਾਂ ਭਾਵੇਂ ਸਾਡੇ ਬੱਚੇ ਛੋਟੀਆਂ ਜਮਾਤਾਂ ਵਿੱਚ ਪੰਜਾਬੀ ਦੇ ਨਾਲ ਅੰਗਰੇਜ਼ੀ ਵੀ ਪੜ੍ਹਨ ਲੱਗ ਪਏ। ਇਥੋਂ ਤੱਕ ਕਿ ਅਸੀਂ ਪਬਲਿਕ ਸਕੂਲਾਂ ਵਿੱਚ ਸਿੱਧੇ ਅੰਗਰੇਜੀ ਸਿੱਖਣ ਅਤੇ ਆਈਲੈਟਸ ਕਰਕੇ ਵਿਦੇਸਾਂ ਵਿੱਚ ਵੀ ਭੇਜ ਰਹੇ ਹਾਂ। ਪਰ ਦੂਜੇ ਪਾਸੇ ਸਾਡੀ ਪੜ੍ਹਾਈ ਕਿਸੇ ਕੰਮ ਨਹੀਂ ਆ ਰਹੀ ਜੇ ਕਰ ਦੋ ਅੱਖਰ ਪੰਜਾਬੀ ਵਿੱਚ ਵੀ ਲਿਖਣੇ ਪੈ ਜਾਣ ਤਾਂ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਤੇ ਇਸ ਦਾ ਫਾਇਦਾ ਉਠਾ ਕੇ ਕੁਝ ਲੋਕ ਦੁਕਾਨਦਾਰੀ ਚਲਾ ਰਹੇ ਹਨ। ਇਸ ਦੀਆਂ ਦੋ ਉਦਾਹਣਾਂ ਸਾਹਮਣੇ ਹਨ। ਪਹਿਲੀ ਇਹ ਕਿ ਇਕ ਵਾਰ ਬਿਜਲੀ ਦੇ ਬਿੱਲ ਦੀਆਂ ਯੂਨਿਟਾਂ ਵੱਧ ਦਾ ਬਿੱਲ ਆ ਗਿਆ। ਇਹ ਭਾਵੇਂ ਮੀਟਰ ਰੀਡਰ ਦੇ ਵੱਲੋਂ ਘਰ ਬੈਠ ਕੇ ਹੀ ਤੁੱਕੇ ਨਾਲ ਬਣਾਇਆ ਬਿੱਲ ਸੀ। ਪਰ ਉਹਨਾਂ ਨੇ ਆਪਣੀ ਗਲਤੀ ਤਾਂ ਮੰਨਣੀ ਨਹੀਂ ਸੀ। ਜਦ ਸਬੰਧਤ ਦਫਤਰ ਗਿਆ ਤਾਂ ਕਰਮਚਾਰੀ ਨੇ ਕਿਹਾ ਕਿ ਤੁਸੀਂ ਇੱਕ ਅਰਜੀ ਲਿਖ ਕੇ ਇਸ ਨੂੰ ਠੀਕ ਕਰਵਾ ਲਵੋ। ਆਹ ਬਾਹਰ ਦੁਕਾਨ ਤੋਂ ਤੁਸੀਂ ਅਰਜੀ ਲਿਖਵਾ ਲਿਆਓ। ਮੈਂ ਘਰ ਆ ਕੇ ਕਾਗਜ ਲੈ ਕੇ ਅਰਜੀ ਲਿਖੀ ਤੇ ਦਫਤਰ ਚਲਾ ਗਿਆ। ਉਥੇ ਜਾ ਕੇ ਮੈਂ ਉਸ ਨੂੰ ਅਰਜੀ ਦਿੱਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਅਰਜੀ ਤੁਸੀਂ ਲਿਖੀ ਆ? 

ਮੈਂ ''ਹਾਂ'' ਕਿਹਾ ਤੇ ਨਾਲ ਹੀ ਪੁੱਛਿਆ; ''ਕੀ ਕੁਝ ਕਮੀ ਹੈ ਜਾਂ ਗਲਤ ਹੈ?'' 

''ਨਹੀਂ ਜੀ ਮੈਂ ਤਾਂ ਵੈਸੇ ਹੀ ਕਿਹਾ ਸੀ। ਆਮ ਤਾਂ ਇਥੋਂ ਬਾਹਰੋਂ ਹੀ ਲਿਖਵਾ ਕੇ ਲਿਆਉਂਦੇ ਹਨ।'' 

ਉਥੇ ਦਫਤਰ ਬਾਹਰ ਬੈਠੇ ਆਦਮੀ ਇਹ ਕੰਮ ਪੈਸੇ ਲੈ ਕੇ ਕਰਦੇ ਹਨ। ਇਸ ਤਰ੍ਹਾਂ ਦਾ ਵਾਕਿਆ ਹੀ ਆਧਾਰ ਕੇਂਦਰ ਵਿੱਚ ਦੇਖਣ ਨੂੰ ਮਿਲਿਆ ਉਥੇ ਜਦ ਇਕ ਦਿਨ ਆਧਾਰ ਕਾਰਡ ਅਪਡੇਟ ਕਰਾਉਂਣ ਗਿਆ ਤਾਂ ਫਾਰਮ ਦੇਣ ਵਾਲਾ ਕਰਮਚਾਰੀ ਫਾਰਮ ਦੇ ਕੇ ਕਹਿ ਰਿਹਾ ਸੀ ਕਿ ਇਸ ਨੂੰ ਬਾਹਰ ਦੁਕਾਨਾਂ ਤੋਂ ਭਰਵਾ ਲਿਆੳ। ਜਦ ਮੈਂ ਫਾਰਮ ਲੈ ਕੇ ਵੇਖਿਆ ਕਿ ਇਸ ਵਿੱਚ ਤਾਂ ਕੇਵਲ ਆਪਣਾ ਪਤਾ ਹੀ ਭਰਨਾ ਹੈ ਕੋਈ ਲੰਬੀ ਚੋੜੀ ਗੱਲ ਬਾਤ ਵੀ ਨਹੀਂ ਤਾਂ ਮੈ ਉਥੇ ਬੈਠ ਕੇ ਹੀ ਆਪਣੇ ਪੈੱਨ ਨਾਲ ਇਸ ਫਾਰਮ ਨੂੰ ਭਰ ਕੇ ਨੰਬਰ ਲਗਵਾ ਲਿਆ। ਜਿਹੜੇ ਦੁਕਾਨ ਤੋਂ ਭਰਾ ਕੇ ਲਿਆਏ ਸਨ ਸਭ ਤੋਂ ਉਹਨਾਂ ਨੇ ਫਾਰਮ ਭਰਨ ਦੇ 10 ਰੁਪਏ ਪ੍ਰਤੀ ਫਾਰਮ ਲਏ। ਕਈਆਂ ਨੂੰ ਇਹ ਰਹਾਇਸੀ ਪਤੇ ਦਾ ਤਸਦੀਕੀ ਫਾਰਮ ਅਲੱਗ ਭਰਨਾ ਪੈਦਾ ਸੀ ਉਸ ਨੂੰ ਉਸ ਦੇ 10 ਰੁਪਏ ਅਲੱਗ ਦੇਣੇ ਪੈਂਦੇ ਸਨ। ਜਦ ਕਿ ਦੋਹਾਂ ਫਾਰਮਾਂ 'ਤੇ ਪਤੇ ਤੋਂ ਜਿਆਦਾ ਕੁਝ ਨਹੀਂ ਸੀ ਅਤੇ ਸਾਰੇ ਹੀ ਪੰਜ ਜਾਂ ਇਸ ਤੋਂ ਵੱਧ ਜਮਾਤਾਂ ਪੜੇ ਹੋਏ ਨਵੀਂ ਪੀੜ੍ਹੀ ਦੇ ਨੌਜਵਾਨ ਜਿਆਦਾ ਸਨ। ਵੱਡੀ ਗੱਲ ਕਿ ਫੋਨ ਹਰੇਕ ਕੋਲ ਸੀ ਪਰ ਪੈੱਨ ਕਿਸੇ ਕੋਲ ਵੀ ਨਹੀਂ ਸੀ। ਇਸ ਦਾ ਮੁੱਖ ਕਾਰਣ ਇਹ ਵੀ ਹੈ ਕਿ ਅਸੀਂ ਭਾਵੇਂ ਸਮੇਂ ਤੋਂ ਅੱਗੇ ਚੱਲਣ ਦੀ ਕੋਸ਼ਿਸ ਵਿੱਚ ਲੱਗੇ ਹੋਏ ਹਾਂ। 

ਦਰਅਸਲ ਹੋਏ ਅਸੀਂ ਅਜੇ ਵਰਤਮਾਣ ਦੇ ਹਾਂਣਦੇ ਵੀ ਨਹੀਂ। ਦਿਖਾਵੇ ਵਾਸਤੇ 30 ਜਾਂ 40 ਹਜ਼ਾਰ ਦੇ ਫੋਨ ਤੱਕ ਤਾਂ ਹੋ ਸਕਦੇ ਨੇ ਪਰ ਲਿਖਣ ਵਾਸਤੇ 10 ਰੁਪਏ ਦਾ ਪੈੱਨ ਰੱਖਣਾ ਸਾਡੀ ਸ਼ਾਨ ਦੀ ਗੱਲ ਨਹੀਂ। ਇਸ ਦੇ ਨਾਲ ਹੀ ਇੱਕ ਗੱਲ ਇਹ ਵੀ ਹੈ ਕਿ ਆਧਾਰ ਕਾਰਡ ਦਾ ਫਾਰਮ ਅੰਗਰੇਜੀ ਵਿੱਚ ਹੈ ਕਿਸੇ ਵੀ ਪੰਜਾਬੀ ਭਾਸ਼ਾ ਨਾਲ ਸਬੰਧਤ ਲੇਖਕ ਜਥੇਬੰਦੀ ਨੇ ਇਸ ਫਾਰਮ ਨੂੰ ਪੰਜਾਬੀ ਵਿੱਚ ਬਣਾਉਣ ਵਾਸਤੇ ਆਵਾਜ ਨਹੀਂ ਉਠਾਈ । ਇਸ ਤਰ੍ਹਾਂ ਹੀ ਰੇਲਵੇ ਦੀ ਸੀਟ ਬੁੱਕ ਕਰਾਉਂਣ ਵਾਲੇ ਫਾਰਮ ਵੀ ਪੰਜਾਬੀ ਵਿੱਚ ਨਹੀਂ ਕਰਵਾ ਸਕੇ ਜਦ ਕਿ ਬੰਗਲਾ ਅਤੇ ਤਾਮਿਲ ਆਦਿ ਭਾਸ਼ਾ ਵਿੱਚ ਹਨ। ਦੂਜੇ ਪਾਸੇ ਅਸੀਂ ਫਿਕਰ ਕਰ ਰਹੇ ਹਾਂ ਕਿ ਪੰਜਾਬੀ ਖਤਮ ਹੋ ਜਾਵੇਗੀ ਜਾਂ ਇਸ ਨੂੰ ਏ ਆਈ ਨੇ ਸਪੋਰਟ ਨਹੀਂ ਦਿੱਤੀ ਵਗੈਰਾ। ਪੰਜਾਬ ਸਰਕਾਰ ਨੂੰ ਵੀ ਇਸ ਪਾਸੇ ਸੋਚਣਾ ਚਾਹੀਦਾ ਹੈ ਕਿ ਜੋ ਆਮ ਲੋਕਾਂ ਨਾਲ ਸਬੰਧਤ ਫਾਰਮ ਹਨ ਉਹਨਾਂ ਨੂੰ ਪੰਜਾਬੀ ਭਾਸ਼ਾ ਵਿੱਚ ਬਣਾਏ ਜਾਣ ਜਾਂ ਫਿਰ ਪੰਜਾਬੀ ਦੇ ਨਾਲ ਹੀ ਅੰਗਰੇਜੀ ਵਿੱਚ ਹੋਣ। ਇਸ ਤੋਂ ਵੀ ਅੱਗੇ ਸ਼ੁਰੂ ਵਿੱਚ ਤਾਂ ਇਹ ਫਰੀ ਬਣਦਾ ਰਿਹਾ ਫੇਰ 50 ਰੁਪਏ ਫੀਸ ਭਰਨ ਤੇ ਆਧਾਰ ਕਾਰਡ ਘਰੇ ਆ ਜਾਂਦਾ ਸੀ ਪਰ ਹੁਣ 50 ਰੁਪਏ ਹੋਰ ਲੈ ਕੇ ਉੱਥੋਂ ਹੀ ਭਾਵ ਆਧਾਰ ਕੇਂਦਰ ਤੋਂ ਹੀ ਪ੍ਰਿੰਟ ਕਢਵਾ ਕੇ ਤੇ ਲੈਮੀਨੇਸਨ ਕਰਕੇ ਦਿੱਤਾ ਜਾਂਦਾ ਹੈ। 

ਇਹ ਵੀ ਨਹੀਂ ਕਿ ਅਸੀਂ ਨਵੀਂ ਤਕਨੀਕ ਦੀ ਸਹੀ ਵਰਤੋਂ ਕਰ ਸਕਦੇ ਹਾਂ ਇਥੇ ਵੀ ਅਸੀਂ ਤਕਨੀਕ ਦੀ ਦੁਰਵਰਤੋਂ ਹੀ ਕਰ ਰਹੇ ਹਾਂ। ਅੱਜ ਸੋਸਲ ਮੀਡੀਆ ਤੇ ਦਿਖਾਵੇ ਵਾਸਤੇ ਫੋਟੋਆਂ ਅਤੇ ਵੀਡੀਓ ਬਣਾ ਕੇ ਪਾਉਂਦੇ ਜਾਂ ਦੇਖਣ ਤੇ ਹੀ ਸਮਾਂ ਬਰਬਾਦ ਕਰਦੇ ਹਾਂ। ਜਦ ਕਿ ਬਹੁਤ ਸਾਰਾ ਕੰਮ ਨੈਂਟ ਜਾਂ ਫੋਨ ਰਾਹੀਂ ਹੋ ਸਕਦਾ ਹੈ ਜਿਵੇਂ ਕਿ ਬਿਜਲੀ ਦੇ ਬਿੱਲ, ਟੈਲੀਫੋਨ ਜਾਂ ਮੋਬਇਲ ਦੇ ਬਿੱਲ ਆਦਿ ਭਰੇ ਜਾ ਸਕਦੇ ਹਨ। ਪਾਸਪੋਰਟ ਬਣਵਾਉਂਣ ਲਈ ਫਾਰਮ ਭਰਨ ਵਾਸਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਧਾਰ ਦੇ ਕੁਝ ਕੰਮ ਵੀ ਆਪ ਕਰ ਸਕਦੇ ਹੋ ਖਾਸ ਕਰਕੇ ਈ ਆਧਾਰ ਡਾਉਨਲੋਡ ਕਰ ਸਕਦੇ ਹੋ। ਇਨਕਮ ਟੈਕਸ ਦੀ ਰਿਟਰਨ ਭਰ ਸਕਦੇ ਹੋ, ਆਨ ਲਾਈਨ ਜ਼ਮੀਨ ਦਾ ਰਿਕਾਰਡ ਚੈੱਕ ਕਰ ਸਕਦੇ ਹੋ ਅਤੇ ਇਸ ਨੂੰ ਡਾਉਨਲੋਡ ਵੀ ਕਰ ਸਕਦੇ ਹੋ ਜਾਂ ਰੇਲਵੇ ਦੀ ਟਿਕਟ ਵਗੈਰਾ ਵੀ ਬੁੱਕ ਕਰ ਸਕਦੇ ਹੋ। ਹੋਰ ਅਜਿਹੇ ਸੌਖੇ ਅਤੇ ਬਿਨਾ ਖ਼ਾਸ ਮੁਹਾਰਤ ਵਾਲੇ ਕੰਮ ਤਾਂ ਆਰਾਮ ਨਾਲ ਕਰ ਕੇ ਆਪਣਾ ਸਮਾਂ ਤੇ ਪੈਸਾ ਬਚਾ ਸਕਦੇ ਹੋ। 

ਹਰਚੰਦ ਭਿੰਡਰ

Monday, September 9, 2024

ਤਰਕਸ਼ੀਲ ਸੁਸਾਇਟੀ ਕਨੇਡਾ ਆਪਣੀਆਂ ਸਰਗਮੀਆਂ ਦਾ ਘੇਰਾ ਵਧਾਵੇਗੀ- ਬਲਦੇਵ ਰਹਿਪਾ

ਤਰਕਸ਼ੀਲ ਸੁਸਾਇਟੀ ਕਨੇਡਾ ਆਪਣੀਆਂ ਸਰਗਮੀਆਂ ਦਾ ਘੇਰਾ ਵਧਾਵੇਗੀ- ਬਲਦੇਵ ਰਹਿਪਾ
ਕੈਲਗਰੀ 9 ਸਤੰਬਰ 2024(ਬੀਰਬਲ ਭਦੌੜ): ਅੱਜ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੈਡਾ ਦੀ ਨੈਸ਼ਨਲ ਐਗਜੈਕਟਿਵ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਸਰੀ ਤੋੰ ਬਾਈ ਅਵਤਾਰ ਸਰਪ੍ਰਸਤ, ਐਬਟਸਫੋਰਡ ਤੋੰ ਜਗਰੂਪ ਸਿੰਘ ਖਜ਼ਾਨਚੀ, ਸੁਰਿੰਦਰ ਚਾਹਲ, ਕੈਲਗਰੀ ਤੋੰ ਬੀਰਬਲ ਭਦੌੜ ਜਨਰਲ ਸਕੱਤਰ, ਦਰਸ਼ਨ ਔਜਲਾ, ਬਰੈਂਪਟਨ ਤੋਂ ਬਲਦੇਵ ਰੈਹਿਪਾ ਪ੍ਰਧਾਨ, ਬਲਵਿੰਦਰ ਬਰਨਾਲਾ ਮੀਤ ਪ੍ਰਧਾਨ, ਡਾ. ਬਲਜਿੰਦਰ ਸੇਖੋੰ, ਬਲਰਾਜ ਸ਼ੌਕਰ ਆਦਿ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਪੰਜਾਬ ਤੋੰ ਹਰਚੰਦ ਭਿੰਡਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਵਾਈ।
ਮੀਟਿੰਗ ਵਿੱਚ ਜਿੱਥੇ ਵੱਖ-ਵੱਖ ਇਕਾਈਆ ਵਲੋਂ ਆਪਣੀਆਂ ਸਰਗਰਮੀਆਂ ਬਾਰੇ ਰਿਪੋਰਟ ਪੇਸ਼ ਕੀਤੀ ਗਈ ਤੇ ਉੱਥੇ ਸੁਸਾਇਟੀ ਦੇ ਪ੍ਰਧਾਨ ਬਲਦੇਵ ਰਹਿਪਾ ਨੇ ਆਉਣ ਵਾਲੇ ਸਮੇਂ ਵਿਚ ਕਨੇਡਾ ਦੇ ਹੋਰ ਸ਼ਹਿਰਾਂ ਵਿਚ ਵੀ ਸੁਸਾਇਟੀ ਦਾ ਘੇਰਾ ਵਧਾਉਣ ਦੀ ਗੱਲ ਕੀਤੀ।  ਕਨੈਡਾ ਵਿੱਚ LGBT ਸਮੂਹ ਬਾਰੇ ਡਾ. ਬਲਜਿੰਦਰ ਸੇਖੋਂ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉੱਥੇ ਬਲਵਿੰਦਰ ਬਰਨਾਲਾ ਵਲੋਂ ਸੰਸਾਰ ਅੰਦਰ ਇਸ ਸਮੂਹ ਬਾਰੇ ਅੰਕੜਿਆਂ ਅਧਾਰਿਤ ਰਿਪੋਰਟ ਪੇਸ਼ ਕੀਤੀ ਤੇ ਇਸ ਦੇ ਮਨੋਵਿਗਿਆਨਕ ਪੱਖ ਤੇ ਵੀ ਚਾਨਣ ਪਾਇਆ ਤੇ ਇਸ ਦੇ ਨਾਲ ਹੀ ਬਲਰਾਜ ਸ਼ੌਕਰ ਨੇ ਇਸ ਦੇ ਜੈਵਿਕ ਪੱਖ ਸਾਹਮਣੇ ਰੱਖਦਿਆ ਇਸ ਦੇ ਕੁਦਰਤੀ ਵਿਗਾੜ ਦੀ ਗੱਲ ਕੀਤੀ। ਇਸ ਸਮੇਂ ਹਰਚੰਦ ਭਿੰਡਰ ਨੇ ਐਗਜੈਕਟਿਵ ਦਾ ਧੰਨਵਾਦ ਕਰਦਿਆ ਕਿਹਾ ਕਿ ਸਮੇਂ ਦੇ ਨਾਲ ਸਾਨੂੰ ਸੋਸ਼ਲ ਮੀਡੀਆ ਦੀ ਵੀ ਵਰਤੋਂ ਕਰਕੇ ਤਰਕਸ਼ੀਲ ਸਰਗਰਮੀਆਂ ਸੇਅਰ ਕਰਨ ਦੇ ਨਾਲ ਨਾਲ ਉਸਾਰੂ ਲਿਖਤਾਂ ਤੇ ਵਧੀਆ ਸਮਾਜਿਕ ਸੇਧ ਦੇਣ ਵਾਲੀਆਂ ਵੀਡੀਓ ਬਣਾ ਕੇ ਵੀ ਲੋਕਾਂ ਵਿੱਚ ਲੈ ਕੇ ਆਉਣੀਆਂ ਚਾਹੀਦੀਆਂ ਹਨ। 
ਮੀਟਿੰਗ ਅੰਤ ਵਿੱਚ ਸੁਸਾਇਟੀ ਦੇ ਸਰਪ੍ਰਸਤ ਬਾਈ ਅਵਤਾਰ ਨੇ ਆਉਣ ਵਾਲੇ ਸਮੇਂ ਵਿੱਚ ਅੰਧਵਿਸ਼ਵਾਸ ਨੂੰ ਠੱਲ੍ਹ ਪਾਉਣ ਲਈ ਸੁਸਾਇਟੀ ਦੀਆ ਸਰਗਰਮੀਆਂ ਦਾ ਘੇਰਾ ਵਿਸਾਲ ਕਰਨ ਦਾ ਸੁਨੇਹਾ ਦਿੱਤਾ। ਮੀਟਿੰਗ ਦੇ ਅੰਤ ਵਿੱਚ ਜਨਰਲ ਸਕੱਤਰ ਬੀਰਬਲ ਭਦੌੜ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੁਸਾਇਟੀ ਕਾਰਗੁਜ਼ਾਰੀ ਨੂੰ ਹੋਰ ਵਧੀਆ ਕਰਨ ਲਈ ਯਤਨ ਕਰਦੇ ਰਹਾਂਗੇ।

Monday, July 29, 2024

ਸ਼ੁੱਕਰ ਗ੍ਰਹਿ ਹੁਣ 'ਸਵੇਰ ਦੇ ਤਾਰੇ ਦੀ ਥਾਂ ਬਣੇਗਾ ਸ਼ਾਮ ਦਾ ਤਾਰਾ'

ਸ਼ੁੱਕਰ ਗ੍ਰਹਿ ਹੁਣ ‘ਸਵੇਰ ਦੇ ਤਾਰੇ ਦੀ ਥਾਂ ਹੁਣ ਬਣੇਗਾ ਸ਼ਾਮ ਦਾ ਤਾਰਾ’
ਹਰਚੰਦ ਭਿੰਡਰ 
ਸ਼ੁੱਕਰ ਇੱਕ ਚਮਕਦਾਰ ਗ੍ਰਹਿ ਵਜੋਂ ਜਾਣਿਆ ਜਾਂਦਾ ਹੈ। ਇਹ ਸੂਰਜ ਵਾਲੇ ਪਾਸੇ ਤੋਂ ਬੁੱਧ ਪਹਿਲਾ ਅਤੇ ਸ਼ੁੱਕਰ ਦੂਜਾ ਗ੍ਰਹਿ ਹੈ। ਸ਼ੁੱਕਰ ਗ੍ਰਹਿ ਧਰਤੀ ਦੀ ਨਿਸਬਤ ਸੂਰਜ ਦੇ ਵੱਧ ਨੇੜੇ ਹੈ। ਇਸ ਕਰਕੇ ਇਸ ਕਰਕੇ ਆਕਾਸ਼ ਵਿੱਚ ਸੂਰਜ ਦੇ ਨਜ਼ਦੀਕ ਰਹਿੰਦਾ। ਇਹ ਸਵੇਰ ਅਤੇ ਸ਼ਾਮ ਦੇ ਤਾਰੇ ਵਜੋਂ ਵੀ ਜਾਣਿਆ ਜਾਂਦਾ ਹੈ। ਜਦੋਂ ਇਹ ਸਵੇਰ ਸਮੇਂ ਸੂਰਜ ਚੜ੍ਹਨ ਪਹਿਲਾਂ ਦੁਮੇਲ ਤੋਂ ਉੱਚਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਆਸਾਨੀ ਨਾਲ ਪਹਿਚਾਣਿਆ ਜਾਂਦਾ ਹੈ। ਇਸ ਤਰ੍ਹਾਂ ਹੀ ਸ਼ਾਮ ਨੂੰ ਸੂਰਜ ਛਿੱਪਣ ਸਮੇਂ ਦੁਮੇਲ ਤੋਂ ਉੱਚਾ ਉਠਣਾ ਸ਼ੁਰੂ ਹੁੰਦਾ ਹੈ ਤਾਂ ਇਹ ਦਿਖਾਈ ਦੇਣਾ ਸ਼ੁਰੂ ਕਰ ਦਿੰਦਾ ਹੈ। ਪਰੰਤੂ ਹੁਣ ਇਹ ਦਿਖਾਈ ਨਹੀਂ ਦਿੰਦਾ। ਕਿਉਂਕਿ ਇਹ ਸੂਰਜ ਦੇ ਬਿਲਕੁਲ ਦੂਜੇ ਪਾਸੇ ਹੈ ਭਾਵ ਦਿਨ ਵਾਲੇ ਪਾਸੇ ਹੈ।

ਜੂਨ 2024 ਤੋਂ ਪਹਿਲਾਂ ਸ਼ੁਕਰ ਗ੍ਰਹਿ 8 ਮਹੀਨੇ ਸਵੇਰ ਦਾ ਤਾਰਾ ਬਣਿਆ ਰਿਹਾ। ਇਹ 23 ਅਕਤੂਬਰ 2023 ਨੂੰ ਆਕਾਸ਼ ਵਿੱਚ ਸੂਰਜ ਤੋਂ ਜਿਆਦਾ ਦੂਰੀ ਤੇ ਦਿਖਾਈ ਦੇ ਰਿਹਾ ਸੀ। ਫਿਰ ਹੌਲੀ ਹੌਲੀ ਅਪ੍ਰੈਲ ਤੋਂ ਪਹਿਲਾਂ ਤੱਕ ਤੜਕਸ਼ਾਰ ਤੋਂ ਲੈ ਕੇ ਦਿਨ ਚੜ੍ਹਨ ਤੱਕ ਪੂਰਬ ਵੱਲ ਇਕ ਚਮਕਦਾਰ  ਤਾਰੇ ਵਜੋਂ ਦਿਖਾਈ ਦਿੰਦਾ ਰਿਹਾ ਹੈ। ਪਰ ਮਈ ਜੂਨ ਤੋਂ ਇਹ ਸੂਰਜ ਦੇ ਬਹੁਤ ਨਜ਼ਦੀਕ ਆਉਂਣ ਕਾਰਣ ਪਹਿਲਾਂ ਮੁਸ਼ਕਲ ਨਾਲ ਤੇ ਫਿਰ ਬਿਲਕੁਲ ਦਿਖਾਈ ਦੇਣੋ ਹਟ ਗਿਆ। ਪਰ ਹੁਣ ਇਹ 4 ਜੂਨ ਨੂੰ ਸੂਰਜ ਦੇ ਦੂਜੇ ਪਾਸੇ ਚਲਾ ਗਿਆ ਅਤੇ ਦਿਨ ਵਾਲੇ ਪਾਸੇ ਹੋ ਗਿਆ ਹੈ। ਜਿਸ ਨੂੰ (superior conjunction) ਉੱਚ ਮਿਲਣੀ ਕਿਹਾ ਜਾਂਦਾ ਹੈ। ਇਹ ਅਜਿਹਾ 584 ਦਿਨ ਬਾਅਦ ਵਾਪਰਦਾ ਹੈ। ਇਸ ਦੇ ਬਾਅਦ ਸ਼ੁੱਕਰ ਗ੍ਰਹਿ ਹੌਲੀ ਹੌਲੀ ਅੱਗੇ ਤੋਂ ਪਿੱਛੇ ਜਾਂਦਾ ਹੋਇਆ ਗਰਮੀ ਦੇ ਕੁਝ ਮਹੀਨਿਆਂ ਬਾਅਦ ਪੱਛਮ ਵੱਲ ਸ਼ਾਮ ਦੇ ਤਾਰੇ ਦੇ ਰੂਪ ਵਿੱਚ ਦਿਖਾਈ ਦੇਵੇਗਾ। ਇਸ ਦੇ ਉਲਟ ਜਦ ਸ਼ੁੱਕਰ ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦਾ ਹੈ ਤਾਂ (Inferior conjunction) ਇਹ ਨੀਵੀਂ ਮਿਲਣੀ ਹੋਵੇਗੀ ਤੇ ਇਸ ਦੇ ਬਾਅਦ ਇਹ ਸਵੇਰ ਦੇ ਤਾਰੇ ਦੇ ਰੂਪ ਵਿੱਚ ਦਿਖਾਈ ਦੇਵੇਗਾ। ਇਹਨਾਂ ਦੋਹਾਂ ਹੀ ਹਾਲਤਾਂ ਵਿੱਚ ਸ਼ੁੱਕਰ ਗ੍ਰਹਿ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਕਿਉਂਕਿ ਦੋਵੇਂ ਹਾਲਤਾਂ ਵਿੱਚ ਹੀ ਇਹ ਦਿਨ ਦਾ ਸਮਾਂ ਹੋਵੇਗਾ।

ਅਸਲ ਵਿੱਚ ਜਿਹੜੇ ਗ੍ਰਹਿ ਧਰਤੀ ਤੋਂ ਪਹਿਲਾਂ ਸੂ{ਰਜ ਵਾਲੇ ਪਾਸੇ ਸਥਿਤ ਹਨ ਉਹਨਾਂ ਨੂੰ ਅੰਦਰਲੇ ਗ੍ਰਹਿ ਕਿਹਾ ਜਾਂਦਾ ਹੈ ਜਿਵੇਂ ਪਹਿਲੇ ਨੰਬਰ ਤੇ ਬੁੱਧ ਅਤੇ ਦੂਜੇ ਨੰਬਰ ਤੇ ਸ਼ੁੱਕਰ ਹਨ ਅਤੇ ਜੋ ਇਸ ਦੇ ਉਲਟ ਧਰਤੀ ਦੇ ਬਾਹਰੀ ਪਾਸੇ ਹਨ ਉਹਨਾਂ ਬਾਹਰੀ ਗ੍ਰਹਿ ਕਿਹਾ ਜਾਂਦਾ ਹੈ ਜਿਵੇਂ ਕਿ ਮੰਗਲ, ਬ੍ਰਹਿਸਪਤੀ ਅਤੇ ਸ਼ਨੀ ਆਦਿ। ਜਦ ਅੰਦਰਲੇ ਇਹ ਗ੍ਰਹਿ ਘੁੰਮਦੇ ਹੋਏ ਧਰਤੀ ਅਤੇ ਸੂਰਜ ਦੇ ਦੂਜੇ ਪਾਸੇ ਚਲੇ ਜਾਂਦੇ ਹਨ ਤਾਂ ਇਹ ਧਰਤੀ ਤੋਂ ਵੱਧ ਤੋਂ ਵੱਧ ਦੂਰੀ ਤੇ ਹੁੰਦੇ ਹਨ ਅਤੇ ਜਦ ਇਹ ਧਰਤੀ ਅਤੇ ਸੂਰਜ ਦੇ ਵਿੱਚਕਾਰ ਹੁੰਦੇ ਹਨ ਤਾਂ ਇਹ ਧਰਤੀ ਦੇ ਵੱਧ ਤੋਂ ਵੱਧ ਨਜ਼ਦੀਕ ਆ ਜਾਂਦੇ ਹਨ। ਪਰ ਦੋਹਾਂ ਹਾਲਤਾਂ ਵਿੱਚ ਹੀ ਇਹ ਸਾਨੂੰ ਦਿਖਾਈ ਨਹੀਂ ਦਿੰਦੇ। ਕਿਉਂਕਿ ਇਹ ਸੂਰਜ ਦੇ ਸਾਹਮਣੇ ਜਾਂ ਪਿੱਛੇ ਹੋਣ ਸਮੇਂ ਅਸੀਂ ਦਿਨ ਦੀ ਸਥਿਤੀ ਵਿੱਚ ਹੁੰਦੇ ਹਨ ਇਸ ਕਾਰਣ ਇਹ ਦਿਖਾਈ ਨਹੀਂ ਦਿੰਦੇ।  ਜਦ ਇਹ ਧਰਤੀ ਤੋਂ ਇਹ ਖਾਸ ਕੋਣ ਤੇ ਹੋਣ ਤਾਂ ਇਹ ਦਿਖਾਈ ਦਿੰਦੇ ਹਨ। ਜਿਵੇਂ ਬੁੱਧ 18 ਤੋਂ ਲੈ ਕੇ 28 ਡਿਗਰੀ ਤੱਕ ਤੇ ਹੋਵੇ ਤਾਂ ਅਸੀਂ ਇਸ ਨੂੰ ਸੂਰਜ ਦੇ ਚੜ੍ਹਣ ਤੋਂ ਪਹਿਲਾਂ ਜਾਂ ਛਿਪਣ ਪਿੱਛੋਂ ਥੋੜੇ ਸਮੇਂ ਲਈ ਦੇਖ ਸਕਦੇ ਹਾਂ। ਪਰ ਸ਼ੁੱਕਰ 45 ਤੋਂ 47 ਡਿਗਰੀ ਤੇ ਵਧੀਆ ਦਿਖਾਈ ਦਿੰਦਾ ਹੈ ਅਤੇ ਜਿਆਦ ਦੇਰ ਤੱਕ ਸੂਰਜ ਦੇ ਚੜ੍ਹਣ ਤੋਂ ਪਹਿਲਾਂ ਜਾਂ ਛਿਪਣ ਤੋਂ ਬਾਅਦ ਦਿਖਾਈ ਦਿੰਦਾ ਹੈ। ਇਸ ਕਾਰਣ ਇਸ ਤੜਕੇ ਦਾ ਜਾਂ ਆਥਣ ਦਾ ਤਾਰਾ ਵੀ ਕਹਿ ਦਿੰਦੇ ਨੇ। ਸੂਰਜ ਦੇ ਨੇੜੇ ਹੋਣ ਕਾਰਣ ਅਤੇ ਛੋਟਾ ਹੋਣ ਕਾਰਣ ਬੁੱਧ ਨੂੰ ਦੇਖਣਾ ਥੋੜਾ ਮੁਸ਼ਿਕਲ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਜਾਂ ਰਾਸ਼ੀ ਤਾਰਾ ਮੰਡਲਾਂ ਮੁਤਾਬਿਕ ਦੇਖੀਏ ਤਾਂ ਬੁੱਧ ਵੱਧ ਤੋਂ ਸੂਰਜ ਤੋਂ ਇੱਕ ਰਾਸ਼ੀ ਅੱਗੇ ਜਾਂ ਪਿੱਛੇ ਹੋ ਸਕਦਾ ਹੈ ਅਤੇ ਸ਼ੁੱਕਰ ਦੋ ਰਾਸ਼ੀ ਤੱਕ ਅੱਗੇ ਜਾਂ ਪਿਛੇ ਰਹਿ ਸਕਦਾ ਹੈ। ਇਸ ਦੇ ਨਾਲ ਹੀ ਪ੍ਰਕਾਸ਼ ਪ੍ਰਵਰਤਿਤ ਘੱਟ (6%) ਹੋਣ ਕਾਰਣ ਮੱਧਮ ਜਿਹਾ ਭੂਰੇ ਜਿਹੇ ਰੰਗ ਵਿੱਚ ਦਿਖਾਈ ਦਿੰਦਾ ਹੈ। ਪਰ ਸ਼ੁੱਕਰ ਗ੍ਰਹਿ ਦਾ ਚੱਕਰ ਬੁੱਧ ਨਾਲੋਂ ਵੱਡਾ ਹੋਣ ਕਾਰਣ ਤੇ ਸੂਰਜ ਤੋਂ ਦੂਰ ਹੋਣ ਕਾਰਣ ਇਹ ਜਿਆਦਾ ਸਮੇਂ ਦਿਖਾਈ ਦਿੰਦਾ ਹੈ ਅਤੇ ਇਹ ਪ੍ਰਕਾਸ ਨੂੰ ਜਿਆਦਾ (65%) ਪ੍ਰਵਰਤਿਤ ਕਰਦਾ ਹੋਣ ਕਾਰਣ ਜਿਆਦਾ ਚਮਕੀਲਾ ਤੇ ਸਫੈਦ ਜਿਹਾ ਦਿਖਾਈ ਦਿੰਦਾ ਹੈ। ਜਿਸ ਕਾਰਣ ਇਸ ਨੂੰ ਪਹਿਲੇ ਇਸ ਨੂੰ ਤਾਰਾ ਹੀ ਸਮਝ ਲਿਆ ਜਾਂਦਾ ਸੀ। ਇਹ ਚਮਕ ਪੱਖੋਂ ਸੂਰਜ ਤੇ ਚੰਦਰਮਾ ਤੋਂ ਬਾਅਦ ਤੀਜੇ ਨੰਬਰ ਤੇ ਹੈ।

ਸ਼ੁੱਕਰ ਸੰਭਾਵਤ ਹੁਣ ਜੁਲਾਈ ਦੇ ਅਖੀਰ ਜਾਂ ਅਗਸਤ ਦੇ ਸ਼ੁਰੂ ਵਿੱਚ ਦੱਖਣੀ ਅਰਧ ਗੋਲੇ ਵਿੱਚ ਵੇਖਿਆ ਜਾ ਸਕਦਾ ਹੈ। ਇਹ ਧਰਤੀ ਦੇ ਉੱਤਰੀ ਅਰਧ ਗੋਲੇ ਤੇ ਸੂਰਜ ਛਿਪਣ ਤੋਂ ਬਾਅਦ ਪਹਿਲੇ 30 ਮਿੰਟ ਤੱਕ ਅਤੇ ਫਿਰ ਅਗਸਤ ਤੱਕ ਇਹ 1 ਘੰਟੇ ਤੱਕ ਦਿਖਾਈ ਦੇਣ ਲੱਗੇਗਾ ਹਾਂ ਬਰਸਾਤੀ ਮੌਸਮ ਹੋਣ ਕਾਰਣ ਦਿਖਣਾ ਅਜੇ ਕੁਝ ਮੁਸ਼ਿਕਲ ਹੁੰਦਾ ਹੈ। ਪੰਜਾਬ ਵਿੱਚ ਇਹ 13 ਅਗਸਤ ਤੋਂ ਬਾਅਦ ਹੀ ਥੋੜਾ ਜਿਹਾ ਦਿਖਣਾ ਸ਼ੁਰੂ ਹੋਵੇਗਾ। ਪਰ ਅਕਤੂਬਰ ਵਿੱਚ ਵਧੀਆ ਦਿਖਾਈ ਦੇਵੇਗਾ ਅਤੇ 4 ਫਰਵਰੀ 25 ਨੂੰ ਬਹੁਤ ਵਧੀਆ ਦਿਖਾਈ ਦੇਵੇਗਾ। ਕੁਲ ਮਿਲਾ ਕੇ ਇਹ ਅੱਠ ਮਹੀਨਿਆਂ ਤੱਕ ਜਾਣੀ ਕਿ ਮਾਰਚ 25 ਤੱਕ ਸ਼ਾਮ ਦਾ ਤਾਰਾ ਬਣਿਆ ਰਹੇਗਾ। ਫਿਰ ਧਰਤੀ ਅਤੇ ਸੂਰਜ ਦੇ ਵਿੱਚਕਾਰ ਦੀ ਲੰਘੇਗਾ ਅਤੇ ਇਸ ਸਮੇਂ ਇਹ ਫਿਰ ਦਿਖਾਈ ਨਹੀਂ ਦੇਵੇਗਾ। ਇਹ ਫਿਰ ਨੀਵੀਂ ਮਿਲਣੀ (Inferior conjunction) ਹੋਵੇਗੀ ਤੇ ਇਸ ਦੇ ਬਾਅਦ ਇਹ ਸਵੇਰ ਦੇ ਤਾਰੇ ਦੇ ਰੂਪ ਵਿੱਚ ਦਿਖਾਈ ਦੇਵੇਗਾ। 

ਇਹ ਇੱਕ ਆਮ ਕੁਦਰਤੀ ਪ੍ਰਕਿਰਿਆ ਹੈ ਪਰ ਸਾਡੇ ਸਾਡੇ ਦੇਸ਼ ਦੇ ਅਖੌਤੀ ਜੋਤਿਸ਼ ਵਿਗਿਆਨੀਆਂ ਨੇ ਇਸ ਨਾਲ ਅੰਧ ਵਿਸਵਾਸ ਜੋੜ ਕੇ ਇਸ ਨਾਲ ਹੀ ਉਹਨਾਂ ਦਾ ਕਾਰੋਬਾਰ ਜੋੜ ਦਿੱਤਾ ਹੈ। ਜਿੰਨਾ ਚਿਰ ਇਹ ਤਾਰਾ ਨਹੀਂ  ਚੜ੍ਹਦਾ, ਉਨਾ ਚਿਰ ਕੋਈ ਨਵਾਂ ਘਰ ਨਹੀਂ ਖਰੀਦਦਾ, ਪਲਾਟ ਨਹੀਂ ਖਰੀਦਦਾ, ਕੋਈ ਵਿਆਹ ਸ਼ਾਦੀ ਨਹੀਂ ਕਰਦਾ ਅਦਿ ਨਹੀਂ ਕਰਦਾ ਇਹ ਸੱਭ ਮਾਨਸਿਕ ਗੁਲਾਮੀ ਦਾ ਪ੍ਰਮਾਣ ਹੈ। ਇਸ ਦਾ ਫਾਇਦਾ ਮਾਰਕੀਟ ਨੂੰ ਥੋੜੇ ਸਮੇਂ ਵਿੱਚ ਬੰਨ ਕੇ ਵੱਡਾ ਮੁਨਾਫਾ ਕਮਾਉਂਣ ਦਾ ਸਾਧਨ ਬਣ ਜਾਂਦਾ ਹੈ। ਕਿਉਂਕਿ ਜਦ ਇਹ ਸ਼ੁੱਕਰ ਗ੍ਰਹਿ ਸੀਮਤ ਸਮੇਂ ਵਿੱਚ ਦਿਖਾਈ ਦੇਵੇਗਾ ਤਾਂ ਕਾਰੋਬਾਰ ਵਿੱਚ ਇੱਕ ਦਮ ਖਿੱਚ ਆ ਜਾਵੇਗੀ। ਭਾਵ ਜੇ ਕਰ ਥੋੜੇ ਸਮੇਂ ਵਿੱਚ ਬਹੁਤ ਸਾਰੇ ਲੋਕ ਵਿਆਹ ਸ਼ਾਦੀਆਂ ਕਰਨ ਤਾਂ ਸੋਨੇ ਵਿੱਚ ਤੇਜ਼ੀ ਆਵੇਗੀ, ਮੈਰਿਜ ਪੈਲਿਸਾਂ ਦੇ ਰੇਟ ਵਧ ਜਾਣਗੇ, ਕੱਪੜਾ ਮਰਕੀਟ ਵਿੱਚ ਭੀੜ ਵਧਣ ਕਾਰਣ ਚੰਗਾ ਮਾੜਾ ਕੱਪੜਾ ਵੀ ਸੱਭ ਚੱਲਦਾ ਹੈ। ਇਹ ਇਕ ਕੁਦਰਤੀ ਵਰਤਾਰਾ ਹੈ ਇਸ ਨਾਲ ਕਿਸੇ ਦੀ ਜਿੰਦਗੀ ਚੰਗੀ ਮਾੜੀ ਨਹੀਂ ਹੋ ਸਕਦੀ ਅਤੇ ਜੋ ਵੀ ਇਸ ਦਾ ਅਸਰ ਹੋਵੇਗਾ ਉਹ ਧਰਤੀ ਤੇ ਰਹਿੰਦੇ ਸਾਰੇ ਪਦਾਰਥਾਂ ਅਤੇ ਜੀਵਾਂ ਆਦਿ ਤੇ ਹੋਵੇਗਾ।

Monday, May 13, 2024

ਟੂਣੇ ਦਾ ਨਾਰੀਅਲ


 ਟੂਣੇ ਦਾ ਨਾਰੀਅਲ
ਆਪ ਵਿੱਚੋਂ ਕੁਝ ਇਹ ਸਮਝਦੇ ਹੋਣਗੇ ਕਿ ਮੈਂ ਕੁਝ ਦਿਨ ਪਹਿਲਾਂ ਟੂਣਾ ਚੁੱਕਣ ਦੀ ਗੱਲ ਕਹੀ ਸੀ. ਸ਼ਾਇਦ ਇਸੇ
ਟੂਣੇ ਦਾ ਨਾਰੀਅਲ
ਅਸਰ ਕਰਕੇ ਅੱਗੇ ਲਿੱਖਣਾ ਬੰਦ ਕਰ ਦਿਤਾ ਦਰਅਸਲ ਜਾਬ ਦੇ ਅਤੇ ਘਰ ਦੇ ਰੁਝੇਵੇਂ ਅਤੇ ਗਰਮੀ ਦੇ ਮੌਸਮ ਕਾਰਣ ਲਿਖਣ ਦੀ ਸਮੱਸਿਆ ਰਹੀ ਹੈ ਅਤੇ ਰਹੇਗੀ ਵੀ ਪਰ ਫਿਰ ਵੀ ਥੋੜਾ ਬਹੁਤਾ ਵਕਤ ਕੱਢ ਕੇ ਆਪ ਦੀ ਸੇਵਾ ਜਰੂਰ ਕਰਦਾ ਰਹਾਂਗਾ.
 ਅੱਜ ਇੱਕ ਹੋਰ ਟੂਣੇ ਦੀ ਗੱਲ ਕਰਦੇ ਆਂ.
ਇਸ ਕੋਈ ਚਾਰ ਕੁ ਸਾਲ ਪੁਰਾਣੀ ਗੱਲ ਹੈ ਕਿ ਮੈਂ ਸਵੇਰ ਦੇ ਸਮੇਂ ਆਪਣੇ ਸਾਇਕਲ 'ਤੇ ਸਵਾਰ ਹੋ ਕੇ ਡਿਉਟੀ ਜਾ ਰਿਹਾ ਸੀ. ਮੈਂ ਹੱਸਪਤਾਲ ਵਾਲੇ ਚੁਰੱਸਤੇ ਵਿੱਚ ਟੂਣਾ ਪਿਆ ਦੇਖਿਆ. ਜਿਸ ਵਿੱਚ ਇਕ ਨਾਰੀਅਲ ਅਤੇ ਹੋਰ ਸਿੰਗਾਰ ਦਾ ਸਮਾਨ ਅਤੇ ਕੰਘੀ ਆਦਿ ਸਨ. ਮੈਂ ਉਸ ਵਿੱਚੋਂ ਨਾਰੀਅਲ ਦੇਖਿਆ ਤੇ ਇਹ ਕੱਚਾ ਅਤੇ ਖਾਣ ਵਾਲਾ ਸੀ. ਸੋ ਮੈਂ ਨਾਰੀਅਲ ਅਤੇ ਕੰਘੀ ਵਗੈਰਾ ਕੰਮ ਦਾ ਸਮਾਨ ਉਠਾ ਲਿਆ ਅਤੇ ਕੰਮ ਤੇ ਪੁੱਜ ਗਿਆ. ਉੱਥੇ ਮੇਰਾ ਦੋਸਤ ਅਤੇ ਤਰਕਸ਼ੀਲ ਹਰਪਾਲ ਵੀ ਹਾਜ਼ਰ ਸੀ. ਮੈਂ ਉਸ ਨੂੰ ਸਮਾਨ ਬਾਰੇ ਟੂਣੇ ਬਾਰੇ ਦੱਸਿਆ. ਉਸ ਨੇ ਕੰਘੀ ਆਪਣੇ ਵਾਸਤੇ ਰੱਖ ਲਈ ਕਿਉਜੁ ਉਹ ਸਿਰੋਂ ਮੋਨਾ ਹੋਣ ਕਰਕੇ ਵਾਲਾਂ ਨੂੰ ਕੰਘੀ ਕਰਿਆ ਕਰੇਗਾ. ਇਹ ਕੰਘੀ ਹੁਣ ਵੀ ਉਸ ਕੋਲ ਹੈ.
ਫਿਰ ਅਸੀਂ ਨਾਰੀਅਲ ਭੰਨ ਲਿਆ. ਇਸ ਸਮੇਂ ਤੱਕ ਸਾਡੇ ਹੋਰ ਸਾਥੀ ਵੀ ਆਪਣੇ ਕੰਮਾਂ ਤੇ ਆ ਗਏ. ਅਸੀਂ ਨਾਰੀਅਲ ਨੂੰ ਖਾਣ ਸਮੇਂ ਦੁਜਿਆਂ ਨੂੰ ਵੀ ਪੰਜਾਬੀ ਸਭਿਆਚਾਰ ਮੁਤਾਬਿਕ ਨਾਰੀਅਲ ਵੰਡ ਕੇ ਦਿੱਤਾ. ਜਦ ਸਾਰਿਆਂ ਨੇ ਖਾ ਲਿਆ ਤਾਂ ਅਸੀਂ ਇਹ ਵੀ ਦੱਸ ਦਿੱਤਾ ਕਿ ਇਹ ਟੂਣੇ ਦਾ ਨਾਰੀਅਲ ਸੀ. ਉਹਨਾਂ ਵਿੱਚੋਂ ਕੁਝ ਡਰ ਜਿਹਾ ਰਹੇ ਸਨ. ਅਸੀਂ ਉਹਨਾਂ ਦਾ ਹੌਂਸਲਾ ਵਧਾਉਂਣ ਵਾਸਤੇ ਇਹ ਵੀ ਦੱਸ ਦਿੱਤਾ ਸੀ ਕਿ ਅਸੀਂ ਅਜਿਹਾ ਪਹਿਲੀ ਵਾਰ ਨਹੀਂ ਕਰ ਰਹੇ. ਇਸ ਤਰ੍ਹਾਂ ਕਈ ਵਾਰ ਖਾ ਚੁੱਕੇ ਹਾਂ. ਜੋ ਸਮਾਨ ਤੁਸੀਂ ਬਜਾਰੋਂ ਲੈ ਕੇ ਖਾਂਦੇ ਹੋ, ਉਹੀ ਸਮਾਨ ਇਹ ਹੁੰਦਾ ਹੈ. ਫਰਕ ਕੇਵਲ ਇਹ ਹੈ ਕਿ ਇਹ ਸਮਾਨ ਕਿਸੇ ਅੰਧ- ਵਿਸ਼ਵਾਸੀ ਨੇ ਕਿਸੇ ਪਾਖੰਡੀ ਕਿਸਮ ਦੇ ਵਿਆਕਤੀ ਮਗਰ ਲੱਗ ਕੇ ਇਸ ਨੂੰ ਖਰੀਦ ਕੇ ਚੁਰਾਹੇ ਵਿੱਚ ਰੱਖ ਦਿੱਤਾ. ਜੋ ਥੋੜਾ ਬਹੁਤਾ ਉਹਨਾਂ ਵਿੱਚ ਡਰ ਸੀ, ਦੂਜੇ ਦਿਨ ਸਾਨੂੰ ਠੀਕ ਠਾਕ ਦੇਖ ਕੇ ਉਹ ਵੀ ਖ਼ਤਮ ਹੋ ਗਿਆ.
ਹਰਚੰਦ ਭਿੰਡਰ

समाचार

Total Pageviews